—————-ਨਰੜ੍ਹ (ਕਹਾਣੀ)—————
ਜਦੋਂ ਹੀ ਘਰੇ ਵੜ੍ਹੀ ਤਾਂ ਪਿਉ ਅਤੇ ਵੀਰ ਦੀਆਂ ਲਾਲ ਹੋਈਆਂ ਅੱਖਾਂ ਕਿਸੇ ਅਣਹੋਣੀ ਦੀ ਬਾਤ ਪਾ ਰਹੀਆਂ ਸਨ। ਮਾਂ ਦੀਆਂ ਅੱਖਾਂ ਵਿੱਚ ਗ਼ੁੱਸਾ ਅਤੇ ਪਾਣੀ ਦੋਵੇਂ ਤੈਰ ਰਹੇ ਸਨ। ਇਸਤੋਂ ਪਹਿਲਾਂ ਕਿ ਉਹ ਕੁੱਝ ਪੁੱਛਣ ਲਈ ਆਪਣਾ ਮੂੰਹ ਖੋਲੇ, ਮਾਂ ਨੇ ਅੱਗੇ ਵੱਧ ਉਸਦੇ ਮੂੰਹ ਉੱਤੇ ਤਿੰਨ-ਚਾਰ ਚਪੇੜਾਂ ਜੜ ਦਿੱਤੀਆਂ। ਉਹ ਡੌਰ-ਭੌਰ ਹੋਈ ਖੜ੍ਹੀ ਸੀ। ਮਾਂ ਨੇ ਤਾਂ ਕਦੇ ਉਸਨੂੰ ਕਦੇ ਝਿੜਕ ਕੇ ਵੀ ਨਾ ਦੇਖਿਆ ਸੀ, ਸੀ ਪਰ ਅੱਜ ਇਸ ਦੀ ਉਮੀਦ ਤਾਂ ਉਸਨੇ ਕਦੇ ਵੀ ਨਹੀ ਕੀਤੀ ਸੀ।
ਅੱਖਾਂ ਦੇ ਨਾਲ ਨਾਲ ਉਸਦਾ ਦਿਲ ਵੀ ਰੋ ਰਿਹਾ ਸੀ। ਘਰ ਦਾ ਮਾਹੌਲ ਬਦਲ ਗਿਆ। ਹੱਸਦੇ-ਖੇਡਦੇ ਸਭ ਦੇ ਚਿਹਰਿਆਂ ਉੱਤੇ ਚੁੱਪ ਪਸਰ ਗਈ ਸੀ। ਅਗਲੇ ਦਿਨ ਉਸਨੂੰ ਨੌਕਰੀ ਉੱਤੇ ਵੀ ਨਾ ਜਾਣ ਦਿੱਤਾ। ਜਾਣ ਵੀ ਕਿਵੇਂ ਦਿੰਦੇ? ਕੱਲ ਨਿੱਕੇ ਦੇ ਕਿਸੇ ਦੋਸਤ ਨੇ ਉਸਨੂੰ ਮੁੰਡੇ ਨਾਲ ਫਿਲਮ ਦੇਖਦੇ ਸਿਨੇਮਾ ਵਿੱਚ ਦੇਖ ਲਿਆ ਸੀ। ਉਸਨੇ ਜਦੋਂ ਉਸ ਮੁੰਡੇ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਸਾਫ ਜਵਾਬ ਦੇ ਗਿਆ ਕਿ ਅਜੇ ਉਸਨੇ ਦੋ-ਤਿੰਨ ਸਾਲ ਵਿਆਹ ਕਰਵਾਉਣਾ ਹੀ ਨਹੀ ਹੈ। ਇਸ ਸਭ ਜਾਣ ਮਾਂ-ਪਿਉ ਹੋਰ ਸਦਮੇ ਵਿੱਚ ਆ ਗਏ ਅਤੇ ਭਰਾ ਦਾ ਪਾਰਾ ਸਤਵੇਂ ਆਸਮਾਨ ਉੱਤੇ ਸੀ। ਦਿਨਾਂ ਵਿੱਚ ਹੀ ਉਸਦੇ ਲਈ ਰਿਸ਼ਤੇ ਦੀ ਭਾਲ ਹੋਣ ਲੱਗੀ ਅਤੇ ਘਰਾਂ ਵਿੱਚੋਂ ਲੱਗਦੀ ਇੱਕ ਭੂਆ ਦੀ ਰਿਸ਼ਤੇਦਾਰੀ ਵਿੱਚ ਰਿਸ਼ਤਾ ਪੱਕਾ ਕਰ ਦਿੱਤਾ।
ਮੁੰਡੇ ਦਾ ਪਿਉ ਨਹੀ ਸੀ। ਘਰ ਭਾਂਵੇ ਹੌਲਾ ਹੀ ਸੀ ਪਰ ਮੁੰਡਾ ਪੜ੍ਹਿਆ ਲਿਖਿਆ ਸੀ ਅਤੇ ਵਾਹੀ ਦੇ ਨਾਲ ਨਾਲ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ। ਵੀਹ ਦਿਨਾਂ ਵਿੱਚ ਬਿਨ੍ਹਾਂ ਕਿਸੇ ਰੌਲੇ-ਰੱਪੇ ਤੋਂ ਉਹ ਸਹੁਰੀ ਪਹੁੰਚ ਗਈ ਸੀ। ਕਿੱਥੇ ਉਸਦੇ ਪੇਕਿਆਂ ਦੀ ਸ਼ਹਿਰ ਵਿੱਚ ਸ਼ਾਨਦਾਰ ਕੋਠੀ ਅਤੇ ਕਿੱਥੇ ਇਹ ਸਾਧਾਰਨ ਜਿਹਾ ਘਰ। ਉਸਦੇ ਦਿਲ ਦਾ ਹਾਲ ਬੱਸ ਉਹ ਹੀ ਜਾਣਦੀ ਸੀ। “ਮਨ ਵਿੱਚ ਆਇਆ ਕਿ ਸੱਚੀ ਜੌੜੀਆਂ ਜੱਗ ਥੌੜੀਆਂ, ਨਰੜ੍ਹ ਬਥੇਰੇ”। ਪਹਿਲਾਂ ਉਸਨੂੰ ਲੱਗਿਆ ਕਿ ਇਹ ਰਿਸ਼ਤਾ ਉਹਨਾਂ ਨੇ ਦਾਜ ਦੇ ਲਾਲਚ ਵਿੱਚ ਲਿਆ ਹੋਊ ਪਰ ਜਦੋਂ ਮੁੰਡੇ ਨੇ ਲੀੜਾ-ਕੱਪੜਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਤਾਂ ਉਸਦਾ ਇਹ ਭਰਮ ਤਾਂ ਟੁੱਟ ਗਿਆ ਸੀ। ਪਰ ਉਸਨੂੰ ਹਰ ਹਾਲ ਵਿੱਚ ਇਹ ਰਿਸ਼ਤਾ ਪਸੰਦ ਨਹੀ ਸੀ। ਉਸਨੇ ਆਪਣੇ ਘਰਵਾਲੇ ਕੋਲੋ ਹਰ ਸੰਭਵ ਦੂਰੀ ਬਣਾ ਕੇ ਰੱਖੀ ਹੋਈ ਸੀ...
ਬੱਸ ਇੱਕ ਕਮਰੇ ਅਤੇ ਚੁੱਪ ਦਾ ਹੀ ਨਾਤਾ ਸੀ ਉਹਨਾਂ ਦਾ।
ਜਦੋਂ ਵੀ ਉਹ ਉਸ ਵੱਲ ਤੱਕਦੀ ਤਾਂ ਉਸਦੇ ਪ੍ਰੇਮੀ ਦਾ ਚਿਹਰਾ ਹੀ ਅੱਖਾਂ ਅੱਗੇ ਘੁੰਮਦਾ। ਕਿੱਥੇ ਇਹ ਸਾਧਾਰਨ ਜਿਹੀ ਦਿੱਖ ਵਾਲਾ ਮੁੰਡਾ ਅਤੇ ਕਿੱਥੇ ਉਹ ਸੋਹਣਾ ਸੁਨੱਖਾ ਬਣ-ਤਣ ਕੇ ਰਹਿਣ ਵਾਲਾ। ਪਰ ਫੇਰ ਨਾਲ ਹੀ ਚਿੱਤ ਵਿੱਚ ਆਉਂਦਾ ਕਿ ਉਸਨੇ ਹੀ ਦਗਾ ਕਰ ਉਸਦੀ ਕਿਸਮਤ ਰੋਲ ਦਿੱਤੀ ਆ। ਉਸਦੇ ਸ਼ਹਿਰ ਵਿੱਚ ਮੁੰਡੇ ਨਾਲ ਫਿਲਮ ਦੇਖਣ ਵਾਲੀ ਗੱਲ ਸ਼ਾਇਦ ਹੌਲੀ ਹੌਲੀ ਪਿੰਡ ਵੀ ਪਹੁੰਚ ਗਈ ਸੀ। ਉਂਜ ਵੀ ਤਾਂ ਲੋਕ ਮੂੰਹ ਜੋੜ ਜੋੜ ਗੱਲਾਂ ਕਰਦੇ ਹੀ ਸਨ ਕਿ ਇੱਥੇ ਤਕੜੇ ਘਰ ਦੀ ਇੰਨੀ ਪੜ੍ਹੀ ਲਿਖੀ ਕੁੜੀ ਇਹਨਾਂ ਦੇ ਘਰ ਕਿਵੇਂ ਆ ਗਈ? ਪਰ ਜਿਸ ਦਿਨ ਸੱਸ ਦੇ ਕੰਨਾਂ ਤੱਕ ਇਸ ਗੱਲ ਦੀ ਭਿਣਕ ਪਹੁੰਚੀ ਤਾਂ ਉਸਦਾ ਰਵੱਈਆਂ ਹੀ ਬਦਲ ਗਿਆ। ਹੁਣ ਉਹ ਉਸਦੀ ਪਲ ਪਲ ਦੀ ਭਿਣਕ ਰੱਖਦੀ ਅਤੇ ਜਦੋਂ ਉਸਨੇ ਵਿਆਹ ਦੇ ਦੋ ਕੁ ਮਹੀਨੇ ਬਾਅਦ ਨੌਕਰੀ ਉੱਤੇ ਜਾਣ ਦੀ ਗੱਲ ਕੀਤੀ ਤਾਂ ਸੱਸ ਨੇ ਕੋਰਾ ਜਵਾਬ ਦੇ ਦਿੱਤਾ।
“ਅੱਗੇ ਖੇਹ-ਖਾਂਦੀ ਤਾਂ ਮਾਪਿਆਂ ਨੇ ਸਾਡੇ ਮੱਥੇ ਮੜ੍ਹ ਦਿੱਤੀ। ਹੁਣ ਜੇ ਕੋਈ ਕਰਤੂਤ ਕੀਤੀ ਤਾਂ ਅਸੀ ਕਿੱਥੇ ਜਾਵਾਂਗੇ”, ਸੱਸ ਨੇ ਤਪਾਕ ਦੇ ਕੇ ਜਵਾਬ ਦੇ ਦਿੱਤਾ।
“ਮਾਂ ਇਹ ਬਾਹਰ ਅੰਦਰ ਵੀ ਜਾਵੇਗੀ ਅਤੇ ਨੌਕਰੀ ਵੀ ਕਰੇਗੀ। “, ਇਹ ਸ਼ਬਦ ਉਸਦੇ ਘਰਵਾਲੇ ਦੇ ਸਨ ਜਿਸਨੇ ਸ਼ਾਇਦ ਸਭ ਸੁਣ ਲਿਆ ਸੀ।
“ਇਹ ਆਪਣਾ ਘਰ ਬਾਰ ਅਤੀਤ ਪਿੱਛੇ ਛੱਡ, ਮੇਰੇ ਨਾਲ ਆ ਗਈ ਆ। ਗੁਰੂ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਹਨ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਜੀਵਨ-ਸਾਥਣ ਹਰ ਵਚਨ ਤਨਦੇਹੀ ਨਾਲ ਨਿਭਾਵੇਗੀ”, ਉਹ ਉਸਦਾ ਹੱਥ ਫੜ੍ਹ ਪੂਰੇ ਹੱਕ ਅਤੇ ਵਿਸ਼ਵਾਸ ਨਾਲ ਬੋਲਿਆ।
ਉਸਦੇ ਮਨ ਉੱਤੋਂ ਫੋਕੀ ਆਕੜ ਦੀ ਗਰਦ ਝੜ੍ਹ ਚੁੱਕੀ ਸੀ। ਅੱਜ ਪਹਿਲੀ ਵਾਰ ਮਹਿਸੂਸ ਹੋਇਆ ਕਿ ਉਹ ਵਿਆਹੀ ਹੋਈ ਸੀ। ਉਸਦੀਆਂ ਪਛਤਾਵੇ ਅਤੇ ਦੁੱਖ ਵਾਲੀਆਂ ਨਜ਼ਰਾਂ ਨਾਲ ਜਦੋਂ ਆਪਣੇ ਸਾਥੀ ਵੱਲ ਤੱਕਿਆ ਤਾਂ ਉਸਦੇ ਪ੍ਰੇਮੀ ਦੇ ਨਕਸ਼ ਕਿੱਧਰੇ ਅਲੋਪ ਹੋ ਚੁੱਕੇ ਸਨ ਅਤੇ ਸਾਹਮਣੇ ਖੜ੍ਹਾ ਸੀ ਉਸਦਾ ਵਰਤਮਾਨ ਅਤੇ ਭਵਿੱਖ।
✍🏻✍🏻ਹਰਪ੍ਰੀਤ ਬਰਾੜ ਸਿੱਧੂ