ਲਾਲਚ ਬੁਰੀ ਬਲਾ|
ਇਕ ਦਿਨ ਬਾਬੂ ਨਾਮ ਦਾ ਮਲਿਆਲੀ ਮੇਰੇ ਆਫਿਸ ਵਿਚ ਆਇਆ, ਤੇ ਨੌਕਰੀ ਦੀ ਮੰਗ ਕੀਤੀ| ਮੈਂ ਕਿਹਾ ਸਿਕਿਓਰਿਟੀ ਗਾਰਡ ਦੀ ਨੌਕਰੀ ਕਰੇਂਗਾ ? ਕਹਿੰਦਾ ਮੈਂ ਸੁਪਰਵਾਈਜ਼ਰ ਦੀ ਨੌਕਰੀ ਕਰਾਂਗਾ| ਮੈਂ ਕਿਹਾ ਮੇਰੇ ਕੋਲ ਚੌਬੇ ਅਤੇ ਪਵਾਰ ਪਹਿਲਾਂ ਹੀ ਦੋ ਸੁਪਰਵਾਈਜ਼ਰ ਹਨ| ਉਹ ਕਹਿੰਦਾ, “ਮੈਂ ਇਹਨਾਂ ਨਾਲੋਂ ਅਲਗ ਕੰਮ ਕਰਾਂਗਾ ਸਰ, ਜੇ ਪੈਸੇ ਕਮਾਉਣੇ ਹਨ ਤਾਂ ਮੈਨੂੰ ਇਕ ਚਾਂਸ ਦਿਓ| ਕੱਲੀ ਸਿਕਿਓਰਿਟੀ ਵਿਚ ਕੀ ਰਖਿਆ ਹੈ|”
ਇਹ ਸੁਣਕੇ ਮੇਰੀ ਉਕਸੁਕਤਾ ਵੱਧ ਗਈ| ਮੈਂ ਕਿਹਾ ਠੀਕ ਹੈ ਸਮਝੋ ਮੈਂ ਤੈਨੂੰ ਰੱਖ ਲਿਆ ਫਿਰ ਕੀ ਹੋਵੇਗਾ ਜਰਾ ਮੈਨੂੰ ਸਮਝਾ| ਉਹ ਕਹਿੰਦਾ, “ਇਥੇ ਤਿੰਨ ਵੱਡੀਆਂ ਫੈਕਟਰੀਆਂ ਹਨ ਜੋ ਮੱਛੀ ਪੈਕਿੰਗ ਦਾ ਕੰਮ ਕਰਦੀਆਂ ਹਨ| ਓਥੇ ਮੱਛੀ ਦੇ ਟਰੱਕਾਂ ਦੇ ਟਰੱਕ ਭਰਕੇ ਆਉਂਦੇ ਹਨ ਤੇ ਉਸਨੂੰ ਕਾਟ ਸ਼ਾਂਟ ਕਰਕੇ ਫਿਰ ਡੱਬਿਆਂ ਵਿਚ ਪੈਕ ਕਰਕੇ ਇਹ ਕੰਪਨੀਆਂ ਐਕਸਪੋਰਟ ਕਰਦੀਆਂ ਹਨ| ਮੈਂ ਕੇਰਲਾ ਦੇ ਉਸ ਜਿਲ੍ਹੇ ਚੋਂ ਹਾਂ ਜਿਥੇ ਦੀਆਂ ਔਰਤਾਂ ਝੀਂਗਾ (Prawns) ਮੱਛੀ ਸਾਫ ਕਰਨ ਦੀਆਂ ਮਾਹਿਰ ਹਨ| ਜਦੋਂ ਇਹਨਾਂ ਨੂੰ ਔਰਤਾਂ ਦੀ ਲੋੜ ਪੈਂਦੀ ਹੈ ਤਾਂ ਇਹ ਓਥੋਂ ਔਰਤਾਂ ਏਜੇਂਟਾਂ ਰਾਹੀਂ ਮੰਗਵਾਉਂਦੇ ਹਨ| ਮੈਂ ਤੁਹਾਡਾ ਬੰਦਾ ਬਣ ਕੇ ਅਤੇ ਉਸ ਜਿਲ੍ਹੇ ਦਾ ਵਾਸੀ ਹੋਣ ਕਰਕੇ 20 ਔਰਤਾਂ ਲਿਆਉਣ ਦਾ ਆਰਡਰ ਲੈ ਲਵਾਂਗਾ ਤੇ 20 ਹਜਾਰ ਇਕ ਔਰਤ ਦੀ ਸਲਾਨਾ ਤਨਖਾਹ, ਜੋ ਉਸਦੇ ਵਾਰਸਾਂ ਨੂੰ ਅਡਵਾਂਸ ਦੇਣੀ ਪੈਂਦੀ ਹੈ, ਕੁੱਲ 4 ਲਖ ਰੁਪਏ ਲੈਕੇ ਓਥੇ ਜਾਕੇ ਔਰਤਾਂ ਲਿਆਂਵਾਂਗਾ | ਇਥੇ ਆ ਕੇ ਉਹਨਾਂ ਦਾ ਰੇਲ ਦਾ ਕਿਰਾਇਆ ਤੇ ਆਉਣ ਦਾ ਖਰਚਾ ਅਤੇ ਉੱਪਰ 15% ਆਪਣਾ ਕਮਿਸ਼ਨ ਲਵਾਂਗੇ| ਪਹਿਲਾਂ ਤਾ ਓਥੇ ਇਹਨਾਂ ਔਰਤਾਂ ਦੇ ਘਰਦਿਆਂ ਨੂੰ 10 ਜਾਂ 15 ਹਜਾਰ ਹੀ ਦੇਣਾ ਹੈ, ਪੂਰਾ 20 ਨਹੀਂ । ਇਸ ਤਰਾਂ 4 ਲੱਖ ਚੋਂ ਤਕਰੀਬਨ ਇਕ ਲੱਖ ਬਚ ਜਾਂਦਾ ਹੈ। ਫਿਰ ਇਹਨਾਂ ਨੂੰ ਇਥੇ ਲਿਆਉਣ ਦਾ ਖਰਚਾ ਅਤੇ 15% ਕਮਿਸ਼ਨ ਮਿਲਾ ਕੇ ਇਕ ਲਖ ਰੁਪਿਆਂ ਉਹ ਬਣ ਜਾਂਦਾ ਹੈ, ਇਸ ਤਰਾਂ ਇਕ ਟਰਿੱਪ ਵਿਚ ਹੀ 2 ਲਖ ਰੁਪਿਆ ਕਮਾਇਆ ਜਾ ਸਕਦਾ ਹੈ ਸਰ |”
ਮੈਂ ਕਿਹਾ ਤੂੰ ਖੁਦ ਕਿਓਂ ਨਹੀਂ ਕਰ ਲੈਂਦਾ ? ਉਹ ਕਹਿੰਦਾ, ਮੇਰੀ ਇੰਨੀ ਔਕਾਤ ਨਹੀਂ। ਤੁਸੀਂ ਰਜਿਸਟਰਡ ਕੰਪਨੀ ਦੇ...
ਮਾਲਿਕ ਹੋ, ਉੱਪਰੋਂ ਇਕ ਨੇਵੀ ਦੇ ਅਫਸਰ ਹੋ| ਉਹ ਤੁਹਾਡੇ ਤੇ ਭਰੋਸਾ ਕਰਕੇ 4 ਲੱਖ ਕੈਸ਼ ਦੇ ਸਕਦੇ ਹਨ, ਮੈਨੂੰ ਨਹੀਂ ਦੇਣਗੇ |
ਉਸਨੇ ਅੱਗੇ ਦੱਸਿਆ, “ਸਰ ਇਹ ਤਾਂ ਹੋ ਗਿਆ ਇਮਾਨਦਾਰੀ ਦਾ ਕੰਮ, ਪਰ ਜੇ ਹੋਰ ਵੀ ਪੈਸੇ ਕਮਾਉਣੇ ਹੋਣ ਤਾਂ ਹਰ ਗਰੁੱਪ ਵਿਚੋਂ ਤਿੰਨ ਤਿੰਨ ਖੂਬਸੂਰਤ ਕੁੜੀਆਂ ਅਲਗ ਕਰ ਲਈਦੀਆਂ ਹਨ, ਅਤੇ ਉਹਨਾਂ ਦੀ -‘ਰਾਹ ਚੋਂ ਹੀ ਦੌੜ ਗਈਆਂ’- ਕਹਿਕੇ ਪੁਲਿਸ ਰਿਪੋਰਟ (FIR) ਬਣਾ ਲਈਦੀ ਹੈ, ਤਾਂ ਕਿ ਉਸਦੇ ਘਰ ਵਾਲੇ ਕਦੀ ਆ ਜਾਣ ਤਾਂ ਉਹ ਪੁਲਿਸ ਰਿਪੋਰਟ ਦਿਖਾ ਦੇਈਦੀ ਹੈ | ਉਹਨਾਂ ਨੂੰ ਇਥੇ ‘ਰੈਡ ਲਾਈਟ’ ਵਿਚ ਦੇਹ ਵਪਾਰ ਲਈ ਖਰੀਦਣ ਵਾਲੇ ਚੁਟਕੀ ਬਜਾਇਆਂ ਮਿਲ ਜਾਂਦੇ ਹਨ| ਘੱਟ ਤੋਂ ਘੱਟ ਤਿੰਨ ਲਖ ਇਹ ਮਿਲ ਜਾਂਦੇ ਹਨ| ਇਸਤਰਾਂ ਇਕ ਟ੍ਰਿਪ ਵਿਚੋਂ 5 ਲੱਖ ਕਮਾਈ ਕੀਤੀ ਜਾ ਸਕਦੀ ਹੈ| ਪੈਸੇ ਵੀ ਕਮਾਓ ਤੇ ਮਜੇ ਵੀ ਕਰੋ|” ਮੈਂ ਪਤਾ ਨਹੀਂ ਕਿਵੇਂ ਆਪਣੇ ਗੁੱਸੇ ਨੂੰ ਕੰਟਰੋਲ ਕਰ ਕੇ ਉਸਨੂੰ ਓਥੋਂ ਚੁੱਪ ਚਾਪ ਖਿਸਕ ਜਾਣ ਲਈ ਕਿਹਾ| ਤੇ ਮੁੜਕੇ ਮੇਰੇ ਆਫਿਸ ਵਿਚ ਨਾਂ ਵੜਨ ਦੀ ਪਵਾਰ ਕੋਲੋਂ ਵਾਰਨਿੰਗ ਦਿਵਾਈ|
ਇਸ ਘਟਨਾ ਤੋਂ ਕਾਫੀ ਸਮਾਂ ਬਾਦ ਇਕ ਦਿਨ ਮੈਂ ਦੇਖਿਆ ਬਾਬੂ ਅਤੇ ਚਾਰ ਹੋਰ ਜਣਿਆਂ ਨੂੰ ਪੁਲਿਸ ਹੱਥ ਕੜ੍ਹੀਆਂ ਲਾਕੇ ਲੈਜਾ ਰਹੀ ਸੀ| ਮੈਂ ਸੋਚਿਆ ਮਨਾਂ, ਬਾਬੇ ਨੇ ਬਚਾ ਲਿਆ ਜੇ ਮੈਂ ਵੀ ਉਸ ਵੇਲੇ ਲਾਲਚ ਵੱਸ ਹਾਂ ਬੋਲ ਦਿੰਦਾ ਤਾਂ ਇਹੀ ਹਾਲ ਮੇਰਾ ਹੋਣਾ ਸੀ| ਸਤਿਗੁਰ ਸਾਚੇ ਰਾਖ ਲਈ|
ਇਸ ਤਰਾਂ ਦਾ ਦੋ ਨੰਬਰ ਦਾ ਧੰਦਾ ਕਰਨ ਵਾਲਿਆਂ ਦੀ ਦੁਨੀਆਂ ਚ ਕਮੀ ਨਹੀਂ ਖਾਸ ਕਰ ਬੰਬੇ ਵਿਚ| ਮੈਨੂੰ ਤਾਂ ਜਿੰਦਗੀ ਦੇ ਸਫ਼ਰ ਵਿਚ ਕਈ ਐਸੇ ਆਫਰ ਆਏ ਹੋਣਗੇ| ਪਰ ਗੁਰੂ ਬਾਬੇ ਨੇ ਹਮੇਸ਼ਾਂ ਮੈਨੂੰ ਹੱਥ ਦੇਕੇ ਬਚਾ ਲਿਆ, ਨਹੀਂ ਤਾਂ ਪਾਪੀ ਮਨ ਦਾ ਕੀ ਭਰੋਸਾ, ਜਾਲ ਵਿਚ ਫਸਣ ਲਈ ਮਿੰਟ ਨਹੀਂ ਲਗਦਾ| ਮਾਇਆ ਦੀ ਖਿੱਚ ਹੀ ਐਸੀ ਹੁੰਦੀ ਹੈ|
(ਮੇਰੀ ਜੀਵਨ ਯਾਤਰਾ ਭਾਗ -੨ ਵਿਚੋਂ)
Bhupinder Singh Chadha.