More Punjabi Kahaniya  Posts
ਖਾਲੀਪਣ


ਕਲੋਨੀ ਵਿਚ ਲੰਮੀ ਗੁੱਤ ਵਾਲੀ ਆਂਟੀ ਕਰਕੇ ਮਸ਼ਹੂਰ ਸਾਂ..
ਕਿੰਨਾ ਕਿੰਨਾ ਚਿਰ ਸ਼ੀਸ਼ੇ ਅੱਗੇ ਆਪਣੇ ਲੰਮੇ ਵਾਲ ਨਿਹਾਰਦੀ ਰਹਿੰਦੀ..ਹੁੰਦੀਆਂ ਸਿਫਤਾਂ ਅਤੇ ਮਿਲਦੇ ਕੁਮੈਂਟਾਂ ਕਰਕੇ ਮੈਨੂੰ ਆਪਣੀ ਬੀਜੀ ਤੇ ਬੜਾ ਮਾਣ ਹੁੰਦਾ..!
ਨਿੱਕੇ ਹੁੰਦਿਆਂ ਕਿੰਨੇ ਸਾਰੇ ਔੜ-ਪੌੜ ਕਰਨ ਮਗਰੋਂ ਲੱਸੀ ਨਾਲ ਨੁਹਾ ਕੇ ਫੇਰ ਦੇਸੀ ਘਿਓ ਨਾਲ ਕਿੰਨਾ ਕਿੰਨਾ ਚਿਰ ਮੇਰਾ ਸਿਰ ਝੱਸਦੀ ਰਹਿੰਦੀ ਸੀ..ਫੇਰ ਰੋਜ ਆਥਣ ਵੇਲੇ ਕੱਲਾ ਕੱਲਾ ਵਾਲ ਆਪ ਵੇਖਦੀ ਕਿਧਰੇ ਕਿਸੇ ਕੱਟ ਤਾਂ ਨਹੀਂ ਲਏ..!
ਨਿੱਕੀ ਧੀ ਦੀ ਸਕੂਲ ਬੱਸ ਵਿਚ ਛੇ ਸੱਤ ਸਾਲ ਦਾ ਉਹ ਨਿੱਕਾ ਜਿਹਾ ਮੁੰਡਾ..ਜੋਤ ਨਾਮ ਸੀ ਸ਼ਾਇਦ ਉਸਦਾ..ਹਰ ਰੋਜ ਡਰਾਈਵਰ ਮਗਰ ਬਾਰੀ ਵਾਲੀ ਸੀਟ ਤੇ ਹੀ ਬੈਠਾ ਮਿਲਦਾ..!
ਮੇਰੀ ਧੀ ਤਾਂ ਬੱਸ ਅੰਦਰ ਵੜਦਿਆਂ ਹੀ ਬਾਕੀ ਬੱਚਿਆਂ ਨਾਲ ਰੁਝ ਜਾਇਆ ਕਰਦੀ ਪਰ ਉਹ ਚੱਲਦੀ ਬੱਸ ਵਿਚੋਂ ਵੀ ਮੈਨੂੰ ਵੇਖਣੋਂ ਨਾ ਹਟਦਾ..ਕਈ ਵੇਰ ਮਗਰ ਰਹਿ ਜਾਂਦੀ ਤਾਂ ਵੀ ਧੌਣ ਮੋੜ ਓਨੀ ਦੇਰ ਤੱਕ ਵੇਖਦਾ ਰਹਿੰਦਾ ਜਿੰਨੀ ਦੇਰ ਮੈਂ ਦਿਸਣੋਂ ਨਾ ਹਟ ਜਾਂਦੀ..!
ਅਕਸਰ ਸੋਚਦੀ ਸ਼ਾਇਦ ਕੁਝ ਆਖਣਾਂ ਚਾਹੁੰਦਾ ਏ..ਜਾਂ ਫੇਰ ਕਿਸੇ ਚੀਜ ਦੀ ਤਲਾਸ਼ ਏ..ਘਰ ਅੱਗੇ ਲਾਏ ਸੋਹਣੇ ਸੋਹਣੇ ਫੁੱਲ ਸ਼ਾਇਦ ਉਸਨੂੰ ਚੰਗੇ ਲੱਗਦੇ ਹੋਣੇ..ਕਦੇ ਸੋਚਦੀ ਮੈਨੂੰ ਵੇਖ ਉਸਨੂੰ ਜਰੂਰ ਕਿਸੇ ਆਪਣੇ ਦਾ ਭੁਲੇਖਾ ਪੈਂਦਾ ਹੋਣਾ!
ਇੱਕ ਦਿਨ ਤਬੀਅਤ ਢਿੱਲੀ ਹੋਣ ਕਰਕੇ ਨਿੱਕੀ ਨੂੰ ਬੱਸ ਤੱਕ ਛੱਡਣ ਨਾ ਜਾ ਸਕੀ..ਉਹ ਕੱਲੀ ਹੀ ਚਲੀ ਗਈ!
ਸ਼ਾਮੀ ਮੁੜੀ ਤਾਂ ਉਚੇਚਾ ਦੱਸਣ ਆਈ ਕੇ ਉਹ ਅੱਜ ਤੁਹਾਡੇ ਬਾਰੇ ਪੁੱਛ ਰਿਹਾ ਸੀ..ਤੇਰੀ ਮੰਮੀ ਤੈਨੂੰ ਅੱਜ ਛੱਡਣ ਕਿਓਂ ਨਹੀਂ ਆਈ..ਇਹ ਵੀ ਆਖਦਾ ਸੀ ਕੇ...

ਮੈਨੂੰ ਤੇਰੀ ਮੰਮੀ ਦੀ ਲੰਮੀ ਗੁੱਤ ਬੜੀ ਚੰਗੀ ਲੱਗਦੀ ਏ..!
“ਤੇ ਉਸਦੀ ਮਾਂ”?..ਮੈਂ ਆਪਮੁਹਾਰੇ ਹੀ ਪੁੱਛ ਲਿਆ!
“ਉਹ ਨਿੱਕੇ ਹੁੰਦਿਆਂ ਹੀ ਮਰ ਗਈ ਸੀ..ਤੇ ਉਸਦਾ ਡੈਡੀ ਉਸਨੂੰ ਨਾਨਕੇ ਘਰ ਛੱਡ ਕਿਸੇ ਬਾਹਰਲੇ ਦੇਸ਼ ਚਲਾ ਗਿਆ..ਹੁਣ ਉਹ ਨਾਨੀ ਕੋਲ ਰਹਿੰਦਾ ਏ..ਓਹੀ ਉਸਨੂੰ ਲੈਣ ਛੱਡਣ ਵੀ ਆਉਂਦੀ ਏ”
ਏਨੀ ਗੱਲ ਆਖ ਉਹ ਤਾਂ ਅੰਦਰ ਵੜ ਗਈ ਪਰ ਮੇਰੀ ਖੜੀ ਖਲੋਤੀ ਦੇ ਕਾਲਜੇ ਦਾ ਰੁੱਗ ਜਿਹਾ ਭਰਿਆ ਗਿਆ..ਬੁੱਤ ਬਣ ਕਿੰਨਾ ਕੁਝ ਸੋਚੀ ਜਾ ਰਹੀ ਸਾਂ..ਨਿੱਕੇ ਜਿਹੇ ਵਜੂਦ ਦਾ ਮਾਲਿਕ ਉਹ ਮੇਰੇ ਵਿਚੋਂ ਪਤਾ ਨੀ ਕੀ-ਕੀ ਤਲਾਸ਼ਦਾ ਰਹਿੰਦਾ ਏ..ਲੰਮੀ ਗੁੱਤ ਹੀ ਕਿਓਂ ਚੰਗੀ ਲੱਗਦੀ ਏ..ਪਤਾ ਨੀ ਬਸਤੇ ਦੇ ਨਾਲ ਨਾਲ ਆਪਣੇ ਜ਼ਿਹਨ ਤੇ ਹੋਰ ਕਿੰਨਾ ਕੂ ਭਾਰ ਚੁੱਕੀ ਫਿਰਦਾ ਏ..!
ਫੇਰ ਰੱਬ ਨਾਲ ਵੀ ਕਿੰਨੇ ਸਾਰੇ ਗਿਲੇ ਸ਼ਿਲਵੇ ਕੀਤੇ..ਵਡੇਰੀ ਉਮਰ ਵਿਚ ਅਕਸਰ ਹੀ ਭਾਰੂ ਹੋ ਜਾਂਦਾ “ਖਾਲੀਪਣ” ਨਾਮ ਦਾ ਇੱਕ ਰਾਕਸ਼ ਕਈਆਂ ਨੂੰ ਬਚਪਨ ਵਿਚ ਹੀ ਕਿਓਂ ਨਿਗਲ ਜਾਂਦਾ ਏ..ਇਹੋ ਜਿਹਿਆਂ ਦੇ ਡੈਡੀ ਵੀ ਪਤਾ ਨੀ ਕਿਓਂ ਇੰਝ ਦੇ ਬਿਨਾ ਮਾਲੀ ਦੇ ਬਗੀਚਿਆਂ ਨੂੰ ਬਿਨਾ ਕਿਸੇ ਆਸਰੇ ਦੇ ਕਿੱਦਾਂ ਛੱਡ ਜਾਂਦੇ ਨੇ..ਹੋਰ ਵੀ ਕਿੰਨੇ ਸਾਰੇ ਕਿੰਤੂ ਪ੍ਰੰਤੂ ਅਤੇ ਸੋਚਾਂ ਵਿਚਾਰਾਂ..!
ਉਸ ਸ਼ਾਮ ਸ਼ੀਸ਼ੇ ਵਿਚ ਆਪਣੇ ਲੰਮੇ ਵਾਲ਼ ਵੇਖ ਮੈਂ ਪਹਿਲੀ ਵੇਰ ਬੜਾ ਜਿਆਦਾ ਰੋਈ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)