ਉਹ ਅਕਸਰ ਮੇਰੇ ਕੋਲੋ ਆਉਂਦੀ ਹੁੰਦੀ ਸੀ। ਅੱਜ ਵੀ ਆਈ ਪਰ ਅੱਜ ਅਵਾਜ਼ ਵਿੱਚ ਪਹਿਲਾਂ ਵਰਗੀ ਰਵਾਨਗੀ ਨਹੀਂ ਸੀ। ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅੰਦਰੋ ਟੁੱਟੀ ਹੋਵੇ।ਮੇਰੀ ਆਦਤ ਤਾਂ ਨਹੀਂ ਹੈ ਕਿਸੇ ਦੇ ਘਰ ਬਾਰੇ ਜਾਨਣ ਦੀ, ਪਰ ਅੱਜ ਉਸ ਨੂੰ ਵੇਖ ਕੇ ਝੱਕਦਿਆਂ ਹੋਇਆ ਪੁੱਛ ਹੀ ਲਿਆ ਕਿ ਕਿਵੇਂ ਹੈ ਸਭ? ਘਰ ਵਿੱਚ ਸਾਰੇ ਠੀਕ-ਠਾਕ ਤਾਂ ਹਨ?
ਮੇਰੇ ਏਨਾ ਪੁੱਛਦਿਆ ਸਾਰ ਹੀ ਉਸ ਦੇ ਸਬਰ ਦਾ ਪਿਆਲਾ ਛਲਕ ਪਿਆ ਸੀ ,ਜੋ ਉਸ ਨੇ ਪਤਾ ਨਹੀਂ ਕਦੋਂ ਦਾ ਸਾਂਭਿਆ ਹੋਇਆ ਸੀ।ਉਹ ਫੁੱਟ-ਫੁੱਟ ਕੇ ਰੋ ਪਈ। ਮੇਰੇ ਧਰਾਸ ਦੇਣ ‘ਤੇ ਵੀ ਉਸ ਦੇ ਭਾਵ ਉੱਛਲਦੇ ਜਾ ਰਹੇ ਸਨ।ਕਾਫੀ ਚਿਰ ਬਾਅਦ ਥੋੜੀ ਸਹੀ ਹੋਈ ਅਤੇ ਫਿਰ ਆਪਣੀ ਗਾਥਾ ਸ਼ੁਰੂ ਕਰ ਬੈਠੀ।
ਉਸਦਾ ਪਤੀ ਵਿਦੇਸ਼ ਵਿੱਚ ਹੈ। ਇੱਕ ਪੁੱਤਰ ਵੀ ਵਿਦੇਸ਼ ਭੇਜ ਦਿੱਤਾ। ਕੋਲ ਇੱਕ ਧੀ ਅਤੇ ਪੁੱਤਰ ਹੋਰ ਹਨ। ਧੀ ਨੂੰ ਬੜੇ ਲਾਡਾਂ ਨਾਲ ਪਾਲਿਆ ਸੀ। ਉਸਦੀ ਲਾਡਲੀ ਧੀ ਉਸਨੂੰ ਸਾਹਾਂ ਵਾਂਗ ਪਿਆਰੀ ਲੱਗਦੀ ਸੀ।
ਉਸਦੀ ਧੀ ਬੀ.ਐਸ. ਈ. ਨਰਸਿੰਗ ਕਰਦੀ ਸੀ। ਅਖੀਰਲਾ ਸਾਲ ਸੀ। ਬੜੀ ਖੁਸ਼ ਸੀ ਕਿ ਕੋਈ ਚੰਗਾ ਜਿਹਾ ਮੁੰਡਾ ਲੱਭ ਕੇ ਧੀ ਦਾ ਵਿਆਹ ਕਰੇਗੀ। ਜਿਵੇਂ ਅਕਸਰ ਮਾਪਿਆ ਦੀ ਰੀਝ ਹੁੰਦੀ ਹੈ, ਉਸਦੀ ਵੀ ਇਹ ਰੀਝ ਸੀ। ਚੰਗਾ ਮੁੰਡਾ ਮਿਲ ਵੀ ਗਿਆ। ਘਰੋਂ ਕਾਫੀ ਸੌਖੇ ਸਨ ਮੁੰਡੇ ਵਾਲੇ। ਮੁੰਡਾ ਵਿਦੇਸ਼ ਵਿੱਚ ਰਹਿੰਦਾ ਸੀ। ਕੁੜੀ ਵਾਂਗ ਮੁੰਡਾ ਵੀ ਰੱਜ ਕੇ ਸੋਹਣਾ ਸੀ।
ਅਖੀਰਲੇ ਸਮੈਸਟਰ ਦੇ ਪੇਪਰ ਦੇਣ ਤੋਂ ਬਾਅਦ ਧੀ ਮਾਂ ਕੋਲ ਘਰ ਆਈ। ਸਭ ਖੁਸ਼ ਸਨ ਅਤੇ ਹੁਣ ਉਸਦੀ ਮੰਗਣੀ ਦੀ ਤਿਆਰੀ ਵਿੱਚ ਮਸਤ ਸਨ। ਕੁੜੀ ਦੀ ਰੀਝ ਮੁਤਾਬਕ ਹਰ ਮਨਪਸੰਦ ਚੀਜ਼ ਅਤੇ ਕੱਪੜੇ ਆਦਿ ਚਾਵਾਂ ਨਾਲ ਖਰੀਦੇ ਗਏ। ਮੰਗਣੀ ਵਾਲੇ ਦਿਨ ਕੁੜੀ ਤਿਆਰ ਹੋ ਕੇ ਹੋਰ ਵੀ ਸੋਹਣੀ ਲੱਗ ਰਹੀ ਸੀ। ਮਾਂ ਨੇ ਸਾਰੇ ਕੰਮ ਚਾਵਾਂ ਨਾਲ ਕੀਤੇ। ਮੰਗਣੀ ਹੋ ਗਈ ਸੀ। ਦੋਵੇਂ ਧਿਰਾਂ ਬਹੁਤ ਖੁਸ਼ ਸਨ। ਵਿਆਹ ਦਾ ਦਿਨ ਵੀ ਮਿੱਥ ਲਿਆ ਗਿਆ। ਮੁੰਡੇ ਮੁਤਾਬਕ ਛੇ ਮਹੀਨੇ ਬਾਅਦ ਆ ਕੇ ਕੁੜੀ ਨੂੰ ਵਿਆਹ ਕੇ ਆਪਣੇ ਨਾਲ ਹੀ ਲੈ ਜਾਵੇਗਾ।
ਘਰ ਆ ਕੇ ਕੁੜੀ ਫਿਰ ਹੋਸਟਲ ਜਾਣ ਲਈ ਤਿਆਰ ਹੋ ਗਈ।ਉਸਦੇ ਕਹਿਣ ਮੁਤਾਬਕ ਕਿ ਤਿੰਨ ਮਹੀਨੇ ਦੀ ਟ੍ਰੇਨਿੰਗ ਲੱਗਣੀ ਹੈ। ਅਗਲੇ ਦਿਨ ਕੁੜੀ ਘਰੋਂ ਚਲੀ ਗਈ। ਫੋਨ ‘ਤੇ ਅਕਸਰ ਗੱਲਬਾਤ ਵੀ ਹੁੰਦੀ ਰਹਿੰਦੀ ਸੀ। ਸਮਾਂ ਵਧੀਆ ਚੱਲ ਰਿਹਾ ਸੀ।
ਇੱਕ...
ਦਿਨ ਅਚਾਨਕ ਫੋਨ ਆਇਆ ਤਾਂ ਮਾਂ ਦੇ ਪੈਰਾ ਹੇਠੋਂ ਜਮੀਨ ਖਿਸਕ ਗਈ। ਕੁੜੀ ਨੇ ਇਸੇ ਹੀ ਸ਼ਹਿਰ ਵਿੱਚ ਵਿਆਹ ਕਰਵਾ ਲਿਆ ਸੀ।ਵਿਆਹ ਹੋਏ ਨੂੰ ਤਿੰਨ ਮਹੀਨੇ ਵੀ ਹੋ ਗਏ ਸਨ। ਇੰਨਾਂ ਸਮਾਂ ਕੱਢਣ ਦਾ ਮਤਲਬ ਇਹ ਸੀ ਕਿ ਮਾਪੇ ਦਾਅਵਾ ਜਾਂ ਕੁਝ ਹੋਰ ਕਿਸੇ ਕਿਸਮ ਦਾ ਦਬਾਅ ਨਾ ਪਾ ਸਕਣ।
ਉਹ ਧੀ ਜਿਸ ਨੂੰ ਚਾਵਾਂ ਨਾਲ ਪਾਲਿਆ,ਹਰ ਰੀਝ ਪੂਰੀ ਕੀਤੀ ਸੀ। ਆਪ ਔਖ ਝਾਕ ਕੇ ਹਰ ਖਾਹਿਸ਼ ਪੂਰੀ ਕੀਤੀ। ਉਹ ਪਰਾਈ ਹੋ ਚੁੱਕੀ ਸੀ। ਮਾਪਿਆ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਬਾਪ ਵਿਚਾਰਾ ਇਕੱਲਾ ਵਿਦੇਸ਼ ਵਿੱਚ ਕੀ ਸੋਚ ਰਿਹਾ ਹੋਵੇਗਾ? ਜਿਸ ਔਲਾਦ ਲਈ ਦਿਨ ਰਾਤ ਮਿਹਨਤ ਕੀਤੀ, ਉਵਰਟਾਈਮ ਲਗਾਇਆ ,ਉਹੀ ਔਲਾਦ ਮਾਪਿਆ ਦੇ ਪਿਆਰ ਨੂੰ ਛਿੱਕੇ ਟੰਗ ਕੇ ਅੱਜ ਮੌਜਾਂ ਕਰ ਰਹੀ ਸੀ। ਮਾਪੇ ਤਾਂ ਇਹ ਸੋਚ ਰਹੇ ਸਨ ਕਿ ਧੀ ਘਰ ਆਵੇਗੀ ਤਾਂ ਵਿਆਹ ਦੀ ਖਰੀਦਦਾਰੀ ਸ਼ੁਰੂ ਕਰਾਗੇ। ਪਰ ਕੀ ਪਤਾ ਸੀ ਕਿ ਧੀ ਤਾਂ ਕਦੋਂ ਦੀ ਪਰਾਈ ਹੋ ਗਈ ਸੀ।
ਮਾਂ ਇਹ ਸੋਚ ਕੇ ਸ਼ਰਮ ਮਹਿਸੂਸ ਕਰ ਰਹੀ ਸੀ, ਕਿ ਉਸ ਮੁੰਡੇ ਨੂੰ ਕੀ ਜਵਾਬ ਦੇਵਾ, ਜਿਸ ਨਾਲ ਧੀ ਮੰਗਣੀ ਕਰਵਾ ਗਈ ਸੀ। ਹੁਣ ਮਾਂ ਨੇ ਇਹ ਪੱਕਾ ਫੈਸਲਾ ਕਰ ਲਿਆ ਸੀ ਕਿ ਨਾ ਤਾਂ ਤੈਨੂੰ ਫੋਨ ਕਰਨਾ ਹੈ ਅਤੇ ਨਾ ਹੀ ਮੇਰੇ ਕੋਲ ਆਉਣਾ ਹੈ। ਤੇਰੇ ਲਈ ਅਸੀਂ ਮਰ ਗਏ ਅਤੇ ਸਾਡੇ ਲਈ ਤੂੰ ਮਰ ਗਈ। ਇਹ ਸ਼ਬਦ ਕਹਿਣੇ ਜਿੰਨੇ ਅਸਾਨ ਹਨ ਬਰਦਾਸ਼ਤ ਕਰਨੇ ਉਨੇ ਹੀ ਔਖੇ ਹਨ।
ਮਾਂ ਨੂੰ ਦੁੱਖ ਇਹ ਸੀ ਕਿ ਜੇਕਰ ਮੁੰਡਾ ਅੰਤਰਜਾਤੀ ਵੀ ਸੀ, ਤਾਂ ਇੱਕ ਵਾਰ……ਸਿਰਫ਼ ਇੱਕ ਵਾਰ….. ਤਾਂ ਦੱਸ ਦਿੰਦੀ ਧੀਏ। ਕੀ ਸਾਡਾ ਏਨਾ ਵੀ ਹੱਕ ਨਹੀਂ ਕਿ ਤੇਰੇ ਦਿਲ ਦੀ ਗੱਲ ਜਾਣ ਸਕੀਏ?
ਮੈਨੂੰ ਉਸਦੀ ਸਾਰੀ ਕਹਾਣੀ ਸੁਣ ਕੇ ਇਹ ਸਮਝ ਨਹੀਂ ਸੀ ਆ ਰਹੀ ਕਿ ਧਰਾਸ ਕੀ ਦੇਵਾ? ਮਾਂ ਦੀਆਂ ਆਦਰਾਂ ਦਾ ਵਿਰਲਾਪ ਅਸੀਮਤ ਸੀ। ਮੇਰੇ ਕੋਲ ਸ਼ਬਦ ਨਹੀਂ ਸਨ। ਮੈਂ ਇਹ ਸੋਚ ਰਹੀ ਸੀ ਕਿ ਇਸ ਸਾਰੇ ਵਰਤਾਰੇ ਵਿੱਚ ਕਸੂਰ ਕਿਸ ਦਾ ਹੈ?
ਪਰਵੀਨ ਕੌਰ ਸਿੱਧੂ
8146536200