More Punjabi Kahaniya  Posts
ਮਾਂ ਤੇ ਰੋਟੀ ( ਦੂਜਾ ਤੇ ਅੰਤਿਮ ਭਾਗ)


ਮਾਂ ਤੇ ਰੋਟੀ ( ਦੂਜਾ ਤੇ ਅੰਤਿਮ ਭਾਗ)
(ਕਹਾਣੀ ਦਾ ਪਹਿਲਾ ਭਾਗ ਪੜ ਕੇ ਸ਼ਾਇਦ ਲਗਾ ਹੋਣਾ ਇਹ ਕਹਾਣੀ ਸਾਵੀ ਦੀ ਏ ਹਾਂ ਇਹ ਕਹਾਣੀ ਸ਼ੁਰੂ ਜ਼ਰੂਰ ਸਾਵੀ ਤੋਂ ਹੋਈ ਏ ਤੇ ਖ਼ਤਮ ਵੀ ਸਾਵੀ ਤੇ ਹੀ ਹੋਵੇਗੀ ਪਰ ਇਹ ਕਹਾਣੀ ਸਾਵੀ ਦੀ ਨਹੀਂ ਏ ਬਲਕਿ “ਮਾਂ ਤੇ ਰੋਟੀ” ਦੀ ਏ। ਆਉ ਚਲਦੇ ਹਾਂ ਕਹਾਣੀ ਵਲ।)
ਅਗਲੇ ਦਿਨ ਮਾਂ ਵਿਆਹ ਵਾਲਿਆਂ ਦੇ ਘਰ ਕੰਮ ਤੇ ਚਲੀ ਗੲੀ। ਜਾਂਦੇ ਜਾਂਦੇ ਮਾਂ ਰਾਵੀ ਨੂੰ ਕਹਿ ਗੲੀ ਕਿ ਉਹ ਦੁਪਹਿਰ ਸਮੇਂ ਉਸ ਕੋਲ ਆ ਜਾਏ ਤੇ ਖਾਣ ਲਈ ਰੋਟੀ ਲੈ ਜਾਵੇ। ਜਦੋਂ ਸਾਵੀ ਮਾਂ ਕੋਲ ਪਹੁੰਚੀ ਤਾਂ ਮਾਂ ਵਿਆਹ ਵਾਲਿਆਂ ਦੇ ਘਰ ਭਾਂਡੇ ਮਾਂਜ ਰਹੀ ਸੀ। ਆਪਣੀ ਮਾਂ ਨੂੰ ਇਸ ਤਰ੍ਹਾਂ ਕੰਮ ਕਰਦਾ ਦੇਖ ਉਹ ਆਪਣੀ ਮਾਂ ਦੀ ਮਦਦ ਕਰਨਾ ਚਾਹੁੰਦੀ ਸੀ ਪਰ ਮਾਂ ਨੇ ਮਨਾਂ ਕਰ ਦਿਤਾ। ਸਾਵੀ ਨੂੰ ਇਕ ਥਾਂ ਤੇ ਬਿਠਾ ਮਾਂ ਨੇ ਸਾਵੀ ਨੂੰ ਕੁੱਝ ਮਿਠਾਈ ਖਾਣ ਨੂੰ ਦਿੱਤੀ ਤੇ ਆਪ ਦੁਬਾਰਾ ਬਾਕੀ ਬਚੇ ਭਾਂਡੇ ਮਾਜਣ ਲੱਗ ਪੲੀ। ਪਰ ਸਾਵੀ ਦਾ ਧਿਆਨ ਮਿਠਾਈ ਵਿਚ ਨਹੀਂ ਸਗੋਂ ਮਾਂ ਵਿਚ ਹੀ ਲਗਾ ਰਿਹਾ।
ਉਹ ਦੇਖ ਰਹੀ ਸੀ ਕਿਵੇਂ ਲੋਕ ਭਾਂਡਿਆਂ ਦੇ ਢੇਰ ਲਗਾਈ ਜਾ ਰਹੇ ਸੀ ਤੇ ਕਦੇ ਕੁੱਝ ਕਦੇ ਕੁੱਝ ਕਹੀ ਜਾ ਰਹੇ ਸੀ। ਮਾਂ ਵਿਹਲੀ ਹੀ ਨਹੀਂ ਹੋ ਪਾ ਰਹੀ ਸੀ।
ਪੰਦਰਾਂ ਵੀਹ ਮਿੰਟ ਇਹੀ ਚਲਦਾ ਰਿਹਾ। ਜਦੋਂ ਮਾਂ ਫ੍ਰੀ ਹੋ ਕੇ ਉਸ ਕੋਲ ਆਈਂ ਤਾਂ ਉਸ ਨੇ ਘਰ ਵਾਲਿਆਂ ਕੋਲੋਂ ਪੁੱਛ ਕੇ ਰੋਟੀ ਲਿਫਾਫੇ ਵਿਚ ਪੈਕ ਕਰਾਂ ਕੇ ਦਿਤੀ। ਜਿਸ ਨੂੰ ਲੈ ਸਾਵੀ ਘਰ ਵਾਪਸ ਆ ਗੲੀ ਤੇ ਮਾਂ ਆਪਣੇ ਕੰਮ ਵਿਚ ਦੁਬਾਰਾ ਜੁੱਟ ਗੲੀ।
ਰਾਤ ਵੇਲੇ ਦੇਰ ਤੱਕ ਵਿਆਹ ਵਾਲਿਆਂ ਘਰੋਂ ਡੀ ਜੇ ਦੀਆਂ ਅਵਾਜ਼ਾਂ ਸਾਵੀ ਦੇ ਕੰਨੀ ਪੈ ਰਹੀਆਂ ਸਨ। ਦੋਹਾਂ ਭੈਣ ਭਰਾ ਨੂੰ ਉਸਨੇ ਪਹਿਲਾਂ ਹੀ ਰੋਟੀ ਖਵਾ ਦਿੱਤੀ ਸੀ ਤੇ ਆਪ ਵੀ ਇਕ ਰੋਟੀ ਖਾ ਲੲੀ ਸੀ ਜਿਵੇਂ ਕਿ ਉਸਦੀ ਮਾਂ ਨੇ ਉਸਨੂੰ ਸਮਝਾ ਕੇ ਭੇਜਿਆ ਸੀ। ਉਹ ਹੁਣ ਸੋ ਰਹੇ ਸਨ। ਮਾਂ ਵੀ ਕਾਫ਼ੀ ਦੇਰ ਨਾਲ ਕੰਮ ਮੁਕਾ ਕੇ ਘਰ ਆੲੀ ਸੀ ਤੇ ਬੁਰੀ ਤਰ੍ਹਾਂ ਥੱਕ ਚੁੱਕੀ ਸੀ। ਘਰ ਆ ਮਾਂ ਨੇ ਸਭ ਬੱਚਿਆਂ ਨੂੰ ਇੱਕ ਨਜ਼ਰ ਦੇਖਿਆ ਦੋਵੇਂ ਬੱਚੇ ਆਪਣੀ ਆਪਣੀ ਥਾਂ ਸੋ ਰਹੇ ਸਨ ਤੇ ਸਾਵੀ ਹਲੇ ਵੀ ਜਾਗ ਰਹੀ ਸੀ। ਮਾਂ ਨੇ ਸਾਵੀ ਨੂੰ ਰੋਟੀ ਬਾਰੇ ਪੁਛਿਆ ਤਾਂ ਸਾਵੀ ਨੇ ਦਸਿਆ ਕਿ ਉਹਨਾਂ ਖਾਂ ਲੲੀ ਹੈ। ਮਾਂ ਨੇ ਸਾਵੀ ਦੇ ਸਿਰ ਪਿਆਰ ਨਾਲ ਆਪਣਾਂ ਹੱਥ ਫੇਰਿਆ ਤੇ ਆਪਣੇ ਮੰਜੇ ਤੇ ਜਾ ਕੇ ਲੰਮੇ ਪੈ ਗੲੀ। ਥਕਾਵਟ ਹੋਣ ਕਾਰਨ ਪੈਂਦੇ ਸਾਰ ਹੀ ਉਸਨੂੰ ਨੀਂਦ ਆ ਗੲੀ। ਸਾਵੀ ਕਿੰਨੀ ਦੇਰ ਮਾਂ ਨੂੰ ਇੰਝ ਹੀ ਦੇਖਦੀ ਰਹੀ।
ਮਾਂ ਨੇ ਸਵੇਰੇ ਕੰਮ ਤੇ ਜਲਦੀ ਜਾਣਾ ਸੀ। ਰਾਤ ਦੇ ਬਚੇ ਹੋੲੇ ਖਾਣੇ ਵਿਚੋਂ ਉਸਨੇ ਇਕ ਰੋਟੀ ਖਾਧੀ ਤੇ ਤਿੰਨ ਕੁ ਰੋਟੀਆਂ ਹਲੇ ਵੀ ਪਈਆ ਸੀ।
ਬੱਚੇ ਹਲੇ ਵੀ ਸੁਤੇ ਹੀ ਸੀ ਉਹ ਸਾਵੀਂ ਨੂੰ ਦੱਸ ਵਿਆਹ ਵਾਲਿਆਂ ਦੇ ਘਰ ਕੰਮ ਲਈ ਚਲੀ ਗਈ। ਬਾਰਾਤ ਵੀ ਗਿਆਰਾਂ ਕੁ ਵਜੇ ਆ ਪਹੁੰਚੀ। ਸਾਰੇ ਕਾਰਜ ਵਿਹਾਰ ਆਪਣੀ ਆਪਣੀ ਥਾਵੇਂ ਚਲਦੇ ਰਹੇ।
ਕੋਈ ਡੀ ਜੇ ਤੇ ਨੱਚ ਪੈਸੇ ਵਾਰ ਰਿਹਾ ਸੀ। ਕੋਈ ਖਾ ਪੀ ਵਿਆਹ ਦਾ ਲੁਤਫ਼ ਉੱਠਾ ਰਿਹਾ ਸੀ। ਕੋੲੀ ਵਿਆਹ ਦੇ ਖਾਣੇ ਤੇ ਹੋਰ ਇੰਤਜ਼ਾਮਾਤ ਵਿਚ ਨੁਕਸ ਕੱਢ ਆਪਣੀ ਤਸਲੀ ਕਰ ਰਹਾ ਸੀ।
ਵਿਆਹ ਵਿੱਚ ਵਾਰੇ ਜਾਣ ਵਾਲੇ ਪੈਸੇ ਸਾਵੀਂ ਦੀ ਮਾਂ ਨੂੰ ਲੋਕ ਫੜਾ ਰਹੇ ਸਨ। ਕਿਤੇ ਉਹ ਆਪ ਅੱਗੇ ਹੋ ਲੈ ਰਹੀ ਸੀ। ਸ਼ਾਮ ਤੱਕ ਵਿਆਹ ਚਲਦਾ ਰਿਹਾ। ਦੇਰ ਸ਼ਾਮ ਡੋਲੀ ਤੋਰ ਦਿੱਤੀ ਗੲੀ। ਸਾਵੀ ਦੀ ਮਾਂ ਨੇ ਵੀ ਹੁਣ ਤੱਕ ਆਪਣਾ ਸਾਰਾ ਕੰਮ ਮੁਕਾ ਦਿੱਤਾ। ਵਿਆਹ ਵਾਲਿਆਂ ਘਰ ਉਸਨੂੰ ਕੰਮ ਮੁਕਾਦਿਆ ਰਾਤ ਦੇ ਅੱਠ ਵੱਜ ਚੁੱਕੇ ਸਨ। ਉਹਨਾਂ ਸਾਵੀ ਦੀ ਮਾਂ ਨੂੰ ਆਪਣਾ ਬਣਦਾ ਹਿਸਾਬ ਕਰ ਪੈਸੇ ਸਵੇਰੇ ਆ ਕੇ ਲੈ ਜਾਣ ਨੂੰ ਕਹਿ ਦਿੱਤਾ। ਰਾਤ ਨੂੰ ਵਾਪਸ ਆਉਣ ਲਗੇ ਖਾਣੇ ਵਿਚ ਜੋਂ ਵੀ ਬਚਿਆਂ ਸੀ ਮਾਂ ਆਪਣੇ ਨਾਲ ਲੈ ਵਾਪਸ ਆਪਣੇ ਘਰ ਆ ਗੲੀ।
ਅੱਜ ਤਿੰਨੋਂ ਬੱਚੇ ਹਲੇ ਵੀ ਜਾਗ ਰਹੇ ਸਨ। ਘਰ ਖਾਣ ਨੂੰ ਕੁੱਝ ਨਹੀਂ ਸੀ ਇਸ ਲਈ ਬੱਚੇ ਦੁਪਹਿਰ ਦੇ ਹੀ ਭੁੱਖੇ ਭਾਣੇ ਬੈਠੇ ਮਾਂ ਦੀ ਉਡੀਕ ਕਰ ਰਹੇ ਸਨ। ਮਾਂ ਨੂੰ ਦੇਖ ਬੱਚੇ ਦੋੜ ਕੇ ਮਾਂ ਕੋਲ ਆ ਗੲੇ। ਕਮਰੇ ਵਿਚ ਆਉਂਦੇ ਹੀ ਮਾਂ ਨੇ ਜਲਦੀ ਨਾਲ ਸਟੋਵ ਤੇ ਰੱਖ ਖਾਣਾਂ ਗਰਮ ਕਰਨਾ ਸ਼ੁਰੂ ਕੀਤਾ। ਤਿੰਨੋਂ ਬੱਚੇ ਆਸ ਪਾਸ ਬੈਠੇ ਸੀ। ਮਾਂ ਨੇ ਪਹਿਲਾਂ ਥੋੜੀ ਜਿਹੀ ਸਬਜ਼ੀ ਗਰਮ ਕੀਤੀ।
ਫੇਰ ਲਿਫਾਫੇ ਵਿਚ ਹੱਥ ਪਾ ਦੁਪਹਿਰ ਦੇ ਬੱਚੇ ਹੋਏ ਨਾਨ (ਰੋਟੀ)...

ਗਰਮ ਕਰਨ ਲਗੀ ਨਾਨ ਇਕਦਮ‌ ਸੁੱਕ ਚੁੱਕੇ ਸਨ। ਸਾਵੀ ਸਭ ਦੇਖ ਰਹੀ ਸੀ। ਜਦੋਂ ਉਸਨੇ ਲਿਫਾਫੇ ਵਿਚ ਹੱਥ ਪਾ ਦੇਖਿਆ ਤਾਂ ਉਸਨੇ ਮਾਂ ਨੂੰ ਕਿਹਾ “ਮੰਮੀ ਇਹ ਤਾਂ ਸਾਰੇ ਸੁਕੇ ਪੲੇ ਨੇ ਟੁੱਟਦੇ ਵੀ ਨਹੀਂ, ਅਸੀਂ ਕਿਦਾਂ ਖਾਵਾਂਗੇ”। ਤਾਂ ਮਾਂ ਨੇ ਅੱਗੋਂ ਜਵਾਬ ਦਿੱਤਾ “ਕੋਈ ਨਾ ਪੁੱਤ ਹੁਣੀ ਗਰਮ ਕਰ ਕੇ ਹੋ ਜਾਣਗੇ ਸਹੀ” ਤੂੰ ਫ਼ਿਕਰ ਨਾ ਕਰ।
ਮਾਂ ਨੇ ਤਵੇ ਤੇ ਇਕ ਨਾਨ ਰੋਟੀ ਰੱਖ ਗਰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਚੰਗੀ ਤਰ੍ਹਾਂ ਹੋ ਨਹੀਂ ਪਾਈ। ਤਾਂ ਸਾਵੀ ਦੀ ਮਾਂ ਨੇ ਇਕ ਕੋਲੇ ਵਿਚ ਪਾਣੀ ਲੈ ਨਾਨ ਰੋਟੀ ਨੂੰ ਪਾਣੀ ਚ੍ ਡੁਬੋਂ ਥੋੜ੍ਹਾ ਜਿਹਾ ਗ਼ਿਲਾ ਕੀਤਾ ਤੇ ਤਵੇ ਤੇ ਰੱਖ ਗਰਮ‌ ਕਰਨ ਲਗੀ। ਉਹ ਨਾਨ ਹੁਣ ਇਕਦਮ ਪੋਲਾਂ ਤੇ ਨਰਮ ਪੈ ਗਰਮ ਹੋ ਕੇ ਤਾਜ਼ੀ ਰੋਟੀ ਵਰਗਾ ਹੋ ਗਿਆ ਸੀ ਉਸਨੇ ਪਹਿਲਾਂ ਵਾਰੀ ਵਾਰੀ ਦੋਨਾਂ ਛੋਟੇ ਬੱਚਿਆਂ ਨੂੰ ਰੋਟੀ ਖਾਣ ਨੂੰ ਦਿੱਤੀ। ਸਾਵੀ ਹਲੇ ਵੀ ਆਪਣੀ ਮਾਂ ਵੱਲ ਦੇਖ ਰਹੀ ਸੀ । ਸਾਵੀ ਬੇਸ਼ੱਕ ਹਲੇ ਉਮਰ ਵਿਚ ਛੋਟੀ ਬੱਚੀ ਸੀ ਪਰ ਉਹ ਬੋਹਤ ਸਮਝਦਾਰ ਵੀ ਸੀ। ਮਾਂ ਨੂੰ ਇਹ ਸਭ ਕਰਦੇ ਦੇਖ ਉਸਦੀਆਂ ਅੱਖਾਂ ਵਿਚੋਂ ਅੱਥਰੂ ਵਗਣ ਲਗੇ ਪਰ ਉਹਨੇ ਉਹ ਅੱਥਰੂ ਅੱਖਾਂ ਵਿਚ ਹੀ ਰੋਕ ਦਿੱਤੇ। ਜਦ ਮਾਂ ਦੋਨਾਂ ਬੱਚਿਆਂ ਨੂੰ ਰੋਟੀ ਖਵਾ ਰਹੀ ਸੀ ਤਾਂ ਸਾਵੀ ਦੇ ਬਾਲ ਮਨ ਵਿਚ ਬੋਹਤ ਸਾਰੀਆਂ ਗੱਲਾਂ ਘੁੰਮ ਰਹੀਆ ਸਨ ਉਹ ਸੋਚ ਰਹੀ ਸੀ ਕਾਸ਼ ਉਸਦੇ ਪਿਤਾ ਉਹਨਾਂ ਨੂੰ ਨਾ ਛੱਡ ਕੇ ਜਾਂਦੇ ਤਾਂ ਮਾਂ ਨੂੰ ਇਹ ਸਭ ਕੰਮ ਨਹੀਂ ਸੀ ਕਰਨਾ ਪੈਣਾ , ਇਕ ਪਾਸੇ ਉਸਦੇ ਮਨ ਵਿੱਚ ਉਸ ਵਿਆਹ ਵਾਲੇ ਘਰ ਦਾ ਮਾਹੌਲ ਘੁੰਮ ਰਿਹਾ ਸੀ ਕਿ ਕਿਵੇਂ ਉਸਦੀ ਮਾਂ ਉਥੇ ਕੰਮ ਕਰ ਰਹੀ ਸੀ ਤੇ ਮਾਂ ਨੇ ਉਸਨੂੰ ਖਾਣ ਨੂੰ ਮਿਠਾਈ ਦੇ ਦਿਤੀ ਪਰ ਉਸਦਾ ਮਨ ਬਾਰ ਬਾਰ ਮਾਂ ਨਾਲ ਕੰਮ ਚ੍ ਹੱਥ ਵਟਾਉਣ ਨੂੰ ਕਰ ਰਿਹਾ ਸੀ ਉਸਨੂੰ ਆਪਣੀ ਮਾਂ ਦਾ ਕੱਲੇ ਕੰਮ ਕਰਨਾ ਚੰਗਾ ਨਹੀਂ ਸੀ ਲੱਗ ਰਿਹਾ।
ਉਹਦੇ ਦਿਮਾਗ ਵਿਚ ਬਾਰ ਬਾਰ ਮਾਂ ਦੁਆਰਾ ਵਾਰੇ ਜਾਣ ਵਾਲੇ ਪੈਸੇ ਫੜਨ ਦਾ ਖਿਆਲ ਉਸਨੂੰ ਝੰਜੋੜ ਰਿਹਾ ਸੀ। ਇਸ ਲਈ ਉਹ ਨਹੀਂ ਸੀ ਚਾਹੁੰਦੀ ਕਿ ਉਸਦੀ ਮਾਂ ਨੂੰ ਇਹ ਕੰਮ ਕਰਨਾ ਪਵੇ। ਸਗੋਂ ਉਹ ਚਾਹੁੰਦੀ ਸੀ ਤੇ ਮਨ ਹੀ ਮਨ ਰੱਬ ਨੂੰ ਦੂਆ ਕਰ ਰਹੀ ਸੀ ਕਿ ਉਸਦੀ ਮਾਂ ਨੂੰ ਪਹਿਲਾਂ ਵਾਂਗ ਹੀ ਕੋਈ ਇਕ ਥਾਂ ਟਿਕ ਕੇ ਕਰਨ ਵਾਲਾ ਕੰਮ ਮਿਲ ਜਾਵੇ ਤੇ ਉਸਦੀ ਮਾਂ ਨੂੰ ਇੰਝ ਲੋਕਾਂ ਦੇ ਘਰ ਘਰ ਜਾ ਰੋਟੀ ਲੲੀ ਕੰਮ ਨਾ ਕਰਨਾ ਪਵੇ।
ਉਹ ਹਲੇ ਇਹਨਾਂ ਖ਼ਿਆਲਾਂ ਵਿਚ ਘੁੰਮ ਹੀ ਰਹੀ ਸੀ ਕਿ ਮਾਂ ਨੇ ਹੀ ਉਸਨੂੰ ਦੋ ਤਿੰਨ ਵਾਰ ਆਵਾਜ਼ ਦੇ ਖਿਆਲਾਂ ਵਿਚੋਂ ਬਾਹਰ ਕੱਢ ਕੇ ਲਿਆਂਦਾ। ਮਾਂ ਨੇ ਉਸਨੂੰ ਕਿਹਾ “ਲੈ ਪੁੱਤ ਹੁਣ ਤੂੰ ਵੀ ਰੋਟੀ ਖਾ ਲੈ”
ਜਦੋਂ ਸਾਵੀ ਨੇ ਦੇਖਿਆਂ ਤਾਂ ਉਸਦੀ ਪਲੇਟ ਵਿਚ ਰੋਟੀ ਪਾਈ ਪੲੀ ਸੀ। ਉਸਦੀਆਂ ਅੱਖਾਂ ਵਿਚ ਹਲੇ ਵੀ ਪਾਣੀ ਸੀ ਜਿਸਨੂੰ ਉਹ ਆਪਣੀ ਮਾਂ ਤੋ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਜਿਵੇਂ ਹੀ ਸਾਵੀਂ ਨੇ ਆਪਣਾਂ ਹੱਥ ਰੋਟੀ ਵੱਲ ਵਧਾਇਆ ਉਸਨੇ ਮਹਿਸੂਸ ਕੀਤਾ ਕਿ ਸਚਮੁੱਚ ਹੀ ਉਹ ਸਖ਼ਤ ਨਾਨ (ਰੋਟੀ) ਉਸਦੀ ਮਾਂ ਦੇ ਹੱਥਾਂ ਵਿਚ ਆ ਨਰਮ ਜਿਹਾ ਹੋ ਪੋਲਾਂ ਪੈ ਗਿਆ ਸੀ।
ਜਦੋਂ ਸਾਵੀ ਨੇ ਰੋਟੀ ਵਿਚੋਂ ਬੁਰਕੀ ਤੋੜ ਆਪਣੇ ਮੂੰਹ ਵਿਚ ਪਾਈ ਉਸਨੇ ਦੁਬਾਰਾ ਮਹਿਸੂਸ ਕੀਤਾ ਕਿ ਰੋਟੀ ਤਾਂ ਨਰਮ ਸੀ ਪਰ ਹੁਣ ਉਸਦਾ (ਮਨ)ਗਲ਼ ਭਰ ਆਇਆ ਸੀ। ਇਹਨਾਂ ਸਾਰੀਆਂ ਸੋਚਾਂ ਤੇ ਘਟਨਾਵਾਂ ਦੇ ਚਲਦੇ ਉਸ ਲਈ ਨਰਮ ਰੋਟੀ ਦੀ ਬੁਰਕੀ ਨੂੰ ਵੀ ਗਲ਼ ਵਿਚੋਂ ਲੰਘਾਉਣਾ ਭਾਰੀ ਹੋ ਚੁਕਿਆ ਸੀ।
ਸੁੱਖ ਘਨੇਰੇ ਕੲੀਆਂ ਨੂੰ
ਕੲੀਆਂ ਲਈ ਹਨੇਰੇ ਨੇ
ਕੲੀ ਚੜ ਕੇ ਬੋਲਣ ਬਨੇਰੇ ਤੇ
ਕੲੀ ਬੈਠੇ ਸੜਕਾਂ ਤੇ ਸਵੇਰੇ ਨੇ
ਕੲੀਆਂ ਦਾ ਤਾਂ ਖੁਲਾ ਵਪਾਰ ਚਲਦਾ
ਕੲੀ ਦਿਹਾੜੀਆਂ ਤੇ ਕਰਦੇ ਗੁਜ਼ਾਰੇ ਨੇ
ਕੲੀ ਤਰਸਣ ਰੋਟੀ ਘਰ ਪਕਦੀ ਨਹੀਂ
ਕਰ ਕਰ ਮਿਹਨਤ ਕਿਸਮਤ ਥਕਦੀ ਨਹੀਂ
ਕੲੀਆਂ ਨੂੰ ਚੋਪੜੀਆਂ ਤੇ ਵੀ
ਆਣ ਨਖ਼ਰੇ
ਕੲੀ ਸੁਕੀਆ ਹੀ ਚੱਬਣ ਨੂੰ ਕਾਹਲੇ ਨੇ
ਕੲੀਆਂ ਕੋਲ ਤਾਂ ਹੈ ਨਹੀਂ ਸੁੱਖ ਮਾਂ ਦਾ
ਠੰਡੀਆਂ ਛਾਵਾਂ ਨੂੰ ਵੀ ਤਰਸਦੇ ਵਿਚਾਰੇ ਨੇ
ਬਿਨ ਮਾਪਿਆਂ ਦੇ ਪਿਆਰ ਤੋਂ ਪਲ਼ਦੇ
ਬਿਨ ਰੋਟੀ ਤੋਂ ਕੲੀਆਂ ਡੰਗ ਸਾਰੇ ਨੇ
ਕਦਰ ਕਰਿਆ ਕਰੋ ਜਿਹਨਾਂ ਕੋਲ ਹੈ
ਮਾਂ ਤੇ ਰੋਟੀ
ਇਹਨਾਂ ਬਿਨਾਂ ਮੁਸ਼ਕਿਲ ਹੁੰਦੇ
ਜ਼ਿੰਦਗੀ ਦੇ ਗੁਜ਼ਾਰੇ ਨੇ।
Written by Kaur Sahib (Preet)

...
...



Related Posts

Leave a Reply

Your email address will not be published. Required fields are marked *

One Comment on “ਮਾਂ ਤੇ ਰੋਟੀ ( ਦੂਜਾ ਤੇ ਅੰਤਿਮ ਭਾਗ)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)