(ਪੜ੍ਹੇ ਲਿਖੇ ਅਨਪੜ੍ਹਾਂ ਦੀ ਪਨੀਰੀ)
ਭੂਆ ਹਾਲੇ ਘਰ ਦੇ ਕੰਮ ਨਬੇੜ ਕੇ ਹਟੀ ਹੀ ਸੀ ਕੇ ਉਸਦੇ ਪੇਕਿਉਂ ਉਸਦੀ ਭਰਜਾਈ ਤੇ ਭਤੀਜਾ ਮੋਟਰਸਾਈਕਲ ਤੇ ਤੜਕੀਂ ਆਣ ਪਹੁੰਚੇ।
ਭਤੀਜੇ ਨੇ ਮੋਟਰਸਾਈਕਲ ਪਾਰਕ ਕਰਦਿਆਂ ਲੱਡੂਆਂ ਦਾ ਡੱਬਾ ਆਪਣੀ ਭੂਆ ਵੱਲ ਨੂੰ ਵਧਾਇਆ।
“ਵੇ ਆਹ ਕਾਹਦੀ ਖੁਸ਼ੀ ਚ ?” ਭੂਆ ਨੇ ਉਤਸੁਕ ਹੋ ਪੁੱਛਿਆ !
“ਭੂਆ ਮੈਂ ਬਾਰਵੀਂ ਪਾਸ ਕਰਗਿਆ ਉਹ ਵੀ ਚੁਰਾਸੀ ਪਰਸੈਂਟ ਲੈ ਕੇ …!”
ਭਤੀਜੇ ਦੇ ਮੂਹੋਂ ਚੁਰਾਸੀ ਪਰਸੈਂਟ ਸੁਣ ਭੂਆ ਦਾ ਮੂੰਹ ਅੱਡਿਆ ਰਹਿ ਗਿਆ।
ਕਿਤੇ ਭਰਜਾਈ ਗੁੱਸਾ ਈ ਨਾ ਕਰ ਜਾਵੇ ਕੇ ਮੇਰੇ ਪੁੱਤ ਦੀ ਖੁਸ਼ੀ ਚ ਖੁਸ਼ ਨੀ ਹੋਈ ..ਸੋਚ ਭੂਆ ਨੇ ਮਾਂ-ਪੁੱਤ ਨੂੰ ਵਧਾਈ ਦਿੱਤੀ ਤੇ ਗੱਲ ਅੱਗੇ ਤੋਰਦਿਆਂ ਕਿਹਾ ‘ਤੂੰ ਤਾਂ ਹੁਸ਼ਿਆਰ ਹੋ ਗਿਆ ਵੇ ! ਅੱਗੇ ਮੈਡੀਕਲ ਲਾਈਨ ਚ ਈ ਰਹੀਂ ਜਾਂ ਫਿਰ ਆਈਲੈਟਸ ਕਰ ਪ੍ਰਦੇਸ਼ ਜਾਣ ਦਾ ਸੋਚ ਲੈ ….!’
ਭੂਆ ਦੀ ਗੱਲ ਵਿਚਾਲੇ ਈ ਟੋਕ ਭਤੀਜਾ ਬੋਲਿਆ,’ਨਾ ਭੂਆ ਮੇਰੇ ਤੋਂ ਕਿੱਥੇ ਹੋਣੀ ਆਈਲੈਟਸ ਤੇ ਮੈਡੀਕਲ-ਮੁਡਿਕਲ।ਮੈਂ ਤਾਂ ਪਾਸ ਮਸਾਂ ਹੋਣਾ ਸੀ ਜੇ ਪੇਪਰ ਉਂਝ ਹੁੰਦੇ।ਔਹ ਤਾਂ ਭਲਾ ਹੋਵੇ ਆਨਲਾਈਨ ਕਲਾਸਾਂ ਤੇ ਪੜ੍ਹਾਈ ਦਾ ਜਿਸਦੇ ਨਤੀਜੇ ਬਦੌਲਤ ਚੁਰਾਸੀ ਪਰਸੈਂਟ ਆ ਗਏ।ਮੈਂ ਤਾਂ ਸੁੱਖ ਸੁੱਖਦਾਂ ਕੇ ਹਾਲਾਤ ਐਂਵੀਂ ਰਹਿਣ ਤੇ ਮੇਰੀ ਬੀ ਏ ਹੋ ਜੇ …ਕਹਿੰਦੇ ਦਾ ਉਸਦਾ ਫੋਨ ਵੱਜਿਆ ਤੇ ਉਸਨੇ ਗੱਲ ਕਰਦੇ ਨੇ ਗੱਲਾਂ ਘੱਟ ਗਾਹਲਾਂ ਜਿਆਦਾ ਕੱਢੀਆਂ।
ਫੋਨ ਕੱਟ ਲੰਮੀਆਂ ਚੁਸਕੀਆਂ ਲੈਂਦਾ ਉਹ ਚਾਹ ਪੀ ਰਿਹਾ ਸੀ ਤਾਂ ਮਾਂ ਨੇ ਪੁੱਛਿਆ ,’ ਕੀਹਦਾ ਫੋਨ ਸੀ ‘?
“ਆਪਣੇ ਬੁੜੇ ਦਾ ਸੀ …ਐਵੇਂ ਭਖਿਆ ਪਿਆ , ਅਖੇ ਬਟੂਏ ਚੋ ਪੈਸੇ ਕੱਢ ਕੇ ਲੈ ਗਏ …!”
ਭਤੀਜੇ ਦੀ ਗੱਲ ਸੁਣ ਭੂਆ ਰੋਟੀ ਬਣਾਉਣ ਦੇ ਬਹਾਨੇ ਰਸੋਈ ਚ ਚਲੇ...
ਗਈ ਤੇ ਉਸਨੂੰ ਆਪਣੇ ਦਾਦੇ ਦੇ ਜਿਉਂਦੇ ਹੁੰਦਿਆਂ ਵੇਲੇ ਦੀ ਗੱਲ ਚੇਤੇ ਆ ਗਈ ਤੇ ਇੱਕ ਉਸਨੇ ਆਪ ਗੁਆਂਢੀਆਂ ਦੀ ਕੁੜੀ ਨੂੰ ਆਨਲਾਇਨ ਪੜਾਉਣ ਦਾ ਦ੍ਰਿਸ਼
ਦੇਖਿਆ ਸੀ।
ਗੁਆਂਢਣ ਕੁੜੀ ਦਾ ਆਨਲਾਇਨ ਪੜਾਉਂਦੀ ਦਾ ਬੋਲ- ਬੋਲ ਸੰਘ ਸੁੱਕ ਜਾਂਦਾ ਤੇ ਸਾਹਮਣੇ ਸਕਰੀਨ ਤੇ ਬੈਠੇ ਵਿਦਿਆਰਥੀ ਅਧਿਆਪਕਾ ਨੂੰ ਸੁਣ ਹੁੰਗਾਰਾ ਵੀ ਨਾ ਭਰਦੇ ਤੇ ਲੈਪਟਾਪ ਰਾਹੀਂ ਆਨਲਾਇਨ ਕਲਾਸ ਨਾਲ ਜੁੜੇ ਹੁੰਦੇ ਤੇ ਫੋਨ ਤੇ ਪੱਬ ਜੀ ਖੇਡਣ ਚ ਮਸਤ ਹੁੰਦੇ।
ਦਾਦਾ ਕਹਿੰਦਾ ਹੁੰਦਾ ਸੀ ਪੁਰਾਣੇ ਸਮਿਆਂ ਦੀਆਂ ਦਸ ਪੜ੍ਹੀਆਂ ਵੀ ਅੱਜ ਦੇ ਐੱਮ ਏ ਦੇ ਬਰਾਬਰ ਨੇ।ਡਿਗਰੀਆਂ ਚੁੱਕੀ ਤਾਂ ਬਥੇਰੇ ਫਿਰਦੇ ਹੁੰਦੇ ਅਸਲੀ ਡਿਗਰੀ ਲਿਆਕਤ ਉਹਨਾਂ ਦੇ ਸਲੀਕੇ ਚੋ ਝਲਕਦੀ ਹੁੰਦੀ।ਨਕਲਾਂ ਮਾਰ ਪਾਸ ਜਰੂਰ ਹੋ ਜਾਵੋਗੇ ਪਰ ਜਿੰਦਗੀ ਦੇ ਇਮਤਿਹਾਨ ਚ ਫੇਲ ਹੋ ਜਾਵੋਗੇ। ਜੇ ਅੱਜ ਦਾਦਾ ਜਿਉਂਦਾ ਹੁੰਦਾ ਤਾਂ ਇਹਨਾਂ ਬਾਰੇ ਕੀ ਕਹਿੰਦਾ।ਨਲਾਇਕ ਤੋਂ ਨਲਾਇਕ ਬੱਚਾ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ! ਉਨ੍ਹਾਂ ਦੇ ਗਿਆਨ-ਵਿਗਿਆਨ ਚ ਡੱਕੇ ਦਾ ਵਾਧਾ ਨੀ ਹੋਇਆ ਸਗੋਂ ਅੱਗੋਂ ਵੀ ਆਨਲਾਈਨ ਪੜ੍ਹਾਈਆਂ ਕਰਨ ਦੀਆਂ ਸੁੱਖਾਂ ਸੁਖ ਰਹੇ …ਸਿੱਖਿਆ ਦਾ ਅਸਲੀ ਮੰਤਵ ਕੀ ਹੈ ਅਸੀਂ ਉਸਤੋਂ ਭੜਕ ਗਏ ਹਾਂ।ਸਰਕਾਰਾਂ ਤਾਂ ਚਾਹੁੰਦੀਆਂ ਹੀ ਹੁੰਦੀਆਂ ਕੇ ਲੋਕ ਅਨਪੜ੍ਹ ਹੋਣ ,
ਆਪਣੇ ਹੱਕਾਂ ਤੋਂ ਅਣਜਾਣ ਹੋਣ ਤੇ ਇਹ ਆਨਲਾਈਨ ਪੜ੍ਹਾਈਆਂ ਕਰ ਪਾਸ ਹੋਣ ਵਾਲੀ ਪੜ੍ਹੇ ਲਿਖੇ ਅਨਪੜ੍ਹਾਂ ਦੀ ਪਨੀਰੀ ਤਿਆਰ ਹੋ ਰਹੀ ….ਸੋਚਦੀ ਦਾ ਭੂਆ ਦਾ ਤਵੇ ਤੇ ਰੋਟੀ ਥੱਲਦੀ ਦਾ ਹੱਥ ਜਲ ਗਿਆ।
— ਜੱਸੀ ਧਾਲੀਵਾਲ
Access our app on your mobile device for a better experience!