More Punjabi Kahaniya  Posts
ਪ੍ਰੇਮ ਅਤੇ ਅਭਿਮਾਨ


ਪ੍ਰੇਮ ਅਤੇ ਅਭਿਮਾਨ
📷ਸੁਖਨੈਬ ਸਿੰਘ ਸਿੱਧੂ
‘ਫਰੀਦ’ ਦੇ ਦਾਦਾ – ਪੜਦਾਦਾ ਅਫ਼ਗਾਨ ਤੋਂ ਆ ਕੇ ਪੰਜਾਬ ‘ਚ ਹੁਸਿ਼ਆਰਪੁਰ ਦੇ ਇਲਾਕੇ ਰਹਿਣ ਲੱਗੇ ਸੀ , ਘੋੜਿਆਂ ਦੇ ਵਪਾਰੀ ਸੀ । ਉਹਦੇ ਬਾਪ ਨੂੰ ਸਹਸਰਾਮ ( ਬਿਹਾਰ ) ‘ਚ ਇੱਕ ਪਰਗਨੇ ਦੀ ਚੌਧਰ ਮਿਲੀ ਸੀ । ਚੌਧਰੀ ਬਾਪ ਨੇ ਇੱਕ ਹੁਸੀਨ ਔਰਤ ਨਾਲ ਵਿਆਹ ਕਰਵਾ ਲਿਆ । ਜਿਸਨੂੰ ਮਤਰੇਏ ਪੁੱਤ ਤੋਂ ਇਹ ਡਰ ਸੀ ਕਿ ਫਰੀਦ ਕੱਲ੍ਹ ਨੂੰ ਚੌਧਰੀ ਬਣ ਗਿਆ ਤਾਂ ਮੈਨੂੰ ਕੀਹਨੇ ਪੁੱਛਣਾ ।
ਅਖੀਰ, ਬਾਪ ਨੇ ਫਰੀਦ ਨੂੰ ਘਰੋਂ ਕੱਢ ਦਿੱਤਾ , ਸ਼ਾਦੀਸ਼ੁਦਾ ਫਰੀਦ ਕੋਲ ਘਰ ਛੱਡਣ ਅਤੇ ਪਰਿਵਾਰ ਛੱਡਣ ਤੋਂ ਬਿਨਾ ਕੋਈ ਰਾਹ ਨਹੀਂ ਸੀ ਪਤਨੀ ਨਾਲ ਵੀ ਉਸਦੇ ਕੋਈ ਸੁਖਾਵੇ ਸਬੰਧ ਨਹੀਂ ਸਨ। ਉਹ ਘੁੰਮਦਾ ਘੁੰਮਾਉਂਦਾ ਕਈ ਥਾਵੀਂ ਇਲਮ ਅਤੇ ਤਲਵਾਰਬਾਜ਼ੀ ਸਿੱਖਦਾ ਰਿਹਾ । ਫਿਰ ਉਸਨੂੰ ਬਿਹਾਰ ਦੇ ਰਾਜੇ ਬਹਰ ਖ਼ਾਨ ਦੇ ਕਿਲੇ ‘ਚ ਨੌਕਰੀ ਮਿਲੀ , ਜਿੱਥੇ ਉਹ ਆਪਣੀ ਕਾਬਲੀਅਤ ਨਾਲ ਨੌਕਰੀ ਕਰਦਾ ਹੋਇਆ ਬਾਕੀਆਂ ਦਾ ਵਿਰੋਧ ਵੀ ਸਹੇੜ ਲੈਂਦਾ ।
ਸ਼ੇਰ ਮਾਰਨ ਕਰਕੇ ਉਸਦਾ ਨਾਂਮ ਸ਼ੇਰ ਖਾਨ ਪੈ ਜਾਂਦਾ ।
ਜੋ ਬਾਅਦ ਵਿੱਚ ‘ਸ਼ੇਰ ਸ਼ਾਹ ਸੂਰੀ’ ਕਰਕੇ ਜਾਣਿਆ ਜਾਂਦਾ ।
ਰਾਜਾ ਬਹਰ ਖ਼ਾਨ ਦੀ ਮੌਤ ਤੋਂ ਬਾਅਦ ਉਸਦੀ ਰਾਣੀ ਆਪਣਾ ਰਾਜ ਭਾਗ ਸੇ਼ਰ ਸ਼ਾਹ ਨੂੰ ਸੌਂਪ ਕੇ ਆਪਣੇ ਪੇਕੇ ਪਰਿਵਾਰ ‘ਚ ਚਲੀ ਜਾਂਦੀ ਹੈ।
ਬੰਗਾਲ ਦਾ ਰਾਜਾ ਬਾਬਰ ਦੇ ਪੁੱਤ ਅਯਾਸ ਪੁੱਤ ਹਿਮਾਯੂੰ ਦੇ ਕੰਨ ਭਰਦਾ ਕਿ ਇੱਕ ਮਾਮੂਲੀ ਘੋੜੇ ਵੇਚਣ ਵਾਲਿਆਂ ਦਾ ਪੁੱਤ ਦਿੱਲੀ ਦਰਬਾਰ ਨਾਲ ਟੱਕਰ ਲੈਣ ਦੀ ਸੋਚ ਰਿਹਾ ।
ਦਿੱਲੀ ਦਰਬਾਰ ‘ਤੇ ਕਾਬਜ਼ ਸ਼ਾਹੀ ਫੌਜਾਂ ਬਿਹਾਰ ਵੱਲ ਕੂਚ ਕਰਦੀਆਂ । ਮੁਗਲ ਬਾਦਸ਼ਾਹ ਹਿਮਾਯੂੰ ਇਸ ਲੜਾਈ ਲਈ ਇਸ ਤਰ੍ਹਾਂ ਚੜਾਈ ਕਰਦਾ ਜਿਵੇਂ ਕਿਸੇ ਜਸ਼ਨ ‘ਚ ਹਿੱਸਾ ਲੈਣ ਜਾ ਰਿਹਾ ਹੋਵੇ । ਉਸਨੂੰ ਆਪਣੇ ਲਾਮ –ਲਸ਼ਕਰ ‘ਤੇ ਅਥਾਹ ਵਿਸ਼ਵਾਸ਼ ਸੀ ।
ਲੜਾਈ ਦੇ ਮੈਦਾਨ ‘ਚ ਜਾਣ ਲਈ ਹਿਮਾਯੂੰ ਆਪਣੇ ਸ਼ਾਹੀ ਪਰਿਵਾਰ ਦੀਆਂ ਔਰਤਾਂ , ਕਨੀਜ਼ਾਂ ਅਤੇ ਬਾਂਦੀਆਂ ਨੂੰ ਨਾਲ ਲੈ ਤੁਰਦਾ ।
ਜਿਵੇਂ ਇਸ਼ਕ ਅਤੇ ਜੰਗ ‘ਚ ਅਕਸਰ ਹੁੰਦਾ ਪਾਸਾ ਕਦੋਂ ਵੀ ਪਲਟ ਜਾਂਦਾ ।
ਸ਼ੇਰ ਖਾਨ ਦੀ ਹਜ਼ਾਰਾਂ ਦੀ ਫੌਜ ਅਤੇ ਉਸਦੀ ਜੰਗੀ ਵਿਉੁਂਤਬੰਦੀ ਲੱਖ ਤੋਂ ਵੱਧ ਸ਼ਾਹੀ ਫੌਜਾਂ ਨੂੰ ਭਾਜੜ ਪਾ ਦਿੰਦੀ ਅਤੇ ਬਾਦਸਾ਼ਹ ਨੂੰ ਆਪਣੇ ਜਾਨ ਬਚਾ ਕੇ ਭੱਜਣਾ ਪੈਂਦਾ , ਪਿੱਛੇ ਰਹਿ ਜਾਂਦੀਆਂ ਤੋਪਾਂ, ਗੋਲਾ ਬਾਰੂਦ ਅਤੇ ਸ਼ਾਹੀ ਪਰਿਵਾਰ ਦੀਆਂ ਬੇਗਮਾਂ , ਰਾਣੀਆਂ ਅਤੇ ਹੋਰ ਔਰਤਾਂ ।
ਮੁਗਲ , ਜਦੋਂ ਵੀ ਕਿਸੇ ਰਿਆਸਤ ਤੇ ਕਬਜ਼ਾ ਕਰਦੇ ਤਾਂ ਲੁੱਟਮਾਰ ਤੋਂ ਬਾਅਦ ਤੋ ਜੇ ਕਿਸੇ ਨੂੰ ਇਹਨਾਂ ਦੀ ਸਿ਼ਕਾਰ ਹੋਣਾ ਪੈਂਦਾ ਤਾਂ ਉਹ ਔਰਤਾਂ ਹੁੰਦੀਆਂ । ਸੋਹਣੀਆਂ ਸਨੁੱਖੀਆਂ ਔਰਤਾਂ ਹਰਮ ਦਾ ਸਿੰਗਾਰ ਬਣ ਜਾਂਦੀਆਂ ਅਤੇ ਬਾਕੀ ਸਿਪਾਹਸਲਾਰਾਂ ‘ਚ ਵੰਡ ਦਿੱਤੀਆਂ ਜਾਂਦੀਆਂ । ਔਰਤਾਂ ਨੂੰ ਬੇਪੁੱਤ ਕਰਨ ਵਿੱਚ ਸਿਪਾਹੀ ਵੀ ਪਿੱਛੇ ਨਾ ਰਹਿੰਦੇ ।
ਪਰ ਸ਼ੇਰ ਖਾਨ ਨੇ ਅਜਿਹਾ ਨਹੀ ਕੀਤਾ , ਬੰਦੀ ਬਣਾਈਆਂ ਔਰਤਾਂ ਨੂੰ ਪੂਰੀ ਇੱਜ਼ਤ ਨਾਲ ਚੁਨਾਰ ਦੇ ਕਿਲੇ ‘ਚ ਰੱਖਿਆ ।
ਇਹਨਾ ਵਿੱਚ ਬਾਬਰ ਦੀ ਧੀ ਹਿਮਾਯੂੰ ਦੀ ਹਮਸ਼ੀਰ ‘ਗੁਲਬਦਨ ਵੀ ਸੀ ।
ਗੁਲਬਦਨ , ਜਿੰਨੀ ਹੁਸੀਨ ਸੀ ਓਨੀ ਜ਼ਹੀਨ ਵੀ ਸੀ ।
ਕਿਤਾਬਾਂ ਪੜ੍ਹਨ ਦਾ ਉਸਨੂੰ ਸ਼ੌਂਕ ਵੀ ਸੀ ਇਲਮ ਨਾਲ ਸਿੱਧਾ ਰਾਬਤਾ ਸੀ। ਸ਼ਾਹੀ ਖੂਨ ‘ਚ ਅਣਖ ਦਾ ਗਰੂਰ ਵੀ ਸੀ ।
ਪਰ ਸ਼ੇਰ ਖਾਨ ਨੇ ਉਸਨੂੰ ਪੂਰੀ ਇੱਜ਼ਤ ਬਖਸ਼ੀ ।
ਦੋਵਾਂ ਵਿੱਚ ਨੇੜਤਾ ਤਾਂ ਵਧੀ ਪਰ ਕਿਸੇ ਹੱਦ ਸ਼ਬਦ ਆਪਣੀ ਗੱਲ ਨਾ ਕਹਿ ਸਕੇ ।
ਕੁਝ ਦਿਨਾਂ ਬਾਅਦ ਸ਼ਾਹੀ ਔਰਤਾਂ ਨੂੰ ਦਿੱਲੀ ਲਈ ਰਵਾਨਾ ਕਰ ਦਿੱਤਾ ।
ਨਾ ਸ਼ੇਰ ਖਾਨ ਨੇ ਗੁਲਬਦਨ ਨੂੰ ਰੋਕਿਆ , ਨਾ ਗੁਲਬਦਨ ਦੇ ਗਰੂਰ ਨੇ ਰੁੱਕਣਾ ਬਿਹਤਰ ਸਮਝਿਆ । ਪਰ ਖਿੱਚ ਬਰਕਰਾਰ ਰਹੀ ।
ਕੁਝ ਕੁ ਮਹੀਨਿਆਂ ‘ਚ ਸ਼ੇਰ ਖਾਨ ਦਿੱਲੀ ਤੇ ਤਖ਼ਤ ਦੇ ਕਾਬਜ਼ ਹੋ ਜਾਂਦਾ ।
ਤਾਂ ਹਿਮਾਯੂੰ ਆਪਣੇ ਸੈਨਾਪਤੀ ਜੁਨੈਦ ਬਰਲਾਸ ਰਾਹੀਂ ਸ਼ੇਰ ਸ਼ਾਹ ਨੂੰ ਸੰਧੀ ਦਾ ਪੈਗਾਮ ਭੇਜਿਆ ਜਿਸ ‘ਚ ਲਿਖਿਆ ਸੀ , ਤੁਸੀ ਮੈਨੂੰ ਸਰਹੱਦ ਤੋਂ ਲੈ ਕੇ ਦੱਰਾ ਖੈ਼ਬਰ –ਕਾਬਲ ਤੱਕ ਹੁਕਮਰਾਨ ਤਸਲੀਮ ਕਰ ਲਵੋ ਅਤੇ ਬਾਕੀ ਹਿੰਦੋਸਤਾਨ ਤੁਹਾਡੇ ਲਈ ਛੱਡ ਦੇਵੇਗਾ ਅਤੇ ਨਾਲ ਹੀ ਆਪਣੀ ਹਮਸ਼ੀਰ ਗੁਲਬਦਨ ਤੁਹਾਨੂੰ ਸੌਂਪ ਦੇਵਾਂਗਾ।
‘ਗੁਲਬਦਨ’ ਦਾ ਨਾਂਮ ਸੁਣ ਕੁ ਸ਼ੇਰ ਸ਼ਾਹ ਦਾ ਦਿਲ ਧੜਕਿਆ ।
ਉਸਨੇ ਕਿਹਾ ਗੁਲਬਦਨ ਦੀ ਚਾਹਤ ਜਰੂਰ ਹੈ ਪਰ ਉਸਦਾ ਸੌਦਾ ਨਹੀਂ ਕਰ ਸਕਦਾ ।
‘ਯਾ ਅੱਲਾ !! ਤੁਸਾਂ ਮੈਨੂੰ ਸ਼ਸ਼ੋਪੰਜ ‘ਚ ਪਾ ਦਿੱਤਾ , ਇਹ ਵੀ ਨਹੀ ਕਹਿ ਸਕਦਾ ਕਿ ਗੁਲਬਦਨ ਲਈ ਮੇਰੀ ਮੁਹੱਬਤ ਨਹੀਂ...

ਕਿ ਮੇਰੇ ਲਈ ਗੁਲਬਦਨ ਦੀ ਕੋਈ ਅਹਿਮੀਅਤ ਨਹੀਂ । ਪਰ ਮੇਰੀ ਮੁਹੱਬਤ ਮੇਰਾ ਨਿੱਜੀ ਮਾਮਲਾ ਹੈ , ਇਸ ਲਈ ਮੈਂ ਆਪਣੇ ਅਕੀਦਿਆਂ , ਇਰਾਦਿਆਂ ਅਤੇ ਵਤਨ ਦਾ ਸੌਦਾ ਨਹੀਂ ਕਰ ਸਕਦਾ ।’
ਬਿਆਸ ਦੇ ਕੋਲ ਮੁਗਲ ਫੌਜ ਨਾਲ ਹੋਈ ਜੰਗ ‘ਚ ਸ਼ੇਰ ਸ਼ਾਹ ਫਤਿਹ ਨਸੀਬ ਹੁੰਦੀ ਹੈ ।
ਮੁਗਲ , ਲਾਹੌਰ ਤੋਂ ਆਪਣੇ ਲਾਮ –ਲਸ਼ਕਰ ਲੈ ਕੇ ਕਾਬਲ ਵੱਲ ਨਿਕਲਣ ਦੀ ਤਿਆਰੀ ‘ਚ ਹਨ ।
ਬੁਝੇ ਹੋਏ ਮਨ ਅਤੇ ਮਰੀਆਂ ਹੋਈਆਂ ਸੱਧਰਾਂ ਨਾਲ ਗੁਲਬਦਨ ਵੀ ਆਪਣਾ ਸਮਾਨ ਸੰਭਾਲ ਰਹੀ ਹੈ ।
ਉਦੋਂ ਇੱਕ ਬਾਂਦੀ ਆ ਕੇ ਸੁਨੇਹਾ ਦਿੰਦੀ ਹੈ ਕਿ ਕੋਈ ਜਰੂਰੀ ਪੈਗਾਮ ਲੈ ਕੇ ਆਇਆ ।
ਪਰ ਗੁਲਬਦਨ ਗੁੱਸੇ ‘ਚ ਬੋਲਦੀ ਹੈ ‘ਦਫਾ ਕਰੋ ’
ਬਾਂਦੀ , ਗੁਲਬਦਨ ਦੀ ਮਾਨਸਿਕਤਾ ਸਮਝਦੀ ਹੈ ਤੇ ਖੜੀ ਰਹਿੰਦੀ ।
ਅਖੀਰ, ਸੁਨੇਹਾ ਲੈ ਕੇ ਆਉਣ ਵਾਲੀ ‘ਉਰਵਸੀ’ ਸਲਾਮ ਆਖ ਕੇ ਪੇਸ਼ ਹੁੰਦੀ ।
ਉਰਵਸ਼ੀ ਆਖਦੀ , ‘ਸ਼ਹਿਜ਼ਾਦੀ ਸਾਹਿਬਾ, ਤੁਸੀ ਨਹੀਂ ਮੈਨੂੰ ਜਾਣਦੇ ਪਰ ਮੈਂ ਤੁਹਾਨੂੰ ਵੀ ਜਾਣਦੀ ਹਾਂ ਚੰਗੀ ਤਰ੍ਹਾਂ ਅਤੇ ਸ਼ੇਰ ਸ਼ਾਹ ਨੂੰ ਵੀ ।
ਉਰਵਸ਼ੀ – ਇਸ ਵੇਲੇ ਤੁਸੀ ਆਪਣਾ ਸਮਾਨ ਬੰਨ੍ਹ ਰਹੇ ਹੋ – ਸ਼ਾਇਦ ਕਾਬਲ ਜਾਣ ਲਈ । ਤੁਸੀ ਜਿੰਦਗੀ ਦੇ ਮਹੱਤਵਪੂਰਨ ਪੜਾਅ ‘ਤੇ ਖੜ੍ਹੇ ਹੋ । ਜੋ ਤੁਹਾਨੂੰ ਕਾਬਲ ਵੀ ਲਿਜਾ ਸਕਦਾ ਅਤੇ ਦਿੱਲੀ ਵੀ । ਤੁਹਾਨੂੰ ਕੋਈ ਬਾਦਸ਼ਾਹ, ਕਿਸੇ ਬਾਦਸ਼ਾਹ ਦਾ ਭਤੀਜਾ , ਨਾਮੀ ਗਰਾਮੀ ਜਰਨੈਲ ਤਾਂ ਮਿਲ ਸਕਦਾ ਹੈ ਪਰ ਉਹ ‘ਸ਼ੇਰ ਸ਼ਾਹ’ ਨਹੀਂ ਹੋਵੇਗਾ ।
ਜਿਸ ਆਦਮੀ ਦਾ ਮੈਂ ਸੁਨੇਹਾ ਲੈ ਕੇ ਆਈ ਹਾਂ ਉਹ ਇੱਕੋ ਵੇਲੇ ਬਾਦਸ਼ਾਹ ਵੀ ਹੈ, ਦਾਨਸ਼ਵਰ ਵੀ ਅਤੇ ਇੱਕ ਆਮ ਆਦਮੀ ਵੀ ।’
ਗੁਲਬਦਨ – ਮੈਂ ਜੋ ਮਹਿਸੂਸ ਕਰਦੀ ਹਾਂ, ਉਸਨੂੰ ਸ਼ਬਦਾਂ ਰਾਹੀਂ ਨਹੀਂ ਕਹਿ ਸਕਾਂਗੀ , ਪਿਆਰ ਦੇ ਕਈ ਰੰਗ ਹਨ , ਕਈ ਰੂਪ, ਕਈ ਪੜਾਅ ਹੁੰਦੇ ਹਨ । ਮੈਨੂੰ ਲੱਗਦਾ ਮੈਂ ਉਹਨਾਂ ਵਿੱਚੋਂ ਲੰਘ ਆਈ ਹਾਂ ।
ਉਰਵਸ਼ੀ – ਸਹੀ ਆਖਿਆ ਤੁਸੀ , ਅਸੀਂ ਸ਼ਬਦਾਂ ਦੇ ਸਹਾਰੇ ਜਿਉੁਂਦੇ ਹਾਂ, ਖਾਮੋਸ਼ੀ ਨੂੰ ਸਮਝਦੇ ਨਹੀਂ । ਨ-ਸ਼ਬਦ ਸਾਡੇ ਪਰਾਣ ਦਾ ਕੇਂਦਰ ਹੈ ਖ਼ਾਸ ਕਰਕੇ ਇਸਤਰੀ ਦਾ ।
ਉਰਵਸ਼ੀ ਫੇਰ ਬੋਲੀ , ‘ ਖੁਦਦਾਰੀ , ਅਭਿਮਾਨ ਇੱਕ ਇਸਤਰੀ ਦਾ ਗਹਿਣਾ ਹੈ , ਖਾਸ ਕਰਕੇ ਜੇ ਉਹ ਤੁਹਾਡੇ ਵਰਗੀ ਸੁੰਦਰ ਹੋਵੇ ਅਤੇ ਸ਼ਹਿਜ਼ਾਦੀ ਵੀ । ਪਰ —ਪਰ ਜਿਵੇਂ ਸਮਝਦੀ ਤੁਹਾਡੇ ‘ਚ ਮੁਹੱਬਤ ਦਾ ਜ਼ਜ਼ਬਾ ਵੀ ਹੈ । ਜਿਵੇਂ ਇੱਕ ਮਿਆਨ ‘ਚ ਦੋ ਤਲਵਾਰਾਂ ਨਹੀਂ ਸਮਾਂ ਸਕਦੀਆਂ ਉਸੇ ਤਰ੍ਹਾਂ ਪ੍ਰੇਮ ਅਤੇ ਅਭਿਮਾਨ ਵੀ ਨਹੀਂ । ਪ੍ਰੇਮ ਸਮਰਪਣ ਦਾ ਭਾਵ ਹੈ , ਅਭਿਮਾਨ ਗਰੂਰ ਦਾ ਨੇੜਲਾ ਰਿਸ਼ਤੇਦਾਰ ।
ਗੁਲਬਦਨ – ਹੁਣ ਉਹ ਵੇਲਾ ਨਹੀਂ
ਉਰਵਸ਼ੀ – ਅਸੀਂ ਔਰਤਾਂ ਵੀ ਕੀ ਚੀਜ਼ ਹਾਂ? ਕਦੇ ਕਿਸੇ ਲਈ ਸਭ ਕੁਝ ਬਲਿਦਾਨ ਕਰਨ ਲਈ ਤਿਆਰ , ਕਦੀ ਹਮਾਲਾ ਪਰਬਤ ਵਾਂਗ ਸਖ਼ਤ ।
ਗੁਲਬਦਨ – ਬੱਸ ਹੋਰ ਨਾ ਬੋਲ , ਦੁਆ ਕਰ ਕਿ ਖੁਦਾ ਮੈਨੰ ਬਰਦਾਸ਼ਤ ਕਰਨ ਦੀ ਤਾਕਤ ਦੇਵੇ ।
ਉਰਵਸ਼ੀ ਤੁਰਨ ਲੱਗੀ ਤਾਂ ਗੁਲਬਦਨ ਨੇ ਹੀਰੇ ਦੀ ਅੰਗੂਠੀ ਲਾਹ ਕੇ ਕਿਹਾ ਇਹ ਉਹਨੂੰ ਮੇਰੇ ਵੱਲੋਂ ਤੋਹਫਾ ਦੇ ਦਿਓ । ਖੁਦਾ ਹਾਫਿ਼ਜ਼ ।
ਮੁਗਲਾਂ ਦਾ ਲਸ਼ਕਰ ਦੱਰਾ ਖੈ਼ਬਰ ਨੂੰ ਨਿਕਲ ਗਿਆ।
ਕੁਝ ਦਿਨਾਂ ‘ਚ ਬਾਅਦ ਸ਼ੇਰ ਸ਼ਾਹ ਸੂਰੀ ਦੀ ਫੌਜ ਲਾਹੌਰ ਕਿਲ੍ਹੇ ਦਾਖਲ ਹੋਈ ।
ਸ਼ੇਰ ਸ਼ਾਹ ਨੇ ਬਾਕੀ ਸਭ ਕੁਝ ਦੇਖਣ ਤੋਂ ਪਹਿਲਾਂ ਚੌਕੀਦਾਰ ਤੋਂ ਪੁੱਛਿਆ , ‘ਗੁਲਬਦਨ ਦਾ ਕਮਰਾ ਕਿੱਥੇ ।’
ਕਮਰੇ ਕੋਲ ‘ਚ ਪਹੁੰਚਿਆ ।
ਗੁਲਬਦਨ ਦੇ ਪਲੰਘ ‘ਤੇ ਲੇਟਿਆ । ਉਹਦੀ ਮਹਿਕ ਨੂੰ ਮਹਿਸੁੂਸਣ ਦਾ ਯਤਨ ਕੀਤਾ , ਉਹਦੀ ਯਾਦ ਦਾ ਤਸੱਵਰ ਕਰਨ ਲੱਗਾ । ਜ਼ਜ਼ਬਾਤੀ ਦਿਲ ਅਤੇ ਭਰੀਆਂ ਅੱਖਾਂ ‘ਚ ਸੁਪਨੇ ਹੰਝੂ ਬਣ ਕੇ ਤੈਰਨ ਲੱਗੇ ।
ਅਚਾਨਕ ਉਸਦੀ ਨਜ਼ਰ ਕੱਲੀ ‘ਤੇ ਟੰਗੇ ਗੁਲਬਦਨ ਦੇ ਕੁਝ ਕੱਪੜਿਆਂ ‘ਤੇ ਪਈ ਨੇੜੇ ਜਾ ਕੇ ਦੇਖਿਆ ਉੱਥੇ ਇੱਕ ਚਿੱਠੀ ਪਈ ਸੀ ।
ਜਿਸ ‘ਤੇ ਲਿਖਿਆ ਸੀ ।
‘ ਕਰਾਰੇ’ ਅਹਦ ਬਆਰੀ ਚੁਨੀ ਨਬੂਦ ਮਰਾ
ਗਜ਼ੀਬ ਹਿਜਰੋ ਮਰਾ, ਕਰਦ ਬੇਕਰਾਰ ਆਖ਼ਰ ।
( ‘ਕਰਾਰ’ ਇਸ ਤਰ੍ਹਾਂ ਦਾ ਸੀ ,ਯਾਰ ਤੋਂ ਮੈਨੂੰ ਜੁਦਾਈ ਦੇ ਕੇ ਕਰ ਕਰ ਗਿਆ ਬੇਕਰਾਰ ਆਖ਼ਰ )
ਨੋਟ- ਜਿ਼ਆਦਾ ਸਮੱਗਰੀ ਅਤੇ ਸ਼ਬਦ ਮਨਮੋਹਨ ਬਾਵਾ ਦੀ ਕਿਤਾਬ ਸਾਦਿਕ ਸੁਲਤਾਨ ਸੇ਼ਰ ਸ਼ਾਹ ਸੂਰੀ ਵਿੱਚੋਂ ਲਏ ਹਨ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)