ਸਿਆਲ ਦਾ ਸਿਖਰ..ਸਭ ਤੋਂ ਛੋਟੇ ਦਿਨਾਂ ਵਿਚੋਂ ਇੱਕ..ਸੂਰਜ ਨਾਲ ਸਿਰਫ ਸੱਤ ਕੂ ਘੰਟਿਆਂ ਦੀ ਹੀ ਸਾਂਝ..ਨਵੇਂ ਵਾਇਰਸ ਦੀ ਹਾਹਾਕਾਰ ਵਿਚ ਜੀ ਜਿਹਾ ਕੀਤਾ ਅੱਜ ਕਿਧਰੇ ਬਾਹਰ ਜਾਇਆ ਜਾਵੇ..!
ਸਾਰੀ ਰਾਹ ਵਿਛਿਆ ਹੋਇਆ ਚਿੱਟਾ ਕਾਲੀਨ..ਚਿੱਟੇ ਤੋਂ ਹੋਰ ਵੀ ਬੜਾ ਕੁਝ ਚੇਤੇ ਆਇਆ..ਖੈਰ ਛੱਡੋ!
ਨੱਬੇ ਕੂ ਕਿਲੋਮੀਟਰ ਦੂਰ ਹੀ ਗਿਆ ਹੋਵਾਂਗਾ ਕੇ ਜੰਗਲ ਕੋਲੋਂ ਬਰਫ ਦੀ ਚਿੱਟੀ ਚਾਦਰ ਵਿਚੋਂ ਦੀ ਹਿਰਨਾਂ ਦਾ ਇੱਕ ਝੁੰਡ ਨਿੱਕਲਿਆ..ਹੱਟੇ-ਕੱਟੇ..ਸਾਰੇ ਚੜ੍ਹਦੀ ਕਲਾ ਵਿਚ..!
ਐਨ ਵਿਚਕਾਰ ਸਾਮਣੇ ਖਲੋ ਗਏ..ਲੱਗਾ ਪੁੱਛ ਰਹੇ ਹੋਣ..ਸ਼ਹਿਰ ਦੀ ਸੁਣਾ ਦੋਸਤਾ..ਪਦਾਰਥਵਾਦ ਦੀਆਂ ਦੌੜਾ ਕੁਝ ਘੱਟ ਹੋਈਆਂ ਕੇ ਅਜੇ ਵੀ ਉਂਝ ਦੀ ਉਂਝ ਹੀ..?
ਮੈਂ ਮੋਟੀ ਜੈਕਟ ਓਹਲੇ ਕਰ ਲਈ..ਕਿਧਰੇ ਚੈਂਲੇਂਜ ਹੀ ਨਾ ਕਰ ਦੇਣ..ਜੇ ਹਿੰਮਤ ਹੈ ਤਾਂ ਸਾਡੇ ਵਾਂਙ ਵਿੱਚਰ ਕੇ ਵਿਖਾ..ਬਿਨਾ ਮੋਟੇ ਕੱਪੜਿਆਂ ਤੋਂ!
ਦਿਲ ਵਿਚ ਆਇਆ ਪਾਣੀ ਕਿਥੋਂ ਪੀਂਦੇ ਹੋਣਗੇ..ਕੋਲ ਬੈਠਾ ਗੋਰਾ ਆਖਣ ਲੱਗਾ ਜਦੋਂ ਭੁੱਖ ਲੱਗੇ ਤਾਂ ਬਰਫ ਹੇਠ ਦੱਬਿਆ ਘਾਹ ਅਤੇ ਤ੍ਰੇਹ ਲੱਗੀ ਤੇ ਬਰਫ ਖਾ ਲੈਂਦੇ ਨੇ..ਅੰਦਰ ਜਾ ਕੇ ਪਾਣੀ ਹੀ ਤਾਂ ਬਣ ਜਾਂਦੀ..!
ਬਲਿਹਾਰੀ ਕੁਦਰਤ ਵੱਸਿਆ..ਸਭ ਪ੍ਰਬੰਧ ਕੀਤੇ ਹੋਏ ਨੇ ਪੈਦਾ ਕਰਨ ਵਾਲੇ ਨੇ..ਨਿੱਕੇ ਨਿੱਕੇ ਗਾਲੜ ਖਰਗੋਸ਼ ਕੁਤੇ ਬਿੱਲੀਆਂ ਚਿੜੀਆਂ ਕਾਂ..ਗਾਵਾਂ ਵੱਛੇ..ਖੁੱਲੇਆਮ ਫਿਰਦੇ ਅਤੇ ਅਸਮਾਨੀ ਉੱਡਦੇ..ਬਰਫ਼ਾਂ ਨਾਲ ਅਠਖੇਲੀਆਂ ਕਰਦੇ..ਠੰਡ ਦੀ ਪ੍ਰਵਾਹ ਕੀਤੇ ਬਗੈਰ!
ਏਨੇ ਨੂੰ ਪਾਲਤੂ ਖੱਚਰ ਨੂੰ ਧੁੱਪ ਵਿਚ ਸੈਰ ਕਰਵਾਉਂਦੀ ਇੱਕ ਗੋਰੀ ਦਿਸ ਪਈ..ਆਖਣ ਲੱਗੀ ਅੰਦਰ ਤਾਂ ਜਾਨਵਰਾਂ ਨੂੰ ਵੀ ਡਿਪਰੈਸ਼ਨ ਹੋ ਜਾਂਦਾ..!
ਪੰਝੀ ਪੰਝੀ ਸਾਲ ਤੋਂ ਜੇਲਾਂ ਵਿਚ ਡੱਕੇ ਆਪਣੇ ਕਈ ਵੀਰ ਚੇਤੇ ਆ ਗਏ..ਓਹਨਾ ਨੂੰ ਕੌਣ ਬਚਾਉਂਦਾ ਹੋਵੇਗਾ ਡਿਪ੍ਰੈਸ਼ਨ ਤੋਂ..ਸ਼ਾਇਦ ਉਸ ਅਕਾਲ ਪੁਰਖ ਦਾ ਨਾਮ ਹੀ!
ਅੱਗੇ ਪੰਡ ਵਿਚੋਂ ਸੁੱਕਾ ਘਾਹ ਖਾਂਦੇ ਕਾਲੇ ਘੋੜੇ..ਕਈਆਂ ਦੇ ਲੱਕ ਤੇ ਤਾਂ ਕੱਪੜਾ ਪਰ ਕੁਝ ਨੰਗੇ ਧੜ..ਜਰੂਰ ਉਹ ਵੀ ਹੋਣਗੇ ਜਿਹੜੇ ਜਿਆਦਾ ਠੰਡ ਮਨਾਉਂਦੇ ਹੋਣੇ..!
ਮਾਂ ਚੇਤੇ ਆ ਗਈ..ਭਰ ਸਿਆਲ ਜਦੋਂ ਵੀ ਸ਼ਟਾਲਾ ਵੱਢਣ ਜਾਣਾ ਤਾਂ ਆਖਣਾ ਆਹ ਲੈ ਮੇਰਾ ਪੁੱਤ ਅਲਸੀ ਦੀ ਪਿੰਨੀ ਖਾ ਲੈ..!
ਪਤਾ ਨੀ ਕਿਓਂ ਤਿਲਾਂ ਦੇ ਲੱਡੂ ਨਹੀਂ ਸੀ ਖਾਣ ਦਿੰਦੀ..ਅਖ਼ੇ ਨਕਸੀਰ ਫੁੱਟ ਜਾਂਦੀ..ਫੇਰ ਜਦੋਂ ਏਧਰ ਓਧਰ ਹੁੰਦੀ...
ਤਾਂ ਪੀਪੇ ਵਿਚ ਲੁਕਾ ਕੇ ਰੱਖੇ ਕਿੰਨੇ ਸਾਰੇ ਲੈ ਕੇ ਹਰਨ ਹੋ ਜਾਣਾ..!
ਫੇਰ ਨਿੱਕੀਆਂ ਚਿੜੀਆਂ ਕੋਲ ਹੀ ਉੱਡਦਾ ਇੱਕ ਉੱਲੂ ਅਤੇ ਬਾਜ..ਸ਼ਾਇਦ ਕਿਸੇ ਦਾਅ ਤੇ ਹੋਣ..ਕਾਲੇ ਰੰਗ ਦੇ ਮੋਟੇ ਤਾਜੇ ਕਾਂ ਵੀ..ਪੰਜਾਬ ਦੇ ਕੁੱਕੜ ਜਿੰਨਾ ਭਾਰ..ਸੜਕ ਤੇ ਕਾਰਾਂ ਜੀਪਾਂ ਹੇਠ ਆ ਕੇ ਮਰੇ ਗਾਲੜ ਖਾਂਦੇ ਹੋਏ!
ਪੰਜਾਬੀ ਗੌਣ ਚੇਤੇ ਆ ਗਿਆ..ਕਾਲਾ ਸ਼ਾਹ ਕਾਲਾ..ਮੇਰਾ ਕਾਲਾ ਈ ਸਰਦਾਰ ਗੋਰਿਆਂ ਨੂੰ ਦਫ਼ਾ ਕਰੋ..ਮੈਂ ਆਪ ਤਿਲੇ ਦੀ ਧਾਰ..ਗੋਰਿਆਂ ਨੂੰ ਦਫ਼ਾ ਕਰੋ..!
ਪੱਕੇ ਰੰਗ ਦੇ ਘਰਵਾਲਿਆਂ ਦੀਆਂ ਵਹੁਟੀਆਂ ਬੜੀਆਂ ਖੁਸ਼ ਹੁੰਦੀਆਂ..ਜਦੋਂ ਇਹ ਗੀਤ ਲੱਗਦਾ..ਭੋਏਂ ਤੋਂ ਉੱਚਾ ਉੱਠ ਗਿੱਧੇ ਬੋਲੀਆਂ ਪਾਉਂਦੀਆਂ!
ਇਹ ਤਿਲੇ ਦੀ ਧਾਰ ਕੀ ਹੁੰਦੀ ਅੱਜ ਤੱਕ ਪਤਾ ਨਹੀਂ ਲੱਗਾ..ਖੈਰ ਜੋ ਵੀ ਹੋਊ ਸੋਹਣੀ ਚੀਜ ਹੀ ਹੁੰਦੀ ਹੋਊ ਮਤੇ ਆਪਣੀ ਰੀਸ ਤੇ ਕੌਣ ਲਿਆਉਂਦਾ ਕਿਸੇ ਨੂੰ..!
ਏਨੇ ਨੂੰ ਕੌਫੀ ਨੂੰ ਜੀ ਕਰ ਪਿਆ..ਟਿੰਮ ਤੇ ਲੱਗਿਆ ਜੀਵੇਂ ਆਪਣੀ ਕੁੜੀ ਹੋਵੇ..ਪਰ ਏਨੀ ਦੂਰ..ਉਜਾੜ ਬੀਆ ਬਾਣ ਜਿਹਾ ਸ਼ਹਿਰ..ਵਾਕਿਆ ਹੀ ਉਹ ਆਪਣੀ ਹੀ ਨਿੱਕਲੀ..ਹੌਲੀ ਜਿਹੀ ਉਮਰ ਦੀ..ਅੰਮ੍ਰਿਤਸਰੋਂ..ਕੱਲੀਆਂ ਕਾਰੀਆਂ ਮਾਪਿਓ ਦੀਆਂ ਲਾਡਲੀਆਂ..ਪੁੱਛਿਆ ਡੈਡ ਕੀ ਕਰਦਾ?
ਆਖਣ ਲੱਗੀ ਹੈਨੀ..ਮਾਂ ਵੀ ਨਿੱਕੇ ਹੁੰਦਿਆਂ ਚਲੀ ਗਈ..ਦਾਦੇ ਦਾਦੀ ਨੇ ਹੀ ਪਾਲਿਆ..ਏਧਰ ਆਈ ਤਾਂ ਮਗਰੋਂ ਦਾਦੀ ਵੀ ਪੂਰੀ ਹੋ ਗਈ..ਹੁਣ ਸਿਰਫ ਦਾਦਾ ਹੀ ਹੈ..ਏਨਾ ਕੁਝ ਦੱਸਦੀ ਰੱਤੀ ਭਰ ਉਦਾਸ ਨਹੀਂ ਸੀ ਹੋਈ..ਹਾਏ-ਰੱਬਾ ਕਈਆਂ ਦੇ ਵਜੂਦ ਵਿਚ ਕਿੰਨਾ ਖਾਲੀ ਪਣ..ਤਾਂ ਵੀ ਸਬਰ ਸੰਤੋਖ ਦੇ ਮਜੱਸਮੇਂ..ਆਖਿਆ ਅੱਜ ਮਗਰੋਂ ਮੈਨੂੰ ਹੀ ਆਪਣੇ ਮਾਪੇ ਸਮਝੀ..ਅਰਦਾਸ ਕੀਤੀ ਹੁਣ ਇਸਦੇ ਦਾਦੇ ਨੂੰ ਕੁਝ ਨਾ ਹੋਵੇ!
ਸੱਤ ਘੰਟਿਆਂ ਦੀ ਨਿੱਕੀ ਜਿਹੀ ਫੇਰੀ ਪਾ ਕੇ ਕਿਸੇ ਅਗਲੇ ਸਫ਼ਰ ਤੇ ਜਾਣ ਲਈ ਡੁੱਬਦੇ ਹੋਏ ਲਾਲ ਸੁਰਖ ਹੋ ਗਏ ਸੂਰਜ ਨੂੰ ਵੇਖ ਇੰਝ ਲੱਗਿਆ ਆਖ ਰਿਹਾ ਹੋਵੇ ਦੋਸਤਾ ਜਿੰਨੇ ਮਰਜੀ ਖਲਾਰੇ ਪਾ ਲੈ..ਇੱਕ ਦਿਨ ਰਵਾਨਗੀ ਪਾਉਣੀ ਹੀ ਪੈਣੀ..ਮੇਰੇ ਵਾਂਙ ਖਾਲੀ ਹੱਥ..ਚੁੱਪ ਚੁਪੀਤੇ!
ਹਰਪ੍ਰੀਤ ਸਿੰਘ ਜਵੰਦਾ