ਨਿੱਕੇ ਹੁੰਦੇ ਦਾ ਯਾਰ ਹੁੰਦਾ ਸੀ ਇੱਕ ਏਦਾਂ ਦਾ..ਅਸੀਂ ਛੀਨੇ ਅਤੇ ਸੁਚੈਨੀਆਂ ਪਿੰਡ ਦੇ ਐਨ ਵਿਚਕਾਰ ਲੰਘਦੀ ਰੇਲ ਦੀ ਲਾਈਨ ਦੇ ਕੰਢੇ ਇਕੱਠੇ ਡੰਗਰ ਚਾਰਿਆ ਕਰਦੇ ਸਾਂ..!
ਮਾਂ ਪਿਓ ਹੈਨੀ ਸਨ..ਦਾਦੇ ਨਾਲ ਆਇਆ ਕਰਦਾ ਸੀ..
ਦਾਦੇ ਨੂੰ ਦਮਾਂ ਸੀ..ਅਕਸਰ ਹੀ ਦੌਰਾ ਪੈ ਜਾਂਦਾ ਤਾਂ ਮੇਰੇ ਨਾਲ ਖੇਡਦੇ ਪੋਤੇ ਨੂੰ ਆਖਿਆ ਕਰਦਾ ਓਏ ਬੱਚੂ ਮੈਨੂੰ ਪਾਣੀ ਤਾਂ ਲਿਆ ਦੇ..ਖੇਡਾਂ ਖੇਡਦਾ ਭੱਜ ਕੇ ਲਾਗੇ ਹੀ ਮੜੀਆਂ ਵਿਚੋਂ ਹੱਥ ਵਾਲੇ ਨਲਕੇ ਨੂੰ ਗੇੜ ਕੇ ਪਾਣੀ ਲਿਆਉਂਦਾ..ਉਹ ਘੁੱਟ ਘੁੱਟ ਲੰਘਾਉਂਦਾ ਆਖੀ ਜਾਂਦਾ..ਜਿਉਂਦਾ ਰਹਿ ਪੁੱਤਰਾ..!
ਮੈਂ ਪੁੱਛਣਾ ਤੇਰੇ ਮਾਂ ਪਿਓ ਕਿੱਦਾਂ ਮਰੇ..ਅੱਗਿਓਂ ਲਾਪਰਵਾਹੀ ਵਿਚ ਆਖਣਾ ਮੇਰੇ ਬਾਬੇ ਨੂੰ ਪਤਾ ਕਿੱਦਾਂ ਮਰੇ..ਮੈਨੂੰ ਨੀ..!
ਕਈ ਵੇਰ ਲੱਗਣਾ ਉਹ ਝੂਠ ਬੋਲਦਾ ਏ..ਜੇ ਮਾਂ ਪਿਓ ਨਾ ਹੋਣ ਤੇ ਕੋਈ ਏਡਾ ਖੁਸ਼ ਕਿੱਦਾਂ ਰਹਿ ਸਕਦਾ ਏ..ਹਮੇਸ਼ਾਂ ਹੱਸਦਾ ਟਪੂਸੀਆਂ ਮਾਰਦਾ..ਬੱਕਰੀ ਦੇ ਲੇਲਿਆਂ ਪਠੋਰਿਆਂ ਨਾਲ ਖੇਡਦਾ..ਓਹਨਾ ਦੀਆਂ ਸੁੱਕੀਆਂ ਮੇਂਗਣਾ ਦੂਰ ਸੁੱਟਦਾ ਹੋਇਆ..!
ਗੱਡੀ ਆਉਣ ਵੇਲੇ ਸਾਨੂੰ ਹਿਦਾਇਤ ਸੀ ਕੇ ਰੇਲ ਦੀ ਲਾਈਨ ਅਤੇ ਚਰਦੇ ਡੰਗਰਾਂ ਦੇ ਵਿਚਕਾਰ ਡੰਡਾ ਫੜ ਕੇ ਖਲੋਣਾ ਏ..ਕੋਈ ਡੰਗਰ ਆਉਂਦੀ ਗੱਡੀ ਅੱਗੇ ਨਾ ਆ ਜਾਵੇ..!
ਉਸਦੇ ਬਾਬੇ ਨੇ ਮੈਨੂੰ ਆਖਣਾ ਆਪਣੇ ਪਿਓ ਨੂੰ ਆਖ ਇਸਨੂੰ ਰੇਲਵੇ ਵਿਚ ਭਰਤੀ ਕਰਵਾ ਦੇ..ਮੈਂ ਆਖਣਾ ਅਜੇ ਤੇ ਇਹ ਬੜਾ ਛੋਟਾ ਏ ਤਾਂ ਅੱਗੋਂ ਸੋਚੀ ਪਏ ਨੇ ਆਖਣਾ ਪਰ ਪੁੱਤ ਮੇਰਾ ਕੋਈ ਪਤਾ ਨਹੀਂ..ਕਦੋਂ ਜਾਨ ਨਿੱਕਲ ਜਾਣੀ..!
ਜਾਨ ਨਿੱਕਲਣੀ ਕੀ ਹੁੰਦੀ ਏ..ਮੈਨੂੰ ਨਹੀਂ ਸੀ ਪਤਾ ਹੁੰਦਾ..!
ਨਿੱਕੇ ਹੁੰਦਿਆਂ ਇਹ ਭੁਲੇਖਾ ਸੀ ਕੇ ਬੰਦਾ ਆਪਣੀ ਮਰਜੀ ਨਾਲ ਹੀ ਮਰਦਾ ਏ..ਨਿੱਕੇ ਜਿਹੇ ਨੇ ਸਾਡੀਆਂ ਗੱਲਾਂ ਸੁਣਦੇ ਰਹਿਣਾ..ਹਮੇਸ਼ਾਂ ਹੱਸਦਾ ਹੋਇਆ ਉਹ ਮੈਨੂੰ ਕਈ ਵੇਰ ਸ਼੍ਦਾਈ ਤੇ ਗੰਵਾਰ ਜਿਹਾ ਲੱਗਦਾ..ਹਮੇਸ਼ਾਂ ਇੱਕੋ ਕੱਪੜੇ ਹੁੰਦੇ..ਯਾਦ ਏ ਇੱਕ ਵੇਰ ਆਪਣੀ ਨਿੱਕਰ ਦੇ ਦਿੱਤੀ..ਖੁਸ਼ੀ ਸਾਂਭੀ ਨਾ ਜਾਵੇ..!
ਫੇਰ ਇੱਕ ਦਿਨ ਅਚਾਨਕ ਆਉਣਾ ਬੰਦ ਹੋ ਗਏ ਤੇ ਸਾਡੀ ਵੀ ਦੂਜੇ ਟੇਸ਼ਨ ਬਦਲੀ...
ਹੋ ਗਈ..ਮੇਲਾ ਉੱਜੜ ਗਿਆ..ਪਤਾ ਨੀ ਕਿਥੇ ਹੋਣੇ ਉਹ ਇਸ ਵੇਲੇ..!
ਅੱਜ ਕਈ ਵੇਰ ਸੋਚਦਾ ਕੇ ਕਈਆਂ ਕੋਲ ਗਵਾਉਣ ਲਈ ਕੁਝ ਵੀ ਨਹੀਂ ਹੁੰਦਾ ਤਾਂ ਵੀ ਹਮੇਸ਼ਾਂ ਖੁਸ਼ ਰਹਿੰਦੇ..ਹੱਸਣ ਦੀ ਆਦਤ ਜਿਹੀ ਹੁੰਦੀ ਏ ਓਹਨਾ ਨੂੰ..!
ਪਤਾ ਨਹੀਂ ਉਹ ਤਸੀਹੇ ਦਿੰਦੀ ਜਿੰਦਗੀ ਤੇ ਹੱਸਦੇ ਨੇ ਤੇ ਜਾਂ ਫੇਰ ਆਪਣੀ ਕਿਸਮਤ ਤੇ..ਜਾਂ ਫੇਰ ਨਿੱਕੇ ਨਿੱਕੇ ਘਾਟਿਆਂ ਵੇਲੇ ਫੁੱਟ ਫੁੱਟ ਕੇ ਰੋਂਦੇ ਰਹਿੰਦੇ ਹੋਰ ਲੋਕਾਂ ਤੇ..!
ਸ਼ਾਇਦ ਏਨੀ ਗੱਲ ਸਾਡੇ ਤੋਂ ਕਿਤੇ ਪਹਿਲਾਂ ਸਮਝ ਆ ਜਾਂਦੀ ਏ ਕੇ ਇਨਸਾਨ ਇਸ ਜਹਾਨ ਵਿੱਚ ਆਉਂਦਾ ਵੀ ਖਾਲੀ ਹੱਥ ਤੇ ਇਥੋਂ ਜਾਂਦਾ ਵੀ ਖਾਲੀ ਹੱਥ..!
ਫੇਰ ਵਿਚਲੇ ਦੌਰ ਵਿਚ ਕਿਸੇ ਖੁੱਸ ਗਏ ਦਾ ਫਿਕਰ ਕਿਓਂ ਤੇ ਨਾ ਮਿਲੇ ਦਾ ਜਿਕਰ ਕਿਓਂ..ਸਰਲ ਤੇ ਸਪਸ਼ਟ ਫਿਲਾਸਫੀ ਦੇ ਧਾਰਨੀ..!
ਅੱਜ ਹੀ ਕਿਸੇ ਨੇ ਦੱਸਿਆ ਕੇ ਸੌ ਕਿੱਲੇ ਦੇ ਮਾਲਕ ਨੂੰ ਜਦੋਂ ਪਤਾ ਲੱਗਾ ਕੇ ਲੱਗੇ ਝੋਨੇ ਵਾਲੇ ਖੇਤ ਵਿਚ ਕੋਲੋਂ ਲੰਘਦੀ ਨਹਿਰ ਵਿਚ ਪਏ ਪਾੜ ਦਾ ਪਾਣੀ ਪੈ ਗਿਆ ਤਾਂ ਸਦਮਾ ਸਹਾਰ ਨਾ ਸਕਿਆ..ਦਿਲ ਦੇ ਦੌਰੇ ਨਾਲ ਰਵਾਨਗੀ ਪਾ ਗਿਆ..!
ਸੋ ਦੋਸਤੋ ਹੱਸਦੇ ਵੱਸਦੇ ਰਹੋ..ਨਿੱਕੇ ਮੋਟੇ ਘਾਟਿਆਂ ਅਤੇ ਹੋ ਗਈਆਂ ਹਾਰਾਂ ਨੂੰ ਜ਼ਿਹਨ ਤੇ ਕਦੀ ਵੀ ਹਾਵੀ ਨਾ ਹੋਣ ਦਿਓ ਕਿਓੰਕੇ ਇੱਕ ਦਿਨ ਵਾਜ ਪਈ ਤੇ ਲੱਖਪਤੀ ਨੂੰ ਵੀ ਜਾਣਾ ਪੈਣਾ ਤੇ ਕੱਖ ਪਤੀ ਨੂੰ ਵੀ..!
ਅਗਲਿਆਂ ਨਾ ਤੇ ਕੋਈ ਅਗਾਊਂ ਨੋਟਿਸ ਹੀ ਭੇਜਣਾ ਤੇ ਨਾ ਹੀ ਸੂਈ ਤੱਕ ਸਾਂਭਣ ਦੀ ਮੋਹਲਤ ਹੀ ਦੇਣੀ..ਸਭ ਕੁਝ ਧਰਿਆ ਧਰਾਇਆ ਰਹਿ ਜਾਣਾ..!
ਇਹ ਮੈਂ ਨਹੀਂ ਸਗੋਂ ਫੋਟੋ ਵਿੱਚ ਹੱਸਦਾ ਹੋਇਆ ਮੇਰਾ ਗਵਾਚ ਗਿਆ ਯਾਰ ਆਖ ਰਿਹਾ ਏ!
ਹਰਪ੍ਰੀਤ ਸਿੰਘ ਜਵੰਦਾ