ਤੇਰਾਂ ਸਾਲ ਦੀ ਨੌਕਰੀ ਦੌਰਾਨ ਮੈਥੋਂ ਇਕ ਹੀ ਗਲਤੀ ਹੋਈ ਤੇ ਉਹ ਮੈਨੂੰ ਸਾਰੀ ਉਮਰ ਯਾਦ ਰਹੂ ।ਮੇਰੇ ਲਈ ਉਹ ਭੁੱਲਣਯੋਗ ਨਹੀਂ ।
ਕਰੋਨਾ ਕਾਲ ਦੌਰਾਨ ਸਕੂਲ ਬੰਦ ਰਹਿਣ ਕਰਕੇ ਬੱਚਿਆਂ ਨਾਲ ਬਹੁਤੀ ਜਾਣ ਪਛਾਣ ਨਹੀਂ ਸੀ ।ਹਾਂ, ਫੋਨ ਤੇ ਤਾਂ ਬੱਚੇ ਹਮੇਸ਼ਾਂ ਸੰਪਰਕ ਵਿੱਚ ਰਹਿੰਦੇ ਸਨ ਪਰ ਮੂੰਹ ਰੂਪ ਵਿੱਚ ਨਹੀਂ ।
ਫਿਰ ਅਚਾਨਕ ਕਲਾਸਾਂ ਸ਼ੁਰੂ ਹੋਈਆਂ ਤੇ ਹੌਲੀ ਹੌਲੀ ਸਾਰੀਆਂ ਕਲਾਸਾਂ ਦੇ ਬੱਚੇ ਸਕੂਲ ਆਉਣ ਲੱਗ ਪਏ ।
ਮੈਂ ਬੱਚਿਆਂ ਨੂੰ ਕਦੇ ਕੁੱਟਦੀ ਨਹੀਂ ਤੇ ਨਾ ਹੀ ਡਰਾ ਕੇ ਰੱਖਦੀ ਹਾਂ । ਪਰ ਮੇਰੇ ਵਿਦਿਆਰਥੀ ਮੇਰੇ ਵਿਸ਼ੇ ਵਿੱਚੋ ਬਹੁਤ ਵਧੀਆ ਅੰਕ ਲੈ ਲੈਂਦੇ ਹਨ।
ਦੂਜੇ ਪੀਰੀਅਡ ਦੀ ਘੰਟੀ ਵੱਜੀ।ਛੇਵੀਂ ਕਲਾਸ ਦੇ ਬੱਚੇ ਮੇਰੀ ਲੈਬ ਵਿੱਚ ਕਲਾਸ ਲਾਉਣ ਆ ਗਏ ਸਨ।ਪਰ ਪਿਛਲੇ ਪੰਜ ਛੇ ਕੁ ਦਿਨਾਂ ਤੋਂ ਸੱਤ ਅੱਠ ਬੱਚੇ ਸਕੂਲ ਨਹੀਂ ਆ ਰਹੇ ਸਨ।
ਬੱਚਿਆਂ ਹੱਥ ਸੁਨੇਹੇ ਭੇਜੇ,ਫੋਨ ਕੀਤੇ ਪਰ ਕੋਈ ਅਸਰ ਨਹੀਂ ਸੀ ਹੋਇਆ ।
ਅੱਜ ਕੁਦਰਤੀ ਗੈਰਹਾਜ਼ਰ ਬੱਚਿਆਂ ਵਿਚੋਂ ਕਾਫੀ ਹਾਜ਼ਰ ਸਨ। ਥੋੜਾ ਗੁੱਸਾ ਦਿਖਾਉਂਦਿਆਂ ਹੋਇਆ ਮੈਂ ਇਕ ਇਕ ਨੂੰ ਸਕੂਲ ਨਾ ਆਉਣ ਦਾ ਕਾਰਨ ਪੁੱਛਿਆ ।
ਅਖੀਰ ਤੇ ਇਕ ਰਹਿ ਗਏ ਬੱਚੇ ਨੂੰ ਖੜਾ ਕੀਤਾ, ” ਹਾਂ ਬਈ, ਤੂੰ ਕਿਓਂ ਨਹੀਂ ਆਇਆ ਸਕੂਲ? ਕਿੰਨੇ ਦਿਨ ਹੋਗੇ?”
“ਮੈਡਮ ਜੀ, ਅਸੀਂ ਹਰਦੁਆਰ ਗਏ ਸੀ ।” ਬੱਚਾ ਹੌਲੀ ਜਿਹੀ ਅਵਾਜ਼ ਵਿੱਚ ਬੋਲਿਆ ।
“ਗਏ ਸੀ ਹਰਦੁਆਰ । ਪਹਿਲਾਂ ਜਾ ਆਉਂਦੇ, ਐਨੀਆਂ ਛੁੱਟੀਆਂ ਸਨ। ਜਦੋਂ ਸਕੂਲ ਲਗਦੇ ਓਦੋਂ ਹੀ ਜਾਣਾ ਯਾਦ ਆਉਂਦਾ?” ਮੈਂ ਗੁੱਸੇ ਵਿੱਚ ਕਿਹਾ ।
“ਮੰਮੀ ਦੇ ਫੁੱਲ ਪਾਉਣ ਗਏ ਸੀ ਜੀ।” ਹੌਲੀ ਜਿਹੀ ਭਰੀਆਂ ਅੱਖਾਂ ਨਾਲ ਉਹ ਬੋਲਿਆ।
ਇਕ ਦਮ ਮੈਂ ਸੁਚੇਤ ਹੋ ਗਈ ।
“ਕੀ?”ਮੈਂ ਫੇਰ ਪੁੱਛਿਆ
” ਮੰਮੀ ਦੇ ਫੁੱਲ ਪਾਉਣ ਗਏ ਸੀ ਜੀ।” ਉਹ ਮੇਰੇ ਵੱਲ ਭਰੀਆਂ ਅੱਖਾਂ ਨਾਲ ਦੇਖ ਰਿਹਾ ਸੀ ।
ਮੈਂ ਬਹੁਤ ਸ਼ਰਮਿੰਦਾ ਹੋ ਗਈ ਸੀ । ਇਹ ਮੈਂ ਕੀ ਕਹਿ ਦਿੱਤਾ ਸੀ । ਉਸ ਵਕਤ ਸ਼ਰਮਿੰਦਾ ਹੋਣਾ ਵੀ ਬਹੁਤ ਥੋੜ੍ਹਾ ਸੀ।
ਮੇਰੇ ਤਾਂ ਚੇਤਿਆਂ ਵਿੱਚ ਵੀ ਹਰਦੁਆਰ ਯਾਦ ਨਹੀਂ ਸੀ।
ਮੈਨੂੰ ਸਮਝ ਨਹੀਂ ਸੀ ਆ ਰਹੀ। ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ।
ਅਗਲੇ ਹੀ ਪਲ ਬੱਚੇ ਨੂੰ ਕੋਲ ਬੁਲਾਇਆ ।ਪਿਆਰ ਨਾਲ ਮੂੰਹ ਥਪਥਪਾਇਆ ਤੇ ਪੁਛਿਆ ਕਿ ਪੁੱਤਰ ਕੀ ਹੋਇਆ ਸੀ ਮਾਂ ਨੂੰ? ਮੈਨੂੰ ਨਹੀਂ ਸੀ ਪਤਾ ਬੱਚੇ ।
ਉਸਦੀ ਮਾਂ ਦੇ ਸਿਰ...
ਵਿੱਚ ਕੈਂਸਰ ਸੀ ਤੇ ਅਪਰੇਸ਼ਨ ਦੌਰਾਨ ਉਸਦੀ ਮੌਤ ਹੋ ਗਈ ਸੀ ।
ਮਾਂ ਦੀ ਮੌਤ ਦਾ ਦਰਦ ਦਿਲ ਵਿੱਚ ਚੁੱਕੀ ,ਅੱਜ ਉਹ ਸਕੂਲ ਆਇਆ ਸੀ।
ਮੈਂ ਉਸ ਅੱਗੇ ਬਹੁਤ ਸ਼ਰਮਿੰਦਾ ਸੀ। ਤੇ ਮੇਰਾ ਸੌਰੀ ਕਹਿਣਾ ਵੀ ਮੈਨੂੰ ਆਪਣੀ ਭੁੱਲ ਪਿੱਛੇ ਛੋਟਾ ਲੱਗ ਰਿਹਾ ਸੀ ।
ਹੁਣ ਮੈਂ ਹਰ ਰੋਜ਼ ਉਸ ਦੇ ਆਉਣ ਦੇ ਬਾਵਜੂਦ ਵੀ ਪੁੱਛਦੀ ਕਿ ਅਰਸ਼ ਆਇਆ ਹੈ?
ਉਹ ਖੁਸ਼ ਹੋ ਕੇ ਕਹਿੰਦਾ,” ਹਾਂ ਜੀ ।”
ਰੋਜ਼ਾਨਾ ਮੈਂ ਉਸ ਨਾਲ ਐਨੇ ਮੋਹ ਨਾਲ ਵਿਚਰਦੀ ਕਿ ਹੁਣ ਮੇਰੇ ਸਕੂਲ ਆਉਣ ਤੋਂ ਪਹਿਲਾਂ ਹੀ ਮੇਰਾ ਇੰਤਜ਼ਾਰ ਕਰ ਰਿਹਾ ਹੁੰਦਾ ਤੇ ਉਸਦੀ ਨਿਗਾਹ ਗੇਟ ਤੇ ਹੁੰਦੀ ।ਮੈਨੂੰ ਦੂਰੋਂ ਦੇਖ ਭੱਜਿਆ ਆਉਂਦਾ ਮੇਰੇ ਕੋਲ ।
ਮੈਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਮੈਂ ਉਸਦੇ ਸਿਰ ਤੇ ਹੱਥ ਰੱਖ ਅਸ਼ੀਰਵਾਦ ਦਿੰਦੀ ਤੇ ਕਹਿੰਦੀ,” ਆ ਗਿਆ ਅਰਸ਼। ਠੀਕ ਐਂ ਬੇਟੇ।” ਕਹਿ ਉਸਦਾ ਹਾਲ ਪੁੱਛਦੀ ।
ਇਕ ਅਜੀਬ ਜਿਹੀ ਖੁਸ਼ੀ ਉਸਦੀਆਂ ਅੱਖਾਂ ਵਿੱਚ ਝਲਕਦੀ,ਉਹ ਮੁਸਕਰਾਉਂਦਾ ਤੇ ਕਹਿੰਦਾ, ” ਹਾਂ ਜੀ।”
“ਪੜਦਾ ਹੁੰਨੈ ਘਰੇ? ਪੜਿਆ ਕਰ ,ਚੰਗਾ ।”
ਮੈਂ ਉਸ ਵਰਗੀਆਂ ਨਿੱਕੀਆ ਨਿੱਕੀਆਂ ਗੱਲਾਂ ਉਸ ਨਾਲ ਕਰਦੀ , ਸਕੂਲ ਦੇ ਵਰਾਂਡਿਆਂ ਵਿੱਚ ਬਣੇ ਦਫਤਰ ਕੋਲ ਪਹੁੰਚ ਉਸਨੂੰ ਕਹਿੰਦੀ,” ਖੇਡ ਲੋ ਪੁੱਤਰ ।”
ਤੇ ਉਹ ਭੱਜ ਕੇ ਆਪਣੇ ਸਾਥੀਆਂ ਨਾਲ ਜਾ ਰਲਦਾ।
ਸਕੂਲ ਟਾਈਮ ਦੌਰਾਨ ਜੇਕਰ ਕੋਈ ਬੱਚਾ ਉਸਨੂੰ ਕੁਝ ਕਹਿੰਦਾ ਤਾਂ ਉਹ ਸ਼ਕਾਇਤ ਲੈ ਮੇਰੇ ਕੋਲ ਆ ਜਾਂਦਾ ।ਪੜ੍ਹਾਈ ਵਿਚ ਹੁਸ਼ਿਆਰ ਤੇ ਸੁਭਾਅ ਤੋਂ ਗੰਭੀਰ ਪ੍ਰਵਿਰਤੀ ਦਾ ਹੋਣ ਕਾਰਨ ਮੈਂ ਉਸਦੀ ਮਦਦ ਕਰ ਦਿੰਦੀ।
ਇਓਂ ਕਰਕੇ ਮੈਂ ਆਪਣੇ ਅਣਜਾਣੇ ਵਿੱਚ ਹੋਈ ਭੁੱਲ ਦਾ ਪਸਚਾਤਾਪ ਕਰਦੀ।
ਕੁਝ ਸਮੇਂ ਬਾਅਦ ਸਕੂਲ ਫਿਰ ਬੰਦ ਹੋ ਗਏ ਤੇ ਮੇਰੀ ਬਦਲੀ ਹੋ ਗਈ ।
ਆਪਣੀ ਉਸ ਗੱਲ ਤੇ ਮੈਨੂੰ ਅੱਜ ਵੀ ਬਹੁਤ ਅਫਸੋਸ ਹੁੰਦਾ ਹੈ ।
ਉਸਤੋਂ ਪਿਛੋਂ ਮੈਂ ਫੈਸਲਾ ਲਿਆ ਕਿ ਜੇਕਰ ਕੋਈ ਬੱਚਾ ਸਕੂਲ ਨਹੀਂ ਵੀ ਆਉਂਦਾ ਤਾਂ ਵੀ ਉਸਨੂੰ ਡਾਂਟਣਾ ਨਹੀਂ ਕਿਉਂਕਿ ਨਿੱਕੇ ਬੱਚੇ ਅਕਾਰਣ ਘਰ ਨਹੀਂ ਰਹਿੰਦੇ।
ਕਿਰਨ ਪੂਨੀਆ ਬਰਾੜ
18/6/2021
Amana sekhon
Bahut vadia g har ik teacher da eda da hi nature hona chaida