ਮੇਰੇ ਨਾਲ ਇਹ ਪਹਿਲੀ ਵਾਰ ਓਦੋਂ ਹੋਇਆ ਜਦੋਂ ਮੈਂ ਕੋਈ ਗਿਆਰਾਂ ਕੂ ਵਰ੍ਹਿਆਂ ਦੀ ਹੋਵਾਂਗੀ…
ਪੰਜਵੀਂ ਦੇ ਪੇਪਰ ਦੇ ਕੇ ਜਦੋਂ ਮੈਂ ਅਜੇ ਰਿਕਸ਼ੇ ਵਿਚੋਂ ਉੱਤਰੀ ਹੀ ਸਾਂ ਕੇ ਵੇਖਿਆ ਮੇਰੀ ਸੀਟ ਖੂਨ ਨਾਲ ਲਥਪਥ ਹੋ ਗਈ ਸੀ….
ਨਾਲਦੇ ਇਹ ਦੇਖ ਹੱਕੇ ਬੱਕੇ ਰਹਿ ਗਏ..ਇੱਕ ਤਾਂ ਪਤਾ ਨਹੀਂ ਕਿਓਂ ਹੱਸੀ ਹੀ ਜਾ ਰਿਹਾ ਸੀ..ਸ਼ਾਇਦ ਉਹ ਜਾਣਦਾ ਸੀ ਕੇ ਇਹ ਸਾਰਾ ਕੁਝ ਕੀ ਹੋਇਆ ਏ!
ਰਿਕਸ਼ੇ ਵਾਲਾ ਅੰਦਰ ਜਾ ਕੇ ਮੇਰੀ ਮਾਂ ਨੂੰ ਸੱਦ ਲਿਆਇਆ..ਉਹ ਮੈਨੂੰ ਅੰਦਰ ਇੰਝ ਲੁਕਾ ਕੇ ਲੈ ਗਈ ਜਿਦਾਂ ਮੈਥੋਂ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ ਹੋਵੇ!
ਉਸਨੇ ਇਸ ਗੱਲ ਦਾ ਮੇਰੇ ਬਾਪ ਅਤੇ ਵੱਡੇ ਭਰਾਵਾਂ ਤੋਂ ਓਹਲਾ ਰੱਖਿਆ..
ਧਾਰਮਿਕ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਮੇਰੇ ਤੇ ਪੂਰੇ ਸੱਤ ਦਿਨ ਚੁੱਲ੍ਹੇ ਚੋਂਕੇ ਅਤੇ ਪੂਜਾ-ਪਾਠ ਵਾਲੇ ਕਮਰੇ ਵਿਚ ਵੜਨ ਤੇ ਪਬੰਦੀ ਸੀ..
ਫਿਜੀਓਲੋਜੀ ਅਤੇ ਸਰੀਰਕ ਵਿਗਿਆਨ ਵਾਲਾ ਅਧਿਆਪਕ ਵੀ ਅਕਸਰ ਹੀ ਇਹ ਚੀਜ ਕਲਾਸ ਸਾਹਵੇਂ ਪੜਾਉਣ ਤੋਂ ਕੰਨੀ ਕਤਰਾਉਂਦਾ ਤੇ ਅਕਸਰ ਆਖਿਆ ਕਰਦਾ ਕੇ ਇਹ ਸਭ ਕੁਝ ਤੁਸੀਂ ਘਰੇ ਆਪੇ ਪੜ ਲਿਓ..
ਮੇਰੇ ਕੋਲ ਇੱਕੋ-ਇੱਕ ਕਪੜਾ ਹੋਇਆ ਕਰਦਾ ਜਿਸਨੂੰ ਮੈਂ ਘਰ ਦੀ ਕਿਸੇ ਭੀੜੀ ਜਿਹੀ ਨੁੱਕਰ ਵਿਚ ਲੂਕਾ ਕੇ ਰੱਖਦੀ..
ਫੇਰ ਜਦੋਂ ਮੈਂ ਇਸ ਕਿਰਿਆ ਵਿਚੋਂ ਗੁਜਰ ਰਹੀ ਹੁੰਦੀ ਤਾਂ ਮੈਨੂੰ ਓਸੇ ਕੱਪੜੇ ਨੂੰ ਹੀ ਵਾਰ-ਵਾਰ ਧੋ ਕੇ ਵਰਤਣਾ ਪਿਆ ਕਰਦਾ ਕਿਓੰਕੇ ਨਿੱਕੇ ਜਿਹੇ ਕਸਬੇ ਵਿਚ ਕਿਸੇ ਕੈਮਿਸਟ ਕੋਲ ਜਾ ਕੇ ਸੈਨੇਟਰੀ ਪੈਡ ਮੰਗਣੇ ਹਿਮਾਲਿਆ ਪਰਬਤ ਚੜਨ ਤੋਂ ਵੀ ਔਖਾ ਲੱਗਦਾ ਹੁੰਦਾ!
ਇਸ ਤਰਾਂ ਦੀਆਂ ਜਿਆਦਤਰ ਪਾਬੰਦੀਆਂ ਅਤੇ ਬੰਦਿਸ਼ਾਂ ਘਰ ਦੀਆਂ ਵੱਡੀ ਉਮਰ ਦੀਆਂ ਔਰਤਾਂ ਵੱਲੋਂ ਹੀ ਠੋਸੀਆਂ ਜਾਂਦੀਆਂ ਸਨ!
ਮੈਂ ਇਸ ਕੁਦਰਤੀ ਹੀ ਹੁੰਦੇ ਵਰਤਾਰੇ ਬਾਰੇ ਸ਼ਰਮਿੰਦਗੀ ਵਾਲੀ ਪੰਡ ਸਿਰ ਤੇ ਚੁੱਕਦੀ...
ਹੋਈ ਹੀ ਜੁਆਨ ਹੋਈ!
ਇਸ ਬਾਰੇ ਪਹਿਲੀ ਵਾਰ ਖੁੱਲ ਕੇ ਚਰਚਾ ਓਦੋਂ ਸੰਭਵ ਹੋਈ ਜਦੋਂ ਮੇਰਾ ਬੋਰਡਿੰਗ ਸਕੂਲ ਵਿਚ ਪੜਾਉਣ ਗਈ ਦਾ ਵਿਆਹ ਇੱਕ ਆਧੁਨਿਕ ਵਿਚਾਰਾਂ ਵਾਲੇ ਇਨਸਾਨ ਨਾਲ ਹੋ ਗਿਆ!
ਜਦੋਂ ਉਸਨੂੰ ਮਾਂਹਵਾਰੀ ਬਾਰੇ ਔਰਤ ਜਾਤ ਤੇ ਲੱਗਦੀਆਂ ਇਸ ਤਰਾਂ ਦੀਆਂ ਪਬੰਦੀਆਂ ਬਾਰੇ ਪਤਾ ਲੱਗਾ ਤਾਂ ਉਹ ਹੱਕਾ ਬੱਕਾ ਰਹਿ ਗਿਆ!
ਫੇਰ ਅਸੀਂ ਦੋਹਾਂ ਨੇ ਮੈਂਸਟੁਪੀਡੀਆ (ਮਾਂਹਵਾਰੀ ਨਾਲ ਸਬੰਧਿਤ) ਨਾਮ ਦੀ ਕੌਮਿਕ ਸੀਰੀਜ਼ ਤਿਆਰ ਕੀਤੀ ਜਿਹੜੀ ਜੁਆਨ ਹੁੰਦੀਆਂ ਬੱਚੀਆਂ ਨੂੰ ਇਸ ਵਰਤਾਰੇ ਨਾਲ ਸਬੰਧਿਤ ਮਨ ਵਿਚ ਉਪਜੇ ਅਨੇਕਾਂ ਸੁਆਲਾਂ ਦੇ ਜੁਆਬ ਦਿੰਦੀ ਸੀ!
ਮੈਨੂੰ ਅਜੇ ਤੱਕ ਕਿਸੇ ਵੱਲੋਂ ਵੀ ਇਸ ਸੁਆਲ ਦਾ ਸਪਸ਼ਟ ਜੁਆਬ ਨਹੀਂ ਮਿਲਿਆ ਕੇ ਮੈਨੂੰ ਇਸ ਕੁਦਰਤੀ ਵਰਤਾਰੇ ਬਾਰੇ ਏਨਾ ਚੁੱਪ ਰਹਿਣ ਲਈ ਕਿਓਂ ਮਜਬੂਰ ਕੀਤਾ ਗਿਆ ਜਦੋਂ ਕੇ ਔਰਤ ਅੰਦਰ ਹੁੰਦੇ ਇਸ ਮਾਸਿਕ ਚੱਕਰ ਤੋਂ ਬਗੈਰ ਇਨਸਾਨੀ ਪ੍ਰਜਾਤੀ ਦੀ ਪੀੜੀ ਦਰ ਪੀੜੀ ਹੁੰਦੀ ਉਤਪਤੀ ਅਤੇ ਵਿਕਾਸ ਸੰਭਵ ਹੀ ਨਹੀਂ ਹੋ ਸਕਦਾ ਸੀ!
ਗੌਰਤਲਬ ਹੈ ਕੇ ਬਹੁਤ ਸਾਰੇ ਵਿਕਸਿਤ ਦੇਸ਼ਾਂ ਦੇ ਸਕੂਲਾਂ ਵਿਚ ਪੰਜਵੀਂ ਜਮਾਤ ਤੋਂ ਹੀ ਐਡਲਟ ਜੀਵਨ ਦੇ ਸਾਰੇ ਖਾਸ ਖਾਸ ਪਹਿਲੂਆਂ ਅਤੇ ਇਨਸਾਨੀ ਸਰੀਰ ਵਿਚ ਸ਼ੁਰੂਆਤੀ ਪੱਧਰ ਤੇ ਹੁੰਦੀਆਂ ਬਹੁਤ ਸਾਰੀਆਂ ਤਬਦੀਲੀਆਂ ਬਾਰੇ ਬਿਨਾ ਝਿਜਕ ਚੰਗੀ ਤਰਾਂ ਪੜਾ ਦਿੱਤਾ ਜਾਂਦਾ ਹੈ..ਪਰ ਹਰ ਰੋਜ..ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਪੜਨ ਵਾਲੇ ਸਮਾਜ ਵਿਚ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਜੇ ਵੀ ਕਿੰਨੀ ਵਾਰ ਸੋਚਿਆ ਜਾਂਦਾ ਏ..!
(ਅੰਗਰੇਜ਼ੀ ਦੀ ਲਿਖਤ ਦਾ ਪੰਜਾਬੀ ਅਨੁਵਾਦ)
ਹਰਪ੍ਰੀਤ ਸਿੰਘ ਜਵੰਦਾ
Rekha Rani
ਹਾ ਇਹ ਸਭ ਕੁਦਰਤੀ ਤੌਰ ਤੇ ਲੜਕੀਆਂ ਨੂੰ ਸਹਿਣਾ ਪੈਦਾ ਹੈ ਛੇਤੀ ਹੀ ਉਹਨਾਂ ਦਾ ਬਚਪਨ ਖੋ ਲਿਆ ਜਾਂਦਾ ਹੈ ਉਸਨੂੰ ਵੱਡੀ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਪਰ ਕਿਉ
Anureet Kaur
ਬਹੁਤ ਸਹੀ ਲਿਖਿਆ ਭਾਜੀ, ਬਦਲਦੇ ਵਕਤ ਨਾਲ ਸਕੂਲੀ ਸਿਲੇਬਸ ਤੇ ਕਰੀਕੁਲਮ ਵਿੱਚ ਤਬਦੀਲੀ ਬਹੁਤ ਜ਼ਰੂਰੀ ਹੈ ਤਾਂ ਕਿ ਸਮਾਜ ਦੀ ਸੌੜੀ ਸੋਚ ਅੰਦਰ ਸੱਚਾਈ ਦਾ ਚਾਨਣ ਹੋਵੇ………