ਅਪ੍ਰੈਲ ਆਪਣੇ ਅਖੀਰਲੇ ਸਾਹਾਂ ਤੇ ਸੀ। ਹਾੜੀ ਦਾ ਸੀਜ਼ਨ ਵੀ ਅਖ਼ੀਰ ਦੀਆਂ ਕੰਨੀਆਂ ਲਹਿਰਾ ਰਿਹਾ ਸੀ।ਸਭ ਨੇ ਲਗਪਗ ਨੀਰਾ ਚਾਰਾ ਅਤੇ ਦਾਣਾ ਫੱਕਾ ਸੰਭਾਲ ਲਿਆ ਸੀ। ਪਿੰਡ ਵਿੱਚ ਕੋਈ ਟਾਮਾ ਟਾਮਾ ਟੱਬਰ ਈ ਰਹਿੰਦੈ ਹੋਣਾ, ਕਿਸਾਨਾਂ ਨੇ ਬਾਕੀ ਫ਼ਸਲ ਮੰਡੀਆਂ ਵਿੱਚ ਸੁੱਟ ਦਿੱਤੀ ਏ, ਮੰਡੀਆਂ ਵਿੱਚ ਪੲੇ ਕਣਕਾਂ ਦੇ ਬੋਹਲ਼ ਇਸ ਤਰ੍ਹਾਂ ਲਿਸ਼ਕ ਰਹੇ ਸਨ,ਜਿਵੇਂ ਧਰਤੀ ਉੱਤੇ ਸੋਨਾ ਡੋਲਿਆ ਹੋਵੇ,ਮਈ ਦੇ ਮਹੀਨੇ ਨੇ ਸਵੇਰੇ ਜਨਮ ਲੈਣਾ ਹੈ,ਅਰੁਣਾ ਗੁਪਤਾ ਬਾਰਵੀਂ ਕਲਾਸ ਨੌਨ ਮੈਡੀਕਲ ਨਾਲ ਕਰਨ ਤੋਂ ਬਾਅਦ ਸ਼ਹਿਰ ਕਾਲਜ ਵਿੱਚ ਬੀ. ਟੈਕ. ਦੇ ਪਹਿਲੇ ਸਾਲ ਵਿੱਚ ਪੜਾਈ ਕਰ ਰਹੀ ਸੀ।ਅਰੁਣਾ ਅਮੀਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਪਿੰਡ ਵਿੱਚਕਾਰ ਅਗਰਸੈਨ ਮੁਹੱਲੇ ਉਹਨਾਂ ਦੀ ਬਹੁਤ ਸ਼ਾਨਦਾਰ ਕੋਠੀ ਪਾਈ ਹੈ, ਉਸਦੇ ਪਿਤਾ ਦੀ ਕਰਿਆਨੇ ਦੀ ਵੱਡੀ ਦੁਕਾਨ ਨੇੜੇ ਦੇ ਸ਼ਹਿਰ ਵਿੱਚ ਹੈ,ਅਤੇ ਆੜਤੀਆ ਹੋਣ ਕਾਰਨ ਅਰੁਣਾ ਦੇ ਪਿਤਾ ਆਪਣੇ ਕੰਮ ਵਿੱਚ ਮਸ਼ਰੂਫ ਹਨ।ਅੱਜ ਐਤਵਾਰ ਹੋਣ ਕਾਰਨ ਅਰੁਣਾ ਘਰੇ ਹੀ ਸੀ। ਅਰੁਣਾ ਬੜੀ ਖਿਝੀ ਖਿਝੀ ਲੱਗ ਰਹੀ ਸੀ,ਸਵੇਰੇ ਇੱਕ ਮਈ ਜਣੀ ਕਿ ਮਜ਼ਦੂਰ ਦਿਵਸ ਹੈ। ਜਿਸ ਤੇ ਉਸਨੂੰ ਕਾਲਜ਼ ਵਿੱਚੋਂ ਅਸਾਈਨਮੈਂਟ ਬਣਾਉਣ ਲਈ ਕਿਹਾ ਹੈ, ਉਪਰੋਂ ਉਹ ਵੀ ਪੰਜਾਬੀ ਵਿੱਚ,ਅਤੇ ਨਾਲ ਪੰਜ ਮਿੰਟ ਦੀ ਸਪੀਚ ਵੀ ਪੰਜਾਬੀ ਵਿੱਚ ਦੇਣੀ ਸੀ,ਉਹ ਬਹੁਤ ਪ੍ਰੇਸ਼ਾਨ ਸੀ ਕਿ ਮੈਂ ਕਿੱਦਾ ਤੇ ਕਿਵੇਂ ਅਸਾਈਨਮੈਂਟ ਬਣਾਵਾਂ ਕਿਉਂ ਕਿ ਉਸਨੂੰ ਇਸ ਬਾਰੇ ਇਹਨਾਂ ਜ਼ਿਆਦਾ ਪਤਾ ਨਹੀਂ ਹੈ।ਅਤੇ ਉਤੋਂ ਪੰਜ ਮਿੰਟ ਦੀ ਸਪੀਚ ਉਸਨੂੰ ਕਾਟੋ ਦੇ ਛੱਲੀ ਦੇ ਟੁੱਕਣ ਵਾਂਗ ਅੰਦਰੋਂ ਅੰਦਰੀ ਟੁੱਕ ਰਹੀ ਸੀ। ਕਿਉਂ ਕਿ ਹਰ ਪਹਿਲੇ ਸਾਲ ਦੇ ਵਿਦਿਆਰਥੀ ਲਈ ਇਹ ਲਾਜ਼ਮੀ ਸੀ, ਕਿਉਂ ਕਿ ਇਸਦੇ ਨੰਬਰ ਪ੍ਰੀਖਿਆ ਦੇ ਫਾਇਨਲ ਨੰਬਰਾਂ ਵਿੱਚ ਜੁੜਨੇ ਸਨ।
ਪ੍ਰਫੈਸਰ ਨੇ ਕਿਹਾ ਸੀ ਕਿਸੇ ਦੀ ਅਸਾਈਨਮੈਂਟ ਇੱਕੋ ਜਿਹੀ ਨਾ ਹੋਵੇ ਭਾਵ ਕਿਸੇ ਨਾਲ ਮੇਲ ਨਾ ਖਾਂਦੀ ਹੋਵੇ ਅਤੇ ਆਪ ਲਿਖ ਕੇ ਬਣਾ ਕੇ ਲਿਆਉਣੀ ਹੈ ਅਤੇ ਪੰਜ ਮਿੰਟ ਦੀ ਸਪੀਚ।
ਅਰੁਣ ਦੀ ਚਿੰਤਾ ਦੀਆਂ ਤੈਹਾਂ ਹੋਰ ਗੂੜੀਆਂ ਹੁੰਦੀਆਂ ਜਾ ਰਹੀਆਂ ਸਨ।ਉਹ ਆਪਣੀ ਮੰਮੀ ਤੋਂ ਸਹਾਇਤਾ ਲੈਣਾ ਚਹੁੰਦੀ ਹੈ ਪਰ ਮੰਮੀ ਨੇ ਕਿਹਾ ਬੇਟਾ ਗੂਗਲ ਤੇ ਸਰਚ ਕਰਕੇ ਤਿਆਰ ਕਰਲੈ ਮੈਂ ਵਿਅਸਤ ਹਾਂ, ਪਰ ਪ੍ਰੋਫੈਸਰ ਨੇ ਕਿਹਾ ਸੀ ਕਿ ਮਜ਼ਦੂਰ ਜਾਂ ਕਿਰਤੀ ਯੋਧਿਆਂ ਬਾਰੇ ਗੂਗਲ ਤੇ ਸਰਚ ਕਰਕੇ ਨਾ ਲਿਖਿਓ ਖੁਦ ਜੋ ਵੀ ਤੁਹਾਡੇ ਖੋਪੜ ਵਿੱਚ ਹੈ ਉਹ ਹੋਵੇ। ਅਰੁਣਾ ਨੂੰ ਮਾਤਾ ਦੀ ਗੱਲ ਬਿਲਕੁੱਲ ਥੋਥੀ ਜਿਹੀ ਲੱਗੀ, ਉਸਨੇ ਆਪਣੀਆਂ ਦੋ ਸਹੇਲੀਆਂ ਨੂੰ ਵੀ ਫੋਨ ਕਰੇ ਉਹ ਵੀ ਇਹੀ ਕਹਿ ਰਹੀਆਂ ਸੀ ਗੂਗਲ ਤੋਂ ਹੀ ਕਰਾਂਗੇ ਥੋੜਾ ਥੋੜਾ ਬਦਲਾਅ ਕਰਕੇ।
ਅਰੁਣਾ ਪ੍ਰੇਸ਼ਾਨ ਹੋਈ ਆਪਣੀ ਕੋਠੀ ਵਿੱਚ ਇੱਧਰ ਉਧਰ ਕਦੇ ਛੱਤ ਉੱਤੇ ਕਦੇ ਥੱਲੇ,ਬੇਚੈਨ ਹੋਈ ਘੁੰਮ ਰਹੀ ਸੀ।
ਐਨੇ ਨੂੰ ਹੇਠਾਂ ਤੋਂ ਕੁਝ ਟੁੱਟਣ ਦੀ ਆਵਾਜ਼ ਆਈ ਅਰੁਣਾ ਭੱਜ ਕੇ ਹੇਠਾਂ ਗੲੀ,ਦੇਖਿਆ ਕਿ ਸਿਮੀ ਫਰਸ਼ ਤੇ ਪੋਚਾ ਲਗਾ ਰਹੀ ਏ,ਉਸ ਤੋਂ ਕੱਚ ਦੇ ਦੋ ਗਲਾਸ ਫਰਸ਼ ਤੇ ਡਿੱਗਣ ਬਾਅਦ ਟੁੱਟ ਗੲੇ ਸਨ।ਅਰੁਣਾ ਤਪੀ ਤਾਂ ਪਹਿਲਾਂ ਹੀ ਪਈ ਸੀ ਉਸਨੇ ਸਿੰਮੀ ਨੂੰ ਬੜੇ ਗੁੱਸੇ ਨਾਲ ਕਿਹਾ ਭੰਨ ਦਿੱਤੇ ਗਲਾਸ,ਪਤਾ ਕਿੰਨੇ ਮਹਿੰਗੇ ਸੀ,ਦੇਖ ਕੇ ਕੰਮ ਕਰ ਲੈ ਅੰਨੀ ਏ ਤੂੰ, ਸਿਮੀ ਨੇ ਕਿਹਾ ਸੌਰੀ ਦੀਦੀ ਗ਼ਲਤੀ ਹੋ ਗਈ,ਅਤੇ ਪੋਚਾ ਲਗਾਉਣ ਲੱਗੀ,
ਸਿਮੀ ਦੀ ਮਾਂ ਗੋਲੋ ਨੇ ਜੋ ਦੂਸਰੇ ਪਾਸੇ ਸਫ਼ਾਈ ਕਰ ਰਹੀ ਸੀ ਆ ਕੇ ਸਿਮੀ ਨੂੰ ਝਿੜਕਾਂ ਦਿੱਤੀਆਂ ਅਤੇ ਅਰੁਣਾ ਨੂੰ ਕਿਹਾ ਕੋਈ ਨਾ ਧੀਏ ਨਿਆਣੀ ਆ ਗਲਾਸ ਰਸਤੇ ਚ ਪੲੇ ਸੀ ਪਤਾ ਨਹੀਂ ਲੱਗਿਆ ਹੋਣਾ ਮੈਂ ਗਲਾਸਾਂ ਦੇ ਪੈਸੇ ਕਟਵਾ ਦੇਵਾਂਗੀ,ਹਿਸਾਬ ਵੇਲ਼ੇ ਪੈਸੇ ਲੈਣ ਸਮੇਂ।ਅਰੁਣਾ ਗੁੱਸੇ ਵਿੱਚ ਰਿਝਦੀ ਹੋਈ ਕਮਰੇ ‘ਚ’ ਚਲੀ ਗਈ।
ਸਿਮੀ ਅੱਠਵੀਂ ਕਲਾਸ ਵਿੱਚ ਪੜਦੀ ਗਰੀਬ ਪਰਿਵਾਰ ਦੀ ਕੁੜੀ ਸੀ ਜੋ ਅੱਜ ਅੈਤਵਾਰ ਹੋਣ ਕਾਰਨ ਆਪਣੀ ਮਾਂ ਦੇ ਕੰਮ ਵਿੱਚ ਹੱਥ ਵਟਾਉਣ ਬਾਣੀਆ ਦੇ ਘਰ ਆਈ ਸੀ। ਸਿਮੀ ਲਗਾਤਾਰ ਨੀਵੀਂ ਪਾ ਮਾਸੂਮੀਅਤ ਚਿਹਰੇ ਤੇ ਲਮਕਾ ਪੋਚਾ ਲਗਾ ਰਹੀ ਸੀ,ਅਰੁਣਾ ਫੋਨ ਤੇ ਗੱਲ ਕਰਦੀ ਕਰਦੀ ਲੱਗੇ ਪੋਚੇ ਵਿੱਚੋਂ ਦੀ ਦੁਵਾਰਾ ਛੱਤ ਤੇ ਚਲੀ ਗਈ।ਸਿਮੀ ਕੁਸ਼ ਬੋਲੀ ਨਹੀਂ ਅਤੇ ਚੁੱਪ ਕਰਕੇ ਦੁਵਾਰੇ ਫੇਰ ਪੋਚਾ ਲਾ ਕੇ ਫਰਸ਼ ਸਾਫ ਕਰਨ ਲੱਗੀ ਪਈ।ਉਸਨੇ ਅਰੁਣਾ ਨੂੰ ਅਸਾਈਨਮੈਂਟ ਬਾਰੇ ਫੋਨ ਤੇ ਗੱਲ ਕਰਦੀ ਨੂੰ ਸੁਣ ਲਿਆ,ਅਤੇ ਸਾਰੀ ਗੱਲਬਾਤ ਸਮਝ ਗਈ, ਸਿਮੀ ਨੇ ਪੋਚਾ ਲਾਉਂਦੀ ਲਾਉਦੀਂ ਨੇ ਅਰੁਣਾ ਨੂੰ ਆਵਾਜ਼ ਲਗਾਈ ਅਰੁਣਾ ਦੀਦੀ...
,,,,,ਕੀ ਆ ਤੈਨੂੰ ਦਿਸਦਾ ਨਹੀਂ ਮੈਂ ਫੋਨ ਤੇ ਗੱਲ ਕਰ ਰਹੀ ਆ ਬਦਤਮੀਜ਼, ਤੈਨੂੰ ਤਮੀਜ਼ ਨਹੀਂ ਏ,ਫੇਰ ਕੀ ਹੋਇਆ ਲੰਘਣਾ ਤਾਂ ਹੈਗਾ ਈ ਸੀ,ਦੁਵਾਰਾ ਪੋਚਾ ਲਗਾ ਦੇ,,ਸਿਮੀ ਨੇ ਢਿੱਲੀ ਜਿਹੀ ਆਵਾਜ਼ ਵਿੱਚ ਕਿਹਾ ਨਹੀਂ ਦੀਦੀ ਇਹ ਗੱਲ ਨਹੀਂ ਸੀ,,, ਤੇ ਚੁੱਪ ਹੋ ਕੇ ਨੀਵੀਂ ਪਾ ਫੇਰ ਕੰਮ ਕਰਨ ਲੱਗੀ,ਥੋੜੀ ਦੇਰ ਬਾਅਦ ਅਰੁਣਾ ਆਈ ਹਾਂ ਹੁਣ ਦੱਸ ਕੀ ਆ,,,ਸਿਮੀ ਮਾਸੂਮ ਜਿਹੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਪਹਿਨ ਕੇ ਬੋਲੀ,ਦੀਦੀ ਕੀ ਮੈਂ ਤੁਹਾਡੀ ਸਹਾਇਤਾ ਕਰ ਸਕਦੀ ਹਾਂ,ਮਜ਼ਦੂਰ ਬਾਰੇ ਅਸਾਈਨਮੈਂਟ ਬਣਾਉਣ ਵਿੱਚ,ਸਾਨੂੰ ਵੀ ਇਹੀਓ ਕਿਹਾ ਸਕੂਲ ਵਿੱਚ ਕੱਲ ਲਈ। ਮੇਰੇ ਪਾਪਾ ਜੀ ਭੱਠੇ ਤੇ ਇੱਟਾਂ ਦੀ ਭਰਾਈ ਦੀ ਮਜ਼ਦੂਰੀ ਕਰਦੇ ਨੇ। ਲਗਪਗ 16 ਘੰਟੇ, ਜਦੋਂ ਉਹ ਕੰਮ ਤੋਂ ਆਉਦੇਂ ਨੇ ਮੈਂ ਸੌਂ ਚੁੱਕੀ ਹੁੰਨੀ ਆ ਤੇ ਸਵੇਰੇ ਵੀ ਸਰਜ਼ਰੇ ਈ ਚਲੇ ਜਾਂਦੇ ਨੇ ਮੇਰੇ ਉੱਠਣ ਤੋਂ ਪਹਿਲਾਂ,ਕਦੇ ਕਦੇ ਹੀ ਮੈਨੂੰ ਡੈਡੀ ਮਿਲਦੇ ਨੇ।
ਅਰੁਣਾ ਨੇ ਕਿਹਾ ਤੂੰ ਕਾਲਜ਼ ਲੈਵਲ ਦੀ ਅਸਾਈਨਮੈਂਟ ਬਣਾ ਸਕਦੀ ਏ? ਸਿਮੀ ਨੇ ਕਿਹਾ ਲੈਵਲ ਤਾਂ ਦੀਦੀ ਪਤਾ ਨਹੀਂ ਪਰ ਜੋ ਮੈਂ ਮਹਿਸੂਸ ਕਰਦੀ ਆਂ ਤੇ ਪਾਪਾ ਨੇ ਦੱਸਿਆ ਉਹ ਮੈਂ ਤੁਹਾਨੂੰ ਦੱਸ ਸਕਦੀ ਹਾਂ ਜੇ ਕਹੋਂ।ਅਰੁਣਾ ਕੁਝ ਸਮਾਂ ਚੁੱਪ ਰਹੀ ਅਤੇ ਫੇਰ ਸਿਮੀ ਨੂੰ ਕਿਹਾ ਬੋਲ ਚੱਲ।
ਸਿਮੀ ਕਹਿਣ ਲੱਗੀ ਦੀਦੀ ਜੀ ਮੇਰੇ ਡੈਡੀ ਸੱਤ ਕੁ ਪੜੇ ਹੋਏ ਸਨ,ਉਹ ਕਹਿੰਦੇ ਨੇ ਕਿ ਦਰਅਸਲ ਇਸ ਦੁਨੀਆਂ ਤੇ ਸਾਰੇ ਈ ਮਜ਼ਦੂਰ ਨੇ ਕਿਸੇ ਨਾ ਕਿਸੇ ਰੁਪ ਵਿੱਚ ਕੁਦਰਤ ਦੇ ਮਜ਼ਦੂਰ!ਪਰ ਅਸਲ ਮਜ਼ਦੂਰ ਉਹ ਹੈ,
ਜੋ ਖੁਦ ਆਪਣੀ ਜ਼ਮੀਰ ਤੋਂ ਸਖਤ ਮਿਹਨਤ ਕਰਦਾ ਰਹਿੰਦੈ ਭਾਵੇ ਕਿੰਨੀਆਂ ਵੀ ਦਿੱਕਤਾਂ ਕਿਉਂ ਨਾ ਆਉਣ ਜ਼ਿੰਦਗੀ ‘ਚ’ ਮਤਲਬ ਦੁੱਖ ਆਉਣ ਪਰ ਸੂਰਜ ਵਾਂਗ ਉਹ ਲਗਾਤਾਰ ਕਾਦਿਰ ਦੀ ਰਜ਼ਾ ਵਿੱਚ ਰਹਿ ਕੇ ਆਪਣਾ ਫਰਜ਼ ਨਿਭਾਉਦਾ ਰਹਿੰਦੈਂ। ਕਿਉਂ ਕਿ ਸੂਰਜ ਕਦੇ ਵੀ ਛੁਪਦਾ ਈ ਨਹੀਂ ਬਸ ਧਰਤ ਦੇ ਦੂਸਰੇ ਪਾਸੇ ਚਲਾ ਜਾਂਦਾ ਤੇ ਅਸੀਂ ਧਰਤੀ ਦੇ ਪਰਛਾਵੇਂ ਨੂੰ ਰਾਤ ਆਖ ਦਿੰਦੇ ਹਾਂ, ਹਮੇਸ਼ਾ ਚਾਨਣ ਵੰਡਦੈ ਰਹਿੰਦਾ। ਮਜ਼ਦੂਰ ਈਮਾਨਦਾਰੀ ਅਤੇ ਹੱਕ ਦੀ ਕਮਾਈ ਨਾਲ ਆਪਣੇ ਹੱਕ ਦੀ ਰੋਟੀ ਖਾਂਦੈ। ਪਾਪਾ ਜੀ ਕਹਿੰਦੇ ਹੁੰਦੇ ਨੇ ਕਿ ਜੇਕਰ
ਮਿਹਨਤ ਵਿੱਚੋਂ(ਮੰਮਾ) ………………….. ਮ
ਜ਼ਮੀਰ ਵਿੱਚੋਂ(ਜ਼ੱਜਾ)…………………….. ਜ਼
ਦਿੱਕਤਾਂ ਵਿੱਚੋਂ(ਦੱਦਾ)……………………. ਦ
ਸੂਰਜ ਤੋਂ (ਦੁਲੈਂਕੜ)……………………… =
ਰਜ਼ਾ ਵਿੱਚੋਂ(ਰਾਰਾ)…………………… ਰ
ਲਈਏ ਤਾਂ ਮਜ਼ਦੂਰ ਦੇ ਮੁੜਕੇ ਦਾ ਸਕੂਨ ਮਹਿਕਦੈ ਏ,ਜਿਸ ਕੋਲ ਇਹ ਸਕੂਨ ਹੈ,ਉਹ ਹੀ ਸਕੂਨ ਚ ਮਹਿਕਦੀਆਂ ਭਿਜੀਆਂ ਨੀਂਦਰਾਂ ਦੀਆਂ ਘੁੱਟਾਂ ਭਰ ਸਕਦੈ।
ਇਹਨਾਂ ਸੁਣ ਕੇ ਅਰੁਣਾ ਨੇ ਝੱਟ ਸਿਮੀ ਨੂੰ ਗਲ਼ ਨਾਲ ਲਾ ਲਿਆ ਅਤੇ ਦੋ ਮਿੰਟ ਇਸੇ ਤਰ੍ਹਾਂ ਜੱਫ਼ੀ ਪਾ ਕੇ ਰੱਖੀ,ਫੇਰ ਕਿਹਾ ਆਜਾ ਅੰਦਰ ਬਹਿ ਕੇ ਅਸਾਈਨਮੈਂਟ ਤਿਆਰ ਕਰੀਏ। ਕਾਫ਼ੀ ਸਮਾਂ ਬੈਠ ਸਿਮੀ ਅਤੇ ਅਰੁਣਾ ਕਮਰੇ ਵਿੱਚ ਬੈਡਾਂ ਤੇ ਬੈਠ ਕੇ ਅਸਾਈਨਮੈਂਟ ਤਿਆਰ ਕਰਦੀਆਂ ਰਹੀਆਂ, ਸਿਮੀ ਨੇ ਬਹੁਤ ਕੁਝ ਹੋਰ ਦੱਸਿਆ,ਉਹਨਾਂ ਨੇ ਇੱਕ ਦੂਜੇ ਦੀ ਸਹਾਇਤਾ ਕੀਤੀ ਅਤੇ ਦੋਵਾਂ ਨੇ ਆਪੋ ਆਪਣੀਆਂ ਅਸਾਈਨਮੈਂਟਾ ਤਿਆਰ ਲੲੀਆਂ ਸੀ। ਸਵੇਰ ਨੂੰ ਅਰੁਣਾ ਨੇ ਕਾਲਜ਼ ਵਿੱਚ ਇਸੇ ਸਾਰੀ ਕਹਾਣੀ ਜਾਂ ਵਾਰਤਾ ਨੂੰ ਸਪੀਚ ਵਿੱਚ ਸਜ਼ਾਇਆ ਅਤੇ ਸਪੀਚ ਦੇ ਅਖੀਰ ਵਿੱਚ ਅਰੁਣਾ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਲੜੀ ਵਹਿ ਤੁਰੀ, ਕਾਲਜ਼ ਡਰਾਇਕਟਰ ਅਤੇ ਲੇਬਰ ਇੰਸਪੈਕਟਰ ਜੋ ਉਥੇ ਮੁੱਖ ਮਹਿਮਾਨ ਵਜੋਂ ਆਏ ਸਨ,ਉਹਨਾਂ ਦੀ ਅੱਖ ਵੀ ਸਿਮੀ ਅਤੇ ਅਰੁਣਾ ਦੀ ਕਹਾਣੀ ਸੁਣ ਭਰ ਆਈ,ਅਰੁਣਾ ਦੇ ਅੱਖਾਂ ਵਿੱਚੋਂ ਹੰਝੂਆਂ ਦੀ ਲੜੀ ਵੀ ਨਹੀਂ ਰੁਕ ਰਹੀ ਸੀ ਅਤੇ ਹਾਲ ਵਿੱਚ ਤਾੜੀਆਂ ਦੀ ਤੜ ਤੜ ਤੜ ਦੀ ਆਵਾਜ਼ ਵੀ ਨਹੀਂ ਰੁੱਕ ਰਹੀ ਸੀ।
ਅਰੁਣਾ ਦੀ ਅਸਾਈਨਮੈਂਟ ਅਤੇ ਸਪੀਚ ਅਵੱਲ ਦਰਜ਼ੇ ਨੂੰ ਛੋਹ ਗੲੀ।ਅਰੁਣਾ ਤੋਂ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ।ਉਸਨੂੰ ਸਭ ਇੱਜ਼ਤ ਦੀ ਨਜ਼ਰ ਨਾਲ ਦੇਖ ਰਹੇ ਸੀ ਤੇ ਮੁਬਾਰਕਾਂ ਦੇ ਰਹੇ ਸੀ,ਉਸਦੇ ਦਿਲ ਤੇ ਹੌਕਿਆਂ ਤੇ ਹੌਲ਼ਾ ਜਿਆਂ ਨੇ ਟੋਏ ਕਰ ਰੱਖੇ ਸਨ।ਆਪਣੇ ਘਰ ਆਕੇ ਅਰੁਣਾ ਸਿੱਧਾ ਸਿਮੀ ਨੂੰ ਮਿਲਣ ਸਿਮੀ ਦੇ ਘਰ ਗੲੀ ਤੇ ਸਿਮੀ ਨੂੰ ਦੇਖ ਘੁੱਟ ਜੱਫ਼ੀ ਪਾ ਲਈ ਅਤੇ ਇੱਕ ਵਾਰ ਫੇਰ ਸੌਰੀ ਕਹਿ ਕੇ ਕਿਹਾ ਚਲ ਸਿਮੀ ਆਪਣੇ ਘਰ ਚੱਲ ਕੇ ਪੜ੍ਹੀਏ।
ਸੁਖਵੀਰ ਸਿੰਘ ਸੁੱਖ✍️