ਹੱਸਦੇ ਭਾਈ ਦੀ ਦੁਕਾਨ
ਨਵਾਂਸ਼ਹਿਰ ਗੁਲਸ਼ਨ ਬਜ਼ਾਰ ਵਿੱਚ ਇਕ ਪਹਾੜੀਏ ਦੀ ਪਕੌੜਿਆਂ ਦੀ ਦੁਕਾਂਨ ਹੈ ।ਬਹੁਤ ਸੁਆਦੀ ਪਕੌੜੇ ਬਣਾਉਂਦਾ ਉਹ , ਖਾਸਕਰ ਪੁਦੀਨੇ ਦੀ ਚੱਟਣੀ ।ਅਸੀਂ ਅਕਸਰ ਉਸ ਕੋਲੋਂ ਪਕੌੜੇ ਲਿਆਂਉਦੇ ਸਾਂ । ਦੋ ਚਾਰ ਪੀਸ ਤਾਂ ਉਹ ਸੁਆਦ ਚੈੱਕ ਕਰਵਾਉਂਦਾ ਮੁਫ਼ਤ ਵਿੱਚ ਹੀ ਖੁਆ ਦਿੰਦਾ ਸੀ । ਹਰ ਵੇਲੇ ਉਸਦੇ ਚਿਹਰੇ ਤੇ ਹਾਸਾ ਫੈਲਿਆ ਰਹਿੰਦਾ ।ਇਸ ਲਈ ਸਾਡੇ ਜੁਆਕਾਂ ਨੇ ਉਸਦੀ ਦੁਕਾਨ ਦਾ ਨਾਂਅ ਹੀ ਹੱਸਦੇ ਹੱਸਦੇ ਭਾਈ ਦੀ ਦੁਕਾਂਨ ਰੱਖ ਲਿਆ ਸੀ। ਅਕਸਰ ਜਦੋਂ ਪਕੌੜੇ ਖਾਣ ਨੂੰ ਦਿਲ ਕਰਦਾ ਘਰ ਵਿੱਚ ਇਹੀ ਕਿਹਾ ਜਾਂਦਾ ਕਿ ਹੱਸਦੇ ਹੱਸਦੇ ਭਾਈ ਤੋਂ ਲੈ ਆਓ।
ਇਕ ਵਾਰ ਦੀ ਗੱਲ ਹੈ ਘਰ ਵਿੱਚ ਅਸੀਂ ਮੀਆਂ ਬੀਵੀ ਹੀ ਸਾਂ ਬੇਟਾ ਕਿਧਰੇ ਗਿਆ ਹੋਇਆ ਸੀ । ਇੰਨੇ ਨੂੰ ਪ੍ਰਾਹੁਣੇ ਆ ਗਏ । ਮੈਂ ਅਜੇ ਸੋਚ ਹੀ ਰਿਹਾ ਸਾਂ ਕਿ ਬਾਜ਼ਾਰ ਤੋਂ ਉਹਨਾਂ ਦੇ ਖਾਣ ਵਾਸਤੇ ਕੁਝ ਲਿਆਉਣ ਲਈ ਕਿਸਨੂੰ ਭੇਜਾਂ , ਬੇਟੇ ਦਾ ਦੋਸਤ ਜੀਤੂ...
ਆ ਗਿਆ । ਉਹ ਅਕਸਰ ਸਾਡੇ ਘਰ ਆ ਜਾਂਦਾ ਸੀ । ਮੈਂ ਉਸਨੂੰ ਪੈਸੇ ਫੜਾਏ ਅਤੇ ਕਿਹਾ ਕਿ ਉਹ ਗੁਲਸ਼ਨ ਬਾਜ਼ਾਰ ਤੋਂ ਹੱਸਦੇ ਹੱਸਦੇ ਭਾਈ ਦੀ ਦੁਕਾਂਨ ਤੋਂ ਪਕੌੜੇ ਸਮੋਸੇ ਫੜ ਲਿਆਵੇ । ਮੇਰੇ ਖਿਆਲ ਸੀ ਕਿ ਉਹ ਜ਼ਰੂਰ ਦੁਕਾਂਨ ਵਾਰੇ ਜਾਣਦਾ ਹੋਣਾਂ ਤਾਂਹੀ ਉਹਨੇ ਪੁੱਛਿਆ ਨਹੀਂ ਕਿ ਕਿਹੜੀ ਦੁਕਾਂਨ ਤੋਂ ਲਿਆਉਣ ਵਾਸਤੇ ਆਖਿਆ । ਅੱਧੇ ਘੰਟੇ ਮਗਰੋਂ ਉਹਦਾ ਫ਼ੋਨ ਆਇਆ ਕਹਿੰਦਾ “ ਅੰਕਲ ਜੀ ਮੈਂ ਸਾਰਾ ਗੁਲਸ਼ਨ ਬਜ਼ਾਰ ਘੁੰਮ ਹਟਿਆਂ ਪਰ ਹੱਸਦੇ ਭਾਈ ਦੀ ਦੁਕਾਂਨ ਨੀ ਲੱਭੀ । ਇਕ ਦੁਕਾਂਨ ਆਲੇ ਨੂੰ ਪੁੱਛਿਆ ਕਿ ਹੱਸਦੇ ਹੱਸਦੇ ਭਾਈ ਦੀ ਦੁਕਾਂਨ ਕਿੱਥੇ ਹੈ ? ਉਹ ਅੱਗੋਂ ਕਹਿੰਦਾ ਭਰਾਵਾ ਐਥੇ ਹੱਸਦਾ ਕੋਈ ਨੀ ਸਾਰੇ ਰੋਂਦੇ ਹੀ ਨੇਂ “
ਮਸਤਾਂਨ ਸਿੰਘ ਪਾਬਲਾ