ਓਹਨੀ ਦਿੰਨੀ ਜਦੋਂ ਵੀ ਕਿਸੇ ਨੂੰ ਮਿਲਣਾ..ਪੂਰਾ ਟੌਹਰ ਕੱਢ ਕੇ ਹੀ ਮਿਲਣਾ..ਪੱਗ ਦੇ ਪੇਚ ਸਿਧੇ ਕਰਦਿਆਂ ਟਾਈਮ ਲੱਗ ਜਾਇਆ ਕਰਦਾ!
ਉਸ ਦਿਨ ਵੀ ਮੈਂ ਬੰਬੀ ਤੋਂ ਅੱਧਾ ਕੂ ਫਰਲਾਂਗ ਦੂਰ ਕਮਾਦ ਵਾਲੀ ਨੀਵੀਂ ਪੈਲੀ ਨੂੰ ਪਾਣੀ ਲਾ ਰਿਹਾਂ ਸਾ..ਅਚਾਨਕ ਬਿੜਕ ਹੋਈ..ਇੰਝ ਲੱਗਾ ਚਿੱਟੇ ਕੁੜਤੇ ਤੇ ਰੰਗ ਬਿਰੰਗੀਆਂ ਪੱਗਾਂ ਵਾਲੇ ਕਿੰਨੇ ਸਾਰੇ ਬੰਦੇ ਮੰਜੀਆਂ ਤੇ ਆਣ ਬੈਠੇ ਨੇ!
ਹਿਸਾਬ ਕਿਤਾਬ ਲਾ ਹੀ ਰਿਹਾ ਸਾਂ ਕੇ ਦਸਾਂ ਕੂ ਸਾਲਾਂ ਦਾ ਭਤੀਜਾ ਭੱਜਾ-ਭੱਜਾ ਆਇਆ..ਆਖਣ ਲੱਗਾ ਚਾਚਾ ਤੈਨੂੰ ਕੁੜੀ ਵਾਲੇ ਵੇਖਣ ਆਏ ਨੇ..ਬਾਪੂ ਜੀ ਸੱਦੀ ਜਾਂਦਾ!
ਹੱਥੋਂ ਕਹੀ ਛੁੱਟ ਗਈ..ਵਗਦੇ ਪਾਣੀ ਵਿਚ ਹਿੱਲਦਾ ਹੋਇਆ ਆਪਣਾ ਮੂੰਹ ਵੇਖਿਆ..ਆਹ ਕੀ ਬਣ ਗਿਆ..ਮੇਰਾ ਕੁੜਤਾ ਪਜਾਮਾਂ ਵੀ ਬੰਬੀ ਵਾਲੇ ਅੰਦਰ ਹੀ ਪਿਆ ਏ..ਗੁੱਸਾ ਆਈ ਜਾਵੇ ਕੇ ਇਥੇ ਕਿਓਂ ਤੇ ਕੀ ਲੈਣ ਆਏ ਨੇ!
ਕਹੀ ਓਥੇ ਸਿੱਟ ਸੂਏ-ਕੱਸੀਆਂ ਟੱਪਦਾ ਪੈਲੀਓ ਪੈਲੀ ਹੁੰਦਾ ਪਿੰਡ ਨੂੰ ਹੋ ਤੁਰਿਆ..ਪਿੰਡੋਂ ਬਾਹਰ ਕਿਸੇ ਕੋਲੋਂ ਮੰਗਵੇਂ ਕੱਪੜੇ ਲਏ..!
ਘਰੇ ਅੱਪੜ ਭਾਬੀ ਤੇ ਬੀਜੀ ਦਵਾਲੇ ਹੋ ਗਿਆ..ਤੁਸਾਂ ਓਹਨਾ ਨੂੰ ਬੰਬੀ ਤੇ ਭੇਜਿਆ ਹੀ ਕਿਓਂ..ਉਹ ਆਖਣ ਸਾਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂ..!
ਕਾਹਲੀ ਨਾਲ ਨਲਕਾ ਗੇੜ ਮੂੰਹ ਮੱਥਾ ਸਵਾਰਨ ਲੱਗਾ ਹੀ ਸਾਂ ਕੇ ਬੋਕੀ ਖਰਾਬ ਹੋ ਗਈ..ਪਾਣੀ ਬੰਦ ਹੋ ਗਿਆ..!
ਓਸੇ ਵੇਲੇ ਕੰਧ ਟੱਪ ਗਵਾਂਢੀਆਂ ਵੱਲ ਨੂੰ ਹੋ ਗਿਆ..ਗੁਸਲਖਾਨੇ ਵਿਚ ਅੰਦਰ ਕੋਈ ਹੈ ਸੀ..ਫੇਰ ਓਥੋਂ ਲੰਬੜਾਂ ਦਾ ਗੇਟ ਟੱਪਿਆ..ਓਥੇ ਮੂੰਹ ਮੱਥਾ ਧੋਤਾ..ਅੱਡੀਆਂ ਕੂਚੀਆਂ..ਕੂਹਣੀਆਂ ਰਗੜ-ਰਗੜ ਕੇ ਚਿੱਟੀਆਂ ਕੀਤੀਆਂ..ਨਹੁੰਆਂ ਚੋਂ ਮੈਲ ਕੱਢਦਿਆਂ ਘੜੀ ਲੱਗ ਗਈ..ਫੇਰ ਪਿੰਡਾ ਪੂੰਝਣ ਲਈ ਪਰਨਾ ਮੰਗਣ ਖਾਤਿਰ ਚਾਚੀ ਨੂੰ ਵਾਜ ਮਾਰੀ..!
ਫੇਰ ਦਿਮਾਗ ਵਿਚ ਆਇਆ ਕੇ ਘਰੋਂ ਨਵੇਂ ਲੀੜੇ ਤੇ ਲਿਆਉਣਾ ਹੀ ਭੁੱਲ ਗਿਆਂ ਸਾਂ..ਹੁਣ ਕੀ ਕੀਤਾ ਜਾਵੇ!
ਏਨੇ ਨੂੰ ਗਲੀ ਵਿਚੋਂ ਦੀ ਤੁਰਿਆ ਜਾਂਦਾ ਭਤੀਜ ਦਿਸ ਪਿਆ..ਆਖਿਆ ਯਾਰ ਘਰੋਂ ਲੀੜੇ ਤੇ ਲਿਆਦੇ..ਅੱਗੋਂ ਕਹਿੰਦਾ ਬੰਬੀ ਵਾਲੇ ਪ੍ਰਾਹੁਣੇ ਹੁਣ ਘਰੇ ਵੀ ਆਣ ਅੱਪੜੇ ਨੇ..ਹੱਟੀਓਂ ਓਹਨਾ ਜੋਗੇ ਬਿਸਕੁਟ ਅਤੇ ਠੰਡੇ ਲੈਣ ਚਲਿਆਂ..!
ਫਿਕਰ ਪੈ ਗਿਆ ਹੁਣ ਘਰੇ ਵੜਨਾ ਹੀ ਕਿੱਦਾਂ ਏ..ਪ੍ਰਾਹੁਣੇ ਤੇ ਵੇਹੜੇ...
ਦੇ ਐਨ ਵਿਚਕਾਰ ਬੈਠੇ ਨੇ!
ਏਨੇ ਨੂੰ ਜਿਹਨਾਂ ਦਾ ਗੁਸਲਖਾਨਾ ਵਰਤ ਕੇ ਹਟਿਆ ਸਾਂ ਓਹਨਾ ਨੂੰ ਵੀ ਬਿੜਕ ਹੋ ਗਈ..ਕੇ ਵੇਖ ਵਿਖਾਈ ਦਾ ਚੱਕਰ ਏ..ਸਾਰੇ ਹੱਸੀ ਜਾਵਣ..ਫੇਰ ਬੇਬੇ ਆਖਣ ਲੱਗੀ ਪੁੱਤ ਘਬਰਾਈ ਦਾ ਨਹੀਂ ਹੁੰਦਾ..ਜੱਟਾਂ ਦੇ ਪੁੱਤਾਂ ਦੇ ਰਿਸ਼ਤੇ ਇੰਝ ਹੀ ਹੋਇਆ ਕਰਦੇ ਨੇ..!
ਫੇਰ ਸਬੱਬੀਂ ਕਰਾਮਾਤ ਹੋ ਗਈ..
ਬੀਜੀ ਨੇ ਕਿਸੇ ਹੱਥ ਨਵੇਂ ਕੱਪੜੇ ਘੱਲ ਦਿੱਤੇ..ਪਰ ਜੁੱਤੀ ਫੇਰ ਵੀ ਭੁੱਲ ਗਏ..ਪੈਰੀ ਓਹੀ ਪਲਾਸਟਿਕ ਦੀ ਮੋਰੀਆਂ ਵਾਲੀ ਜੁੱਤੀ..ਨਵੇਂ ਕੱਪੜਿਆਂ ਦਾ ਤੇ ਰੌਬ ਮਾਰਿਆ ਜਾਣਿਆਂ ਸੀ!
ਪੈਰ ਵੱਡੇ ਹੋਣ ਕਰਕੇ ਆਮ ਕਿਸੇ ਦੀ ਜੁੱਤੀ ਆਉਂਦੀ ਵੀ ਨਹੀਂ ਸੀ..!
ਖੈਰ ਹੌਲੀ ਜਿਹੀ ਬਾਹਰ ਗਲੀ ਵਿਚ ਨੂੰ ਨਿੱਕਲ ਗਿਆ..ਬਾਹਰ ਪਹੇ ਤੇ ਪ੍ਰਾਹੁਣਿਆਂ ਵੱਲੋਂ ਨਾਲ ਲਿਆਂਦਾ ਸਾਲਮ ਟਾਂਗਾ ਦਿਸ ਪਿਆ..!
ਟਾਂਗੇ ਵਾਲਾ ਪੈਰ ਲਮਕਾ ਕੇ ਸੀਟ ਤੇ ਲੰਮਾ ਪਿਆ ਸੀ..ਉਸਨੂੰ ਗੱਲ ਦੱਸੀ..ਆਹਂਦਾ ਮੇਰੀ ਪਾ ਲਵੋ ਜੀ..ਅਜੇ ਕੱਲ ਹੀ ਵਟਾਲਿਓਂ ਨਵੀਂ ਬਣਵਾਈ ਏ!
ਏਨੇ ਜਫ਼ਰ ਜਾਲਣ ਮਗਰੋਂ ਜਿਹੜਾ ਰਿਸ਼ਤਾ ਹੋਇਆ ਉਹ ਹੁਣ ਤੱਕ ਨਿਭੀ ਆਉਂਦਾ ਏ..ਹਾਲਾਂਕਿ ਪਿੰਡ ਬਦਲ ਗਿਆ..ਲੋਕ ਬਦਲ ਗਏ..ਸਭ ਕੁਝ ਬਦਲ ਗਿਆ!
ਤੀਜੀ ਪੀੜੀ ਅਕਸਰ ਪੁੱਛ ਲੈਂਦੀ ਏ..ਬਾਪੂ ਜੀ ਏਨਾ ਲੰਮਾ ਸਫ਼ਰ ਇੱਕਠਿਆਂ ਕਿੱਦਾਂ ਲੰਘਾ ਲਿਆ..?
ਮੇਰਾ ਇੱਕੋ ਜੁਆਬ ਹੁੰਦਾ ਏ ਪੁੱਤਰੋ ਸਾਡੇ ਵੇਲੇ ਗੁੱਸਾ ਪੀ ਲਿਆ ਜਾਂਦਾ ਸੀ ਤੇ ਪਾਟਿਆ ਸੀ ਲਿਆ ਜਾਂਦਾ ਸੀ..ਨਿੱਕੇ ਨਿੱਕੇ ਨੁਕਸ ਪੈ ਜਾਣ ਤੇ ਚੀਜਾਂ ਕੂੜੇ ਦਾਨ ਵਿਚ ਸੁੱਟਣ ਦਾ ਰਿਵਾਜ ਨਹੀਂ ਸੀ ਹੋਇਆ ਕਰਦਾ!
ਗੋਰਿਆਂ ਦੇ ਠੰਡੇ ਮੁਲਖ ਦੀ ਪਾਰਕ ਵਿਚ ਕੱਲੇ ਬੈਠਿਆਂ ਅਕਸਰ ਹੀ ਉਹ ਪੂਰਾਣੇ ਵੇਲੇ ਚੇਤੇ ਕਰ ਦਿਲ ਵਿਚੋਂ ਹੂਕ ਜਿਹੀ ਨਿੱਕਲ ਜਾਂਦੀ ਏ..ਸੂਏ-ਕੱਸੀਆਂ ਟੱਪਦੇ..ਗਏ ਸਮੁੰਦਰ ਟੱਪ..ਜਿੰਨੀ ਵੱਡੀ ਛਾਲ ਸੀ ਓਨੀ ਵੱਡੀ ਸੱਟ..!
ਵਾਕਿਆ ਹੀ ਸੱਟਾਂ ਖਾਂਦਿਆਂ ਜਿੰਦਗੀ ਨਿੱਕਲ ਗਈ..ਸੰਤਾਲੀ..ਚੁਰਾਸੀ ਤੇ ਹੋਰ ਵੀ ਕਿੰਨਾ ਕੁਝ!
ਹਰਪ੍ਰੀਤ ਸਿੰਘ ਜਵੰਦਾ