ਮਿਹਨਤ ਦਾ ਮੁੱਲ (ਜੀਵਨ-ਰੰਗ)
===================
ਸਨ 2004 ਵਿੱਚ ਮੈਂ ਆਪਣੀ ਬੀ. ਐਡ. ਦੀ ਪੜ੍ਹਾਈ ਪੂਰੀ ਕੀਤੀ ਹੀ ਸੀ ਕਿ ਮੈਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਮਿਲ ਗਈ। ਦਰਾਸਲ, ਇਸ ਸਕੂਲ ਵਿੱਚ ਪਹਿਲਾਂ ਤੋਂ ਹੀ ਮੇਰੀ ਭੈਣ ਬਤੌਰ ਅਧਿਆਪਕਾ ਕੰਮ ਕਰ ਰਹੀ ਸੀ। ਉਸਦੀ ਸਿਫਾਰਿਸ਼ ‘ਤੇ ਹੀ ਮੈਨੂੰ ਵੀ ਸਕੂਲ ਦੀ ਪ੍ਰਿੰਸੀਪਲ ਮੈਡਮ ਨੇ ਨੌਕਰੀ ‘ਤੇ ਰੱਖ ਲਿਆ।
ਮੈਨੂੰ ਨੌਵੀਂ ਜਮਾਤ ਦਿੱਤੀ ਗਈ। ਮੈਂ ਪੂਰੀ ਸ਼ਿੱਦਤ ਨਾਲ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਮੇਰੀ ਜਮਾਤ ਦੇ ਬੱਚੇ ਦਿਨਾਂ ਵਿੱਚ ਹੀ ਬਹੁਤ ਵਧੀਆ ਢੰਗ ਨਾਲ ਪੜ੍ਹਣ ਲੱਗੇ। ਮੇਰੀ ਇਸ ਨੌਵੀਂ ਜਮਾਤ ਵਿੱਚ ਪ੍ਰਿੰਸੀਪਲ ਮੈਡਮ ਦਾ ਬੇਟਾ ਵੀ ਪੜ੍ਹਦਾ ਸੀ, ਜਿਸ ਬਾਰੇ ਮੈਨੂੰ ਨਹੀਂ ਸੀ ਪਤਾ, ਜਿਸ ਰਾਹੀਂ ਮੇਰੀ ਪਲ-ਪਲ ਦੀ ਰਿਪੋਰਟ ਸਕੂਲ ਦੀ ਪ੍ਰਿੰਸੀਪਲ ਮੈਡਮ ਕੋਲ ਪੁੱਜ ਰਹੀ ਸੀ। ਮੈਂ ਪੂਰੀ ਤਨਦੇਹੀ ਨਾਲ ਆਪਣੇ ਅਧਿਆਪਨ ਦੇ ਕਾਰਜ ਨੂੰ ਨੇਪਰੇ ਚਾੜ੍ਹਣਾ। ਜਮਾਤ ਦੇ ਨਾਲ-ਨਾਲ ਸਕੂਲ ਦੇ ਹੋਰ ਕੰਮਾਂ ਵਿੱਚ ਵੀ ਸਹਾਇਤਾ ਕਰਨੀ ਅਤੇ ਆਪਣਾ ਬਣਦਾ ਯੋਗਦਾਨ ਪਾਉਣਾ। ਜਮਾਤ ਦੀ ਪੜ੍ਹਾਈ ਤੋਂ ਇਲਾਵਾ ਸਵੇਰ ਦੀ ਸਭਾ, ਖੇਡਾਂ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਵੀ ਕਰਵਾਉਣੀਆਂ। ਪੂਰੇ ਦਿਨ ਵਿੱਚ ਮੇਰਾ ਸਿਰਫ਼ ਇੱਕ ਪੀਰੀਅਡ ਵਿਹਲਾ ਹੁੰਦਾ ਸੀ, ਉਸ ਵਿੱਚ ਵੀ ਮੈਂ ਪ੍ਰਿੰਸੀਪਲ ਮੈਡਮ ਜੀ ਦੇ ਦਫ਼ਤਰ ਚਲੇ ਜਾਣਾ ਅਤੇ ਸਕੂਲ ਦਾ ਕੋਈ ਵੀ ਅਧੂਰਾ ਰਿਕਾਰਡ ਚੁੱਕ ਲੈਣਾ ਅਤੇ ਉਸ ਨੂੰ ਪੂਰਾ ਕਰਨਾ। ਮੈਂ ਸਕੂਲ ਲਈ ਪਹਿਲੇ ਮਹੀਨੇ ਵਿੱਚ ਹੀ ਦਿਨ-ਰਾਤ ਇੱਕ ਕਰ ਦਿੱਤਾ, ਜਿਸਦੇ ਨਤੀਜੇ ਵੱਜੋਂ ਮੈਨੂੰ ਸਕੂਲ ਦੇ ਚੰਗੇ ਅਧਿਆਪਕਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਣ ਲੱਗਾ।
ਜਦ ਮੇਰਾ ਪਹਿਲਾ ਮਹੀਨਾ ਪੂਰਾ ਹੋਇਆ ਤਾਂ ਵਾਰੀ ਆਈ ‘ਤਨਖ਼ਾਹ‘ ਦੀ। ਉਸ ਸਕੂਲ ਦੀ ਪ੍ਰਿੰਸੀਪਲ ਮੈਡਮ ਦਾ ਤਨਖ਼ਾਹ ਦੇਣ ਦਾ ਇੱਕ ਸਲੀਕਾ ਸੀ। ਉਹ ਹਰੇਕ ਅਧਿਆਪਕ ਨੂੰ ਇੱਕ-ਇੱਕ ਕਰਕੇ ਵਾਰੀ ਸਿਰ ਦਫ਼ਤਰ ਵਿੱਚ ਬੁਲਾਉਂਦੀ ਤੇ ਫਿਰ ਉਸ ਅਧਿਆਪਕ ਦੀ ਕਾਰਗੁਜ਼ਾਰੀ ਬਾਰੇ ਤਫ਼ਸੀਲ ਨਾਲ ਗੱਲਬਾਤ ਕਰਕੇ ਤਨਖ਼ਾਹ ਦਿੰਦੀ। ਉਸ ਸਕੂਲ ਵਿੱਚ ਮੇਰੇ ਤੋਂ ਪਹਿਲਾਂ ਜਿੰਨੇ ਵੀ ਅਧਿਆਪਕ ਨੌਕਰੀ ਲੱਗੇ ਸਨ, ਉਨ੍ਹਾਂ ਨੂੰ ਪਹਿਲੇ ਸਾਲ ਬਾਰ੍ਹਾਂ ਸੌ ਰੁਪਏ ਮਹੀਨਾ ਹੀ ਦਿੱਤੇ ਗਏ ਸਨ। ਸਾਰੇ ਅਧਿਆਪਕ ਇਸ ਗੱਲ ਤੋਂ ਭਲੀ-ਭਾਂਤ ਵਾਕਿਫ਼ ਸਨ। ਇਸ ਤੋਂ ਪਹਿਲਾਂ ਕਿ ਮੇਰੀ ਵਾਰੀ ਆਉਂਦੀ, ਮੇਰੀ ਭੈਣ ਭੱਜੀ-ਭੱਜੀ ਮੇਰੇ ਕੋਲ ਸਟਾਫ਼-ਰੂਮ ਵਿੱਚ ਆਈ ਤੇ ਮੈਨੂੰ ਇਕੱਲੇ ਨੂੰ ਸਮਝਾਉਣ ਲੱਗੀ। ਮੇਰੀ ਭੈਣ ਮੈਨੂੰ ਕਹਿੰਦੀ, ‘‘ਇਹ ਸਕੂਲ ਵਾਲੇ ਸਾਰਿਆਂ ਨੂੰ ਪਹਿਲੇ ਸਾਲ ਬਾਰ੍ਹਾਂ ਸੌ ਰੁਪਏ ਮਹੀਨਾ ਦਿੰਦੇ ਨੇ ਤੇ ਫਿਰ ਅਗਲੇ ਸਾਲ ਦੋ ਸੌ ਰੁਪਏ ਵਾਧਾ ਕਰਕੇ ਚੌਦਾਂ ਸੌ ਰੁਪਏ ਮਹੀਨਾ ਦਿੰਦੇ ਨੇ….ਤੇਰਾ ਕੰਮ ਬਹੁਤ ਵਧੀਆ ਐ….ਸਾਰੇ ਅਧਿਆਪਕ ਤੇਰੇ ਕੰਮ ਦੀ ਤਰੀਫ਼ ਕਰ...
ਰਹੇ ਨੇ…..ਤੂੰ ਪ੍ਰਿੰਸੀਪਲ ਮੈਡਮ ਦੇ ਦਫ਼ਤਰ ਵਿੱਚ ਜਾਂਦਿਆਂ ਹੀ ਚੌਦਾਂ ਸੌ ਰੁਪਏ ਮਹੀਨਾ ਮੰਗ ਲਵੀਂ…..ਮੈਡਮ ਜ਼ਿੱਦ ਕਰਨਗੇ ਤੈਨੂੰ ਬਾਰ੍ਹਾਂ ਸੌ ਰੁਪਏ ਮਹੀਨਾ ਦੇਣ ਦੀ…..ਪਰ ਤੂੰ ਅੜ ਜਾਈਂ…..ਚੌਦਾਂ ਸੌ ਰੁਪਏ ਮਹੀਨਾ ਤੋਂ ਘੱਟ ‘ਤੇ ਨਾ ਮੰਨੀ….!‘‘ ਇੰਨਾਂ ਕਹਿ ਕੇ ਉਹ ਚਲੀ ਗਈ ਤੇ ਮੈਨੂੰ ਪ੍ਰਿੰਸੀਪਲ ਮੈਡਮ ਦਾ ਸੱਦਾ ਆ ਗਿਆ।
ਮੈਂ ਪ੍ਰਿੰਸੀਪਲ ਮੈਡਮ ਦੇ ਦਫ਼ਤਰ ਵਿੱਚ ਦਾਖ਼ਲ ਹੋਇਆ, ਤਾਂ ਮੇਰੀ ਜਮਾਤ ਦਾ ਹੀ ਇੱਕ ਮੁੰਡਾ ਮੈਡਮ ਦੇ ਨਾਲ ਕੁਰਸੀ ‘ਤੇ ਬੈਠਾ ਸੀ। ਉਨ੍ਹਾਂ ਮੈਨੂੰ ਬੈਠਣ ਲਈ ਕਿਹਾ। ਮੈਂ ਮੈਡਮ ਦੇ ਸਾਹਮਣੇ ਵਾਲੀ ਕੁਰਸੀ ‘ਤੇ ਬੈਠ ਗਿਆ। ਮੈਡਮ ਆਪਣੇ ਬੇਟੇ ਵੱਲ ਇਸ਼ਾਰਾ ਕਰਕੇ ਬੋਲੇ, ‘‘ਇਹ ਮੇਰਾ ਬੇਟਾ ਹੈ…..ਹਾਂ ਜੀ, ਕਿਵੇਂ ਲੱਗਾ ਸਾਡਾ ਸਕੂਲ?‘‘ ਮੈਂ ਆਪਣੀ ਹੈਰਾਨੀ ‘ਤੇ ਕਾਬੂ ਪਾਉਂਦਿਆਂ ‘ਬਹੁਤ ਵਧੀਆ‘ ਕਹਿ ਕੇ ਉੱਤਰ ਦਿੱਤਾ। ਉਹ ਫਿਰ ਬੋਲੇ, ‘‘ਤੁਹਾਡਾ ਪਹਿਲਾ ਮਹੀਨਾ ਪੂਰਾ ਹੋ ਗਿਆ। ਹੁਣ ਆਪਾਂ ਤਨਖ਼ਾਹ ਦੀ ਗੱਲ ਕਰ ਲਈਏ?‘‘ ਮੈਂ ਕੇਵਲ ‘ਹਾਂ ਜੀ‘ ਬੋਲਿਆ। ਉਨ੍ਹਾਂ ਮੈਨੂੰ ਪੁੱਛਿਆ, ‘‘ਬੇਟੇ, ਤੁਸੀਂ ਸਾਡੇ ਤੋਂ ਕਿੰਨੀ-ਕੁ ਤਨਖ਼ਾਹ ਦੀ ਉਮੀਦ ਕਰਦੇ ਹੋ?‘‘ ਮੈਂ ਕਿਹਾ, ‘‘ਮੈਡਮ, ਜੋ ਤੁਹਾਡੇ ਸਕੂਲ ਦੇ ਅਸੂਲ ਹਨ, ਉਨ੍ਹਾਂ ਮੁਤਾਬਿਕ ਮੈਨੂੰ ਮੇਰੀ ਬਣਦੀ ਤਨਖ਼ਾਹ ਦੇ ਦੇਵੋ।‘‘ ਮੈਡਮ ਬੋਲੇ, ‘‘ਫਿਰ ਵੀ, ਤੁਹਾਨੂੰ ਸਕੂਲ ਤੋਂ ਕਿੰਨੀ-ਕੁ ਤਨਖ਼ਾਹ ਦੀ ਆਸ ਹੈ?‘‘ ਇੱਕ ਵਾਰ ਤਾਂ ਮੈਂ ਕਹਿਣ ਲੱਗਾ ਕਿ ਮੈਂ ਚੌਦਾਂ ਸੌ ਰੁਪਏ ਤੋਂ ਇੱਕ ਰੁਪਈਆ ਘੱਟ ਨਹੀਂ ਲੈਣਾ, ਪਰ ਫਿਰ ਕੁੱਝ ਸੋਚ ਕੇ ਚੁੱਪ ਕਰ ਗਿਆ ਤੇ ਬੋਲਿਆ, ‘‘ਮੈਡਮ ਜੀ, ਤੁਸੀਂ ਮੈਨੂੰ ਦੇਖ ਲਿਆ, ਮੇਰੇ ਕੰਮ ਕਰਨ ਦੇ ਢੰਗ ਨੂੰ ਦੇਖ ਲਿਆ। ਤੁਸੀਂ ਮੇਰੀ ‘ਮਿਹਨਤ ਦਾ ਮੁੱਲ‘ ਲਾਓ। ਜੇਕਰ ਮੈਨੂੰ ਘੱਟ ਲੱਗਿਆ ਤਾਂ ਮੈਂ ਬੇਝਿੱਜਕ ਤੁਹਾਨੂੰ ਕਹਿ ਦੇਵਾਂਗਾ।‘‘ ਮੈਡਮ ਬੋਲੇ, ‘‘ਚਲੋ ਠੀਕ ਐ….ਅਸੀਂ ਤੁਹਾਡੀ ਇੱਕ ਮਹੀਨੇ ਦੀ ਮਿਹਨਤ ਅਤੇ ਕੰਮ ਕਰਨ ਦੇ ਢੰਗ ਨੂੰ ਦੇਖ ਕੇ ਤੁਹਾਡੀ ਤਨਖ਼ਾਹ….ਸੌਲ੍ਹਾਂ ਸੌ ਰੁਪਏ…..ਤੈਅ ਕੀਤੀ ਹੈ। ਕੀ ਤੁਸੀਂ ਇੰਨੀ ਤਨਖ਼ਾਹ ਵਿੱਚ ਸਾਡੇ ਨਾਲ ਕੰਮ ਕਰਨ ਲਈ ਰਾਜ਼ੀ ਹੋ?‘‘ ਮੈਂ ਮਨ ਹੀ ਮਨ ਹੱਸ ਰਿਹਾ ਸਾਂ ਕਿ ਜੇ ਕਿਤੇ ਆਪਣੀ ਭੈਣ ਦੇ ਆਖੇ ਲੱਗ ਜਾਂਦਾ ਤਾਂ ਦੋ ਸੌ ਰੁਪਏ ਪ੍ਰਤੀ ਮਹੀਨੇ ਦਾ ਨੁਕਸਾਨ ਕਰਵਾ ਬੈਠਦਾ। ਉਸ ਦਿਨ ਇਹ ਮਹਿਸੂਸ ਹੋਇਆ ਕਿ ਜੇਕਰ ਇਨਸਾਨ ਕੋਈ ਵੀ ਕੰਮ ਮਿਹਨਤ ਅਤੇ ਲਗਨ ਨਾਲ ਸੱਚੇ ਦਿਲੋਂ ਕਰਦਾ ਹੈ ਤਾਂ ਸੱਚਮੁਚ ਇੱਕ-ਨਾ-ਇੱਕ ਦਿਨ ਉਸਨੂੰ ਉਸਦੀ ‘ਮਿਹਨਤ ਦਾ ਮੁੱਲ‘ ਜ਼ਰੂਰ ਮਿਲਦਾ ਹੈ।
ਅਭੀਜੀਤ ਅਬੋਹਰ
+91-95-929-00-486
+91-89-478-000-86