More Punjabi Kahaniya  Posts
ਮਿੰਨੀ ਬੱਸ


ਪੈਂਤੀ-ਛੱਤੀ ਸਾਲ ਪਹਿਲਾਂ ਰਿਆੜਕੀ ਕਾਲਜ ਤੁਗਲਵਾਲ ਦਾਖਲਾ ਲੈ ਲਿਆ..ਓਹਨੀ ਦਿੰਨੀ ਮਾਮੇ ਹੁਰਾਂ ਨਵੀਂ ਨਵੀਂ ਮਿੰਨੀ ਬੱਸ ਪਾਈ ਸੀ..
ਉਹ ਆਪ ਟਿਕਟਾਂ ਕੱਟਿਆ ਕਰਦਾ ਤੇ ਉਸਦਾ ਮੁੰਡਾ ਜਿਸਨੂੰ ਮੈਂ “ਤਾਰੀ ਵੀਰ” ਆਖ ਬੁਲਾਉਂਦੀ ਸੀ,ਬੱਸ ਚਲਾਇਆ ਕਰਦਾ..!

ਓਹਨੀ ਦਿੰਨੀ ਟਾਵੀਂ ਟਾਵੀਂ ਬੱਸ ਹੀ ਚਲਿਆ ਕਰਦੀ ਸੀ..ਆਉਣ ਜਾਣ ਨੂੰ ਜਿਆਦਾਤਰ ਟਾਂਗੇ ਤੇ ਸਾਈਕਲ ਹੀ ਹੋਇਆ ਕਰਦੇ ਸਨ..!
ਸਾਡਾ ਘਰ ਸੜਕ ਤੋਂ ਤਿੰਨ ਚਾਰ-ਪੰਜ ਕਿੱਲੇ ਹਟਵਾਂ ਹੋਇਆ ਕਰਦਾ ਸੀ..
ਨਾਨਕਿਆਂ ਦੀ ਬੱਸ ਦਾ ਏਨਾ ਹੰਕਾਰ ਕੇ ਮਜਾਲ ਏ ਤਾਰੀ ਵੀਰ ਮੈਨੂੰ ਉਡੀਕੇ ਬਿਨਾ ਬੱਸ ਅਗਾਂਹ ਤੋਰ ਲਵੇ..ਮੈਂ ਮਹਾਰਾਣੀ ਵਾਂਗ ਮਰਜੀ ਨਾਲ ਘਰੋਂ ਨਿੱਕਲਦੀ..ਮਟਕ ਮਟਕ ਤੁਰ ਕੇ ਬੱਸ ਕੋਲ ਪੁੱਜ ਬੜੀ ਸ਼ਾਨ ਨਾਲ ਅੰਦਰ ਵੜ ਜਾਇਆ ਕਰਦੀ ਤੇ ਖਾਲੀ ਰੱਖੀ ਸੀਟ ਤੇ ਜਾ ਬੈਠ ਜਾਇਆ ਕਰਦੀ..

ਸਾਰੀ ਬੱਸ ਵਿਚ ਖੁਸਰ ਫੁਸਰ ਸ਼ੁਰੂ ਹੋ ਜਾਂਦੀ..ਕੋਈ ਆਖਦਾ..”ਭਾਣਜੀ ਜੂ ਹੋਈ”..ਕੋਈ ਮੇਰੀਆਂ ਕਿਤਾਬਾਂ ਵੱਲ ਦੇਖਦੀ ਤੇ ਕੋਈ ਮੇਰੇ ਗੱਲ ਪਾਏ ਸੂਟ ਵੱਲ..ਪਰ ਮਜਾਲ ਏ ਕੇ ਕੋਈ ਮੁੰਡਾ ਮੈਨੂੰ ਕੁਝ ਆਖ ਵੀ ਜਾਂਦਾ ਕਰਦਾ!

ਫੇਰ ਅਚਾਨਕ ਇੱਕ ਦਿਨ ਨਾਨਕੇ ਜਮੀਨ ਜਾਇਦਾਦ ਦਾ ਰੌਲਾ ਪੈ ਗਿਆ..

ਮੇਰੀ ਮਾਂ ਨੂੰ ਤਿੰਨ ਭਰਾਵਾਂ ਚੋਂ ਕਿਸੇ ਇੱਕ ਦੀ ਹਾਮੀ ਭਰਨੀ ਪੈ ਗਈ..ਮਿੰਨੀ ਬੱਸ ਵਾਲਾ ਮਾਮਾ ਨਰਾਜ ਹੋ ਗਿਆ..ਬੋਲ ਚਾਲ ਬੰਦ ਹੋ ਗਈ ਤੇ ਫੇਰ ਇੱਕ ਦਿਨ ਤੋਂ “ਤਾਰੀ ਵੀਰੇ” ਨੇ ਬੱਸ ਖਲਿਆਰਨੀ ਬੰਦ ਕਰ ਦਿੱਤੀ..ਮੈਂ ਓਥੇ ਖਲੋਤੀ ਬੱਸ ਉਡੀਕਦੀ ਰਹਿੰਦੀ ਪਰ ਉਹ ਬਿਨਾ ਨਜਰਾਂ ਮਿਲਾਏ ਕੋਲੋਂ ਦੀ ਲੰਘਾ ਕੇ ਲੈ ਜਾਂਦਾ..!

ਅਖੀਰ ਘਰਦਿਆਂ ਮੈਨੂੰ ਸਾਈਕਲ ਲੈ ਦਿੱਤਾ..
ਹੁਣ ਜਦੋਂ ਕਦੀ ਵੀ ਪਿੱਛਿਓਂ ਆਉਂਦੀ ਬੱਸ ਦੇਖਦੀ ਤਾਂ ਸਾਈਕਲ ਪਾਸੇ ਖੜਾ ਕਰ ਓਨੀ ਦੇਰ ਡਰਾਈਵਰ ਦੀ ਸੀਟ ਤੇ ਬੈਠੇ “ਤਾਰੀ ਵੀਰੇ” ਨੂੰ ਦੇਖਦੀ ਰਹਿੰਦੀ ਜਦੋਂ ਤੱਕ ਉਹ ਬੱਸ ਕੋਲੋਂ ਦੀ ਚਲਾ ਲੈ ਨਾ ਜਾਇਆ ਕਰਦਾ..!

ਕਈ ਮਜਾਕ ਕਰਦੀਆਂ..”ਨੀ ਕੀ ਹੋਇਆ ਤੇਰੇ ਮਾਮੇ ਦੀ ਬੱਸ ਨੂੰ”..ਕੁਝ ਹਮਦਰਦੀ ਕਰਦੀਆਂ “ਚੰਗੀ ਭਲੀ ਨਾਨਕਿਆਂ ਦੀ ਬੱਸ ਏ ਫੇਰ ਵੀ ਵਿਚਾਰੀ ਪੈਡਲ ਮਾਰਦੀ ਆਉਂਦੀ”

ਇੰਝ ਛੇ ਮਹੀਨੇ ਲੰਘ ਗਏ..ਕਈ ਵਾਰ ਮੇਰਾ ਸਾਈਕਲ ਖਰਾਬ ਹੋ ਜਾਂਦਾ..ਜਾਂ ਫੇਰ ਮੀਂਹ ਕਣੀ ਵਾਲੇ ਦਿਨ ਟਾਂਗੇ ਤੇ ਆਉਣਾ ਜਾਣਾ ਪੈਂਦਾ..!

ਇੱਕ ਦਿਨ ਟਾਂਗਾ ਉਡੀਕਦੀ ਹੋਈ ਖਲੋਤੀ ਸੀ ਕੇ ਤਾਰੀ ਵੀਰੇ ਦੀ ਬੱਸ ਆਉਂਦੀ ਦਿਸੀ..ਮੈਂ ਜਾਣ ਕੇ ਹੀ ਧਿਆਨ ਦੂਜੇ ਪਾਸੇ ਕਰ ਲਿਆ..ਹੁਣ ਮੈਨੂੰ ਵੀ ਉਸ ਨਾਲ ਨਫਰਤ ਹੋ...

ਗਈ ਸੀ!
ਪਰ ਬੱਸ ਨੇ ਅਚਾਨਕ ਕੋਲ ਆ ਕੇ ਬ੍ਰੇਕ ਮਾਰ ਲਈ..ਮੈਂ ਹੈਰਾਨ ਹੋਈ ਨੇ ਵੇਖਿਆ..ਡਰਾਈਵਰ ਵਾਲੀ ਸੀਟ ਤੇ “ਤਾਰੀ ਵੀਰ” ਨਹੀਂ ਕੋਈ ਹੋਰ ਸੀ..ਮਗਰ ਟਿਕਟਾਂ ਵੀ ਕੋਈ ਹੋਰ ਹੀ ਕੱਟ ਰਿਹਾ ਸੀ..
ਓਪਰਾ ਜਿਹਾ ਡਰਾਈਵਰ ਬਾਰੀ ਖੋਲ ਮੇਰੇ ਕੋਲ ਆ ਗਿਆ ਤੇ ਆਖਣ ਲੱਗਾ..”ਆਜਾ ਚੜ ਆ ਭੈਣੇ..ਤੇਰੀ ਸੀਟ ਮੱਲੀ ਹੋਈ ਏ..”

“ਤੇ ਅੱਜ ਤਾਰੀ ਕਿਥੇ ਏ ਤੇ ਟਿਕਟਾਂ ਕੱਟਦਾ ਮੇਰਾ ਮਾਮਾ ਵੀ ਨੀ ਦੀਂਹਦਾ”?

“ਭੈਣੇ ਤੇਰਾ ਮਾਮਾ ਤੇ ਕੱਲ ਦਾ ਪੂਰਾ ਹੋ ਗਿਆ ਤੇ ਅਗਲੇ ਵੀਹ,-ਪੱਚੀ ਦਿਨ ਇਹ ਬੱਸ ਹੁਣ ਮੈਂ ਹੀ ਚਲਾਊਂ..ਤਾਰੀ ਨੇ ਮੈਨੂੰ ਪੱਕੀ ਕੀਤੀ ਸੀ ਕੇ ਫਲਾਣੀ ਥਾਂ ਤੇ..ਫਲਾਣੇ ਰੰਗ ਦਾ ਸੂਟ ਪਾਈ ਜੇ ਕੋਈ ਕੁੜੀ ਖਲੋਤੀ ਦਿਸੇ ਤਾਂ ਉਹ “ਟਾਂਗਾ” ਉਡੀਕਦੀ ਮੇਰੀ ਭੈਣ ਹੋਊ..ਉਸਨੂੰ ਉਸਦੇ ਮਾਮੇ ਵੱਲੋਂ ਸੁਨੇਹਾ ਜਰੂਰ ਦੇ ਦੇਵੀਂ”

ਏਨੀ ਗੱਲ ਸੁਣ ਹੱਥੋਂ ਕਿਤਾਬਾਂ ਛੁੱਟ ਗਈਆਂ ਤੇ ਮੈਂ ਵਾਹੋ-ਦਾਹੀ ਘਰ ਨੂੰ ਦੌੜ ਪਈ ਤੇ ਰੋਟੀਆਂ ਪਕਾਉਂਦੀ ਮਾਂ ਦੇ ਗੱਲ ਲੱਗ ਗਈ..ਫੇਰ “ਆਪਣੇ ਮਾਂ ਜਾਏ” ਦੀ ਖਬਰ ਸੁਣ ਜੋ ਹਾਲ ਮੇਰੀ ਮਾਂ ਦਾ ਹੋਇਆ ਉਸਦਾ ਜਿਕਰ ਕਿਤੇ ਫੇਰ ਕਰੂੰ..!

ਅੱਜ ਏਨੇ ਵਰ੍ਹਿਆਂ ਬਾਅਦ ਪੰਜਾਬ ਗਈ ਤਾਂ ਗੱਡੀ ਠੀਕ ਓਸੇ ਥਾਂ ਰੁਕਵਾ ਲਈ ਜਿੱਥੇ ਕਦੇ ਖਲੋ ਕੇ “ਤਾਰੀ ਵੀਰੇ” ਦੀ ਬੱਸ ਉਡੀਕਿਆ ਕਰਦੀ ਸੀ..
ਹੁਣ ਸਾਰਾ ਕੁਝ ਬਦਲ ਜਿਹਾ ਗਿਆ ਗਿਆ..ਗੱਡੀਆਂ..ਬੱਸਾਂ..ਸਕੂਟਰ..ਮਾਹੌਲ..ਰਹਿਣੀ ਸਹਿਣੀ..ਬੋਲਚਾਲ ਦਾ ਤਰੀਕਾ..ਅਤੇ ਮਗਰੇ ਰਹਿ ਗਈ ਬੱਸ ਵਾਹੋ ਦਾਹੀ ਅਤੇ ਅੰਨੇਵਾਹ ਭੱਜੀ ਜਾਂਦੀ ਜਿੰਦਗੀ..ਸੜਕ ਖੁੱਲੀ ਕਰਨ ਦੇ ਨਾਮ ਹੇਠ ਜਾਲਮਾਂ ਉਹ ਬੋਹੜ ਵੀ ਵੱਢ ਘੱਤਿਆ ਜਿਹੜਾ ਕਦੀ ਮੈਨੂੰ ਮੀਂਹ ਕਣੀ ਧੁੱਪਾਂ ਅਤੇ ਤੂਫ਼ਾਨਾਂ ਤੋਂ ਬਚਾਇਆ ਕਰਦਾ ਸੀ!

ਮੈਂ ਸੜਕ ਤੋਂ ਵਾਹੋ ਦਾਹੀ ਲੰਘਦੀਆਂ ਜਾਂਦੀਆਂ ਮੋਟਰ-ਗੱਡੀਆਂ ਦਾ ਉੱਡਦਾ ਘੱਟਾ ਆਪਣੇ ਮੂੰਹ ਤੇ ਪਵਾਉਂਦੀ ਹੋਈ ਨਿੱਕੇ ਹੁੰਦਿਆਂ ਦੀਆਂ ਓਹਨਾ ਗਵਾਚ ਗਈਆਂ ਕੀਮਤੀ ਘੜੀਆਂ ਬਾਰੇ ਸੋਚ ਰਹੀ ਸਾਂ ਜਿਹੜੀਆਂ ਅਕਸਰ ਹੀ ਸਾਡੀਆਂ ਆਪੇ ਸਹੇੜੀਆਂ ਪਰਿਵਾਰਿਕ ਨਰਾਜਗੀਆਂ ਅਤੇ ਹਉਮੈਂ ਦੀ ਭੇਟ ਚੜ ਜਾਂਦੀਆਂ ਨੇ ਤੇ ਮਗਰੋਂ ਰਹਿ ਜਾਂਦੇ ਨੇ ਢਲਦੀ ਉਮਰ ਦੇ ਢੇਰ ਸਾਰੇ ਸ਼ਿਕਵੇ ਅਤੇ ਨਾ ਮੁੱਕਣ ਵਾਲੇ ਅਣਗਿਣਤ ਪਛਤਾਵੇ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)