More Punjabi Kahaniya  Posts
ਸਾਰਾ ਘਰ ਪਰਿਵਾਰ ਲੁੱਟਾ ਕੇ


ਇਹ ਗੱਲ 1947 ਤੋਂ ਪਹਿਲਾਂ ਦੀ ਹੈ। ਮੁਲਤਾਨ ਜ਼ਿਲ੍ਹੇ ਦੇ ਘੁੱਗ ਵਸਦੇ ਕਸਬੇ ਖਾਨੇਵਾਲ ਦਾ ਇੱਕ ਪਿੰਡ ਚੱਕ ਨੰਬਰ 17 ਦੀ । ਇਸ ਪਿੰਡ ਦਾ ਇੱਕ ਹਰਿਆ ਭਰਿਆ ਪਰਿਵਾਰ ਜਿੰਨਾ ਦੇ ਪੁਰਖਿਆਂ ਦੀ ਮਿਹਨਤ ਨੇ ਇਸ ਉਜਾੜ ਬੀਆਬਾਨ ਬਾਰ ਦੇ ਇਲਾਕੇ ਨੂੰ ਇੱਕ ਖੁਸ਼ਹਾਲ ਇਲਾਕੇ ਵਿੱਚ ਬਦਲ ਦਿੱਤਾ। ਉਹਨਾਂ ਲਈ ਹੁਣ ਇਹ ਹੀ ਉਹਨਾਂ ਦੀ ਕਰਮ ਭੂਮੀ ਸੀ। ਸ੍ਰ ਇੰਦਰ ਸਿੰਘ ਦਾ
ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀ। ਕੋਈ ਤੇਰ ਮੇਰ ਨਹੀਂ ਸੀ। ਇੱਕ ਹੀ ਚੁੱਲ੍ਹੇ ਚੌਂਕੇ ਵਿੱਚ ਬਹਿ ਕੇ ਰੋਟੀ ਖਾ ਕੇ ਸਾਰੇ ਆਪਣੇ ਆਪਣੇ ਕੰਮਾਂ ਕਾਰਾਂ ਲਈ ਚਲੇ ਜਾਂਦੇ। ਮਿਹਨਤ ਕਰਦੇ ਕਰਦੇ ਮੁਰੱਬਿਆਂ ਦੇ ਮਾਲਕ ਬਣ ਗਏ। ਘਰ ਵਿੱਚ ਘੋੜੇ, ਬਲਦ, ਮੱਝਾਂ ਗਾਵਾਂ ਗੱਲ ਕਿ ਸਾਰਾ ਕੁਝ ਵਧੀਆ ਸੀ।
ਫੇਰ ਘਰ ਦੇ ਛੋਟੇ ਪੁੱਤਰ ਸਾਧੂ ਸਿੰਘ ਦੀ ਨੌਕਰੀ ਅੰਗਰੇਜ਼ੀ ਹਕੂਮਤ ਵੇਲੇ ਪੁਲਿਸ ਵਿਭਾਗ ਵਿੱਚ ਲੱਗ ਗਈ। ਹੌਲੀ ਹੌਲੀ ਤਰੱਕੀ ਕਰਦੇ 1947 ਵੇਲੇ ਉਹ ਮੁਲਤਾਨ ਜ਼ਿਲ੍ਹੇ ਵਿੱਚ ਥਾਣੇਦਾਰ ਲੱਗ ਗਏ।
ਫੇਰ ਸਮਾਂ ਆਇਆ 14,15 ਅਗਸਤ ਦਾ .. ਇੱਕ ਲਕੀਰ ਨੇ ਭਾਰਤ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ। ਲੋਕਾਂ ਨੂੰ ਮਜ਼ਹਬ ਦੇ ਆਧਾਰ ਤੇ ਦੇਸ਼ ਨੂੰ ਛੱਡ ਜਾਣ ਲਈ ਕਿਹਾ ਗਿਆ। ਲੋਕਾਂ ਨੂੰ ਕੁਝ ਸੋਚਣ ਸਮਝਣ ਦਾ ਸਮਾਂ ਮਿਲਦਾ … ਇਸ ਤੋਂ ਪਹਿਲਾਂ ਹੀ ਦੋਨਾਂ ਪਾਸਿਆਂ ਤੋਂ ਹੀ ਚੱਲੀ ਕਤਲੋਗਾਰਦ ਦੀ ਹਨੇਰੀ ਨੇ ਪਰਿਵਾਰਾਂ ਦੇ ਪਰਿਵਾਰ … ਘਰਾਂ ਦੇ ਘਰ… ਪਿੰਡਾਂ ਦੇ ਪਿੰਡ ਤੇ ਸ਼ਹਿਰਾਂ ਦੇ ਸ਼ਹਿਰ ਉਜਾੜ ਦਿੱਤੇ।
ਪਰ ਇਸ ਪਰਿਵਾਰ ਨੂੰ ਲੱਗਦਾ ਸੀ ਕਿ ਸਾਡੇ ਨਾਲ ਅਜਿਹਾ ਸਲੂਕ ਨਹੀਂ ਹੋ ਸਕਦਾ ਕਿਉਂਕਿ ਇੱਕ ਤੇ ਪਰਿਵਾਰ ਦਾ ਪੁੱਤਰ ਥਾਣੇਦਾਰ ਲੱਗਾ ਸੀ ਤੇ ਦੂਜਾ ਪਿੰਡ ਦੇ ਮੁਸਲਮਾਨ ਕਈ ਪੀੜ੍ਹੀਆਂ ਤੋਂ ਉਹਨਾਂ ਦੇ ਘਰ ਅਤੇ ਖੇਤਾਂ ਵਿੱਚ ਕੰਮੀਂ ਲੱਗੇ ਸਨ।
ਰੌਲੇ ਰੱਪਿਆਂ ਵਿੱਚ ਅਗਸਤ ਦਾ ਮਹੀਨਾ ਲੰਘ ਗਿਆ। ਘਰ ਦੀਆਂ ਕੁਝ ਬੱਚੀਆਂ ਤੇ ਬਜ਼ੁਰਗ ਔਰਤਾਂ ਨੂੰ ਰਿਸ਼ਤੇਦਾਰਾ ਦੇ ਕਹਿਣ ਤੇ ਕੁਝ ਸਮੇਂ ਲਈ ਭਾਰਤ ਭੇਜ ਦਿੱਤਾ। ਪਰ ਹਾਲੇ ਵੀ ਪਰਿਵਾਰ ਦੇ ਮੈਂਬਰ ਉਥੇ ਹੀ ਰਹਿ ਰਹੇ ਸਨ। ਉਹਨਾਂ ਨੂੰ ਲੱਗਦਾ ਸੀ ਕਿ ਉਹ ਕਿਸੇ ਵੀ ਹਾਲਤ ਦਾ ਮੁਕਾਬਲਾ ਕਰ ਸਕਦੇ ਹਨ। ਪਰ ਫੇਰ ਉਹ ਮਾੜਾ ਸਮਾਂ ਆਇਆ … ਪਿੰਡ ਦੇ ਇਕ ਹੋਰ ਜੱਟ ਸਿੱਖ ਪਰਿਵਾਰ ਦੇ ਬੱਚਿਆਂ ਨਾਲ ਬੱਚਿਆਂ ਦੀ ਲੜਾਈ ਨੇ ਭਿਆਨਕ ਰੂਪ ਧਾਰਨ ਕਰ ਲਿਆ। ਥਾਣੇਦਾਰ ਭਰਾ ਨੂੰ ਵਾਪਸ ਬੁਲਾ ਲਿਆ ਗਿਆ। ਰਾਜ਼ੀਨਾਮਾ ਹੋਣ ਤੋਂ ਬਾਅਦ ਵੀ ਉਸ ਪਰਿਵਾਰ ਨੇ ਦੁਸ਼ਮਣੀ ਨਿਭਾਈ। ਉਹਨਾਂ ਦੇ ਹੱਥ ਇਸ ਪਰਿਵਾਰ ਨੂੰ ਹਮਲੇ ਬਾਰੇ ਦੱਸਣ ਵਾਲਾ ਰੁੱਕਾ ਆ ਗਿਆ ਤੇ ਪਹਿਲਾਂ ਹੀ ਪਤਾ ਲੱਗ ਗਿਆ ਕਿ ਪਿੰਡ ਤੇ ਹਮਲਾ ਹੋ ਰਿਹਾ ਹੈ।
ਪਰ ਇਸ ਪਰਿਵਾਰ ਨੂੰ ਆਗਾਹ ਕਰਨ ਦੀ ਬਜਾਏ ਉਹ ਰਾਤੋਂ ਰਾਤ ਪਿੰਡ ਛੱਡ ਗਏ। ਜਦੋਂ ਪਤਾ ਲੱਗਾ ਤਾਂ ਦੋਨੋਂ ਭਰਾਵਾਂ ਨੇ ਵੀ ਪਰਿਵਾਰ ਸਮੇਤ ਨਾਲ ਵਾਲੇ ਚੱਕ ਨੰਬਰ 16 ਜਾਣ ਦਾ ਫੈਸਲਾ ਕੀਤਾ। ਔਰਤਾਂ ਤੇ ਬੱਚਿਆਂ ਨੂੰ ਇੱਕ ਘਰ ਵਿੱਚ ਸੁਰੱਖਿਅਤ ਕਰ ਦਿੱਤਾ ਗਿਆ।
ਘਰ ਦੇ ਦੋਨੋਂ ਪੁੱਤਰ ਆਪਣੇ ਲਾਇਸੰਸੀ ਹਥਿਆਰਾਂ ਨਾਲ ਲੈਸ ਹੋ ਕੇ ਭੀੜ ਤੋਂ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਗੁਰੂਦਵਾਰੇ ਉਪਰ ਚੜ੍ਹ ਕੇ ਮੁਕਾਬਲਾ ਕਰਨ ਲੱਗ ਪਏ। ਇਹ ਮੁਕਾਬਲਾ ਬਹੁਤ ਸਮੇਂ ਤੱਕ ਚਲਦਾ ਰਿਹਾ। ਭੀੜ ਵਿੱਚ ਕਿਸੇ ਦੀ ਅੱਗੇ ਵਧਣ ਦੀ ਹਿੰਮਤ ਨਾ ਹੋਈ। ਬਲੋਚਾਂ ਦੀ ਫੌਜ ਵੀ ਆ ਗਈ ਪਰ ਉਹ ਵੀ ਭੀੜ ਦਾ ਸਾਥ ਦੇਣ ਲਈ। ਆਖਿਰ ਤੇ ਵੱਡੇ ਭਰਾ ਨੂੰ ਗੋਲੀ ਲੱਗੀ। ਛੱਤ ਤੋਂ ਥੱਲੇ ਅੱਗ ਲਾ ਦਿੱਤੀ ਗਈ .. ਗੋਲੀਆਂ ਵੀ ਖ਼ਤਮ ਹੋ ਰਹੀਆਂ ਸਨ। ਆਖਿਰ ਤੇ ਜ਼ਿੰਦਾ ਕਿਸੇ ਦੇ ਹੱਥ...

ਵਿੱਚ ਆਉਣ ਦੀ ਬਜਾਏ ਛੋਟੇ ਭਰਾ ਨੇ ਇਕੋ ਬਚੀ ਗੋਲੀ ਨਾਲ ਆਪਣੇ ਰਿਵਾਲਵਰ ਨਾਲ ਆਪਣੇ ਆਪ ਨੂੰ ਖਤਮ ਕਰ ਲਿਆ ਤੇ ਦੋਨੋਂ ਭਰਾਵਾਂ ਨੇ ਬਲਦੀ ਅੱਗ ਵਿਚ ਆਪਣੇ ਆਪ ਨੂੰ ਸ਼ਹੀਦ ਕਰ ਲਿਆ।
ਹੁਣ ਬਾਕੀ ਪਰਿਵਾਰ ਲਈ ਕਹਿਰ ਦੀ ਘੜੀ ਆ ਚੁਕੀ ਸੀ। ਸੱਭ ਕੁਝ ਤੋਂ ਅਣਜਾਣ ਬਾਕੀ ਮੈਂਬਰ ਸਾਮ ਲਈ ਰੋਟੀ ਟੁੱਕ ਕਰ ਰਹੇ ਸਨ। ਤੰਦੂਰ ਵਿੱਚੋਂ ਰੋਟੀਆਂ ਦਾ ਇੱਕ ਪੂਰ ਨਿਕਲ ਚੁੱਕਾ ਸੀ ਤੇ ਦੂਜਾ ਹਾਲੇ ਲਗਾਇਆ ਗਿਆ ਕਿ ਪਿੰਡ ਦੇ ਇਕ ਪਾਸੇ ਤੋਂ ਇੱਕ ਹਜ਼ੂਮ ਗੁਰਦੁਆਰੇ ਨੂੰ ਅੱਗ ਲਗਾਉਣ ਤੋਂ ਬਾਅਦ ਹੱਥਾਂ ਵਿੱਚ ਤਲਵਾਰਾਂ , ਨੇਜ਼ੇ ਤੇ ਬਰਛੇ ਫ਼ੜ ਕੇ …. ਉੱਚੀ ਉੱਚੀ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਾਉਂਦੇ ਹੋਏ ਘਰ ਵਿੱਚ ਦਾਖਲ ਹੋ ਗਏ .. ਘਰ ਦਾ ਇੱਕ ਬਜ਼ੁਰਗ ਕੰਧ ਤੇ ਬੈਠੇ ਸੀ । ਉਸਨੂੰ ਤਲਵਾਰ ਦੇ ਇਕ ਵਾਰ ਨਾਲ ਧੋਣ ਅਲੱਗ ਕਰਕੇ ਮਾਰ ਦਿੱਤਾ।ਸਾਰੇ ਘਰ ਵਿੱਚ ਚੀਕ ਚਿਹਾੜਾ ਪੈ ਗਿਆ। ਔਰਤਾਂ ਆਪਣੇ ਬੱਚਿਆਂ ਨੂੰ ਲੈ ਕੇ ਕਮਰੇ ਵਿੱਚ ਵੜ ਗਈਆਂ ਪਰ ਭੀੜ ਨੇ ਉਸ ਕਮਰੇ ਵਿਚ ਜਿੰਨ੍ਹੇ ਵੀ ਮੁੰਡੇ ਸੀ ਉਹਨਾਂ ਨੂੰ ਮਾਵਾਂ ਤੋਂ ਖੋਹ ਖੋਹ ਕੇ ਮਾਰਨਾ ਸ਼ੁਰੂ ਕਰ ਦਿੱਤਾ। ਕਿਸੇ ਵੀ ਤਰਲੇ ਜਾਂ ਮਿੰਨਤਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਸੀ …ਇਹ ਤੇ ਉਹੀ ਲੋਕ ਸਨ ਜਿਹਨਾਂ ਨੂੰ ਇਹਨਾਂ ਮੁੰਡਿਆਂ ਦੇ ਜਨਮ ਤੇ ਭਰ ਭਰ ਬੁੱਕਾਂ ਮਿਠਾਈਆਂ ਦਿੱਤੀਆਂ ਹੋਣਗੀਆ ਪਰ ਹੁਣ ਤਾਂ ਇਹ ਇੱਕ ਭੀੜ ਦਾ ਹਿੱਸਾ ਸਨ ਜਿਹਨਾਂ ਦਾ ਮੰਤਵ ਸਿਰਫ਼ ਧਰਮ ਪਰਿਵਰਤਨ ਲਈ ਮਜਬੂਰ ਕਰਨਾ ਜਾਂ ਬਸ ਲੁੱਟ ਖਸੁੱਟ ਕਰਕੇ ਮਾਰਨਾ ਸੀ। ਬੱਚਿਆਂ ਤੋਂ ਬਾਅਦ ਘਰ ਦੀਆਂ ਜਵਾਨ ਧੀਆਂ ਤੇ ਕਹਿਰ ਢਹਿ ਪਿਆ। ਇੱਕ ਜਵਾਨ ਧੀ ਨੇ ਖੂਹ ਵਿੱਚ ਛਾਲ ਮਾਰ ਦਿੱਤੀ। ਦੂਸਰੀ ਨੇ ਬਰਛੇ ਨਾਲ ਇੱਕ ਹਜੂਮੀ ਨੂੰ ਮਾਰ ਦਿੱਤਾ ਪਰ ਦੂਸਰੇ ਦੇ ਵਾਰ ਕਾਰਨ ਪ੍ਰਾਣ ਤਿਆਗ ਦਿੱਤੇ। ਘਰ ਦੀ ਇੱਕ ਬੱਚੀ ਚੀਕਾਂ ਮਾਰਦੀ ਬਾਹਰ ਪਿੰਡ ਵੱਲ ਨੂੰ ਹੀ ਭੱਜ ਗਈ। ਜਿਸ ਦਾ 75 ਸਾਲ ਬੀਤ ਜਾਣ ਤੋਂ ਬਾਅਦ ਵੀ ਕੁਝ ਨਹੀਂ ਪਤਾ ਲੱਗਾ।ਘਰ ਦਾ ਸੱਭ ਤੋਂ ਛੋਟਾ ਮੁੰਡਾ (ਮੇਰੇ ਪਿਤਾ )ਸਿਰਫ਼ ਇੱਕ ਮਹੀਨੇ ਦੇ ਕਰੀਬ ਉਮਰ ਦਾ ਸੀ। ਉਸਨੂੰ ਮਾਂ ਨੇ ਦਰਿੰਦਿਆ ਤੋਂ ਬਚਾਅ ਲਿਆ। ਕੁਝ ਦੇਰ ਦੀ ਦਰਿੰਦਗੀ ਤੋਂ ਬਾਅਦ ਘਰ ਦੀਆਂ ਔਰਤਾਂ ਨੇ ਆਪਣੇ ਬੱਚਿਆਂ ਨੂੰ ਲੱਭਣਾ ਸ਼ੁਰੂ ਕੀਤਾ … ਬੱਚਿਆਂ ਦੇ ਨਾਂ ਲੈ ਕੇ ਉਸ ਹਨੇਰੇ ਵਿਚ ਲਾਸ਼ਾਂ ਦੇ ਢੇਰ ਵਿਚੋਂ ਆਪਣੇ ਆਪਣੇ ਬੱਚਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਘਰ ਦੀ ਛੋਟੀ ਨੂੰਹ (ਮੇਰੀ ਦਾਦੀ) ਦੇ ਇਕ, ਮੁੰਡੇ ਦੀ ਲਾਸ਼ ਉਸਦੇ ਸਾਹਮਣੇ ਹੀ ਪਈ ਸੀ। ਉਸਨੂੰ ਚੁੱਕ ਕੇ ਖੂਹ ਵਿਚ ਸੁੱਟ ਦਿੱਤਾ ਤਾਂ ਕਿ ਜਾਨਵਰ ਨਾ ਖਾਣ। ਵੱਡੇ ਮੁੰਡੇ ਨੇ ਆਵਾਜ਼ ਮਾਰੀ …. ਬੀਬੀ ਮੈਂ ਹੈਗਾ.. ਬੁਰੀ ਤਰ੍ਹਾਂ ਨਾਲ ਕੱਟੇ ਹੱਥਾਂ ਤੇ ਮੱਥੇ ਤੇ ਤਲਵਾਰ ਦੀ ਫੇਟ ਨਾਲ ਜ਼ਖ਼ਮੀ ਪੁੱਤਰ ਨੂੰ ਚੁੱਕ ਕੇ ਮਾਂ ਬਾਹਰ ਲੈ ਆਈ। ਮਹੀਨੇ ਦਾ ਪੁੱਤ ਪਹਿਲਾਂ ਹੀ ਛਾਤੀ ਨਾਲ ਲਾਇਆ ਸੀ। ਆਪਣਾ ਸਾਰਾ ਘਰ ਪਰਿਵਾਰ ਲੁੱਟਾ ਕੇ ਇਹ ਔਰਤਾਂ ਬਾਰਡਰ ਪਾਰ ਕਰਨ ਲਈ ਤੁਰ ਪਈਆਂ।
75 ਸਾਲਾਂ ਬਾਅਦ ਇੱਕ ਪੋਤਰੀ ਵਲੋਂ ਆਪਣੇ ਦਾਦਾ ਸ੍ਰ. ਸਾਧੂ ਸਿੰਘ ਥਾਣੇਦਾਰ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਅਤੇ ਮੇਰੀ ਦਾਦੀ ਸਵਰਗਵਾਸੀ ਗਿਆਨ ਕੌਰ ਦੇ ਮਿਹਨਤੀ ਜੀਵਨ ਤੇ ਤਿਆਗ ਨੂੰ ਸਮਰਪਿਤ ਲਿਖ਼ਤ।
15 ਅਗਸਤ 2022

...
...



Related Posts

Leave a Reply

Your email address will not be published. Required fields are marked *

One Comment on “ਸਾਰਾ ਘਰ ਪਰਿਵਾਰ ਲੁੱਟਾ ਕੇ”

  • Chamkaur Singh Chahal

    ਮੈਂ ਏਨਾ ਕੁ ਭਾਵੁਕ ਹੋ ਗਿਆ ਹਾਂ , ਕਿ ਕੋਈ ਸ਼ਬਦ ਨਹੀਂ ਹਨ। ਜਿਨ੍ਹਾਂ ਨੇ ਇਸ ਸੰਤਾਪ ਨੂੰ ਪਿੰਡੇ ਹੰਡਿਆਇਆ ਉਹਨਾਂ ਨੂੰ ਪ੍ਰਣਾਮ🙏🙏🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)