ਉਸ ਦਿਨ ਦਿਲ ਨੂੰ ਕੁਝ ਜਿਆਦਾ ਹੀ ਕਾਹਲੀ ਪੈ ਰਹੀ ਸੀ..ਅਖੀਰ ਬਾਬਾ ਜੀ ਦੀ ਕੁਟੀਆ ਤੇ ਜਾ ਅਪੜਿਆਂ..ਅੱਗੋਂ ਆਖਣ ਲੱਗੇ ਕਿੱਦਾਂ ਆਇਆ ਭਗਤਾ?
ਆਖਿਆ ਜੀ ਕੁਝ ਦਿਨਾਂ ਤੋਂ ਮੌਤੋਂ ਬੜਾ ਡਰ ਜਿਹਾ ਲੱਗੀ ਜਾਂਦਾ..ਸਾਰੀ ਉਮਰ ਕਿੰਨਾ ਕੁਝ ਬਣਾਇਆ..ਸਭ ਕੁਝ ਇਥੇ ਹੀ ਛੱਡਣਾ ਪੈਣਾ..ਅਖੀਰ ਇੱਕ ਦਿਨ ਆਪਣਿਆਂ ਕੋਲੋਂ ਵਿਛੜਨਾ ਵੀ ਪੈਣਾ ਅਤੇ ਸਭ ਤੋਂ ਵੱਧ ਇਸ ਗੱਲ ਦਾ ਡਰ ਲੱਗੀ ਜਾਂਦਾ ਕੇ ਪਤਾ ਨੀ ਕਿਸ ਜਹਾਨੇ ਰਵਾਨਗੀ ਪੈਣੀ ਤੇ ਬੂਹਾ ਖੁੱਲ੍ਹਦਿਆਂ ਹੀ ਪਤਾ ਨੀ ਅੱਗਿਓਂ ਕਿਸ ਨੇ ਟੱਕਰਨਾਂ..!
ਹੱਸ ਪਏ..ਆਖਣ ਲੱਗੇ ਹੁਣੇ ਮਿਲ ਜਾਂਦਾ ਤੇਰੇ ਸਵਾਲ ਦਾ ਜੁਵਾਬ!
ਏਨੇ ਨੂੰ ਬੂਹੇ ਤੇ ਬਿੜਕ ਹੋਈ..ਬਾਰ ਖੋਲਿਆ ਤਾਂ ਅਗੇ ਕੁੱਤਾ ਸੀ..ਖੜੇ ਕੰਨ ਪੂੰਛ ਹਿਲਾਉਂਦਾ ਹੋਇਆ..ਅੰਦਰ ਆਉਂਦਿਆਂ ਹੀ ਬਾਬਾ ਜੀ ਦੀ ਪੈਰਾਂ ਨੂੰ ਚਿੰਬੜ ਗਿਆ..!
ਬਾਬਾ ਜੀ ਆਖਣ ਲੱਗੇ ਆਹੀ ਏ ਤੇਰੇ ਸਵਾਲਾਂ ਦਾ ਜੁਆਬ..ਇਸ ਕੁੱਤੇ ਨੂੰ ਬਾਹਰ ਗਏ ਨੂੰ...
ਕਿੰਨੀਆਂ ਘੜੀਆਂ ਹੋ ਗਈਆਂ..ਸਾਰਾ ਦਿਨ ਤਰਾਂ ਤਰਾਂ ਦੇ ਪਕਵਾਨ ਸ਼ੈਵਾਂ ਖਾਦੀਆਂ..ਅਖੀਰ ਸਭ ਕੁਝ ਛੱਡ ਛਡਾ ਵਾਪਿਸ ਪਰਤ ਆਇਆ..ਜਦੋਂ ਮੰਜਿਲ ਤੇ ਅੱਪੜ ਦਸਤਕ ਦਿੱਤੀ ਤਾਂ ਪੂਰਾ ਖੁਸ਼ ਸੀ..ਕਿਓੰਕੇ ਇਸਨੂੰ ਪੱਕਾ ਯਕੀਨ ਸੀ ਕੇ ਬਾਰ ਖੁਲਦਿਆਂ ਹੀ ਅੱਗਿਓਂ ਮੇਰਾ ਮਾਲਕ ਖਲੋਤਾ ਹੋਇਆ ਮਿਲੇਗਾ..ਬੱਸ ਏਹੀ ਵਿਸ਼ਵਾਸ਼ ਅਤੇ ਯਕੀਨ ਆਪਣੇ ਅੰਦਰ ਵੀ ਪੈਦਾ ਕਰ..ਮਰਨ ਉਪਰੰਤ ਭਾਵੇਂ ਜਿਥੇ ਮਰਜੀ ਜਾਵਾਂ ਅੱਗਿਓਂ ਮੈਨੂੰ ਮੇਰਾ ਮਾਲਕ ਹੀ ਮਿਲੇਗਾ..ਅੰਦਰ ਦੇ ਸਭ ਡਰ ਵਲਵਲੇ ਅਤੇ ਦੁੱਖ ਤਕਲੀਫ਼ਾਂ ਜਾਂਦੀਆਂ ਰਹਿਣਗੀਆਂ!
ਦੋਸਤੋ ਵਾਕਿਆ ਹੀ ਜਦੋਂ ਇਹ ਯਕੀਨ ਅਤੇ ਵਿਸ਼ਵਾਸ਼ ਮਰ ਜਾਂਦਾ ਏ ਤਾਂ ਕਿੰਨੀਆਂ ਦੁੱਖ ਤਕਲੀਫ਼ਾਂ ਡਰ ਵਲਵਲੇ ਜ਼ਿਹਨ ਤੇ ਭਾਰੂ ਹੋ ਜਾਂਦੇ ਨੇ!