ਆਥਣ ਵੇਲ਼ੇ ਸੱਥ ‘ਚ ਮਹਿਫ਼ਲ ਜੰਮੀ ਸੀ।ਸਭ ਆਪੋ ਆਪਣੀਆਂ ਵਿਚਾਰਾਂ ਕਰ ਰਹੇ ਸੀ।ਕੋਲ਼ੋਂ ਲੰਘੇ ਜਾਂਦੇ ਨਾਜਰ ਨੂੰ ਦੇਖ ਕੇ,ਜਾਗਰ ਨੇ ‘ਵਾਜ ਮਾਰੀ,”ਓ ਨਾਜਰਾ…ਕਿੱਧਰ ਨੂੰ?ਆਜਾ ਬੈਠ ਜਾ ਦੋ ਘੜੀ..”
“ਨਾ ਬਈ ਜਾਗਰਾ..ਮੈਂ ਤਾਂ ਗੁਰੂ ਘਰ ਚੱਲਿਆਂ..ਮੱਥਾ ਟੇਕਣ..।”
“ਗੁਰੂ ਘਰ?ਨਾਲ਼ੇ ਤੂੰ ਤਾਂ ਕਹਿਨਾਂ ਹੁੰਨਾਂ ਬਈ ਗੁਰੂ ਘਰ ਤਾਂ ਇਮਾਰਤ ਈ ਹੁੰਦੀ ਆ..ਸੱਚੇ ਸੁੱਚੇ ਬਣ ਕੇ ਰਹੋ ਤਾਂ ਘਰੇ ਈ ਆ ਸਭ ਕੁਸ਼..।”
ਮੁਖਤਿਆਰ ਨੂੰ ਵੀ ਕੁਝ ਪੁਰਾਣੀਆਂ ਗੱਲਾਂ ਦਾ ਚੇਤਾ ਸੀ।ਤੇ ਜੁੰਡਲ਼ੀ ਨੇ ਤਾਂ ਓਹਦਾ ਨਾਂ ਰੱਖਿਆ ਈ ‘ਨਾਸਤਕ’ ਸੀ।
“ਹਾਂ..ਯਰ..ਕਹਿੰਦਾ ਸੀ ਪਰ..”
“ਪਰ ਕੀ?”ਸਭ ਦੀ ਉਤਸੁਕਤਾ ਵਧ ਗਈ।
“ਯਰ..ਮੈਂ ਨਾਸਤਕ ਤਾਂ ਨੀੰ ਸੀ..ਪਰ ਰੱਬ ਨਾਲ਼ ਗਿਲਾ ਜਾ ਰਹਿੰਦਾ ਸੀ ਵੀ ਏਨਾ ਪਾਪ…ਏਨੇ ਜ਼ੁਲਮ..ਕੁਝ ਕਰਦਾ ਕਿਉਂ ਨੀੰ..।”
“ਫੇਰ..ਹੁਣ ਕੀ ਹੋ ਗਿਆ ?”
“ਸਾਲ ਹੋ ਗਿਆ ਦੇਖਦੇ ਨੂੰ..ਲਗਦਾ ਸੀ ਮੋਰਚੇ ‘ਚ ਬਾਬਾ ਆਪ ਤੁਰਿਆ ਫਿਰਦਾ ਸੀ ਤਾਂ ਹੀ ਤਾਂ ਐਨੀਆਂ ਮੁਸੀਬਤਾਂ ‘ਚ ਵੀ ਡੋਲੇ ਨੀੰ…ਹਰ ਪਲ਼ ,ਹਰ ਸਾਹ...
ਨਾਲ਼ ਅਰਦਾਸ ਕਰਦਾ ਰਿਹਾਂ…ਸਭ ਕੁਝ ਚੰਗਾ ਲੱਗਣੋਂ ਹਟ ਗਿਆ ਸੀ..ਬੱਸ ਗੁਰਬਾਣੀ ਦਾ ਈ ਸਹਾਰਾ ਰਿਹਾ ਹਰ ਵੇਲ਼ੇ..।ਐਨਾ ਪਾਠ ਤਾਂ ਮੈਂ ਸਾਰੀ ਜਿੰਦਗੀ ਨੀੰ ਸੀ ਕੀਤਾ..ਜਿੰਨਾ ਏਸ ਸਾਲ ‘ਚ ਕੀਤਾ ਤੇ ਰੱਬ ਨੇ ‘ਜਿੱਤ’ ਵੀ ਤਾਂ ਬਖਸ਼ੀ ਆ..।”
” ਹੁਣ ਤਾਂ ਜਿੱਤ ਵੀ ਹੋ ਗੀ…ਹੁਣ ਵੀ ਰੋਜ਼ ਈ ਪਾਠ ਕਰਦਾਂ? “ਇੱਕ ਬੋਲਿਆ।
“ਇਹ ਤਾਂ ਹੁਣ ਸਾਹ ਰਹਿਣ ਤੱਕ ਏਵੇੰ ਈ ਚੱਲੂ…ਸਾਰੇ ਆਜੋ..ਰੋਜ ਰਲ਼ ਕੇ ਅਰਦਾਸ ਕਰਿਆ ਕਰੀਏ ਕਿ ਬਾਬਾ ਜੀ ਹੁਣ ਪੰਜਾਬ ਨੂੰ ਤੱਤੀਆਂ ‘ਵਾਵਾਂ ਤੋੰ ਬਚਾਓ..।ਹੁਣ ਆਪਾਂ ਪ੍ਰਮਾਤਮਾ ਤੋਂ ਸੋਹਣਾ ਭਵਿੱਖ ਵੀ ਤਾਂ ਮੰਗਣਾ ਆਪਣੇ ਪੰਜਾਬ ਦਾ….।”
“ਆ ਜੋ ਬਈ..ਆਜੋ…।” ਕਹਿੰਦਾ ਹੋਇਆ ਜਾਗਰ ਵੀ ਨਾਲ਼ ਹੋ ਤੁਰਿਆ।
ਦੀਪ ਵਿਰਕ
ਦਸੰਬਰ 25,2021