ਬਾਪੂ ਜੀ ਅਕਸਰ ਆਖਿਆ ਕਰਦੇ ਕੇ ਪੁੱਤਰ ਜਦੋਂ ਕਦੇ ਵੀ ਰਿਸ਼ਤਿਆਂ ਦੇ ਕਿਸੇ ਤਾਣੇ ਬਾਣੇ ਵਿਚ ਘੁਟਣ ਜਿਹੀ ਮਹਿਸੂਸ ਹੋਣ ਲੱਗੇ ਓਸੇ ਵੇਲੇ ਭਰਿਆ ਮੇਲਾ ਛੱਡ ਬਾਹਰ ਖੁੱਲੀ ਹਵਾ ਵਿਚ ਆ ਜਾਵੀਂ..ਸਾਹ ਸੌਖਾ ਹੋਜੂ..ਕਦੀ ਪ੍ਰਵਾਹ ਨਾ ਕਰੀਂ ਕੌਣ ਕੀ ਆਖੂ!
ਉਸ ਦਿਨ ਵੀ ਇੱਕ ਵੱਡੀ ਦੁਬਿਧਾ ਸਾਮਣੇ ਆਣ ਖਲੋਤੀ!
ਇੱਕੋ ਤਰੀਕ ਨੂੰ ਹੋਣ ਵਾਲੇ ਦੋ ਵੱਖੋ ਵੱਖ ਵਿਆਹਾਂ ਦੇ ਕਾਰਡ ਸਵਾਲ ਬਣ ਸਾਮਣੇ ਆਣ ਖਲੋਤੇ..ਪਹਿਲਾ ਵਿਆਹ ਚੰਡੀਗੜ ਮਾਸੀ ਦੇ ਮੁੰਡੇ ਦਾ ਸੀ ਤੇ ਦੂਜਾ ਪਿੰਡ ਰਹਿੰਦੀ ਭੂਆ ਦੀਂ ਕੁੜੀ ਦਾ..!
ਹੁਣ ਸਮਝ ਨਾ ਆਵੇ ਕਿਥੇ ਜਾਇਆ ਜਾਵੇ!
ਸਭ ਤੋਂ ਪਹਿਲਾਂ ਸ਼ਹਿਰੋਂ ਆਇਆ ਕਾਰਡ ਖੋਲ ਕੇ ਵੇਖਿਆ..ਪਹਿਲੇ ਦੋ ਸਫ਼ਿਆਂ ਤੇ ਤਾਂ ਸਿਰਫ ਵੱਡੇ ਵੱਡੇ ਅਫ਼ਸਰੀ ਰੈਂਕ ਅਤੇ ਵੱਖੋ ਵੱਖ ਮੁਲਖਾਂ ਤੋਂ ਆਉਣ ਵਾਲੇ ਪ੍ਰਾਹੁਣਿਆਂ ਦੇ ਨਾਮ ਹੀ ਲਿਖੇ ਹੋਏ ਸਨ..ਚਾਂਦੀ ਰੰਗੀ ਤੀਜੀ ਜਿਲਦ ਤੇ ਰਾਜਨੀਤੀ ਅਤੇ ਕਾਰੋਬਾਰ ਛਾਇਆ ਹੋਇਆ ਸੀ..ਚੌਥੇ ਉੱਤੇ ਵੱਡੇ ਵੱਡੇ ਗਾਉਣ ਵਜਾਉਣ ਵਾਲਿਆਂ ਦਾ ਵਿਸਥਾਰ ਸੀ..ਹੋਟਲਾਂ,ਰੇਸਟੇਰੇਂਟਾਂ,ਰਿਸੈਪਸ਼ਨ,ਹੋਰ ਸਮਾਗਮ,ਖਾਣੇ ਦੀਆਂ ਵੰਨਗੀਆਂ ਅਤੇ ਟ੍ਰਾੰਸਪੋਰਟ ਵਾਸਤੇ ਮੇਂਹਗੀਆਂ ਗੱਡੀਆਂ ਦੀਂ ਲੰਮੀਂ ਚੌੜੀ ਲਿਸਟ ਆਖਰੀ ਸਫ਼ੇ ਤੇ ਸੀ!
ਇਹ ਸਾਰਾ ਕੁਝ ਵੇਖ ਦਿਲ ਨੂੰ ਕਾਹਲੀ ਜਿਹੀ ਪੈਣ ਲੱਗੀ..!
ਫੇਰ ਕੋਲ ਹੀ ਪਿਆ ਭੂਆ ਦੀਂ ਕੁੜੀ ਵਾਲਾ ਸਧਾਰਨ ਜਿਹਾ ਕਾਰਡ ਚੁੱਕ ਲਿਆ!
ਸੰਖੇਪ ਜਿਹੀ ਜਾਣਕਾਰੀ ਮਗਰੋਂ ਮੇਰੇ ਨਾਮ ਦਾ ਇਕ ਹੱਥ ਲਿਖਤ ਰੁੱਕਾ ਨਾਲ ਵੱਖਰਾ ਨੱਥੀ ਕੀਤਾ ਹੋਇਆ ਸੀ!
ਅੰਦਰ ਲਿਖਿਆ ਸੀ “ਵਾਹਿਗੁਰੂ ਨੇ ਸਾਨੂੰ ਤੇਰੀ ਨਿੱਕੀ ਭੈਣ ਦੇ ਸ਼ੁਭ ਕਾਰਜ ਵਾਲਾ ਇੱਕ ਸੁਨਹਿਰੀ ਅਵਸਰ ਬਖਸ਼ਿਆ ਏ..ਅਸੀਂ ਚਾਹੁੰਦੇ ਹਾਂ ਕੇ ਤੇਰੇ ਵਰਗਾ ਸੁਲਝਿਆ ਹੋਇਆ ਇਨਸਾਨ ਉਸਦਾ ਵੱਡਾ ਭਰਾ ਬਣਕੇ ਇਸ ਮੌਕੇ ਅਤੇ ਇਸ ਰਿਸ਼ਤੇ ਨੂੰ ਹੋਰ ਚਾਰ ਚੰਨ ਲਾਵੇ”!
ਪਤਾ ਨਹੀਂ ਕੀ ਜਾਦੂ ਸੀ ਹਥੀਂ ਲਿਖੀਆਂ ਓਹਨਾ ਚੰਦ ਕੂ ਲਾਈਨਾਂ ਵਿਚ ਕੇ ਮੈਂ ਕਿੰਨੀ ਵਾਰ ਪੜੀ ਹੀ ਗਿਆ..ਫੇਰ ਸਪੇਰੇ ਦੀ ਬੀਨ ਤੇ ਕੀਲੇ ਗਏ ਵਾਂਙ ਮਿਥੀ ਤਰੀਖ ਤੋਂ ਦੋ ਦਿਨ ਪਹਿਲਾਂ ਹੀ ਭੂਆ ਪਿੰਡ ਨੂੰ ਜਾਂਦੀ ਬੱਸ ਵਿਚ ਸਵਾਰ...
ਹੋ ਗਿਆ..!
ਪੰਜ ਘੰਟੇ ਦੇ ਰਾਹ ਵਿਚ ਤਿੰਨ ਬੱਸਾਂ ਬਦਲੀਆਂ..ਰਾਹ ਵਿਚ ਖੁੱਲੀਆਂ ਡੁੱਲੀਆਂ ਪੈਲੀਆਂ ਕਮਾਦ ਕਣਕ ਹੱਲਾਂ ਨਾਲ ਵਗਦੇ ਖੇਤ,ਡੰਗਰ ਵੱਛੇ ਰੁੱਖਾਂ ਨਦੀ ਨਾਲਿਆਂ ਅਤੇ ਕਿੰਨੇ ਸਾਰੇ ਅੱਡਿਆਂ ਵਿਚੋਂ ਦੀਂ ਹੁੰਦੀ ਹੋਈ ਰਵਾਂ ਰਵੀਂ ਤੁਰੀ ਜਾਂਦੀ ਬੱਸ ਦੀ ਪਿਛਲੀ ਸੀਟ ਤੇ ਬੈਠੇ ਬੈਠੇ ਨੂੰ ਪਤਾ ਨਹੀਂ ਲੱਗਾ ਕਦੋਂ ਨੀਂਦਰ ਆ ਗਈ..ਫੇਰ ਸੁਫ਼ਨੇ ਵਿਚ ਨਿੱਕੇ ਹੁੰਦਿਆਂ ਦੀਂ ਇੱਕ ਘਟਨਾ ਚੇਤੇ ਆ ਗਈ..ਦੂਜੀ ਜਮਾਤ ਵੇਲੇ ਨੁਸ਼ਹਿਰੇ ਮੱਸਿਆ ਦੇ ਉਸ ਮੇਲੇ ਵਿਚ ਗਵਾਚਿਆ ਤਾਂ ਭਾਵੇਂ ਮੈਂ ਖੁਦ ਆਪਣੀ ਗਲਤੀ ਨਾਲ ਹੀ ਸਾਂ ਪਰ ਲੱਭ ਕੇ ਮੈਨੂੰ ਮੇਰੀ ਭੂਆ ਹੀ ਲਿਆਈ ਸੀ..ਪਰ ਉਸ ਦਿਨ ਮਗਰੋਂ ਪਤਾ ਨਹੀਂ ਕਿਓਂ ਭੀੜਾਂ ਤੋਂ ਬਹੁਤ ਡਰ ਲੱਗਣ ਲੱਗਾ..!
ਚਾਰ ਦਿਨਾਂ ਬਾਅਦ ਸਾਰੇ ਕਾਰਜ ਨਿਪਟਾ ਕੇ ਵਾਪਿਸ ਸ਼ਹਿਰ ਮੁੜਨ ਲੱਗਿਆ ਕੱਲਾ ਕੱਲਾ ਜੀ ਮੈਨੂੰ ਅੱਡੇ ਤੱਕ ਛੱਡਣ ਆਇਆ..!
ਕੁਝ ਰੋਏ..ਕੁਝ ਅੰਦਰੋਂ ਅੰਦਰੀ ਡੁਸਕੀ ਜਾਂਦੇ ਰਹੇ..ਕਿੰਨੀ ਸਾਰੀ ਭਾਜੀ..ਸ਼ੱਕਰ ਪਾਰੇ..ਬੂੰਦੀ..ਕਈਆਂ ਬੈਗ ਲੁਕਾਉਣ ਦੀ ਕੋਸ਼ਿਸ਼ ਵੀ ਕਰ ਵੇਖੀ ਪਰ ਸਭ ਤੋਂ ਵੱਧ ਇਸ ਗੱਲ ਦੀ ਤਸੱਲੀ ਸੀ ਕੇ ਭਾਵੇਂ ਦੁਨੀਆਂ ਜਿਥੇ ਮਰਜੀ ਅੱਪੜ ਗਈ ਪਰ ਮੇਰੀ ਭੂਆ ਦੇ ਪਿੰਡ ਦਾ ਮਾਹੌਲ ਅਜੇ ਵੀ ਓਹੀ ਸੀ ਜੋ ਬਚਪਨ ਵਿਚ ਵੇਖਦੇ ਹੋਏ ਵੱਡੇ ਹੋਏ ਸਾਂ!
ਵੀਹ ਪੰਝੀ ਵਰੇ ਪਹਿਲਾਂ ਵਾਲਾ..ਕੋਠੇ ਤੇ ਡੱਠੇ ਮੱਛਰਦਾਨੀਆਂ ਵਾਲੇ ਮੰਜਿਆਂ ਵਾਲਾ..ਕਿੰਨੀ ਕਿੰਨੀ ਰਾਤ ਤੀਕਰ ਤਾਰਿਆਂ ਦੀ ਛਾਵੇਂ ਕੋਠੇ ਤੇ ਪਏ ਪਏ ਗੱਲਾਂ ਕਰੀ ਜਾਣ ਵਾਲਾ ਤਲਿੱਸਮੀ ਆਲਾ ਦਵਾਲਾ!
ਦੋਸਤੋਂ ਕਦਰ ਪਿਆਰ ਮੁੱਹਬਤ ਅਤੇ ਆਪਣੇਪਣ ਨਾਲ ਲਬਰੇਜ ਪਰੋਸੀ ਗਈ ਬੇਹੀ ਰੋਟੀ ਬੇਕਦਰੀ ਨਾਲ ਸਾਮਣੇ ਸੁੱਟ ਦਿੱਤੀ ਗਈ ਦੁੱਧ ਦੀ ਤਾਜੀ ਮਿੱਠੀ ਖੀਰ ਨਾਲੋਂ ਜਿਆਦਾ ਸਵਾਦ ਲੱਗਦੀ ਏ..ਬਸ਼ਰਤੇ ਕੇ ਵਜੂਦ ਤੇ ਕਿਸੇ ਕਿਸਮ ਦਾ ਲਾਲਚ ਹਾਵੀ ਨਾ ਹੋਇਆ ਹੋਵੇ!
ਹਰਪ੍ਰੀਤ ਸਿੰਘ ਜਵੰਦਾ