ਵਾਰਿਸ਼ ਸ਼ਾਹ ਲੁਕਾਈਏ ਜੱਗ ਕੋਲੋਂ
ਭਾਵੇਂ ਆਪਣਾ ਹੀ ਗੁੜ ਖਾਈਏ ਜੀ।
ਸਮੇਂ ਨਾਲ ਚੱਲਦਿਆ ਕਈ ਆਦਤਾਂ ਅਸੀਂ ਦੇਖਾ-ਦੇਖੀ ‘ਚ ਅਪਣਾ ਲੈਂਦੇ ਹਾਂ, ਤੇ ਕੁਝ ਆਦਤਾਂ ਅਪਣਾਉਣ ਲਈ ਸਮਾਜ ਸਾਨੂੰ ਮਜਬੂਰ ਕਰ ਦਿੰਦਾ ਹੈ। ਸਾਡੀਆਂ ਬਹੁਤੀਆਂ ਅਜੋਕੀਆਂ ਆਦਤਾਂ ਦਿਖਾਵੇ ਵਿੱਚੋਂ ਜਨਮੀਆਂ ਹਨ। ਜੇਕਰ ਇੱਕ ਦੋਸਤ ਵੰਨ-ਸਵੰਨੀਆਂ ਥਾਵਾਂ ਤੇ ਜਾ ਕੇ ਫੋਟੋਆਂ ਸਾਂਝੀਆਂ ਕਰਦਾ ਹੈ ਤਾਂ ਉਸ ਦੋਸਤ ਨੂੰ ਮੁੜਵਾ ਜਵਾਬ ਦੇਣ ਖਾਤਰ ਹਰ ਨਿੱਜੀ ਗਤੀਵਿਧੀ ਨੂੰ ਅਸੀਂ ਜਨਤਕ ਕਰਦੇ ਜਾਂਦੇ ਹਾਂ। ਸ਼ੋਸ਼ਲ ਮੀਡੀਆਂ ਭਾਵੇਂ ਵਿਸ਼ਵ ਨੂੰ ਬਹੁਤ ਨੇੜੇ ਲੈ ਆਇਆ ਹੈ, ਪਰ ਇਸ ਨੇ ਸਾਡੀ ਨਿੱਜਤਾ ਖਤਮ ਕਰ ਦਿੱਤੀ ਹੈ। ਘਰੋਂ ਬਾਹਰ ਪੈਰ ਅਸੀਂ ਮਗਰੋਂ ਰੱਖਦੇ ਹਾਂ, ਸੈਂਕੜੇ ਦੇਸ਼ ਪਾਰ ਬੈਠੇ ਗੁਆਂਢੀ ਨੂੰ ਸਾਡਾ ਪਤਾ ਪਹਿਲਾ ਲੱਗ ਜਾਂਦਾ ਹੈ।
ਨਿੱਜਤਾ ਖਤਮ ਹੋਣ ਨਾਲ, ਨਕਲਪੁਣੇ ਦਾ ਵਿਕਾਸ ਹੁੰਦਾ ਹੈ। ਅਜੋਕੇ ਸਮਾਜ ‘ਚ ਕਪਲ-ਗੋਲ, ਫੈਨ-ਲਵਰ ਆਦਿ ਸ਼ਬਦਾਂ ਦਾ ਰੁਝਾਨ ਸਿਖਰ ‘ਤੇ ਹੈ, ਜੋ ਸਾਨੂੰ ਹੋਰਨਾਂ ਦੇ ਮਗਰ ਭੱਜਣ ਨੂੰ ਪ੍ਰੇਰਿਤ ਕਰਦੇ ਹਨ। ਉਦਾਹਰਣ ਲਈ ਅੱਜ ਸਵੇਰੇ ਜੇਕਰ ਇੱਕ ਵੱਡੀ ਫਿਲਮੀ ਸਖਸ਼ੀਅਤ ਕੋਈ ਫੋਟੋ ਸ਼ੋਸ਼ਲ-ਮੀਡੀਆ ਰਾਹੀਂ ਸਾਂਝੀ ਕਰਦਾ ਹੈ ਤਾਂ ਸ਼ਾਮ ਤਕ ਬਜ਼ਾਰਾਂ ਵਿੱਚ ਉਸ ਸਖਸ਼ੀਅਤ ਦੁਆਰਾ ਪਾਏ ਹੋਏ ਕੱਪੜੇ ਆਦਿਕ ਨਾਲ ਦੁਕਾਨਾਂ ਭਰ ਜਾਂਦੀਆਂ ਹਨ ਤੇ ਗਾਹਕ ਵੀ ਖਰੀਦਦਾਰੀ ਕਰਨ ਲਈ ਖਿੱਚੋਤਾਣ ਕਰਦੇ ਹਨ।
ਨਕਲਪੁਣਾ ਵਧੇਗਾ ਤਾਂ ਸਾਦਗੀ ਖਤਮ ਹੋਵੇਗੀ। ਜਦੋਂ ਸਾਦਗੀ ਖਤਮ ਹੋਵੇਗੀ ਤਾਂ ਵਿਕਾਰਾਂ ਦੇ ਵਿੱਚ ਸੁਭਾਵਿਕ ਹੀ ਵਾਧਾ ਹੋਵੇਗਾ। ਬਜ਼ਾਰਾਂ ਵਿੱਚ ਖੁੱਲੇ ਸੈਂਕੜੇ ਹੀ ਵੱਡੇ-ਵੱਡੇ ਫੂਡ ਰੈਸਟੋਰੈਂਟ ਗਾਹਕਾਂ ਨਾਲ ਭਰੇ ਮਿਲਦੇ...
ਹਨ, ਜਦਕਿ ਇਹ ਉਹ ਖਾਣਾ ਖਾਣ ਨਾਲ ਆਪਣੇ ਸਰੀਰ ਤੇ ਪੈਣ ਵਾਲੇ ਗਲਤ ਪ੍ਰਭਾਵ ਨੂੰ ਜਾਣਦੇ ਹੋਏ ਵੀ ਇੱਕ ਸਟੇਟਸ- ਸਿੰਬਲ ਕਰਕੇ ਲੋਕ ਮੱਲੋਜੋਰੀ ਇਹ ਸਭ ਕਰਨ ਲਈ ਮਜਬੂਰ ਹਨ। ਸਿਰਫ ਖਾਣਪੀਣ ਹੀ ਨਹੀਂ, ਬਾਜ਼ਾਰ ਦੇ ਹਰ ਇੱਕ ਹਿੱਸੇ ਚ ਅਜਿਹੀਆਂ ਭੀੜਾਂ ਦੀ ਭਰਮਾਰ ਮਿਲੇਗੀ। ਹੈਰਾਨੀ ਨਹੀਂ ਹੋਵੇਗੀ, ਜੇਕਰ ਇਹ ਵੀ ਕਹੀਏ ਕਿ ਅਜੋਕੇ ਸਮੇਂ ‘ਚ ਸਟੇਟਸ ਸਿੰਬਲ ਕਰਕੇ ਲੋਕ ਜਹਿਰ ਵੀ ਬਰੈਂਡਡ ਭਾਲਦੇ ਹਨ।
ਵਰਤਮਾਨ ਸਮੇਂ ਚ ਅਸੀਂ ਬਾਜ਼ਾਰ ਦੀ ਮਰਜੀ ਨਾਲ ਜਿਉਂ ਰਹੇਂ ਹਾਂ, ਜੋ ਬਾਜ਼ਾਰ ਸਾਨੂੰ ਕਹਿੰਦਾ ਹੈ ਅਸੀਂ ਉਹੀਂ ਖਾਂਦੇ, ਪੀਂਦੇ, ਪਹਿਣਦੇ, ਘੁੰਮਦੇ ਅਤੇ ਉਵੇਂ ਹੀ ਜਿਉਂਦੇ-ਮਰਦੇ ਹਾਂ। ਜਦੋਂ ਤੋਂ ਬਾਜ਼ਾਰ ਸਾਡੇ ਘਰਾਂ ਚ ਦਾਖਿਲ ਹੋ ਗਿਆ ਹੈ, ਉਦੋਂ ਤੋਂ ਹੀ ਇਸ ਨੇ ਸਮਾਜਾਂ ਨੂੰ ਆਪਣੇ ਗੁਲਾਮ ਬਣਾ ਲਿਆ ਹੈ। ਇਸੇ ਗੁਲਾਮੀ ‘ਚ ਮਾਨਸਿਕ ਗੁਲਾਮੀ ਮੁੱਖ ਹੈ, ਜਿਸ ਨਾਲ ਸਾਖਰ ਵਿਅਕਤੀ ਵੀ ਭੇਡ ਸਮਾਨ ਹੋ ਗਿਆ ਹੈ, ਗੋਦੀ ਮੀਡੀਆ ਦੇ ਭਗਤ ਇਸਦੀ ਵਿਸ਼ੇਸ਼ ਉਦਾਹਰਣ ਹਨ।
ਅਜੋਕੇ ਸਮੇਂ ਵਿੱਚ ਸਾਦਗੀ ਵੱਲ ਮੁੜਨਾ ਇੱਕ ਤਪੱਸਿਆ ਸਮਾਨ ਹੈ, ਜਿਸ ਲਈ ਬਹੁਤ ਕੁਝ ਕੁਰਬਾਨ ਕਰਨਾ ਪਵੇਗਾ। ਜੋ ਇਹ ਕੁਰਬਾਨੀ ਕਰ ਲਵੇਗਾ, ਉਹੀ ਮਾਨਸਿਕ ਅਤੇ ਸਰੀਰਿਕ ਤੌਰ ਤੇ ਸੁਖੀ ਹੋਵੇਗਾ।
ਸਤਵਿੰਦਰ ਸਿੰਘ