ਨੀਅਤ (ਪੰਜਾਬੀ ਕਹਾਣੀ)
ਮਾਂ ਦੇ ਭੋਗ ਪੈ ਜਾਣ ਦੇ ਹਫ਼ਤੇ ਬਾਅਦ ਸਨੇਹਾ ਹੋਰੀਂ ਪੰਜੇ ਭੈਣਾਂ ਇੱਕ ਵਾਰ ਫਿਰ ਪੇਕੀਂ ਗੇੜਾ ਮਾਰਨ ਆਈਆਂ ਤਾਂ ਉਹਨਾਂ ਦੇ ਚਾਹ ਪੀਣ ਉਪਰੰਤ ਉਹਨਾਂ ਦੇ ਇੱਕਲੋਤੇ ਛੋਟੇ ਭਰਾ ਨੇ ਇੱਕ ਗੁਥਲੀ ਉਨ੍ਹਾਂ ਦੇ ਸਾਹਮਣੇ ਖੋਲ ਕੇ ਰੱਖ ਦਿੱਤੀ। ਜਿਸ ਵਿੱਚ ਮਾਂ ਦੀਆਂ ਦੋ ਸੋਨੇ ਦੀਆਂ ਚੂੜੀਆਂ,ਬਾਲੀਆਂ ਦਾ ਜੋੜਾ ਤੇ ਇੱਕ ਕੋਕਾ ਸੀ।
ਭਰਾ ਨੇ ਆਪਣੀ ਇਮਾਨਦਾਰੀ ਨਾਲ ਮਾਂ ਦੀਆਂ ਸਭ ਕੀਮਤੀ ਚੀਜ਼ਾਂ ਭੈਣਾਂ ਅੱਗੇ ਰੱਖ ਦਿੱਤੀਆਂ।ਇਹ ਦੇਖ ਭੈਣਾਂ ਦੇ ਮੂੰਹ ਅੱਡੇ ਰਹਿ ਗਏ। ਆਪਣੀਆਂ ਭੈਣਾਂ ਦੇ ਉੱਤਰੇ ਮੂੰਹ ਦੇਖ ਕੇ ਭਰਾ ਨੇ ਕਿਹਾ,’ਮੈਨੂੰ ਤਾਂ ਬੇਬੇ ਦੇ ਸੰਦੂਕ ਚੋ ਇਹੀ ਮਿਲਿਆ।ਕਿਉਂ ਕੁਛ ਹੋਰ ਵੀ ਸੀ ਤਾਂ ਦੱਸਦੋ ਮੈਂ ਲੱਭ ਲੇਨਾ ‘!
ਇੰਨੇ ਚ ਉਸਦੀ ਪਤਨੀ ਆਪਣੀ ਸੱਸ ਦੇ ਕੱਪੜੇ,ਖੇਸ,ਸ਼ਾਊਲ,ਬੂਟ-ਜਰਾਬਾਂ ਤੱਕ ਮੰਜੇ ਤੇ ਰੱਖ ਆਪਣੀਆਂ ਨਣਦਾਂ ਦੇ ਸਾਹਮਣੇ ਲੈ ਆਈ। ‘ਰੁਕੋ ਜੀ,ਇਹ ਚੀਜ਼ਾਂ ਵੀ ਤਾਂ ਦੇਵੋ’ …ਕਹਿ ਉਹ ਮੰਜੇ ਦੇ ਲਾਗੇ ਖਲੋ ਗਈ।
ਸਨੇਹਾਂ ਹੋਰਾਂ ਦੇ ਹੱਥ ਤੇ ਉਸਨੇ ਦੋ-ਦੋ ਤੋਲਿਆਂ ਦੇ ਟੌਪਸ ਜੋ ਬੇਬੇ ਨੇ ਜਿਓਂਦੀ ਹੁੰਦੀ ਨੇ ਬਣਾ ਕੇ ਰੱਖੇ ਸਨ ਕੇ ਜੇ ਮੇਰੇ ਤਿੰਨ ਪੋਤੀਆਂ ਤੋਂ ਬਾਅਦ ਪੋਤਾ ਹੋਇਆ ਤਾਂ ਖੁਸ਼ੀ-ਖੁਸ਼ੀ ਆਪਣੇ ਵੱਲੋਂ ਧੀਆਂ ਨੂੰ ਦੇਵਾਂਗੀ ਤਾਂ ਕੇ ਭਰਾ ਤੇ ਪੰਜ ਭੈਣਾਂ ਦਾ ਬੋਝ ਨਾ ਬਣੇ … ਵੀ ਰੱਖ ਦਿੱਤੇ।ਸਨੇਹਾ ਹੋਰਾਂ ਦੇ ਭਰਾ ਤੇ ਭਰਜਾਈ ਨੇ ਹੋਰ ਬੱਚਾ ਨਾ ਕਰਨ ਦਾ ਫੈਸਲਾ ਜੋ ਲੈ ਲਿਆ ਸੀ।
ਭਰਾ ਤੇ ਭਰਜਾਈ ਦੁਆਰਾ ਮਾਂ ਦੀਆਂ ਚੀਜ਼ਾਂ ਨੂੰ ਬਿਲਕੁਲ ਨਾ ਲੁਕਾਉਣ ਸਗੋਂ ਹਰ ਚੀਜ਼ ਨੂੰ ਸਾਹਮਣੇ ਰੱਖ ਦੇਣ ਨਾਲ ਸਨੇਹਾਂ ਹੋਰੀਂ ਸਭ ਭੈਣਾਂ ਭਾਵੁਕ ਹੋ ਗਈਆਂ।
ਜਦੋਂ ਉਹਨਾਂ ਨੇ ਕਿਸੇ ਵੀ ਚੀਜ਼ ਨੂੰ ਹੱਥ ਨਾ ਪਾਇਆ ਤਾਂ ਉਹਨਾਂ ਦੀ ਭਰਜਾਈ ਬੋਲੀ,’ਭੈਣੋ ਇਹ ਥੋਡੀ ਮਾਂ ਦੀਆਂ ਕੀਮਤੀ ਨਿਸ਼ਾਨੀਆਂ। ਮਰਹੂਮ ਮਾਂ ਦੀਆਂ ਚੀਜ਼ਾਂ ਦੀ ਅਹਿਮੀਅਤ ਇੱਕ ਧੀ ਨੂੰ ਹੀ ਪਤਾ ਹੁੰਦੀ।ਭਾਵੇਂ ਮੈਂ ਦਾਜ ਚ ਕੁਝ ਨਹੀਂ ਲਿਆਈ ਸੀ ਪਰ ਮੇਰੀ ਮਾਂ ਨੇ ਜੋ ਵੀ ਛੋਟੀ ਮੋਟੀ ਚੀਜ਼ ਮੈਨੂੰ ਦਿੱਤੀ ਮੈਂ ਸਾਂਭ ਕੇ ਰੱਖੀ ਹੋਈ।ਇਹ ਸਭ ਬਸਤਰ,ਗਹਿਣੇ,ਜੁੱਤੇ ਤੁਹਾਡੀ ਮਾਂ ਦੀਆਂ ਨਿਸ਼ਾਨੀਆਂ ਤੁਸੀਂ ਆਪਸ ਚ ਵੰਡ ਕੇ ਲੈ ਲਵੋ।ਅਸੀਂ ਰਸੋਈ ਚ ਰੋਟੀ ਬਣਾਉਂਦੇ ਆਂ …’ ਕਹਿ ਸਨੇਹਾ ਦੀ ਭਰਜਾਈ ਤੇ ਭਰਾ ਰਸੋਈ ਚ ਚਲੇ ਗਏ।
ਜਦੋਂ ਉਹ ਰੋਟੀ ਤਿਆਰ ਕਰ ਮੁੜ...
ਆਏ ਤਾਂ ਸਭ ਚੀਜ਼ਾਂ ਉਂਝ ਹੀ ਪਈਆਂ ਸਨ।ਸੋਨੇ ਦੀਆਂ ਚੀਜ਼ਾਂ ਆਪਣੇ ਤੇ ਆਪਣੀਆਂ ਭੈਣਾਂ ਵੱਲੋਂ ਸਨੇਹਾ ਨੇ ਭਾਬੋ ਨੂੰ ਦਿੰਦਿਆਂ ਕਿਹਾ,’ਫਿਰ ਕੀ ਹੋਇਆ ਜੇ ਸਾਡੀ ਮਾਂ ਨਹੀਂ ਰਹੀ,ਹੁਣ ਤੂੰ ਸਾਡੀ ਭਰਜਾਈ ਵੀ ਆਂ ਮਾਂ ਵੀ।ਸਾਡੇ ਪੇਕਿਆਂ ਦਾ ਦਰ ਤੂੰ ਖੁੱਲ੍ਹਾ ਰੱਖਣਾ-ਵਸਦਾ ਰੱਖਣਾ।ਸਾਡੇ ਕੋਲ ਸਾਡੀਆਂ ਸੱਸਾਂ ਦਾ ਦਿੱਤਾ ਹੈਗਾ।ਇਹ ਤੇਰੀ ਸੱਸ ਦਾ ਆ ਤੂੰ ਸਾਂਭ ਕੇ ਰੱਖ।ਜੇ ਕਦੇ ਸਾਡੇ ਭਤੀਜਾ ਹੋਇਆ ਤਾਂ ਅਸੀਂ ਆਪੋ-ਆਪਣੇ ਟੌਪਸ ਮਾਣ ਨਾਲ ਜਰੂਰ ਲੈ ਕੇ ਜਾਵਾਂਗੀਆਂ,ਨਹੀਂ ਫਿਰ ਤੂੰ ਸਾਡੀਆਂ ਭਤੀਜੀਆਂ ਨੂੰ ਦੇ ਕੇ ਡੰਗ ਸਾਰ ਲਵੀਂ।ਤੁਸੀਂ ਭਰਾ ਤੇ ਭਰਜਾਈ ਹੁਣ ਸਾਡੇ ਮਾਪੇ ਹੋ।ਤੁਸੀਂ ਸਾਡੇ ਪੇਕਿਆਂ ਦਾ ਘਰ ਵਸਦਾ ਰੱਖਣਾ ਸਾਡੇ ਲਈ ਇੰਨਾ ਕਾਫੀ ਹੈ।ਥੋਡੇ ਦੁੱਖ ਵੀ ਸਾਡੇ ਨੇ ਤੇ ਸੁਖ ਵੀ ..’!
ਆਪਣੀਆਂ ਭੈਣਾਂ ਦੁਆਰਾ ਕੋਈ ਵੀ ਚੀਜ਼ ਨੂੰ ਲੈ ਕੇ ਜਾਣ ਤੋਂ ਇਨਕਾਰ ਕਰ ਦੇਣ ਨਾਲ ਭਰਾ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ।
ਆਪਣੀਆਂ ਨਣਦਾਂ ਦੇ ਮੂਹੋਂ ਸਨੇਹ ਭਰੀਆਂ ਗੱਲਾਂ ਸੁਣ ਭਰਜਾਈ ਦੇ ਦਿਲ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਹੋਰ ਵੀ ਵੱਧ ਗਿਆ।
ਬਰਾਂਡੇ ਚ ਬੈਠੀਆਂ ਭਤੀਜੀਆਂ ਆਪਣੀਆਂ ਭੂਆਂ ਦੀਆ ਸਭ ਗੱਲਾਂ ਸੁਣ ਰਹੀਆਂ ਸਨ।ਜਦੋਂ ਉਨ੍ਹਾਂ ਸਭ ਕੁਝ ਆਪਣੇ ਭਰਾ-ਭਰਜਾਈ ਲਈ ਛੱਡ ਦਿੱਤਾ ਤਾਂ ਉਨ੍ਹਾਂ ਨੂੰ ਭੂਆ ਨਾਲ ਹੋਰ ਵੀ ਮੋਹ ਹੋ ਗਿਆ।ਉਹ ਸੋਚਣ ਲੱਗੀਆਂ ”ਅਸੀਂ ਵੀ ਵੱਡੀਆਂ ਹੋ ਕਿ ਭੂਆਂ ਹੋਰਾਂ ਵਰਗੀਆਂ ਬਣਾਂਗੀਆਂ’!
ਭਰਾ-ਭਰਜਾਈ ਤੇ ਭੈਣਾਂ ਨੇ ਇੱਕ ਦੂਜੇ ਦਾ ਖਿਆਲ ਰੱਖ ਇੱਕ ਦੂਜੇ ਲਈ ਚੀਜ਼ਾਂ ਛੱਡ ਦੇਣ ਦਾ ਫੈਸਲਾ ਕੀਤਾ ਤਾਂ ਸਾਫ ਨੀਅਤ ਦੇ ਸਦਕਾ ਸਭ ਇੱਕ-ਦੂਜੇ ਦੇ ਦਿਲਾਂ ਦੇ ਕਰੀਬ ਆ ਗਏ।
ਚੀਜਾਂ ਤਾਂ ਫਿਰ ਵੀ ਬਣ ਜਾਂਦੀਆਂ ਹਨ ਪਰ ਜੇ ਨੀਅਤ ਮਾੜੀ ਹੋਵੇ ਤਾਂ ਦਿਲਾਂ ਚ ਫਰਕ ਪੈ ਜਾਂਦਾ ਹੈ ਤੇ ਉਹ ਕਦੇ ਨਹੀਂ ਮਿਟਦਾ।
ਭਰਾ ਨੇ ਖੁਸ਼ ਹੋ ਆਪਣੇ-ਆਪ ਸਭ ਚੀਜ਼ਾਂ ਭੈਣਾਂ ਤੇ ਆਪਣੀ ਘਰ ਵਾਲੀ ਚ ਵੰਡ ਦਿੱਤੀਆਂ।ਕਿਸੇ ਦੇ ਮਨ ਚ ਕੋਈ ਰੋਸਾ ਨਹੀਂ ਸੀ ਤੇ ਸਵਰਗਵਾਸ ਹੋ ਚੁੱਕੀ ਮਾਂ ਦੀ ਆਤਮਾ ਨੂੰ ਆਪਣੇ ਧੀਆਂ-ਪੁੱਤ ਦਾ ਆਪਸੀ ਪਿਆਰ ਦੇਖ ਸ਼ਾਂਤੀ ਮਿਲ ਗਈ।
—- ਕਹਾਣੀਕਾਰ ਜੱਸੀ ਧਾਲੀਵਾਲ