ਦੋਸਤੋ, ਹੁਣ ਜਿਵੇਂ ਅੰਮ੍ਰਿਤਸਰ ਬੱਸ ਅੱਡੇ ਤੇ ਸੁਰਮੇਂ ਵੇਚਣ ਵਾਲੀ (ਦੁਰ) ਘਟਨਾ ਤੁਹਾਡੇ ਨਾਲ ਸਾਂਝੀ ਕੀਤੀ, ਹੁਣ ਮੇਰੇ ਦਿਮਾਗ ਚ ਦੋ ਹੋਰ ਮਜ਼ਾਹੀਆ ਯਾਦਾਂ ਇਸੇ ਬੱਸ ਅੱਡੇ ਨਾਲ ਜੁੜੀਆਂ ਮੇਰੇ ਦਿਮਾਗ ਚ ਆ ਗਈਆਂ ਨੇ… ਇੱਕ ਤੇ ਮੈਂ ਹੁਣੇ ਸਾਂਝੀ ਕਰੂੰਗਾ, ਦੂਜੀ ਅਗਲੀ ਵਾਰ.. ਜਿਵੇਂ ਕਿ ਮੈਂ ਪਿਛਲੀ ਯਾਦ ਚ ਦਸਿਆ ਸੀ ਕਿ ਰੋਜ਼ਾਨਾ ਕਾਲਿਜ ਤੋਂ ਬਾਅਦ ਅਸੀਂ ਆਪਣੇ ਪਿੰਡ ਨੂੰ ਜਾਣ ਲਈ ਬੱਸ ਲਈਦੀ ਸੀ, ਉਂਝ ਹੀ ਅਸੀਂ ਪੰਜ ਸੱਤ ਯਾਰ ਪਿੰਡ ਆਲੀ ਬੱਸ ਦੇ ਬਾਹਰ ਹੀ ਖੜ੍ਹੇ ਆਪੋ ਵਿਚ ਗੱਪਾਂ ਮਾਰ ਰਹੇ ਸੀ, ਕਿਉਂਕਿ ਬੱਸ ਚੱਲਣ ਚ ਹਾਲੀ ਕੁਝ ਸਮਾਂ ਸੀ…
ਬੱਸ ਨੱਕੋ ਨੱਕ ਭਰੀ ਹੋਈ ਸੀ ਤੇ ਡਰਾਈਵਰ ਨੇ ਬੱਸ ਸਟਾਰਟ ਹੀ ਰੱਖੀ ਹੋਈ ਸੀ… ਕਈ ਲੋਕ ਜਿਹੜੇ ਬੱਸ ਅੰਦਰ ਬੈਠੇ ਹੋਏ ਸਨ, ਉਹ ਆਪੋ ਆਪਣੀਆਂ ਬਾਰੀਆਂ ਵਿਚੋਂ ਦੀ ਬਾਹਰ ਖੜ੍ਹੇ ਹੋਏ ਕੁਝ ਲੋਕਾਂ ਨਾਲ ਗੱਲ ਕਰ ਰਹੇ ਸੀ, ਜੋ ਸ਼ਾਇਦ ਉਹਨਾਂ ਨੂੰ ਬੱਸੇ ਚੜ੍ਹਾਉਣ ਆਏ ਹੋਣਗੇ ਤੇ ਕੁਝ ਲੋਕ ਉਂਝ ਹੀ ਬੱਸ ਤੋਂ ਕੋਈ ਪੰਜ ਦੱਸ ਫੁੱਟ ਦੂਰ ਖੜੋਤੇ ਬੱਸ ਵੱਲ ਨੂੰ ਵੇਖੀ ਜਾ ਰਹੇ ਸਨ, ਜੋ ਸ਼ਾਇਦ ਆਪਣੇ ਕਿਸੇ ਨਜ਼ਦੀਕੀ ਨੂੰ ਚੜ੍ਹਾਉਣ ਆਏ ਹੋਣਗੇ ਤੇ ਸੋਚ ਰਹੇ ਹੋਣਗੇ ਕਿ ਬੱਸ ਤੁਰੇ ਤਾਂ ਅਸੀਂ ਵੀ ਘਰ ਨੂੰ ਜਾਵਾਂਗੇ…
ਇੱਕ ਗਰਮੀਂ ਤੇ ਉੱਪਰੋਂ ਸਾਡੀ ਸਟਾਰਟ ਬੱਸ ਦੇ ਡੀਜ਼ਲ ਦਾ ਕੱਚਾ ਧੁਆਂ ਸਾਡਾ ਬੁਰਾ ਹਾਲ ਕਰ ਰਿਹਾ ਸੀ… ਅਸੀਂ ਹਾਲੇ ਆਪੋ ਚ ਇਹ ਗੱਲ ਕਰ ਹੀ ਰਹੇ ਸੀ ਕਿ ਸਾਡਾ ਬਾਹਰ ਖੜ੍ਹਿਆਂ ਦਾ ਧੂਏਂ ਨਾਲ ਬੁਰਾ ਹਾਲ ਆ ਤੇ ਅੰਦਰ...
ਬੈਠੀਆਂ ਸਵਾਰੀਆਂ ਦਾ ਕੀ ਹਾਲ ਹੋਣਾ? ਇੰਨੇ ਨੂੰ ਕੀ ਵੇਖਦੇ ਹਾਂ ਕਿ ਇੱਕ ਨਵੀਂ ਵਿਆਹੀ ਕੁੜੀ ਨੇ ਆਪਣੀ ਬਾਰੀ ਬੜੀ ਤੇਜ਼ੀ ਨਾਲ ਖੋਹਲੀ ਤੇ ਥੱਲੇ ਪੰਜ ਕੁ ਫੁੱਟ ਦੂਰ ਖੜ੍ਹੇ ਇੱਕ ਬੰਦੇ ਨੂੰ ਹੱਥ ਨਾਲ ਇਸ਼ਾਰਾ ਕੀਤਾ.. ਉਹ ਬੰਦਾ ਜੋ ਸ਼ਾਇਦ ਉਸ ਕੁੜੀ ਨੂੰ ਬੱਸੇ ਚੜ੍ਹਾਉਣ ਆਇਆ ਸੀ, ਛੇਤੀ ਨਾਲ ਓਹਦੀ ਬਾਰੀ ਦੇ ਲਾਗੇ ਹੋ ਮੂੰਹ ਉਤਾਂਹ ਨੂੰ ਚੱਕ ਕਹਿੰਦਾ, “ਹੈਂ ਜੀ??”
ਜਦੋਂ ਤੀਕ ਉਸਨੂੰ ਸਮਝ ਆਉਂਦੀ, ਓਨੀ ਦੇਰ ਨੂੰ ਤੀਰ ਕਮਾਨੋਂ ਨਿੱਕਲ ਚੁੱਕਾ ਸੀ ਤੇ ਉਸਦਾ ਸਾਰਾ ਮੂੰਹ ਲਿੱਬੜ ਚੁੱਕਾ ਸੀ ਤੇ ਓਹਦੇ ਮੂੰਹ ਚੋਂ ਬੱਸ ਇਕ ਚੋਂਦੀ ਚੋਂਦੀ ਗਾਹਲ ਹੀ ਸੁਣੀ, ਫੇਰ ਬੰਦਾ ਪਿਛਾਂਹ ਨੂੰ ਡਿੱਗਦਾ ਹੀ ਦਿਸਿਆ ਤੇ ਬਾਰੀ ਛੇਤੀ ਦੇਣੇ ਬੰਦ ਹੁੰਦੀ ਦਿਸੀ… ਸਾਰੇ ਅੱਡੇ ਦਾ ਹੱਸ ਹੱਸ ਬੁਰਾ ਹਾਲ ਤੇ ਅਸੀਂ ਹਸਦੇ ਹਸਦੇ ਉਸ ਨੂੰ ਬਾਹੋਂ ਫੜ੍ਹਕੇ ਪੈਰਾਂ ਸਿਰ ਕੀਤਾ…. ਬੱਸ ਦੇ ਕੱਚੇ ਧੂਏਂ ਨਾਲ ਕਿਤੇ ਵਿਚਾਰੀ ਬੀਬੀ ਦਾ ਜੀਅ ਖਰਾਬ ਹੋ ਗਿਆ ਤੇ ਉਲਟੀ ਆਉਣ ਨੂੰ ਹੋ ਗਈ.. ਓਹਨੇ ਕਾਹਲੀ ਨਾਲ ਬਾਰੀ ਖੋਹਲੀ ਤੇ ਬਾਹਰ ਖੜ੍ਹੇ ਆਪਣੇ ਸਹੁਰੇ ਨੂੰ, ਹੱਥ ਨਾਲ ਪਰ੍ਹਾਂ ਹੋਣ ਲਈ ਇਸ਼ਾਰਾ ਕੀਤਾ ਪਰ ਉਸ ਬੰਦੇ ਸੋਚਿਆ ਸ਼ਾਇਦ ਕੋਈ ਗੱਲ ਕਹਿਣ ਨੂੰ ਕੋਲ ਬੁਲਾ ਰਹੀ ਆ ਅਤੇ ਤਾਕੀ ਕੋਲੇ ਮੂੰਹ ਖੋਹਲ ਕੇ ਆਂਹਦਾ, “ਹੈਂ ਜੀ?”
– ਹਰਤੇਜ ਸਿੰਘ ਸੰਧੂ