More Punjabi Kahaniya  Posts
ਨਿੱਤਨੇਮ


ਦਾਦਾ ਜੀ ਕੋਰੇ ਅਨਪੜ ਸਨ..ਫੇਰ ਵੀ ਪੰਜ ਬਾਣੀਆਂ ਦਾ ਪਾਠ ਜ਼ੁਬਾਨੀ ਯਾਦ ਸੀ..!
ਨਿੱਤਨੇਮ ਵੇਲੇ ਮੈਨੂੰ ਆਪਣੀ ਬੁੱਕਲ ਵਿੱਚ ਬਿਠਾ ਲਿਆ ਕਰਦੇ..ਗੁਰੂਘਰ ਅਕਸਰ ਹੀ ਅਰਦਾਸ ਕਰਿਆ ਕਰਦੇ..ਹੇ ਸੱਚੇ ਪਾਤਸ਼ਾਹ ਇਸ ਨੂੰ ਆਪਣੇ ਚਰਣੀ ਲਾ..!
ਫੇਰ ਤਾਬਿਆ ਤੇ ਬੈਠੇ ਬਾਬਾ ਜੀ ਅੱਗੇ ਝੋਲੀ ਅੱਡ ਆਖਿਆ ਕਰਦੇ ਇਸਨੂੰ ਵੀ ਗੁਰੂ ਦੇ ਲੜ ਲਾਵੋ..!
ਉਹ ਅੱਗੋਂ ਆਖਿਆ ਕਰਦੇ ਗੁਰਮੁਖ ਸਿਆਂ ਭੁਜੰਗੀ ਅਜੇ ਛੋਟਾ ਏ..ਵੱਡਾ ਹੋਵੇਗਾ ਤਾਂ ਆਪੇ ਹੀ ਗੁਰੂ ਲੜ ਲੱਗ ਜੂ..!
ਪਰ ਮੁੱਛ ਫੁੱਟਦਿਆਂ ਹੀ ਮੇਰੇ ਤੇ ਚੰਡੀਗੜ ਸ਼ਹਿਰ ਦਾ ਅਸਰ ਹੋ ਗਿਆ..ਸਿਰ ਮੁਨਵਾ ਖੱਤ ਕਢਵਾ ਲਏ..ਬਹਾਨਾ ਇਹ ਲਾਇਆ ਕੇ ਹੋਸਟਲ ਪੰਜਾਬ ਪੁਲਸ ਤੰਗ ਕਰਦੀ..!
ਬੇਬੇ ਬਾਪੂ ਹੁਰਾਂ ਦੇ ਆਖਿਆਂ ਮੈਂ ਕਿੰਨੇ ਦਿਨ ਦਾਦੇ ਹੁਰਾਂ ਦੇ ਮੱਥੇ ਨਾ ਲੱਗਿਆ..ਫੇਰ ਵੀ ਇੱਕ ਦਿਨ ਪਤਾ ਲੱਗ ਹੀ ਗਿਆ..ਸਿਰ ਤੇ ਟੋਪੀ ਜਿਹੀ ਵੇਖ ਪੁੱਛਣ ਲੱਗੇ ਓਏ ਜੱਗੀ ਤੇਰੀ ਪੱਗ ਕਿਥੇ ਏ?
ਫੇਰ ਓਹਨਾ ਦੋ ਦਿਨ ਗੱਲ ਨਾ ਕੀਤੀ ਅਤੇ ਨਾ ਹੀ ਚੱਜ ਨਾਲ ਰੋਟੀ ਹੀ ਖਾਦੀ..!
ਓਹਨੀ ਦਿੰਨੀ ਹੀ ਪੱਕੇ ਹੋਏ ਝੋਨੇ ਤੇ ਭਾਰੀ ਗੜੇਮਾਰ ਹੋਈ..ਨੁਕਸਾਨ ਕਰਕੇ ਘਰੇ ਸੋਗ ਪਿਆ ਸੀ..ਪਰ ਦਾਦੇ ਹੂਰੀ ਬੱਸ ਏਨੀ ਗੱਲ ਹੀ ਆਖੀ ਗਏ..ਲੋਕਾਂ ਦੀ ਤੇ ਸਿਰਫ ਫਸਲ ਹੀ ਮਾਰੀ ਗਈ..ਮੇਰੀ ਤੇ ਨਸਲ ਵੀ ਗਰਕ ਗਈ..!
ਫੇਰ ਥੋੜੇ ਚਿਰ ਮਗਰੋਂ ਮਾਹੌਲ ਤੋਂ ਡਰਦਿਆਂ ਮੈਨੂੰ ਯੂਰੋਪ ਕੱਢ ਦਿੱਤਾ..ਮਗਰੋਂ ਮੈਂ ਅਮਰੀਕਾ ਆ ਗਿਆ..!
ਜਦੋਂ ਵੀ ਘਰੇ ਫੋਨ ਕਰਦਾ ਤਾਂ ਦਾਦੇ ਹੂਰੀ ਉਚੇਚਾ ਪੁੱਛਦੇ ਓਏ ਜੱਗੀ ਤੂੰ ਕੇਸ ਰੱਖੇ ਕੇ ਨਹੀਂ..ਝੂਠ ਨਾ ਬੋਲਿਆ ਜਾਂਦਾ ਤਾਂ ਅੱਗੋਂ ਸਿੱਧੀ ਗੱਲ ਨਾ ਕਰਦੇ..ਮਨ ਵਿਚ ਅਜੇ ਵੀ ਓਹੀ ਰੋਸਾ ਕਾਇਮ ਸੀ..!
ਇੱਕ ਵੇਰ ਅਚਾਨਕ ਪਤਾ ਲੱਗਾ ਥੋੜੇ ਢਿੱਲੇ ਨੇ..ਮਨ ਵਿਚ ਵਲਵਲਾ ਜਿਹਾ ਉਠਿਆ..ਭਤੀਜੇ ਦੀ ਲੋਹੜੀ ਵੀ ਸੀ..ਟਿਕਟ ਕਰਵਾਈ ਤੇ ਬਿਨਾ ਦੱਸਿਆ ਹੀ ਪਿੰਡ ਅੱਪੜ ਗਿਆ..!
ਧੁੰਦ ਕਾਰਨ ਲੋਹੜੀ ਵਾਲੇ ਦਿਨ ਤਾਂ ਨਾ ਅੱਪੜਿਆ ਗਿਆ ਪਰ ਮਾਘੀ ਦੀਆਂ ਰੌਣਕਾਂ ਜਰੂਰ ਨਸੀਬ ਹੋ ਗਈਆਂ..!
ਪਿੰਡੋਂ ਬਾਹਰ ਹੀ ਪਤਾ ਲੱਗ ਗਿਆ ਕੇ ਅੱਜ ਥੋੜਾ ਜਿਆਦਾ ਹੀ ਢਿੱਲੇ ਨੇ..ਪਰ ਫੇਰ ਵੀ ਲਗਾਤਾਰ ਗੇਟ ਵੱਲ ਹੀ ਵੇਖੀ ਜਾ ਰਹੇ ਨੇ..!
ਅੰਦਰ ਵੜਿਆ ਤਾਂ ਸਾਰੇ ਹੈਰਾਨ..ਬਿਨਾ ਕਿਸੇ ਚਿੱਠੀ ਪੱਤਰ ਦੇ ਕਿੱਦਾਂ ਆ ਗਿਆ..ਚਾਚੇ ਤਾਏ ਭੂਆ ਫੁੱਫੜ ਅਤੇ ਇਕੱਠੀ ਹੋਈ ਸਾਕ ਬਰਾਦਰੀ ਸਭ ਨੇ ਵਾਰੋ ਵਾਰੀ ਬੁੱਕਲ ਵਿਚ ਲੈ ਬੜਾ ਪਿਆਰ ਕੀਤਾ..!
ਪਰ ਮੇਰਾ...

ਧਿਆਨ ਸਾਮਣੇ ਮੰਜੇ ਵੱਲ ਨੂੰ ਸੀ..!
ਦਾਦੇ ਹੂਰੀ ਵਾਕਿਆ ਹੀ ਲਗਾਤਾਰ ਗੇਟ ਵੱਲ ਵੇਖੀ ਜਾ ਰਹੇ ਸਨ..ਮੈਨੂੰ ਵੇਖ ਦੂਰੋਂ ਹੀ ਬਾਹਵਾਂ ਉਲਾਰ ਲਈਆਂ..ਮੈਂ ਵੀ ਹਥੀਂ ਫੜਿਆ ਕਿੰਨਾ ਕੁਝ ਓਥੇ ਹੀ ਸੁੱਟ ਧੂ ਕੇ ਜਾ ਜੱਫੀ ਪਾਈ..ਵਜੂਦ ਵਿਚ ਅਜੇ ਵੀ ਓਹੋ ਖੁਸਬੋਂ ਮੌਜੂਦ ਸੀ ਜਿਹੜੀ ਨਿੱਕੇ ਹੁੰਦਿਆਂ ਓਹਨਾ ਕੋਲੋਂ ਅਕਸਰ ਹੀ ਆਇਆ ਕਰਦੀ ਸੀ..!
ਫੇਰ ਅਚਾਨਕ ਹੀ ਇੱਕ ਵਰਤਾਰਾ ਹੋਇਆ..!
ਓਹਨਾ ਪਹਿਲਾਂ ਮੇਰੇ ਲੰਮੇ ਦਾਹੜੇ ਤੇ ਹੱਥ ਫੇਰਿਆ..ਫੇਰ ਆਖਣ ਲੱਗੇ ਓਏ ਜੱਗੀ ਦਸਤਾਰ ਲਾਹ..ਪਹਿਲਾਂ ਸਮਝ ਨਾ ਆਈ ਫੇਰ ਆਖਣ ਲੱਗੇ..ਓਏ ਜੱਗੀ ਮੈਂ ਤੈਨੂੰ ਆਖਿਆ ਆਪਣੀ ਦਸਤਾਰ ਲਾਹ..!
ਮੈਂ ਬੀਬੇ ਬੱਚੇ ਵਾਂਙ ਓਸੇ ਵੇਲੇ ਹੀ ਲਾਹ ਦਿੱਤੀ..!
ਪਹਿਲੋਂ ਅੰਦਰੋਂ ਨਿੱਕਲੇ ਮੋਟੇ ਸਾਰੇ ਜੂੜੇ ਨੂੰ ਟੋਹਿਆ..ਫੇਰ ਕੇਸ਼ ਖੋਹਲ ਕਿੰਨੀ ਦੇਰ ਓਹਨਾ ਨੂੰ ਮੱਥੇ ਨਾਲ ਲਾ ਚੁੰਮਦੇ ਰਹੇ..ਮਗਰੋਂ ਆਖਣ ਲੱਗੇ ਓਏ ਜੱਗੀ ਹੁਣ ਜ਼ੋਰ ਦੀ ਉੱਚੀ ਸਾਰੀ ਇੱਕ ਜੈਕਾਰਾ ਛੱਡ..!
ਫੇਰ ਅਗਲੇ ਹੀ ਪਲ ਸਾਰਾ ਆਲਾ ਦਵਾਲਾ “ਬੋਲੇ ਸੋ ਨਿਹਾਲ..ਸੱਤ ਸ੍ਰੀ ਅਕਾਲ” ਦੇ ਤਲਿਸਮੀਂ ਮਾਹੌਲ ਵਿੱਚ ਰੰਗਿਆ ਗਿਆ!
ਆਸਪਾਸ ਖੋਲਤੇ ਕਿੰਨੇ ਸਾਰਿਆਂ ਆਪ ਮੁਹਾਰੇ ਹੀ ਪੁੱਛ ਲਿਆ ਬਾਪੂ ਜੀ ਇਹ ਜੈਕਾਰਾ ਕਿਸ ਖੁਸ਼ੀ ਵਿਚ ਛੜਵਾਇਆ ਜੇ..?
ਅੱਗੋਂ ਆਖਣ ਲੱਗੇ ਅੱਜ ਮੇਰਾ ਜੱਗੀ ਗੁਰੂ ਦੇ ਲੜ ਜੂ ਲੱਗ ਗਿਆ ਬੱਸ ਇਸੇ ਖੁਸ਼ੀ ਵਿਚ ਹੀ..!
ਫੇਰ ਓਸੇ ਰਾਤ ਚੜਾਈ ਕਰ ਗਏ..!
ਅਗਲੀ ਸੁਵੇਰੇ ਓਹਨਾ ਦੀ ਦੇਹ ਕੋਲ ਬੈਠਾ ਸੋਚੀ ਜਾ ਰਿਹਾਂ ਸਾਂ ਕੇ ਕੁਝ ਸੰਤੋਖੀਆਂ ਰੂਹਾਂ ਤੇ ਏਨੀ ਮੇਹਰ ਹੁੰਦੀ ਕੇ ਉਹ ਅਖੀਰ ਤੱਕ ਬੱਸ ਏਹੀ ਉਡੀਕਦੀਆਂ ਰਹਿੰਦੀਆਂ ਕੇ ਕਦੋਂ ਕਿਸੇ ਵੇਲੇ ਬੇਦਾਵਾ ਲਿਖ ਗੁਰੂ ਤੋਂ ਬੇਮੁਖ ਹੋ ਕੇ ਦੂਰ ਚਲਾ ਗਿਆ ਕੋਈ ਆਪਣਾ ਮੁੜ ਵਾਪਿਸ ਪਰਤ ਆਵੇ ਤੇ ਉਹ ਦਸਮ ਪਿਤਾ ਦੇ ਦਰਬਾਰ ਵਿਚ ਖੁਦ ਹਾਜਿਰ ਹੋ ਕੇ ਚੜ੍ਹਦੀ ਕਲਾ ਨਾਲ ਏਨੀ ਗੱਲ ਆਖ ਸਕਣ ਕੇ ਮਹਾਰਾਜ ਹੁਣ ਤੇ ਉਸਦੇ ਹੱਥੀਂ ਲਿਖਿਆ ਪਾੜ ਸੁੱਟੋ..ਉਸਨੂੰ ਮੁੜ ਤੁਹਾਡੀ ਸ਼ਰਨ ਵਿਚ ਆਉਂਦੇ ਹੋਏ ਨੂੰ ਮੈਂ ਖੁਦ ਅਖੀਂ ਵੇਖ ਕੇ ਆਇਆਂ ਹਾਂ!
(ਖਾਲਸੇ ਦੀ ਜਨਮ ਭੂਮੀਂ ਸ੍ਰੀ ਅਨੰਦਪੁਰ ਸਾਬ ਹੋ ਰਹੇ ਵਰਤਾਰੇ ਨੂੰ ਸਮਰਪਿਤ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)