ਮੈਂ ਹਰ ਦਮ ਉਹਦਾ ਹੱਥ ਫੜਨਾ ਲੋਚਦਾ ਤੇ ਜਦੋਂ ਵੀ ਕਦੇ ਉਹ ਸੁਰਮਈ ਰੰਗ ਦਾ ਸੂਟ ਪਾਉਂਦੀ ਤਾਂ ਮੇਰਾ ਦਿਲ ਕਰਦਾ ਕਿ ਉਹਨੂੰ ਸ਼ੀਸ਼ੇ ਮੂਹਰੇ ਲਿਜਾ ਕੇ ਕਹਾਂ ,”ਦੇਖ ਸੱਤਰਵੇਂ ਵਰ੍ਹੇ ਚ ਤੇਰੇ ਤੇ ਕਿੰਨਾ ਰੂਪ ਏ ਤੇ ਵਾਲ ਵੀ ਸੂਟ ਨਾਲ ਮੈਚ ਹੋ ਗਏ ..ਅੰਗਰੇਜ਼ਣਾਂ ਨੂੰ ਮਾਤ ਪਾਉਣੀ ਏ ..” ਪਰ ਕਹਿ ਨਹੀਂ ਸਕਦਾ ..ਪੋਤੇ ਪੁੱਤ ਕੀ ਕਹਿਣਗੇ ਕਿ ਬੁੱਢੇ ਹੋ ਕਿ ਆਸ਼ਕੀਆਂ ਕਰਦੇ ਆ ਬੁਢਾ ਬੁਢੀ … ।
ਓਹ ਕਮਲੀ ਤਾਂ ਹੁਣ ਪੱਗ ਦੀ ਪੂਣੀ ਵੀ ਨਹੀਂ ਕਰਾ ਸਕਦੀ ।ਅਧਰੰਗ ਕਰਕੇ ਹੱਥ ਕੰਬਣ ਲੱਗ ਗਿਆ ਏ । ਮੇਰਾ ਦਿਲ ਕਰਦਾ ਕਿ ਅਸੀਂ ਵੀ ਸਕੂਲ ਵੇਲੇ ਤੇ ਜਵਾਨੀ ਦੀਆਂ ਗੱਲਾਂ ਹੌਲੀ ਹੌਲੀ ਕਰੀਏ ਪਰ ਹੌਲੀ ਬੋਲਣ ਵਾਲੇ ਦਿਨ ਗੁਜ਼ਰ ਗਏ । ਉਸ ਨੂੰ ਹੁਣ ਉੱਚਾ ਸੁਣਨ ਲੱਗ ਗਿਆ ਤੇ ਕੰਨਾਂ ਵਾਲੀ ਮਸ਼ੀਨ ਤੋਂ ਖਿੱਝ ਕੇ ਕਦੇ ਕਦੇ ਮਸ਼ੀਨ ਵਗਾਹ ਮਾਰਦੀ ਤੇ ਆਖਦੀ ਸਾਰੀਆਂ ਬਿਮਾਰੀਆਂ ਮੈਨੂੰ ਹੀ ਚਿੰਬੜ ਗਈਆਂ … ।
ਮੇਰਾ ਅਜੇ ਵੀ ਦਿਲ ਕਰਦਾ ਕਿ ਮੈਂ ਘਰਦਿਆਂ ਤੋਂ ਚੋਰੀ ਉਸ ਕਮਲੀ ਲਈ ਰਸਗੁੱਲੇ ਲੈ ਕੇ ਆਵੇ ਤੇ ਪਿਛਲੇ ਪੇਟੀਆਂ ਵਾਲੇ ਕਮਰੇ ਚ ਉਸਦੇ ਸੰਦੂਕ ਚ ਰੱਖ ਦੇਵਾਂ ਤੇ ਸ਼ਾਮ ਨੂੰ ਜਦ ਵੀ ਉਹ ਸੰਦੂਕ ਖੋਲੇ ਤੇ ਰਸਗੁੱਲੇ ਦੇਖ ਕੇ ਝੱਟ ਸਮਝ ਜਾਵੇ ਕਿ ਮੈਂ ਲੈ ਕੇ ਆਇਆ ਉਸ ਲਈ ਤੇ ਗਲ ਲੱਗ ਜਾਵੇ ਆ ਕੇ ਪਰ ਲਿਆ ਨਹੀਂ ਸਕਦਾ ,ਡਾਕਟਰ ਨੇ ਸਭ ਕਾਸੇ ਨੂੰ ਮਨਾ ਕੀਤਾ । ਸ਼ੂਗਰ ਵੀ ਚੰਦਰੀ ਬਿਮਾਰੀ ਏ ,ਉਹ ਵਿਚਾਰੀ ਕੀ ਕਰੇ ,ਕੀ ਖਾਵੇ ।
ਬਿਮਾਰ ਰਹਿਣ ਕਰਕੇ ਰਾਤ ਨੂੰ ਉਸਦੀ ਨਿਗਰਾਨੀ ਲਈ ਮੇਰੀ ਪੋਤੀ ਉਸ ਕੋਲ ਪੈਂਦੀ ਏ ਤੇ ਜਦੋਂ ਕਦੇ ਰਾਤ ਨੂੰ ਨੀਂਦ ਨਾ ਆਉਣ ਕਰਕੇ ਤੋੜਾਖੋਈ ਕਰਦੀ ਏ ਤਾਂ ਸੜਕ ਤੇ ਬਣੀ ਬੈਠਕ ਚ ਮੈਂ ਉਸਤੋਂ ਅਲੱਗ ਪਿਆ ਸੋਚਦਾ ਕਿ ਕਿਧਰੇ ਇਹ ਉਸਦੀ ਆਖਰੀ ਰਾਤ ਨਾ ਹੋਵੇ ।
ਕੱਲ ਵੀ ਇੰਝ ਹੀ ਹੋਇਆ । ਉਸਦੇ ਖੰਘਣ ਦੀ ਆਵਾਜ਼ ਆਈ । ਮੈਨੂੰ ਲੱਗਾ ਕਿ ਮੈਨੂੰ ਉਸ ਕੋਲ ਜਾਣਾ ਚਾਹੀਦਾ ਏ । ਓਹਨੂੰ ਲੋੜ ਏ ਮੇਰੀ । ਜੇ ਉਹਨੂੰ ਕੁਛ ਹੋਗਿਆ ਮੈਂ ਕੀ ਕਰਾਂਗਾ ਉਸ ਤੋਂ ਬਿਨਾਂ ।ਪਾਣੀ ਪੀਣ ਦੇ ਬਹਾਨੇ ਮੈਂ ਚੌਂਤਰੇ ਤੋਂ ਹੋ ਕੇ...
ਉਸਦੇ ਕਮਰੇ ਵੱਲ ਹੋ ਤੁਰਦਾ ਹਾਂ । ਪੁੱਛਦਾ ਹਾਂ ਉਸਨੂੰ ਕਿ ਪਾਣੀ ਲਿਆਵਾਂ ..। ਓਹ ਅੱਗੋਂ ਮੇਰਾ ਸਾਥ ਲੋਚਦੀ ਆਖਦੀ ਏ ਕਿ ਲਿਆ ਦੋ ਘੁੱਟ ਕੁ .. ਮੈਂ ਆਪਣੇ ਵਾਲਾ ਪਾਣੀ ਦਾ ਗਿਲਾਸ ਉਸਨੂੰ ਦੇਣ ਉਸਦੇ ਬੈਂਡ ਵੱਲ ਵਧਦਾ ਹਾਂ । ਐਨੇ ਨੂੰ ਪੋਤੀ ਉੱਠ ਕੇ ਆਖਦੀ ਏ ,”ਵੱਡੇ ਪਾਪਾ ਤੁਸੀਂ ਪਾਣੀ ਦਾ ਗਿਲਾਸ ਮੈਨੂੰ ਫੜਾ ਦੋ ਮੈਂ ਪਿਆ ਦੇਵਾਂ.. ਬੀਬੀ ਨੇ ਮੈਨੂੰ ਨਹੀਂ ਉਠਾਇਆ ਕਿ ਪਾਣੀ ਪੀਣਾ । ਪੋਤੀ ਮੇਰੇ ਤੋਂ ਪਾਣੀ ਫੜ੍ਹ ਕੇ ਉਸਨੂੰ ਦੇ ਦਿੰਦੀ ਏ । ਓਹ ਮੇਰੇ ਵੱਲ ਅੱਖਾਂ ਭਰ ਕੇ ਦੇਖਦੀ ਏ ਤੇ ਕਿੰਨਾ ਕੁਛ ਕਹਿ ਜਾਂਦੀ ਏ । ਸੋਚਾਂ ਚ ਡੁੱਬਿਆ ਮੈਂ ਕੁੱਝ ਪਲ ਹੋਰ ਉਸ ਕੋਲ ਰੁਕਣਾ ਚਾਹੁੰਦਾ ਸੀ ਪਰ ਪੋਤੀ ਹਲੂਣ ਕੇ ਮੈਨੂੰ ਆਖਦੀ ,”ਵੱਡੇ ਪਾਪਾ ਤੁਸੀਂ ਸੌਜੋ ਜਾ ਕੇ ..ਠੀਕ ਆ ਬੀਬੀ ..” ਮੈਨੂੰ ਉਹਦੀਆਂ ਅੱਖਾਂ ਕਹਿ ਰਹੀਆਂ ਸੀ ਕਿ ਰੁਕ ਜੋ ਸਰਦਾਰ ਜੀ ।
ਚਾਹ ਕੇ ਵੀ ਨਾ ਰੁਕ ਸਕਿਆ ਤੇ ਬੇਅਰਾਮ ਜੇਹਾ ਹੋਇਆ ਜਾ ਕੇ ਬੈਠਕ ਚ ਗੇੜੇ ਕੱਢਣ ਲੱਗ ਗਿਆ ਤੇ ਫਿਰ ਪਾਠ ਕਰਨ ਲੱਗ ਗਿਆ । ਅੰਦਰ ਸ਼ੋਰ ਜੇਹਾ ਸੀ । ਪਾਠ ਕਰਕੇ ਫਿਰ ਸੌਂ ਗਿਆ ।
ਸਵੇਰੇ ਅੱਖ ਖੁੱਲੀ ਤਾਂ ਬਾਹਰ ਕਿਸੇ ਦੀ ਰੋਣ ਦੀ ਆਵਾਜ਼ ਆ ਰਹੀ ਸੀ । ਮੱਥਾ ਠਣਕਿਆ ,ਬਿਨਾਂ ਸਾਫ਼ਾ ਬੰਨੇ ਮੈਂ ਉਸਦੇ ਕਮਰੇ ਵੱਲ ਤੁਰ ਪਿਆ । ਉਹ ਚੁੱਪ ਪਈ ਸੀ ਤੇ ਅੱਖਾਂ ਬੰਦ ਸੀ । ਮੈਂ ਭਰੇ ਮਨ ਨਾਲ ਮਨ ਨੂੰ ਹੀ ਕਿਹਾ , “ਛੱਡ ਗਈ ਸਾਥ ,ਕਾਸ਼ ਰਾਤ ਤੇਰੇ ਕੋਲ ਰਹਿਣ ਦੀ ਜ਼ਿੱਦ ਕਰ ਲਈ ਹੁੰਦੀ ..ਮੈਂ ਤੇਰੇ ਕੋਲ ਕੁਛ ਪਲ ਰਹਿ ਲੈਂਦਾ .. ਕਾਸ਼ ਤੂੰ ਆਖ ਦਿੰਦੀ ਕਿ ਰੁਕਜੋ ਮੇਰੇ ਕੋਲ …” ਮੇਰਾ ਕਿੰਨਾ ਕੁਛ ਅੰਦਰ ਹੀ ਦੱਬਿਆ ਰਹਿ ਗਿਆ । ਕਾਸ਼ ਤੇਰਾ ਹੱਥ ਫੜ ਲਿਆ ਹੁੰਦਾ । ਹੁਣ ਮੈਂ ਸੋਚਣਾ ਛੱਡ ਦੇਵਾਂਗਾ ਕੁਛ ਵੀ ਪਰ ਤੇਰੇ ਕਮਰੇ ਚੋ ਤੇਰੀਆਂ ਆਵਾਜ਼ਾਂ ਰੋਜ਼ ਮੇਰੇ ਕੰਨ ਚੀਰਨਗੀਆਂ ।
# brarjessy