More Punjabi Kahaniya  Posts
ਇਤਿਹਾਸ ਦੱਸਦਾ ਏ


ਢਾਈ ਦਹਾਕੇ ਪਹਿਲਾਂ ਗੱਡੀਓਂ ਉੱਤਰ ਅਕਸਰ ਦਰਬਾਰ ਸਾਬ ਚਲਿਆ ਜਾਇਆ ਕਰਦਾ..ਰਾਤੀਂ ਪਰਿਕਰਮਾ ਦਾ ਫਰਸ਼..ਤਾਰਿਆਂ ਦੀ ਲੋਅ..ਸੁੱਤੇ ਪਿਆਂ ਬਿੜਕ ਹੋਇਆ ਕਰਦੀ..!
ਸੁੱਖਾ ਸਿੰਘ ਮਹਿਤਾਬ ਸਿੰਘ ਦੀਆਂ ਘੋੜੀਆਂ ਕੋਲ ਹੀ ਤਾਂ ਬਝੀਆਂ ਸਨ..ਬਾਬਾ ਗੁਰਬਖਸ਼ ਸਿੰਘ ਅਤੇ ਦੀਪ ਸਿੰਘ ਜੀ ਦੀ ਵਾਹੀ ਲਕੀਰ..ਕਈ ਵੇਰ ਲੱਗਦਾ ਜੈਕਾਰੇ ਛੱਡਦਾ ਕੋਈ ਜਥਾ ਛੇਤੀ ਨਾਲ ਪੌੜੀਆਂ ਉੱਤਰ ਕੋਲੋਂ ਦੀ ਲੰਘ ਗਿਆ ਹੋਵੇ..!
ਬੁੱਧੀਜੀਵੀ ਆਖਦਾ ਮਨਘੜਤ ਕਹਾਣੀਆਂ ਘੜਦਾ ਇਸਨੂੰ ਸਿਆਣੇ ਕੋਲ ਵਿਖਾਓ..!
ਫੇਰ ਵਿਸਕੀ ਦਾ ਮੋਟਾ ਸਾਰਾ ਘੁੱਟ ਅੰਦਰ ਲੰਘਾਉਂਦਾ ਹੋਇਆ ਆਖਦਾ ਉਸਨੂੰ ਹਥਿਆਰ ਲੈ ਕੇ ਅੰਦਰ ਨਹੀਂ ਸੀ ਜਾਣਾ ਚਾਹੀਦਾ..!
ਓਸੇ ਰਾਤ ਤੀਰ ਵਾਲਾ ਫੇਰ ਸੁਫ਼ਨੇ ਵਿਚ ਆਉਂਦਾ..ਆਖਦਾ ਉਹ ਦਿੱਲੀ ਬੈਠੀ ਸੋਚਿਆ ਕਰਦੀ ਸੀ..ਟੈਂਕਾਂ ਤੋਪਾਂ ਵੇਖ ਅੰਦਰ ਬੈਠੇ ਕਬੂਤਰ ਵਾਂਙ ਅੱਖੀਆਂ ਮੀਟ ਲੈਣਗੇ..ਮੈਂ ਧੌਣੋਂ ਫੜ ਬਾਕੀ ਦੇਸ਼ ਨੂੰ ਵਿਖਾਵਾਂਗੀ..ਵੋਟਾਂ ਲਵਾਂਗੀ..ਪਰ ਸਿੰਘਾਂ ਤੇ ਦਸਮ ਪਿਤਾ ਦੀ ਅਪਾਰ ਕਿਰਪਾ ਸੀ..ਓਹਨਾ ਅੱਖੀਆਂ ਨਹੀਂ ਮੀਟੀਆਂ..ਸਗੋਂ ਚਮਕੌਰ ਦੀ ਗੜੀ ਵਾਂਙ ਵਿੱਚਰਦੇ ਰਹੇ..!
ਓਹਨੀ ਦਿਨੀਂ ਉਹ ਵੀ ਕਿੰਨੇ ਦਿਨ ਵਾਪਿਸ ਨਾ ਪਰਤਿਆ..
ਮੋਰਚੇ ਵਿਚ ਛੇ ਸਿੰਘ ਸਨ..ਪੰਜ ਸ਼ਹੀਦੀਆਂ ਪਾ ਗਏ..ਉਹ ਕੱਲਾ ਹੀ ਬਚਿਆ..ਦਿਨ ਢਲੇ ਪਿੰਡ ਅੱਪੜਿਆਂ ਤਾਂ ਨਿੱਕੀ ਭੈਣ ਆਖਣ ਲੱਗੀ ਵੀਰਿਆ ਤੇਰੇ ਮਗਰੋਂ ਇੱਕ ਰਾਤ ਤੇਰੇ ਕਬੂਤਰਾਂ ਵਾਲਾ ਆਲਾ ਖੁੱਲ੍ਹਾ ਰਹਿ ਗਿਆ..ਤੇਰੇ ਪਾਲੇ ਪੰਜ ਬਿੱਲੀ ਖਾ ਗਈ..!
ਅੱਗੋਂ ਆਖੀ ਜਾਵੇ ਭੈਣੇ ਬਿੱਲੀ ਨਹੀਂ ਦਿੱਲੀ ਖਾ ਗਈ..!
ਨਿਆਂਣੇ ਪੁੱਛ ਲੈਂਦੇ..
ਮੌਤ ਨੂੰ ਮਖੌਲਾਂ ਕਿੱਦਾਂ ਕਰੀਦੀਆਂ..?
ਜੁਆਬ ਸੋਚ ਹੀ ਰਿਹਾ ਹੁੰਦਾ ਕੇ ਕੋਲ ਚੱਲਦੇ ਘਮਸਾਨ ਵਿੱਚੋਂ ਦੋ ਸਿੰਘ ਆਣ ਪਹੁੰਚਦੇ..ਆਖਦੇ ਭਾਉ ਸਾਡੀ ਮਸ਼ੀਨਗੰਨ ਚੱਲ ਚੱਲ ਕੇ ਗਰਮ ਹੋ ਗਈ ਏ..ਆਪਣੀ ਦੇ ਦੇਵੋ..ਸਾਡੇ ਪਾਸੇ ਓਹਨਾ ਦਾ ਬਹੁਤ ਜ਼ੋਰ ਏ..ਅੱਗੋਂ ਆਖਦੇ ਸਾਡੇ ਵਾਲੀ ਜੇ ਤੁਸੀਂ ਲੈ ਗਏ ਤਾਂ ਫੇਰ ਅਸੀਂ ਕੀ ਕਰਾਂਗੇ..?
ਦੂਜਾ ਆਖਦਾ ਖਾਣ ਨੂੰ ਕੁਝ ਹੈ ਤਾਂ ਦਿਓ..ਪੂਰੇ ਦੋ ਦਿਨ ਹੋ ਗਏ ਨੇ..!
ਉਹ ਭੁੱਜੇ ਛੋਲੇ ਤੇ ਗੁੜ ਵਾਲੀ ਬੋਰੀ ਵੱਲ ਇਸ਼ਾਰਾ ਕਰਦਾ..ਦੋਵੇਂ ਟੁੱਟ ਕੇ ਪੈ ਜਾਂਦੇ..ਆਖਦਾ ਭਾਊ ਕਦੇ ਗੁੜ ਨੀ ਵੇਖਿਆ?
ਅੱਗੋਂ ਆਖਦਾ ਗੁੜ ਤੇ ਬੜੀ ਵੇਰ ਵੇਖਿਆ ਪਰ ਭੁੱਖ ਨਹੀਂ ਵੇਖੀ..ਫੇਰ ਹਾਸਾ ਪੈ ਜਾਂਦਾ..!
ਅਚਾਨਕ ਬਾਰੀ ਵਾਲੇ ਪਾਸਿਓਂ ਵਾਛੜ ਆਉਂਦੀ ਏ..ਦੋਵੇਂ ਚੜਾਈ ਕਰ ਜਾਂਦੇ..
ਗੁੜ ਦੀ ਪੇਸੀ ਹੱਥ ਵਿਚ ਹੀ ਫੜੀ ਰਹਿ ਜਾਂਦੀ..ਬਾਕੀ ਦੇ ਚੜ੍ਹਦੀ ਕਲਾ ਦਾ ਜੈਕਾਰਾ ਛੱਡ ਬੈਰਲਾਂ ਦੇ ਮੂੰਹ ਓਧਰ ਨੂੰ ਮੋੜ ਦਿੰਦੇ..ਫਿਜ਼ਾ ਵਿਚ ਬੋਲ ਤੈਰਨ ਲੱਗਦੇ..”ਮੁੱਠ ਕੂ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ..”
ਪ੍ਰਕਰਮਾ ਵਿਚ ਸੁੱਤੇ ਪਿਆਂ ਇਹ ਵਰਤਾਰਾ ਬੱਸ ਘੜੀ ਦੀ ਘੜੀ ਹੀ ਮਹਿਸੂਸ ਹੁੰਦਾ..ਫੇਰ ਸੇਵਾਦਾਰ ਸਵਖਤੇ ਹੀ ਉਠਾ ਦਿੰਦਾ..!
2010 ਵਿੱਚ ਵਾਪਿਸ ਅਮ੍ਰਿਤਸਰ ਗਿਆ..
ਤਾਂਘ ਜਾਗੀ..ਉਂਝ ਦੇ ਹੀ ਮਾਹੌਲ ਦਾ ਫੇਰ ਅਨੰਦ ਲਿਆ ਜਾਵੇ..
ਦਰਬਾਰ ਸਾਬ ਅੱਪੜ ਏਧਰ ਓਧਰ ਘੁੰਮਦਾ ਰਿਹਾ..ਮੁੜ ਸ੍ਰੀ ਅਕਾਲ ਤਖ਼ਤ ਦੇ ਸਾਮਣੇ ਨਿਸ਼ਾਨ ਸਾਹਿਬਾਂ ਦੇ ਕੋਲ ਲੰਮਾ ਪੈ ਗਿਆ..!
ਖੁੱਲੇ ਆਸਮਾਨ...

ਵਿਚ ਪਏ ਹੋਏ ਨੂੰ ਦਾਦਾ ਜੀ ਚੇਤੇ ਆ ਗਿਆ..
1984 ਜੁਲਾਈ..ਦੂਰੋਂ ਸ੍ਰੀ ਅਕਾਲ ਤਖ਼ਤ ਦੀ ਇਮਾਰਤ ਵੇਖ ਰੋ ਪਏ..ਕੋਲੋਂ ਲੰਘਦੀ ਸੰਗਤ ਦੇ ਵੀ ਹੰਜੂ ਵਗ ਤੁਰੇ..ਵਾਰ ਵਾਰ ਆਖੀ ਗਏ..ਇੰਦਰਾ ਤੇਰਾ ਕੱਖ ਨੀ ਰਹਿਣਾ..ਕੋਲ ਖਲੋਤੇ ਆਖਣ ਲੱਗੇ ਓਏ ਜਾ ਆਪਣੇ ਬਾਪੂ ਜੀ ਨੂੰ ਪਾਣੀ ਲਿਆ ਕੇ ਪਿਆ..ਪਰ ਓਹਨਾ ਰੋਕ ਦਿੱਤਾ..ਅਖ਼ੇ ਉਹ ਤਿੰਨ ਦਿਨ ਭੁੱਖੇ ਤਿਰਹਾਏ ਲੜ ਸਕਦੇ ਨੇ ਤੇ ਮੈਂ ਦੋ ਘੜੀਆਂ ਸੁੱਕਾ ਸੰਘ ਵੀ ਬਰਦਾਸ਼ਤ ਨੀ ਕਰ ਸਕਦਾ..!
ਮੁੜ ਤਾਰਿਆਂ ਦੀ ਲੋ ਹੇਠ ਪਤਾ ਹੀ ਨਹੀਂ ਲੱਗਾ ਮੈਨੂੰ ਕਦੋਂ ਨੀਂਦਰ ਪੈ ਗਈ..!
ਅੱਧੀ ਰਾਤ ਇੰਝ ਲੱਗਾ ਕਿਸੇ ਵੱਖੀ ਵਿਚ ਤਿੱਖੀ ਚੀਜ ਚੋਬ ਹੌਲੀ ਜਿਹੀ ਆਖਿਆ ਹੋਵੇ..”ਗੁਰਮੁਖਾ ਦਾਹੜੀ ਕੁਤਰਨੀ ਕਦੋਂ ਬੰਦ ਕਰਨੀ ਏ..”?
ਮੈਂ ਉਭੜਵਾਹੇ ਉੱਠ ਖਲੋਂਦਾ ਹਾਂ..
ਏਧਰ ਓਧਰ ਵੇਖਦਾ..ਕੋਈ ਵੀ ਤੇ ਨਹੀਂ ਏ..ਕੋਲ ਪਈ ਸੰਗਤ ਵੀ ਆਰਾਮ ਕਰ ਰਹੀ ਹੁੰਦੀ ਏ..ਟਾਈਮ ਵੇਖਦਾ..ਪੂਰੇ ਢਾਈ ਵੱਜੇ ਹੁੰਦੇ..ਮੁੜਕੇ ਨੀਂਦਰ ਨਹੀਂ ਪੈਂਦੀ..ਬਾਕੀ ਦੀ ਰਾਤ ਏਧਰ ਓਧਰ ਫਿਰਦਿਆਂ ਹੀ ਨਿੱਕਲ ਜਾਂਦੀ..ਸੁਵੇਰੇ ਇਸ਼ਨਾਨ ਕਰ ਲੰਗਰ ਛਕਦਾ..ਫੇਰ ਘਰੇ ਅੱਪੜਦਿਆਂ ਪਿਤਾ ਜੀ ਅਖਬਾਰ ਪੜ੍ਹਦੇ ਮਿਲ ਜਾਂਦੇ..ਮੇਰੇ ਵੱਲ ਗਹੁ ਨਾਲ ਵੇਖਦੇ..ਫੇਰ ਆਖਦੇ “ਯਾਰ ਦਾਹੜੀ ਕੁਤਰਨੀ ਕਦੋਂ ਬੰਦ ਕਰਨੀ ਏ..ਮੈਨੂੰ ਤੇਰੇ ਵੱਲ ਵੇਖ ਨਮੋਸ਼ੀ ਜਿਹੀ ਮਹਿਸੂਸ ਹੁੰਦੀ..”
ਕੈਸਾ ਸਬੱਬ ਹੈ..ਦੋ ਵੱਖ ਵੱਖ ਥਾਵਾਂ ਤੇ ਦੋ ਵੱਖ ਵੱਖ ਸਖਸ਼ੀਅਤਾਂ ਦੇ ਮੂਹੋਂ ਇੱਕੋ ਗੱਲ ਸੁਣ ਮਨ ਬੇਚੈਨ ਜਿਹਾ ਹੋ ਉੱਠਦਾ..!
ਮੈਂ ਮੁੜਦੇ ਪੈਰੀ ਹੀ ਵਾਪਿਸ ਆ ਜਾਂਦਾ ਹਾਂ..ਸ੍ਰੀ ਅਕਾਲ ਤਖ਼ਤ ਸਾਮਣੇ ਦੋ ਨਿਸ਼ਾਨ ਸਾਹਿਬਾਂ ਦੇ ਐਨ ਵਿਚਕਾਰ ਓਸੇ ਜਗਾ ਖਲੋ ਜਾਂਦਾ ਹਾਂ..ਫੇਰ ਲੰਘੀ ਰਾਤ ਤੀਰ ਦੀ ਤਿੱਖੀ ਨੋਕ ਨਾਲ ਮੇਰੀ ਜਮੀਰ ਤੇ ਚੋਬ ਲਾਉਣ ਵਾਲੇ ਨਾਲ ਇੱਕ ਕੌਲ-ਕਰਾਰ ਕਰਦਾ ਹਾਂ..ਜੋ ਅੱਜ ਤੱਕ ਵੀ ਬਕਾਇਦਾ ਨਿਭੀ ਜਾ ਰਿਹਾ ਹੈ..!
ਇੰਚ ਇੰਚ ਸ਼ਹੀਦੀ ਰਤ ਵਿਚ ਡੁੱਬੀ ਇਸ ਕੌਤਕਮਈ ਭੋਏਂ ਤੇ ਕੌਣ ਕਹਿੰਦਾ ਰੱਬੀ ਵਰਤਾਰੇ ਨਹੀਂ ਵਰਤਦੇ..ਰੂਹਾਂ ਦੀ ਆਵਾਜਾਈ ਨਹੀਂ ਰਹਿੰਦੀ..ਸ਼ਹੀਦੀ ਪਹਿਰੇ ਨਹੀਂ ਲੱਗਦੇ?
ਦੋਸਤੋ ਚੜ੍ਹਦੀ ਕਲਾ ਵਾਲੇ ਉਹ ਸਿੰਘ ਅੱਜ ਵੀ ਭੇਸ ਬਦਲ ਕੇ ਸਾਡੇ ਆਸ-ਪਾਸ ਹੀ ਕਿੱਧਰੇ ਵਿਚਰਦੇ ਰਹਿੰਦੇ ਨੇ..ਲੋੜ ਹੈ ਇਕਾਗਰ ਚਿੱਤ ਹੋ ਕੇ ਗਹੁ ਨਾਲ ਆਪਣਾ ਆਲਾ ਦਵਾਲਾ ਵਾਚਣ ਦੀ..ਉਸ ਵੇਲੇ ਦੇ ਸੁਨਿਹਰੀ ਮਾਹੌਲ ਨੂੰ ਆਪਣੇ ਵਜੂਦ ਤੇ ਮਹਿਸੂਸ ਕਰਨ ਦੀ..ਹੁਣ ਤੱਕ ਸਭ ਕੁਝ ਸਾਫ-ਸਾਫ ਦਿਸਦਾ ਰਿਹਾ ਏ ਤੇ ਅੱਗੋਂ ਵੀ ਦਿਸਦਾ ਰਹੇਗਾ..ਕਿਓੰਕੇ “ਸਾਨੂੰ ਜੰਗ ਨਵੀਂ ਪੇਸ਼ ਹੋਈ..ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ..”
ਦਿੱਲੀ ਬੈਠੇ ਬਿੱਲਿਆਂ ਨੇ ਖੁਦ ਨੂੰ ਦਰਵੇਸ਼ ਅਤੇ ਸਾਨੂੰ ਅੱਤਵਾਦੀ ਸਾਬਤ ਕਰਨੋਂ ਕਦੀ ਵੀ ਬਾਜ ਨਹੀਂ ਆਉਣਾ..ਇਹ ਅਸੀਂ ਨਹੀਂ ਅਤੀਤ ਦਾ ਇਤਿਹਾਸ ਦੱਸਦਾ ਏ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)