More Punjabi Kahaniya  Posts
ਰਾਹਾਂ ਵਿਚ ਖਿਲਾਰ ਦਿੱਤੇ ਕੰਡੇ


ਮਾਂ ਅਕਸਰ ਹੀ ਏਨੀ ਗੱਲ ਦੱਸਦੀ ਰੋ ਪਿਆ ਕਰਦੀ ਕੇ ਮੇਰੇ ਡੈਡੀ ਨੇ ਵਿਆਹ ਤੱਕ ਸ਼ਰਾਬ ਨੂੰ ਹੱਥ ਤੱਕ ਵੀ ਨਹੀਂ ਸੀ ਲਾਇਆ..ਫੇਰ ਮੇਰਾ ਵੱਡਾ ਮਾਸੜ..ਦੋ ਧਾਰੀ ਮਿੱਠੀ ਛੁਰੀ..ਵਿਆਹ ਤੋਂ ਪਹਿਲਾਂ ਮੇਰੀ ਮਾਂ ਦੇ ਸਹੁਰੇ ਜਾ ਕੇ ਭਾਨੀ ਮਾਰ ਆਇਆ..ਤੇ ਮਗਰੋਂ ਮੇਰੇ ਡੈਡ ਨੂੰ ਵੀ ਸ਼ਰਾਬ ਪੀਣ ਵੀ ਲਾ ਦਿੱਤਾ!
ਅੱਠਵੀਂ ਤੱਕ ਮੈਨੂੰ ਦੁਨੀਆ ਦਾਰੀ ਦੀ ਸਮਝ ਆਉਣ ਲੱਗ ਪਈ..!
ਦਿਨ ਢਲਦਿਆਂ ਹੀ ਡੈਡ ਨੂੰ ਬਾਹਰੋਂ ਵਾਜਾਂ ਪੈਣ ਲੱਗ ਜਾਂਦੀਆਂ..ਮਾਂ ਵਾਸਤੇ ਪਾਉਂਦੀ ਹੀ ਰਹਿ ਜਾਂਦੀ..ਕਦੇ ਜੁਆਨ ਧੀ ਦਾ ਤੇ ਕਦੀ ਉਸਦੀ ਸਿਹਤ ਦਾ..ਪਰ ਉਹ ਨਾ ਟਲਦਾ..ਸਪੇਰੇ ਦੀ ਬੀਨ ਵਾਂਙ ਕੀਲਿਆਂ ਹੋਇਆ ਬੱਸ ਬਾਹਰ ਨੂੰ ਖਿਚਿਆ ਤੁਰਿਆ ਜਾਂਦਾ..ਫਿਰ ਦੇਰ ਰਾਤ ਕੁਝ ਬੰਦੇ ਉਸਨੂੰ ਗੇਟ ਕੋਲ ਛੱਡ ਜਾਇਆ ਕਰਦੇ..ਉਸ ਕੋਲੋਂ ਤੁਰਿਆ ਵੀ ਨਾ ਜਾਇਆ ਕਰਦਾ..ਡਿਗਦਾ ਢਹਿੰਦਾ ਕੰਧਾਂ ਨੂੰ ਹੱਥ ਪਾਉਂਦਾ ਅੰਦਰ ਆਉਂਦਾ ਤੇ ਫੇਰ ਮੇਰੀ ਮਾਂ ਕੋਲੋਂ ਮੁਆਫ਼ੀਆਂ ਮੰਗਣ ਲੱਗ ਜਾਂਦਾ..!
ਅਗਲੇ ਦਿਨ ਫੇਰ ਓਹੀ ਕੁਝ ਫੇਰ ਵਾਪਰਦਾ..ਫੇਰ ਇੱਕ ਦਿਨ ਮਾਂ ਨੇ ਪੇਕਿਆਂ ਨਾਲ ਸਲਾਹ ਕੀਤੀ..!
ਮੈਥੋਂ ਇੱਕ ਚਿੱਠੀ ਲਿਖਵਾ ਸੁੱਤੇ ਪਏ ਦੇ ਸਿਰਹਾਣੇ ਰੱਖ ਦਿੱਤੀ..ਵਿਚ ਲਿਖਿਆ ਸੀ..ਮੈਂ ਘਰ ਛੱਡ ਕੇ ਜਾ ਰਹੀ ਹਾਂ..ਹਮੇਸ਼ਾਂ ਲਈ..ਮੈਥੋਂ ਤੇਰੀ ਹਾਲਤ ਨਹੀਂ ਦੇਖੀ ਜਾਂਦੀ..ਹੁਣ ਮੈਂ ਓਦੋਂ ਹੀ ਵਾਪਿਸ ਆਊਂ ਜਦੋਂ ਤੂੰ ਇਸ ਬੋਤਲ ਦਾ ਸਾਥ ਸਦਾ ਲਈ ਛੱਡ ਜਾਵੇਂਗਾ..!
ਫੇਰ ਦਿਨ ਚੜਨ ਤੋਂ ਪਹਿਲਾਂ ਮੈਂ ਮਾਮੇ ਨਾਲ ਨਾਨਕੇ ਪਿੰਡ ਆ ਗਈ..!
ਡੈਡੀ ਉਠਿਆ..ਮਾਂ ਨੇ ਆਖਿਆ ਨਿੱਕੀ ਨਹੀਂ ਲੱਭਦੀ..ਚੜੀ ਹੋਈ ਇਕਦਮ ਉੱਤਰ ਗਈ..!ਉਹ ਕਮਲਿਆਂ ਵਾਂਙ ਬਾਹਰ ਨੂੰ ਭੱਜ ਗਿਆ..ਫਿਰ ਮਾਂ ਨੇ ਮਗਰੋਂ ਵਾਜ ਮਾਰ ਚਿੱਠੀ ਫੜਾ ਦਿੱਤੀ..ਪਾਗਲ ਹੋਏ ਨੇ ਅਗਲੇ ਚਾਰ ਦਿਨ ਕੋਈ ਸਕੀਰੀ ਰਿਸ਼ਤੇਦਾਰੀ ਕੋਈ ਸਾਕ ਬਰਾਦਰੀ ਨਾ ਛੱਡੀ..ਨਾਨਕੇ ਵੀ ਗਿਆ ਪਰ ਉਹ ਮੁੱਕਰ ਗਏ..ਚਹੁੰ ਦਿੰਨਾ ਵਿਚ ਹੀ ਮਰਨ ਵਾਲੀ...

ਹਾਲਤ ਹੋ ਗਈ..ਠਾਣੇ ਜਾ ਕੇ ਵੀ ਕਿੰਨੇ ਸਾਰੇ ਪੈਸੇ ਢੇਰੀ ਕਰ ਦਿੱਤੇ..ਅਖ਼ੇ ਮੇਰੀ ਧੀ ਨੂੰ ਲੱਭ ਲਿਆਓ..ਫੇਰ ਸਾਰਾ ਸਾਰਾ ਦਿਨ ਮੇਰੀ ਫੋਟੋ ਨੂੰ ਹੀ ਵੇਖ ਰੋਈ ਜਾਇਆ ਕਰਦਾ..!
ਫੇਰ ਇੱਕ ਦਿਨ ਮੂੰਹ ਹਨੇਰੇ ਹੀ ਮਾਮਾ ਮੈਨੂੰ ਗੇਟ ਮੂਹਰੇ ਲਾਹ ਪਿਛਾਂ ਮੁੜ ਗਿਆ..!
ਮੈਨੂੰ ਬਰੂਹਾਂ ਤੇ ਖਲੋਤੀ ਨੂੰ ਦੇਖ ਇੰਝ ਭੱਜਾ ਆਇਆ ਜਿੱਦਾਂ ਵਰ੍ਹਿਆਂ ਤੋਂ ਵਿੱਛੜੀ ਹੋਈ ਇੱਕ ਕੂੰਝ ਨਜਰੀ ਪੈ ਗਈ ਹੋਵੇ..!
ਕਿੰਨੀ ਦੇਰ ਜੱਫੀ ਵਿਚ ਲੈ ਪਲੋਸਦਾ ਰਿਹਾ..ਕੋਲ ਖਲੋਤੀ ਮਾਂ ਵੀ ਰੋ ਪਈ ਤੇ ਮੈਂ ਵੀ..ਫੇਰ ਭੋਏਂ ਤੇ ਡਿੱਗੇ ਅਣਗਿਣਤ ਅਥਰੂਆਂ ਨਾਲ ਕਿੰਨਾ ਕੁਝ ਧੋਤਾ ਗਿਆ ਤੇ ਤਿੰਨੋਂ ਹੌਲੇ ਫੁਲ ਹੋ ਗਏ..ਮਗਰੋਂ ਜਿੰਦਗੀ ਇੱਕ ਵੱਖਰੀ ਲੀਹੇ ਪੈ ਗਈ!
ਅੱਜ ਏਨੇ ਵਰੇ ਹੋ ਗਏ ਸ਼ਰਾਬ ਤਾਂ ਕੀ ਇਸਦਾ ਨਾਮ ਤੱਕ ਵੀ ਨਹੀਂ ਲਿਆ ਗਿਆ ਸਾਡੇ ਵੇਹੜੇ..ਸਗੋਂ ਲੋਕ ਡੈਡ ਤੋਂ ਸਲਾਹਾਂ ਲੈਣ ਆਉਂਦੇ..ਕਈ ਵਿਗੜ ਗਿਆ ਨੂੰ ਲੀਹੇ ਪਾਇਆ ਉਸਨੇ..ਦੱਸ ਸਾਲ ਹੋ ਗਏ ਸਰਪੰਚ ਬਣੇ ਨੂੰ..ਉਹ ਵੀ ਸਰਬਸੰਮਤੀ ਨਾਲ..ਪਰ ਮਜਾਲ ਏ ਕੋਈ ਪਿੰਡ ਦੀ ਜੂਹ ਵਿਚ ਨਸ਼ਾ ਵੇਚ ਜਾਵੇ..!
ਸੋ ਦੋਸਤੋ ਕਈ ਵਾਰ ਔਲਾਦ ਦੇ ਮੋਹ ਦਾ ਸਰੂਰ ਏਨਾ ਸਿਰ ਚੜ ਬੋਲਦਾ ਏ ਕੇ ਇਸਦੇ ਸਾਹਵੇਂ ਦੁਨੀਆਂ ਦੀ ਵੱਡੇ ਤੋਂ ਵੱਡੇ ਨਸ਼ੇ ਵੀ ਹੌਲੇ ਪੈ ਜਾਇਆ ਕਰਦੇ ਨੇ..!
ਤੇ ਇਹ ਜਰੂਰੀ ਨਹੀਂ ਕੇ ਜਿੰਦਗੀ ਦੀਆਂ ਰਾਹਾਂ ਵਿਚ ਆਣ ਖਲੋਤੇ ਕਿੰਨੇ ਸਾਰੇ ਤੂਫ਼ਾਨ ਅਤੇ ਜਵਾਰਭਾਟੇ ਸਿਰਫ ਤਬਾਹੀ ਹੀ ਲਿਆਉਂਦੇ ਹੋਣ..ਕੁਝ ਰਾਹਾਂ ਵਿਚ ਖਿਲਾਰ ਦਿੱਤੇ ਕੰਡੇ ਵੀ ਉਡਾ ਕੇ ਲੈ ਜਾਇਆ ਕਰਦੇ ਨੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਰਾਹਾਂ ਵਿਚ ਖਿਲਾਰ ਦਿੱਤੇ ਕੰਡੇ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)