ਛੋਟੇ ਹੁੰਦਿਆਂ ਖੇਲਦੀ ਦੇ ਅੱਖ ਚ ਬਜਰੀ ਦੀ ਬੱਟੀ ਲੱਗ ਗਈ ਤਾਂ ਅੱਖ ਦਾ ਅਪਰੇਸ਼ਨ ਕਰਕੇ ਪੱਥਰ ਦੀ ਅੱਖ ਬਦਲਣੀ ਪਈ ਤੇ ਮੈਨੂੰ ਵਾਰ ਵਾਰ ਅੱਖ ਝਪਕਣ ਦੀ ਆਦਤ ਪੈ ਗਈ ਸੀ
ਅੱਖ ਕਰਕੇ ਕਿਤੇ ਸਾਕ ਨਹੀਂ ਹੋ ਰਿਹਾ ਸੀ।ਫੇਰ ਮਾਸੀ ਨੇ ਆਪਣੀ ਰਿਸ਼ਤੇਦਾਰੀ ਚ ਮੇਰਾ ਸਾਕ ਕਰਵਾ ਦਿੱਤਾ।
ਲਾਣੇਦਾਰ ਰੰਗ ਦਾ ਥੋੜਾ ਪੱਕਾ ਤੇ ਉਮਰ ਚ ਵੀ ਮੇਰੇ ਤੋਂ ਵੱਡਾ ਸੀ।ਛੋਟੀ ਹੁੰਦੀ ਨੇ ਭੈਣਾ ਨਾਲ ਮਿਲ ਕੇ ਰਾਜਕੁਮਾਰਾਂ ਵਾਲੇ ਖ਼ਵਾਬ ਵੇਖੇ ਸੀ ਸਭ ਪਾਣੀ ਚ ਮਿਲ ਗਏ।ਭੈਣਾ ਸੋਹਣੀਆਂ ਵੀ ਸੀ ਤੇ ਪੜ੍ਹੀਆਂ ਲਿਖੀਆਂ ਸੀ।
ਓਹਨਾ ਨੂੰ ਤਾਂ ਓਹਨਾ ਦੇ ਰਾਜਕੁਮਾਰ ਸਰਕਾਰੀ ਨੌਕਰੀਆਂ ਵਾਲੇ ਮਿਲ ਗਏ। ਪਰ ਮੇਰਾ ਸਰਦਾਰ ਖੇਤਾਂ ਚ ਮਿੱਟੀ ਨਾਲ ਮਿੱਟੀ ਹੋਣ ਵਾਲਾ ਸੀ।
ਬਾਪ ਦੇ ਘਰ ਕਿਸੇ ਚੀਜ਼ ਦੀ ਕਮੀਂ ਨਹੀਂ ਸੀ ਚਾਹੁੰਦੀ ਤਾਂ ਸਾਰੀ ਜ਼ਿੰਦਗੀ ਵੀ ਬਾਪ ਦੇ ਦਰ ਤੇ ਬੈਠ ਕੇ ਕੱਟ ਸਕਦੀ ਸੀ। ਪਰ ਆਂਢ ਗੁਆਂਢ ਚ ਨਨਾਣ ਭਰਜਾਈਆਂ ਦੇ ਹੁੰਦੇ ਕਲੇਸ਼ ਵੇਖ ਕੇ ਭਰਾਵਾਂ ਨਾਲ ਸ਼ਰੀਕਚਾਰੀ ਨਹੀਂ ਪਾਉਣਾ ਚਾਹੁੰਦੀ ਸੀ।
ਸੋਹਰੇ ਘਰ ਚ ਵੇਖਿਆ ਮੇਰੇ ਸਰਦਾਰ ਦੀ ਕੋਈ ਇੱਜ਼ਤ ਹੀ ਨਹੀਂ ਸੀ। ਓਹ ਵੀ ਐਸਾ ਭਲਾ ਮਾਣਸ ਇਨਸਾਨ ਸੀ,ਮਾਂ ਤੇ ਭਰਜਾਈਆਂ ਨੇ ਜੌ ਆਖਣਾ ਹਰ ਗੱਲ ਨੂੰ ਸਤਵਚਨ ਆਖ ਕੇ ਲੱਗਿਆ ਰਹਿੰਦਾ ਸੀ।
ਪਹਿਲਾਂ ਪਹਿਲਾਂ ਤਾਂ ਮੈਂ ਵੀ ਇਹਨਾਂ ਨੂੰ ਦਿਲੋਂ ਕਬੂਲ ਨਹੀਂ ਕੀਤਾ ਸੀ। ਪਰ ਓਹਦੇ ਬਿਨਾ ਕੋਈ ਸਹਾਰਾ ਵੀ ਨਹੀਂ ਸੀ।ਫੇਰ ਰੱਬ ਦਾ ਭਾਣਾ ਮੰਨ ਕੇ ਖੁਦ ਨਾਲ ਧੱਕਾ ਕਰ ਲਿਆ ਤੇ ਇਹਨਾ ਨੂੰ ਹੀ ਰਾਂਝਣ ਮਾਹੀ ਮੰਨ ਲਿਆ।
ਮੇਰੇ ਪੇਕੇ ਘਰ ਚ ਮੇਰੇ ਬਹਿਣੋਈਆਂ ਦੀ ਪੂਰੀ ਇੱਜਤ ਹੋਇਆ ਕਰਦੀ ਸੀ ਤੇ ਸਾਡੇ ਗਿਆ ਤੇ ਜਵਾਈਆਂ ਵਾਲਾ ਬਣਦਾ ਕੋਈ ਮਾਣ ਤਾਣ ਨਾ ਕੀਤਾ ਜਾਂਦਾ ਸੀ।ਇਹ ਸਭ ਵੇਖ ਕੇ ਕਦੇ ਇਹਨਾ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਸੀ।
ਇਹਨਾ ਚ ਇੰਨੀਂ ਨਰਮ ਦਿਲੀ ਸੀ ਕਿ ਕੋਈ ਲੱਖ ਮਾੜਾ ਕਰ ਲਵੇ ਕਿਸੇ ਨੂੰ ਕਦੇ ਓਏ ਕਹਿ ਕੇ ਗੱਲ ਨਹੀਂ ਕਰਿਆ ਕਰਦੇ ਸੀ।ਮੈਂ ਬਹੁਤ ਸਮਝਾਉਣਾ ਕੇ ਥੋੜਾ ਆਕੜ ਨਾਲ ਰਿਹਾ ਕਰੋ ਤਾਂ ਕਹਿਣਾ ਭਲੀਏ ਜ਼ਾਤੇ ਰੱਬ ਦੇ ਘਰ ਚ ਆਕੜਾਂ ਵਾਲੇ ਪ੍ਰਵਾਨ ਨਹੀਂ ਹੁੰਦੇ।ਐਸੀਆਂ ਗੱਲਾਂ ਸੁਣਕੇ ਮੈਂ ਅਕਸਰ ਲੜ ਪਿਆ ਕਰਦੀ ਸੀ।
ਛੋਟੇ ਵੀਰ ਦਾ ਵਿਆਹ ਸੀ ਤਾਂ ਓਥੇ ਹਾਸੇ ਮਜ਼ਾਕ ਚ ਵੱਡੇ ਜੀਜੇ ਨੇ ਇਹਨਾਂ ਨੂੰ ਟਿੱਚਰ ਕਰ ਦਿੱਤੀ ਕਿ ਭਰਾ ਆਪਣੀ ਨਾਲ ਦੀ ਨੂੰ ਸੰਭਾਲ ਕੇ ਰੱਖਿਆ ਕਰ ਮੈਨੂੰ ਅੱਖਾਂ ਮਾਰਦੀ ਰਹਿੰਦੀ ਆ।
ਮੇਰਾ ਮਜ਼ਾਕ ਉਡਾਇਆ ਤਾਂ ਇਹਨਾ ਕੋਲੋਂ ਬਰਦਾਸ਼ਤ ਨਾ ਹੋਇਆ ਤੇ ਓਥੇ ਹੀ ਸਾਰੇ ਰਿਸ਼ਤੇਦਾਰਾਂ ਸਾਂਵੇ ਓਹਨੂੰ ਗਲਮੇ ਤੋਂ ਫੜ ਲਿਆ ਤੇ ਓਹਦੀ ਚੰਗੀ ਖਾਤਿਰਦਾਰੀ ਕੀਤੀ ਬਾਪੂ ਤੇ ਭਰਾਵਾਂ ਦੀਆਂ ਅੱਖਾਂ ਚ...
ਬੇਸ਼ੱਕ ਇਹਨਾ ਲਈ ਗੁੱਸਾ ਸੀ। ਪਰ ਮੈਨੂੰ ਆਪਣੇ ਸਰਦਾਰ ਤੇ ਮਾਣ ਮਹਿਸੂਸ ਹੋ ਰਿਹਾ ਸੀ।
ਬੇਬੇ ਬਾਪੂ ਹੁਣੀ ਮੈਨੂੰ ਬੋਲਣ ਲੱਗ ਗਏ ਕਿ ਤੇਰੇ ਪ੍ਰਾਹੁਣੇ ਨੇ ਸਾਡੇ ਘਰ ਆ ਕੇ ਪ੍ਰੋਗਰਾਮ ਖਰਾਬ ਕੀਤਾ ਤੇ ਸਾਡੇ ਪੁਲਿਸੀਏ ਜਵਾਈ ਦੀ ਸਾਰੀ ਰਿਸ਼ਤੇਦਾਰੀ ਚ ਮਿੱਟੀ ਪਲੀਤ ਕਰਕੇ ਰੱਖ ਦਿੱਤੀ।
ਇਹ ਓਸੇ ਵਕਤ ਸਾਇਕਲ ਚੱਕ ਕੇ ਮੈਨੂੰ ਪਿੰਡ ਨੂੰ ਲੈਕੇ ਆ ਗਏ।ਮੁੜਕੇ ਨਾ ਕਦੇ ਬਾਪੂ ਹੁਣੀ ਖਬਰ ਸਾਰ ਲਈ ਤੇ ਨਾ ਕਦੇ ਭੈਣਾ ਆਈਆਂ।
ਮੈਨੂੰ ਆਪਣੇ ਪੇਕੇ ਵਿੱਛੜੀਆਂ ਦਾ ਕੋਈ ਗਮ ਨਹੀਂ ਹੋਇਆ।ਕਿਉਂਕਿ ਜਿਸ ਇਨਸਾਨ ਨੇ ਕਦੇ ਸੋਹਰੇ ਘਰ ਜਾ ਕੇ ਜਵਾਈਆਂ ਵਾਲੀ ਬਣਦੀ ਇੱਜ਼ਤ ਨਾ ਮਿਲਣ ਤੇ ਮੱਥੇ ਵੱਟ ਨਹੀਂ ਪਾਇਆ ਸੀ।ਮੇਰੇ ਹੀ ਘਰ ਚ ਹੋਈ ਮੇਰੀ ਬੇਜ਼ਤੀ ਓਹਦੇ ਕੋਲੋਂ ਜ਼ਰੀ ਨਾ ਗਈ।
ਮੁੱਦਤਾਂ ਬੀਤ ਗਈਆਂ ਕਿਸੇ ਆ ਕੇ ਸਾਡਾ ਹਾਲ ਨਾ ਪੁੱਛਿਆ ਤੇ ਮੈਂ ਵੀ ਗੁੱਸੇ ਦੀ ਮਾਰੀ ਨੇ ਪੇਕੇ ਜਾਣਾ ਜਰੂਰੀ ਨਾ ਸਮਝਿਆ।ਇਹ ਮੈਨੂੰ ਅਕਸਰ ਕਹਿੰਦੇ ਰਹਿੰਦੇ ਸੀ ਕਿ ਖੂਨ ਦੇ ਰਿਸ਼ਤੇ ਕਦੇ ਛੁਟਿਆ ਨਹੀਂ ਕਰਦੇ ਅਗਰ ਮੇਰੇ ਕੋਲੋਂ ਓਥੇ ਕੋਈ ਗਲਤੀ ਹੋ ਗਈ ਸੀ ਤਾਂ ਮੈਂ ਆਪ ਜਾ ਕਿ ਦਾਰ ਜੀ ਹੁਣਾ ਕੋਲੋਂ ਮੁਆਫੀ ਮੰਗ ਲੈਂਦਾ ਆ। ਪਰ ਮੈਂ ਕਦੇ ਜਾਣ ਦਾ ਨਾਮ ਨਾ ਲਿਆ।
ਪਿਛਲੇ ਸਾਲ ਛੋਟੀ ਭਰਜਾਈ ਦਾ ਫੋਨ ਆਇਆ ਕਿ ਬਾਪੂ ਜੀ ਬਹੁਤ ਬੀਮਾਰ ਹੋਇਓ ਆ ਤੇ ਹਸਪਤਾਲ ਚ ਭਰਤੀ ਕੀਤੇ ਹੋਏ ਆ।ਮੈਂ ਓਸੇ ਵਕਤ ਮੁੰਡੇ ਨੂੰ ਨਾਲ ਲੈਕੇ ਚਲੇ ਗਈ ਤੇ ਇਹਨਾ ਨੂੰ ਪਿੱਛੇ ਆਉਣ ਲਈ ਕਹਿ ਦਿੱਤਾ।ਹਸਪਤਾਲ ਪਹੁੰਚ ਕੇ ਪਤਾ ਚੱਲਿਆ ਕਿ ਬਾਪੂ ਜੀ ਨੂੰ ਕਰੋਨਾ ਪੋਜ਼ੀਟਿਵ ਆ।ਵੀਰ ਭਰਜਾਈਆਂ ਸਾਰੇ ਬਾਪੂ ਜੀ ਨੂੰ ਹਸਪਤਾਲ ਛੱਡ ਕੇ ਘਰ ਨੂੰ ਤੁਰਦੇ ਬਣੇ ਤੇ ਓਥੇ ਇਹ ਬਾਪੂ ਜੀ ਕੋਲ ਰਹੇ।
ਬਾਪੂ ਜੀ ਦੀ ਹਾਲਤ ਜਿਆਦਾ ਖਰਾਬ ਹੋ ਗਈ ਤੇ ਡਾਕਟਰਾਂ ਨੇ ਘਰ ਭੇਜ ਦਿੱਤਾ।ਘਰ ਆ ਕੇ ਬਾਪੂ ਜੀ ਨੂੰ ਇੱਕ ਅਲੱਗ ਕਮਰੇ ਚ ਪਾ ਦਿੱਤਾ ਤੇ ਕੋਈ ਵੀ ਡਰਦਾ ਓਹਨਾ ਦੇ ਕੋਲ ਨਹੀਂ ਜਾਂਦਾ ਸੀ।
ਬਾਪੂ ਜੀ ਦੀ ਘਰ ਸੇਵਾ ਤੋਂ ਲੈਕੇ ਸੰਸਕਾਰ ਕਰਨ ਤੱਕ ਪੁੱਤ ਹੋਣ ਦੀ ਸਾਰੀ ਜ਼ਿੰਮੇਵਾਰੀ ਇਹਨਾ ਨੇ ਨਿਭਾਈ।ਜਿਹੜੇ ਪੁਲਸੀਏ ਜਵਾਈ ਤੇ ਸਰਕਾਰੀ ਮਾਸਟਰ ਵੀਰੇ ਇਹਨਾ ਨੂੰ ਗਿਣਤੀ ਚ ਵੀ ਨਹੀਂ ਰੱਖਦੇ ਸੀ ਓਹ ਵੀ ਇਹਨਾ ਦੀ ਸੇਵਾ ਵੇਖ ਕੇ ਮੂੰਹ ਚ ਉਂਗਲਾ ਪਾ ਕੇ ਖੜੇ ਸੀ ਤੇ ਪੇਕੇ ਪਿੰਡ ਸਾਰੇ ਪਿੰਡ ਚ ਮੇਰੇ ਸਰਦਾਰ ਜੀ ਦੀਆਂ ਸਿਫਤਾਂ ਹੁੰਦੀਆ ਸੀ।
ਧੰਨਵਾਦ,
ਜਸਕਰਨ ਬੰਗਾ।
Access our app on your mobile device for a better experience!