ਉਸ ਦਿਨ ਸਾਫ ਸਾਫ ਆਖ ਦਿੱਤਾ ਸੀ..
ਜੇ ਮੋਟਰ ਸਾਈਕਲ ਲੈ ਕੇ ਨਾ ਦਿੱਤਾ ਤਾਂ ਕੋਲੋਂ ਲੰਘਦੀ ਰੇਲਵੇ ਲਾਈਨ ਤੇ ਗੱਡੀ ਹੇਠਾਂ ਸਿਰ ਦੇ ਦੇਣਾ!
ਨਿੱਕੀ ਰੋਣ ਲੱਗ ਪਈ..ਮਾਂ ਨੂੰ ਦਿਸੰਬਰ ਮਹੀਨੇ ਵਿਚ ਤਰੇਲੀਆਂ ਆ ਗਈਆਂ..
ਉਸ ਗਲ਼ ਚੋ ਚੁੰਨੀ ਲਾਹ ਹੱਥ ਵਿਚ ਫੜ ਲਈ ਤੇ ਦੋਵੇਂ ਹੱਥ ਮੱਥੇ ਤੇ ਰੱਖ ਜਿਥੇ ਹੈ ਸੀ ਬੱਸ ਓਥੇ ਹੀ ਬੈਠ ਗਈ!
ਭੈਣ ਦਾ ਰੋਣ ਅਤੇ ਮਾਂ ਦੀ ਤਰੇਲੀ ਮੈਨੂੰ ਨਿਰਾ ਪੁਰਾ ਪਾਖੰਡ ਲੱਗਾ..!
ਆਥਣ ਵੇਲੇ ਡੈਡੀ ਸ਼ਹਿਰੋਂ ਮੁੜਿਆ ਤਾਂ ਘਰੇ ਸੋਗਮਈ ਮਾਹੌਲ ਵੇਖ ਸਾਰਿਆਂ ਦੇ ਚੇਹਰੇ ਵੇਖਣ ਲੱਗਾ..!
ਕੋਈ ਗੱਲ ਨਾ ਦੱਸੇ..
ਮੈਂ ਬਿਨਾ ਕੋਈ ਜੁਆਬ ਦਿੱਤਿਆਂ ਘਰੋਂ ਬਾਹਰ ਨਿੱਕਲ ਗਿਆ!
ਮਾਂ ਵੀ ਮਗਰੇ-ਮਗਰ ਹੀ ਆ ਗਈ..
ਸ਼ਾਇਦ ਸਾਢੇ ਸੱਤ ਵਾਲੀ ਸਵਾਰੀ ਗੱਡੀ ਦਾ ਟਾਈਮ ਹੋ ਗਿਆ ਸੀ..!
ਮੈਂ ਜਿੱਧਰ ਨੂੰ ਜਾਵਾਂ ਮੇਰੀ ਮਾਂ ਮੇਰੇ ਮਗਰੇ ਮਗਰੇ..!
ਅੰਦਰੋਂ ਅੰਦਰੀ ਬਾਹਲਾ ਖੁਸ਼..ਫੋਕੀ ਧਮਕੀ ਕੰਮ ਜੂ ਕਰ ਗਈ ਸੀ!
ਅਖੀਰ ਡੈਡੀ ਵੀ ਮਗਰੇ ਆ ਗਿਆ..ਸ਼ਾਇਦ ਭੈਣ ਨੇ ਸਾਰੀ ਗੱਲ ਦੱਸ ਦਿੱਤੀ ਸੀ!
ਹੱਸਦਾ ਹੋਇਆ ਆਖਣ ਲੱਗਾ ਘਬਰਾ ਨਾ ਪੁੱਤਰ..ਪਰਸੋਂ ਤੇਰਾ ਮੋਟਰ ਸਾਈਕਲ ਆ ਜਾਊ!
ਮੈਂ ਜੇਤੂ ਸਿਕੰਦਰ ਵਾਂਙ ਭੁੜਕਿਆ..ਮੁੱਠੀ ਮੀਟ ਉਤਾਂਹ ਨੂੰ ਕੀਤੀ ਅਤੇ ਘਰੇ ਆ ਰੱਜ ਕੇ ਰੋਟੀ ਖਾ ਕੇ ਗੂੜੀ ਨੀਂਦਰ ਸੋਂ ਗਿਆ..!
ਮੈਨੂੰ ਸਾਰੀ ਰਾਤ ਮੋਟਰ ਸਾਈਕਲ ਅਤੇ ਉਸ ਕੁੜੀ ਦੇ ਸੁਫ਼ਨੇ ਆਉਂਦੇ ਰਹੇ..!
ਵਾਕਿਆ ਹੀ ਤੀਜੇ ਦਿਨ ਵੇਹੜੇ ਮੋਟਰ ਸਾਈਕਲ ਖਲੋਤਾ ਸੀ..
ਕਾਲੇ ਰੰਗ ਦੀ ਤੇਲ ਦੀ ਟੈਂਕੀ..ਪੂਰੀ ਫੁਲ..
ਅਗਲੇ ਦਿਨ ਐਨ ਸ਼ਹਿਜ਼ਾਦਿਆਂ ਵਾਂਙ ਤਿਆਰ ਹੋਇਆ..ਪ੍ਰੈਸ ਕੀਤੀ ਪੇਂਟ ਦੀਆਂ ਕਰੀਜਾਂ ਏਨੀਆਂ ਤਿੱਖੀਆਂ ਕੇ ਜੇ ਕੋਈ ਵਿਚ ਵਿਚ ਵੱਜ ਜਾਵੇ ਤਾਂ ਚੀਰਿਆ ਜਾਵੇ!
ਕਾਲਜ ਉਹ ਮੇਰੇ ਵੱਲ ਵੇਖ ਕੇ ਨਿੰਮਾ ਜਿਹਾ ਮੁਸਕੁਰਾਈ..ਮੈਨੂੰ ਲੱਗਾ ਮੇਰੀ ਦਿਹਾੜੀ ਲੇਖੇ ਲੱਗ ਗਈ!
ਪਰ ਉਸ ਦਿਨ ਤੋਂ ਡੈਡੀ ਨੇ ਥੋੜਾ ਹੋਰ ਕੁਵੇਲੇ ਆਉਣਾ ਸ਼ੁਰੂ ਕਰ ਦਿੱਤਾ..!
ਕਿਧਰੋਂ ਪਤਾ ਲੱਗ ਗਿਆ ਕੇ ਉਹ ਹੁਣ ਓਵਰ ਟਾਈਮ ਕਰਦਾ ਸੀ!
ਸਾਰਾ ਦਿਨ ਮੋਟਰ ਸਾਈਕਲ ਤੇ ਘੁੰਮਣ ਮਗਰੋਂ ਆਥਣ ਵੇਲੇ ਪੱਠੇ ਵੱਢਣ ਨੂੰ ਜੀ ਜਿਹਾ ਨਾ ਕਰਿਆ ਕਰੇ..
ਕੋਈ ਵੇਖੂ ਤੇ ਕੀ ਆਖੂ..ਹੁਣੇ ਹੁਣੇ ਮੋਟਰ ਸਾਈਕਲ ਤੇ ਅਤੇ ਹੁਣ ਹੱਥ ਵਿੱਚ ਦਾਤਰੀ ਪੱਲੀ ਤੇ ਪੱਠੇ..!
ਇੱਕ ਦੋ ਵਾਰ ਮੈਨੂੰ ਯਾਰਾਂ ਦੋਸਤਾਂ ਨਾਲ ਕੁਵੇਲਾ ਹੋ ਗਿਆ..
ਭੁੱਖੇ ਡੰਗਰਾਂ ਲਈ ਨਿੱਕੀ ਨੂੰ ਪੱਠੇ ਵੱਢਣੇ ਪਏ!
ਮੈਨੂੰ ਤਾਂ ਵੀ ਸ਼ਰਮ ਨਾ ਆਈ..
ਉਲਟਾ ਪੰਡ ਚੁੱਕ ਤੁਰੀ ਆਉਂਦੀ ਨੂੰ ਆਖਿਆ..ਤੂੰ ਜਾਣ ਕੇ...
ਇੰਝ ਕਰਦੀ ਤਾਂ ਕੇ ਮੇਰੇ ਯਾਰਾਂ ਦੋਸਤਾਂ ਵਿਚ ਭੰਡੀ ਹੋਵੇ!
ਇੱਕ ਦਿਨ ਡੈਡੀ ਸ਼ਹਿਰੋਂ ਨਾ ਮੁੜਿਆ..
ਕਿਸੇ ਸੁਨੇਹਾ ਦਿੱਤਾ ਹਸਪਤਾਲ ਵਿਚ ਏ..
ਮੇਰਾ ਮੱਥਾ ਠਣਕਿਆ..ਓਸੇ ਵੇਲੇ ਸ਼ਹਿਰ ਅੱਪੜ ਗਏ..
ਉਹ ਵਾਕਿਆ ਹੀ ਹਸਪਤਾਲ ਵਿਚ ਸੀ..ਮੰਜੇ ਤੇ ਪਿਆ ਵੀ ਨਿੱਮਾ ਨਿੱਮਾ ਮੁਸਕੁਰਾਈ ਜਾ ਰਿਹਾ ਸੀ..!
ਓਵਰ ਟਾਈਮ ਨਹੀਂ ਸੀ ਲਾਉਂਦਾ ਸਗੋਂ ਕਿਸੇ ਕੋਲੋਂ ਪੈਸੇ ਉਧਾਰ ਫੜ ਉਸਦੀ ਫੈਕਟਰੀ ਵਿਚ ਨੌਕਰੀ ਕਰ ਲਈ ਸੀ..!
ਦੇਗੀ ਲੋਹਾ ਢਲਿਆ ਕਰਦਾ ਤਾਂ ਗੈਸ ਸਿਰ ਨੂੰ ਚੜ ਗਈ ਸੀ..
ਮੁੜ ਠੀਕ ਨਾ ਹੋ ਸਕਿਆ ਤੇ ਫੇਰ ਇੱਕ ਦਿਨ ਸਭ ਕੁਝ ਮੁੱਕ ਗਿਆ..!
ਏਜੰਸੀ ਵਾਲੇ ਪਿੰਡ ਆ ਕੇ ਮੋਟਰ ਸਾਈਕਲ ਵਾਪਿਸ ਲੈ ਗਏ..
ਬੜਾ ਮਜਾਕ ਉੱਡਿਆ..
ਮਗਰੋਂ ਜਿੰਦਗੀ ਦੀ ਅਸਲੀਅਤ ਨੇ ਕਾਲਜ,ਪ੍ਰੈਸ ਕੀਤੀ ਪੈਂਟ ਦੀ ਕਰੀਜ,ਨਿੰਮਾ-ਨਿੰਮਾ ਹੱਸਦੀ ਹੋਈ ਉਹ ਕੁੜੀ ਸਭ ਕੁਝ ਭੁਲਾ ਦਿੱਤਾ!
ਜਵਾਨੀ ਦੇ ਠੀਕ ਓਸੇ ਦੌਰ ਵਿਚੋਂ ਅੱਜ ਮੇਰਾ ਪੁੱਤ ਲੰਘ ਰਿਹਾ ਹੈ..
ਮੇਰੇ ਕੋਲ ਸਧਾਰਨ ਜਿਹੀ ਕਾਰ ਏ ਪਰ ਉਹ ਲੈਂਡ-ਰੋਵਰ ਮੰਗਦਾ ਏ..
ਆਖਦਾ ਸਭ ਤਾਂ ਹੈ ਤੁਹਾਡੇ ਕੋਲ..ਕਿਸ ਚੀਜ ਦੀ ਘਾਟ ਏ..ਗਰੀਬ ਹੋਣ ਦੀ ਐਕਟਿੰਗ ਕਰਦੇ ਓ..
ਕੋਈ ਗੱਲ ਆਖ ਦੇਵਾਂ ਤਾਂ ਦੋ ਦੋ ਦਿਨ ਘਰੋਂ ਬਾਹਰ ਰਹਿੰਦਾ ਏ..
ਫੇਰ ਤੀਜੇ ਦਿਨ ਜਦੋਂ ਸ਼ਰਾਬੀ ਹੋਇਆ ਘਰ ਮੁੜਦਾ ਏ ਤਾਂ ਆਖਦਾ ਕੇ ਜੇ ਸਖਤੀ ਕੀਤੀ ਤਾਂ ਗੈਂਗ ਨਾਲ ਰਲ ਜਾਣਾ ਏ..!
ਏਨੀ ਗੱਲ ਸੁਣ ਪਿੰਡ ਕੋਲੋਂ ਲੰਘਦੀ ਰੇਲ ਗੱਡੀ ਚੇਤੇ ਆ ਜਾਂਦੀ ਏ..
ਮਜਬੂਰ ਬਾਪ ਦਾ ਚੇਹਰਾ..ਝੂਠੇ ਹਾਸੇ ਹੱਸਦੀ ਮਾਂ..ਅੰਦਰ ਵੜ ਵੜ ਗਿੱਲੀਆਂ ਅੱਖੀਆਂ ਪੂੰਝਦੀ ਰਹਿੰਦੀ..
ਸਭ ਕੁਝ ਯਾਦ ਕਰ ਆਂਦਰਾਂ ਦਾ ਬੁਰਕ ਭਰਿਆ ਜਾਂਦਾ..
ਜਵਾਨੀ ਅੱਖਾਂ ਤੇ ਕਿੰਨਾ ਪਰਦਾ ਪਾ ਦਿੰਦੀ ਏ..ਹੁਣ ਪਤਾ ਲੱਗਦਾ ਜਦੋਂ ਆਪ ਤੇ ਪੈਂਦੀ..!
ਕਿੰਨੇ ਮਜਬੂਰ ਹੁੰਦੇ ਨੇ ਜੰਮਣ ਵਾਲੇ..ਸਰਫ਼ੇ ਦੀਆਂ ਔਲਾਦਾਂ ਦੇ ਫੋਕੇ ਦਬਕਿਆਂ ਤੋਂ ਡਰ ਜਾਂਦੀ ਪਿਛਲੀ ਪੀੜੀ..
ਹਰ ਵੇਲੇ ਅਗਲੀ ਪੀੜੀ ਤੋਂ ਪਿਛਲੀ ਉਮਰ ਵਿਚ ਆਸਰਾ ਭਾਲਦੀ ਚਿੱਟੀ ਦਾਹੜੀ..!
ਸਦੀਆਂ ਤੋਂ ਪੀੜੀ ਦਰ ਪੀੜੀ ਚੱਲਦਾ ਆਇਆ ਓਹੀ ਵਰਤਾਰਾ..!
ਮੁੱਕਦੀ ਗੱਲ ਲੱਗੀ ਹੋਈ ਇਸ ਅੰਨੀ ਦੌੜ ਵਿਚ ਸਭ ਤੋਂ ਵੱਧ ਸੁਖੀ ਬੱਸ ਓਹੀ ਜਿਸਦੀ ਔਲਾਦ ਨੂੰ ਉਸਦੀਆਂ ਮਜਬੂਰੀਆਂ ਸਮਝ ਆ ਜਾਵਣ..
ਵਰਨਾ ਲੱਖਾਂ ਤੋਂ ਕੱਖ ਹੁੰਦਿਆਂ ਘੜੀ ਨੀ ਲੱਗਦੀ!
ਹਰਪ੍ਰੀਤ ਸਿੰਘ ਜਵੰਦਾ