More Punjabi Kahaniya  Posts
ਆਨਲਾਈਨ


ਰੋਟੀ ਖਾਦਿਆਂ ਮੈਂ ਫੋਨ ਫੜ ਵੇਖਣ ਲੱਗੀ ..ਮੈਨੂੰ ਆਨਲਾਈਨ ਵੇਖ ਮੇਰੇ ਛੋਟੇ ਭਰਾ ਕਮਲ ਦਾ ਮੈਸੇਜ ਆ ਗਿਆ , “ਕੀ ਕਰਦੀ ਸੀ ਭੈਣੇ ? “
ਜਿਉ ਹੀ ਕਮਲ ਦਾ ਮੈਸੇਜ ਪੜ੍ਹਿਆ ਤਾਂ ਮੇਰੇ ਦਿਮਾਗ ਵਿੱਚ ਬੇਬੇ ਦਾ “ਰੋਟੀ ਝੁਲ਼ਸਣਾ “ਸ਼ਬਦ ਇੱਕ ਦਮ ਜ਼ਿਹਨ ਵਿੱਚ ਆ ਵੱਜਿਆ ਤੇ ਮੈਂ ਕਮਲ ਨੂੰ ਕਿਹਾ , “ਰੋਟੀ ਝੁਲ਼ਸਦੀ ਸੀ “
“ਹਾਂ ਦੱਸ ! ਕਿਵੇਂ ਆ …?”
ਉਸੇ ਵਕਤ ਝੁਲ਼ਸਣਾ ਸ਼ਬਦ ਮੈਨੂੰ ਮੇਰੇ ਦਾਦਕਿਆਂ ਦੇ ਪੁਰਾਣੇ ਘਰ ਲੈ ਗਿਆ ..ਜਿੱਥੇ ਅਮੀਰ ਬਚਪਨ ਦੀਆਂ ਨਿੱਕੀਆਂ ਨਿੱਕੀਆਂ ਪੈੜਾਂ ਰੱਖਦੇ ਸ਼ੁਰੂ ਹੋਏ ਸੀ ਅਤੇ ਅੱਜ ਵਰਤਮਾਨ ਦੀ ਗਰਦ ਧੂੜ ਨੇ ਘਸਮੈਲ਼ੀਆਂ ਕੀਤੀਆਂ ਯਾਦਾਂ ਨੂੰ ਮੁੜ ਹਾਉਕਿਆਂ ਨਾਲ ਭਰ ਦਿੱਤਾ ..!
ਮੈਂ ਕਮਲ ਨੂੰ ਕਿਹਾ , “ਕਮਲ , ਝਿੜਕਾਂ ਦਿੰਦੀ ਬੇਬੇ “ਰੋਟੀ ਡੱਫ ਲਾ “ਵੀ ਕਹਿੰਦੀ ਹੁੰਦੀ ਸੀ ..ਹਣਾਂ .. ?”
ਉਹ ਤਾਂ ਪਤਾ ਨਹੀਂ , ਸੱਚੀ ਰੋਟੀ ਹੀ ਖਾਣ ਲੱਗ ਗਿਆ ..ਪਰ ਮੇਰਾ ਧਿਆਨ ਉਸ ਘਰ ਦੇ ਅਠਾਰਾਂ ਜੀਆਂ ਵਿੱਚ ਚਲਾ ਗਿਆ ਜਿੱਥੇ ਕੁਰਬਲ ਕੁਰਬਲ ਪਈ ਹੁੰਦੀ ਸੀ ..ਜਿਹਨਾਂ ਵਿੱਚ ਤਿੰਨ ਡੈਡੀ ਹੁਰੀਂ ਭਰਾ ..ਤਿੰਨ ਜਣੀਆਂ ਤਾਈ , ਚਾਚੀ ਅਤੇ ਮੰਮੀ ..ਦਾਦਾ-ਦਾਦੀ ਅਤੇ ਤਿੰਨ ਭਰਾਵਾਂ ਦੇ ਦਸ ਬੱਚੇ ਸਨ ।
ਖੁੱਲ੍ਹਾ ਘਰ , ਕੱਚੀਆਂ ਪੱਕੀਆਂ ਸਬਾਤ੍ਹਾਂ ..
ਮੰਮੀ ਹੁਰੀਂ ਘਰ ਦੇ ਸਾਰੇ ਕੰਮ ਵੰਡ ਕੇ ਹੱਸਦੀਆਂ ਖੇਡਦੀਆਂ ਕਰਦੀਆਂ ਹੁੰਦੀਆਂ ਸਨ .. ਘਰ ਵਿੱਚ ਤੇਰਾ ਮੇਰਾ ਕੁਝ ਨਹੀਂ ਸੀ ਹੁੰਦਾ …ਸਭ ਆਪਣਾ ਹੀ ਹੁੰਦਾ ਸੀ ..।
ਸਬਾਤਾਂ ਦੇ ਮੂਹਰੇ ਵੱਡਾ ਚੌਂਕਾਂ ਰਸੋਈ ਅਤੇ ਪੱਕੇ ਹਾਰੇ ..ਕੰਧੋਲੀਆਂ ਨਾਲ ਬਣੇ ਹੋਏ ਸਨ ।
ਜਿਸ ਵਿੱਚ ਰੋਜ਼ ਦੁੱਧ ਹਾਰੇ ਵਿੱਚ ਕੜ੍ਹਨ ਲਈ ਰੱਖਿਆ ਜਾਂਦਾ ਸੀ ..ਅਤੇ ਫਿਰ ਸ਼ਾਮ ਨੂੰ ਚਾਰ ਕੁ ਵਜੇ ਬੇਬੇ ਦੁੱਧ ਵਧਾਉਂਦੀ ਹੁੰਦੀ ਸੀ ਜਿਸ ਨੂੰ ਪੱਕਾ ਦੁੱਧ ਕਿਹਾ ਜਾਂਦਾ ਸੀ ( ਮਤਲਬ ਮਲਾਈ ਲਾਹ ਕੇ ਚਟੂਰੇ ਵਿੱਚ ਹੌਲੀ ਹੌਲੇ ਪ੍ਰਕਿਰਿਆ ਰਾਹੀਂ ਪਾ ਲਿਆ ਕਰਦੀ ਸੀ .. (ਜਿਹੜਾ ਦੁੱਧ ਉੱਪਰ ਤਿਰਵਰਾ ਹੁੰਦਾ ਸੀ ..ਘਿਉ ਦੇ ਸਿਤਾਰੇ ਜਿਹੇ )
ਅਸੀਂ ਸਾਰੇ ਜ਼ੁਆਕਾਂ ਨੇ ਗੁੜ ਦੀ ਰੋੜੀ ਰੋੜੀ ਫੜ ਬਾਟੀਆਂ ਚੁੱਕ ਉਹ ਹਲਕਾ ਗੁਲਾਬੀ ਪੱਕਾ ਦੁੱਧ ਪੀਣ ਲਈ ਬੇਬੇ ਦੇ ਦੁਆਲੇ ਹੋ ਜਾਣਾ ।
ਚੌਕੇ ਵਿੱਚ ਇੱਕ ਚੁਰ੍ਹ , ਗਰਮ ਪਾਣੀ ਵਾਲਾ ਗੱਡਿਆ ਤੌੜ੍ਹਾ, ਨਾਲ ਗੱਡਵੇਂ ਦੋ ਚੁੱਲ੍ਹੇ ਬਣੇ ਹੋਏ ਸਨ ..।
ਸ਼ਹਿਤੂਤ ਦੇ ਬਣੇ ਟੋਕਰਿਆਂ ਵਿੱਚ ਸਾਰੇ ਟੱਬਰ ਦੇ ਭਾਂਡੇ ਸੁਆਹ ਨਾਲ ਮਾਂਜ ਮਾਂਜ ਰੱਖੇ ਹੁੰਦੇ ਸਨ .. ਬੇਬੇ ਅਤੇ ਚਾਚੀ ਚੁਰ੍ਹ ਉੱਤੇ ਰੋਟੀ ਪਕਾਇਆ ਕਰਦੀਆਂ ਸਨ ..ਬੇਬੇ ਰੋਟੀ ਥਪਨੇ ਤੇ ਉੁਗਲਾਂ ਦੇ ਪੋਟਿਆਂ ਨਾਲ ਥੱਪਿਆ ਕਰਦੀ ਸੀ .. ਥੱਪ ਥੱਪ ਦੀ ਆਵਾਜ਼ ਗੁਆਢੋਂ ਵੀ ਆਇਆ ਕਰਦੀ ਸੀ ..ਸਾਰਿਆਂ ਤੋਂ ਪਹਿਲਾਂ ਰੋਟੀ ਬਾਪੂ ਜੀ ਨੂੰ ਮੰਜੇ ਉੱਤੇ ਬੈਠਿਆਂ ਨੂੰ ਫੜਾਈ ਜਾਂਦੀ ਸੀ । ਪਹਿਲਾਂ ਗੜਵੀ ਵਿੱਚ ਪਾਣੀ ਕੇ ਪਾ ਕੇ ਬਾਪੂ ਜੀ ਦੇ ਹੱਥ ਹੱਥ ਧੁਆਉਣੇ.. ਜਦੋਂ ਬਾਪੂ ਜੀ ਹੁਰਾਂ ਨੂੰ ਰੋਟੀ ਫੜਾਉਣੀ ਤਾਂ ਰੋਟੀ ਦੇ ਦੋ ਹਿੱਸੇ ਕਰਕੇ ਬਾਪੂ ਜੀ ਦੇ ਥਾਲ ਵਿੱਚ ਰੱਖਣੇ.. ਜਿਸ ਨੂੰ ਖੰਨੀ ਕਿਹਾ ਕਰਦੇ ਸਨ .. ਹਰ ਇੱਕ ਕੋਲ ਆਪਣਾ ਆਪਣਾ ਮੂਕਾ (ਪਰਨਾ ) ਹੱਥ ਪੂੰਝਣ ਲਈ ਹੁੰਦਾ ਸੀ ….ਗੜਵੀਆਂ ਵਿੱਚ ਪਾਣੀ ਜਾਂ ਲੱਸੀ ਪਾ ਕੇ ਰੋਟੀ ਦੇ ਥਾਲ ਨਾਲ ਮੰਜੇ ਤੇ ਹੀ ਗਿਲਾਸ ਨਾਲ ਰੱਖ ਦਿੰਦੇ ਸੀ … ।
ਜ਼ੁਆਕਾਂ ਨੇ ਰੋਟੀ ਖਾਣ ਲਈ ਆਪੋ ਆਪਣੀ ਪਸੰਦ ਦੀਆਂ ਬਾਟੀਆਂ ਕੌਲੀਆਂ ਚੁੱਕ ਲਿਆਉਣੀਆਂ ਅਤੇ ਚੁਰ੍ਹ ਦੇ ਦੁਆਲੇ ਪੀੜ੍ਹੀਆਂ ਡਾਹ ਕੇ ਭੁੰਜੇ ਥਾਲ ਰੱਖ ਕੇ ਰੋਟੀ ਖਾ ਲੈਣੀ .. ਦੋ-ਦੋ ਤਿੰਨ-ਤਿੰਨ ਇਕੱਠੇ ਬਹਿ ਇੱਕੋ ਥਾਲ ਵਿੱਚ ਰੋਟੀ ਖਾਹ ਲੈਂਦੇ ਸਨ । ਉਦੋਂ ਰੋਟੀਆਂ ਗਿਣ ਕੇ ਨਹੀਂ ਪੱਕਦੀਆਂ ਹੁੰਦੀਆਂ ਸਨ ..।
ਇੱਕ ਅੱਧਾ ਜੁਆਕ ਰੋਟੀ ਨਾ ਪਸੰਦ ਕਰਕੇ ਜਾਂ ਪਹਿਲਾਂ ਹੀ ਰੁੱਸਿਆ ਹੁੰਦਾ ਤਾਂ ਤਾਈ ,ਚਾਚੀ ,ਦਾਦੀ ਜਿਸਦੇ ਕਾਬੂ ਆ ਜਾਂਦਾ …ਉਸਦੀ ਧੌੜੀ ਲਾਹ ਛੱਡਦੀ ।
ਚੰਗੀ ਪਰੇਡ ਕਰਕੇ ਰੋਟੀ ਵਾਲਾ ਥਾਲ ਉਹਦੇ ਮੂਹਰੇ ਕਰ ਦੇਣਾ ਤੇ ਫਿਰ ਕਹਿਣਾ , “ ਘੱਤ ਲਾ ਰੋਟੀ ਹੁਣ ..ਬੰਦੇ ਦਾ ਪੁੱਤ ਬਣਕੇ , ਨਈ ਤਾਂ ਹੋਰ ਪੈਣਗੀਆਂ….?”
ਵਿਚਾਰੇ ਡੁਸਕਦੇ ਜ਼ੁਆਕ ਨੇ ਨਾਲੇ ਰੋਟੀ ਨੂੰ ਪਰ੍ਹੇ ਨੂੰ ਧੱਕਣਾ ਅਤੇ ਨਾਲੇ ਉੱਤੋਂ ਆਉਦੇ ਛਿੱਤਰ ਵੱਲ਼ ਵੇਖਣਾ .. ਉੁਦੋਂ ਅੱਜ ਵਾਲੇ ਜੁਆਕਾਂ ਵਾਲੇ ਲੇਲੇ ਪੇਪੇ ਨਹੀਂ ਹੁੰਦੇ ਸੀ ..।
ਦਾਦਾ ਜੀ ਦਾ ਸੁਭਾਅ ਬਹੁਤ ਗਰਮ ਸੀ … ਉਹ ਬਜ਼ੁਰਗ ਹੋਣ ਕਰਕੇ ਬੈਠੇ ਚੀਜ਼ਾਂ ਮੰਗਦੇ ਅਕਸਰ ਵਾਜਾਂ ਮਾਰਦੇ ਰਹਿੰਦੇ ਸਨ ..।
ਬੇਬੇ ਜਾਂ ਤਾਈਂ ਹੀ ਖੇਤ ਰੋਟੀ ਚਾਹ ਫੜਾਉਣ ਜਾਂਦੀਆਂ ਹੁੰਦੀਆਂ ਸਨ ਤੇ ਇੱਕ ਦਿਨ ਵਿੱਚ ਖੇਤ ਦੇ ਕਈ ਕਈ...

ਗੇੜੇ ਲੱਗਦੇ ਹੁੰਦੇ ਸਨ ।
ਬੇਬੇ (ਦਾਦੀ) ਨੇ ਰੋਟੀ ਖਾਂਦੀ ਹੋਣਾ ਤਾਂ ਦਾਦਾ ਜੀ ਨੇ ਸਗੋਂ ਵਾਜਾਂ ਹੋਰ ਮਾਰਨੀਆਂ ਤਾਂ ਕਈ ਵਾਰੀ ਬੇਬੇ ਨੇ ਅੱਕੀ ਸਤੀ ਨੇ ਜਵਾਬ ਦੇਣਾ , “ ਬੰਸੇ ਦੇ ਬਾਪੂ , ਬਿੰਦ ਸਬਰ ਕਰਲਾ , ਡੰਮ੍ਹ ਦਿੰਨੀ ਆ ਮੱਥਾ ਤੇਰਾ ਵੀ ਆ ਕੇ ..”
“ਸਾਨੂੰ ਵੀ ਝੁਲ਼ਸ ਲੈਣ ਦੇ ਦੋ ਬੁਰਕੀਆਂ ਕਿਤ੍ਹੇ .. ਸਵੇਰ ਦੀਆਂ ਲੱਗੀਆਂ ਧੰਦ ਪਿੱਟਣ … ! “
ਤਾਂ ਬਾਪੂ ਜੀ ਨੇ ਚੁੱਪ ਕਰਕੇ ਕੁਝ ਪਲਾਂ ਲਈ ਬਹਿ ਜਾਣਾ ।
ਦਸਾਂ ਜੁਆਕਾਂ ਵਿੱਚੋਂ ਇੱਕ ਅੱਧਾ ਜੁਆਕ ਬਿਮਾਰ ਵੀ ਹੋਂਇਆ ਰਹਿੰਦਾ ਸੀ ਤਾਂ ਉਸ ਨੂੰ ਦਵਾਈ ਦਿਵਾਉਣ ਨੂੰ ਸਿਰ ਤੇ ਖੜੀ ਮਾਂ ਨੇ ਕਹਿਣਾ , “ਧੁੱਪ ਚੜਜੂ ਮਰਨੀ ਦਿਆ , ਛੇਤੀ ਡੱਫ ਲੈ ਰੋਟੀ ਹੁਣ … ਕੀ ਬੁਰਕੀ ਸੰਘ ਚ ਅੜਦੀ ਐ ਤੇਰੇ .. ਤੇਰੀ ਦਵਾਈ ਨੂੰ ਤੁਰਨਾ ਫਿਰ ..। “
ਹਰ ਹਾੜ੍ਹੀ ਸਾਉਣੀ ਸਾਰੇ ਟੱਬਰ ਦੇ ਕੱਪੜੇ ਬਣਦੇ ਹੁੰਦੇ ਸਨ .. ਪਸੰਦ ਨਾ ਪਸੰਦ ਦੀ ਕੋਈ ਗੁੰਜ਼ਾਇਸ਼ ਨਹੀਂ ਹੁੰਦੀ ਸੀ .. ਜਿਹੋ ਜਿਹੇ ਕੱਪੜੇ ਬੇਬੇ ਅਤੇ ਤਾਇਆ ਜਾ ਕੇ ਲੈ ਆਉਂਦੇ ਸਨ ਤਾਂ ਉਹੋ ਜਿਹੇ ਸਾਰੇ ਘਰ ਹੀ ਸਿਉਂ ਕੇ ਪਾ ਲੈਂਦੇ ਸਨ ਕੋਂਈ ਟੇਲਰ ਨਹੀਂ ਲੱਭਦੇ ਸਨ …. ਘਰ ਦੀਆਂ ਔਰਤਾਂ ਕੱਪੜੇ ਟੇਲਰ ਤੋਂ ਸਿਲਾਈ ਕਰਵਾ ਕੇ ਪਾਉਣੇ ਕੁਚੱਜ ਸਮਝਦੀਆਂ ਸਨ .. (ਪਰ ਅੱਜ …)।
ਬੇਬੇ ਕਾਲਰਾਂ ਬਟਨਾਂ ਅਤੇ ਜੇਬਾਂ , ਗੀਝਿਆਂ ਵਾਲੀ ਕੁੜਤੀ ਪਾਇਆ ਕਰਦੀ ਸੀ .. ਬਾਪੂ ਜੀ ਅਸਮਾਨੀ ਪੱਗ , ਚਿੱਟਾ ਕੁੜਤਾ ਅਤੇ ਖ਼ਾਕੀ ਚਾਦਰ ਹਮੇਸ਼ਾ ਬੰਨਦੇ ਸਨ .. !
ਘਰ ਵਿੱਚ ਕੋਂਈ ਸੜਾਂਦ ਭਰੇ ਲਫਜ ਜਾਂ ਬੁੜ ਬੁੜ ਨਹੀਂ ਕਰਦਾ ਸੀ .. ਸਾਰੇ ਜੁਆਕ ਰਲ ਕੇ ਖੇਡਦੇ .. ਇੱਕ ਦੂਜੇ ਦੇ ਕੱਪੜੇ ਵੀ ਪਾ ਲੈਂਦੇ ਸਨ .. ਰਾਤ ਨੂੰ ਇੱਕ ਮੰਜੇ ਤੇ ਦੋ-ਦੋ ਜੁਆਕ ਸੌਂ ਜਾਇਆ ਕਰਦੇ ਸਨ .. ਜੁਆਕਾਂ ਨੇ ਆਪ ਹੀ ਸਾਰਿਆਂ ਦੇ ਮੰਜੇ ਡਾਹੁਣੇ , ਬਿਸਤਰੇ ਵਿਛਾਉਣੇ ਅਤੇ ਫਿਰ ਸਵੇਰੇ ਇਕੱਠੇ ਕਰਨੇ ..।
ਬਚਪਨ ਵਿੱਚ ਜੋ ਮਾਪਿਆਂ ਤੋਂ ਸਿੱਖਿਆ ..ਵੇਖਿਆ ਉਹ ਆਦਤਾਂ ਵਿੱਚ ਪੱਕ ਗਿਆ .. ਮੇਲ-ਮਿਲਾਪ ,ਆਪਣਾਪਨ ,ਸਬਰ ,ਸਿਦਕ ,ਸਾਦਗੀ ਮਿਹਨਤ …ਸੱਚ ਵਿੱਚ ਹੀ ਇਹ ਸਭ ਸਾਂਝੇ ਪਰਿਵਾਰ ਦੀਆਂ ਦਾਤਾਂ ਹਨ .. ਜਦੋਂ ਵੱਡੇ ਹੋਏ ਪੜ੍ਹੇ ਲਿਖੇ ਤਾਂ ਜ਼ਮਾਨਾ ਬਦਲਦਾ ਵੇਖਿਆ ..ਖੁਦਗਰਜੀਆਂ ਦੀ ਭਰਮਾਰ , ਖੂਨ ਸਫੈਦ , ਲਾਲਚ , ਸਿਰਫ ਪਦਾਰਥਾਂ ਦੀ ਦੌੜ. ..ਪਰ ਅਸੀਂ ਚਾਹ ਕੇ ਵੀ ਇਸ ਬਦਲਾਵ ਨੂੰ ਅਪਣਾ ਨਹੀਂ ਸਕੇ ..ਉੱਥੇ ਹੀ ਰੁਕ ਗਏ ਜਿੱਥੇ ਪੁਰਖਿਆਂ ਦੀਆਂ ਪੈੜਾਂ ਤੋਂ ਕੁਝ ਬਾਹਰੀ ਲੱਗਾ ..!
ਕਈ ਵਾਰੀ ਸੋਚਾਂ ਸਵਾਲ ਕਰਦੀਆਂ ਹਨ ਕਿ ਸਾਡੀਆਂ ਦਾਦੀਆਂ ,ਨਾਨੀਆਂ ਬੇਸ਼ੱਕ ਘੱਟ ਪੜੀਆਂ ਜਾਂ ਕੋਰੀਆਂ ਅਨਪੜ੍ਹ ਹੁੰਦੀਆਂ ਸਨ .. ਕਿੰਨੀਆਂ ਮਿਹਨਤੀ , ਸਾਦਗੀ ਪਸੰਦ , ਖੁਸ਼ਦਿਲ ਗੈਰਤਮੰਦ .. ਜਿੰਦਗੀ ਤੋਂ ਸ਼ੰਤੁਸ਼ਟ .. ਕਦੇ ਜਿੰਦਗੀ ਨਾਲ ਰੋਸਾ ਕਰਦੀਆਂ ਨਹੀਂ ਵੇਖੀਆਂ ਸਨ .. ਮਾਪਿਆਂ ਦੇ ਦੁੱਖ ਸੁੱਖ ਆਪਂਣੇ ਅੰਦਰ ਹੀ ਸਮੋ ਰੱਖਦੀਆਂ ਸਨ … ਭਾਵੇਂ ਵੱਡਿਆਂ ਨੂੰ ਤੂੰ ਸ਼ਬਦਾਂ ਨਾਲ ਸੰਬੋਧਿਤ ਕਰਦੀਆਂ ਸਨ ..ਪਰ ਵਫਾਦਾਰ ਪੂਰਾ ਰਹਿੰਦੀਆਂ ਸਨ … ।
ਸ਼ਬਦ ਵੀ ਮੌਕਾ ਵੇਖ ਕੇ ਵਰਤਦੀਆਂ ਹੁੰਦੀਆਂ ਸਨ .. ਪਤਾ ਨਹੀਂ ਕਿਹੜੀ ਵਿਅਕਰਣ ਜਾਂ ਕਿਤਾਬਾਂ ਧੁਰੋਂ ਹੀ ਪੜ ਕੇ ਆਉਦੀਆਂ ਸਨ ..ਉਹਨਾਂ ਕੋਲ ਕਿੰਨੇ ਸਮਾਨਆਰਥਕ ਸ਼ਬਦ ਹੁੰਦੇ ਸਨ ? ਇਨਸਾਨੀਅਤ ਕੁੱਟ ਕੁੱਟ ਕੇ ਭਰੀ ਹੁੰਦੀ ਸੀ .. ਇੱਕ ਦੂਜੇ ਤੋਂ ਕੋਈ ਉਹਲਾ ਨਹੀਂ ਰੱਖਦੀਆਂ ਸਨ .. ਪੁੰਨ-ਪਾਪ ਦਾ ਹਿਸਾਬ ਚੰਗੀ ਤਰ੍ਹਾਂ ਜਾਣਦੀਆਂ ਸਨ ..।
ਤਿੰਨ ਸ਼ਬਦ …
ਝੁਲ਼ਸ ਲੈ
ਡੱਫ ਲੈ
ਘੱਤ ਲੈ (ਉਰਦੂ)ਆਮ ਹੀ ਬੋਲਦੀਆਂ ਸਨ
ਜੇ ਗਾਲ੍ਹਾਂ ਵੀ ਕੱਢਦੀਆਂ (ਮੇਰੇ ਪਿਉ ਦੇ ਸਾਲਿਆਂ , ਤੇਰੀ ਮਾਂ ਨੂੰ ਭਾਬੀ ਆਖਾਂ )ਤਾਂ ਮਿੱਠੀਆਂ ਮੋਹ ਭਿੱਜੀਆਂ ਕੱਢਦੀਆਂ ਸਨ .. !
ਹੁਣ ਬਦਲਿਆ ਜ਼ਮਾਨਾ , ਜ਼ਮਾਨੇ ਦੀ ਤੇਜ ਰਫ਼ਤਾਰ ਸੁੱਖ ਸਹੂਲਤਾਂ ਨਾਲ ਲਬਰੇਜ਼ ..ਪਰ ਬੇਰਸੀ ਜਿੰਦਗੀ ਵੱਲ ਵੱਧ ਰਿਹਾ ਹੈ .. ਹਰ ਇਨਸਾਨ ਆਪਣੇਪਨ ਤੋ ਸੱਖਣਾ , ਟੁੱਟਿਆਂ , ਚੂਰ ਹੋਇਆ ਇਕੱਲਤਾ ਵਿੱਚ ਅਸ਼ਾਤ ..ਬੇਚੈਨ , ਅਧੂਰਾ ਅਧੂਰਾ ਜਿੰਦਗੀ ਨੂੰ ਬੋਝ ਸਮਝ ਬਿਤਾ ਰਿਹਾ ਹੈ ..ਇੱਕਦਮ ਐਨਾ ਬਦਲਾਵ ਸੂਰਜ ਦੀ ਹਾੜ੍ਹ ਮਹੀਨੇ ਦੀ ਤੇਜ ਧੁੱਪ ਵਰਗਾ ਲੱਗ ਰਿਹਾ ਹੈ ..ਜੋ ਚਮਕ ਨਾਲ ਸਾੜ ਰਿਹਾ ਹੈ, ਝੁਲ਼ਸ ਰਿਹਾ ਹੈ ..ਬਰਬਾਦ ਕਰ ਰਿਹਾ ਹੈ .. ਪਛਤਾਵਾ ਛੱਡ ਰਿਹਾ ਹੈ .. ਜਵਾਨੀ ਨੂੰ ਡਿਪਰੈਸ਼ਨ ਵੱਲ ਧਕੇਲ ਰਿਹਾ ਹੈ ..!!
ਅਸੀਂ ਆਧੁਨਿਕ ਹੋ ਕੇ ਕੀ ਪਾਇਆ ਅਤੇ ਕੀ ਗਵਾਇਆ ਸੋਚਿਓ … ਜ਼ਰਾ .. . !
“ਰਾਜਵਿੰਦਰ ਕੌਰ “

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)