More Punjabi Kahaniya  Posts
ਸਕੂਲ


ਇਹ ਗੱਲ 1995 ਦੀ ਹੈ, ਜਦ ਮੈਂ ਸਕੂਲ ਦੀ ਸ਼ੁਰੂਆਤ ਕੀਤੀ ਸੀ, ਤਾਂ ਕੁਝ ਜਰੂਰੀ ਸਲਾਹ ਮਸ਼ਵਰੇ ਲਈ ਮੈਂ ਆਪਣੇ ਇੱਕ ਵਕੀਲ ਦੋਸਤ ਦੇ ਘਰ ਗਿਆ। ਜਦ ਮੈਂ ਤੇ ਮੇਰਾ ਉਹ ਵਕੀਲ ਦੋਸਤ ਚਾਹ ਦੇ ਕੱਪ ਹੱਥ ਫੜ੍ਹੀ ਬੈਠੇ ਆਪਸ ਵਿਚ ਗੱਲਾਂ ਕਰ ਰਹੇ ਸੀ ਤਾਂ ਮੇਰੇ ਦੋਸਤ ਦੇ ਪਿਤਾ ਜੀ ਵੀ ਸਾਡੇ ਕੋਲ ਆਣ ਬੈਠੇ। ਮੇਰੇ ਦੋਸਤ ਨੇ ਆਪਣੇ ਪਿਤਾ ਜੀ ਨਾਲ ਮੇਰੀ ਜਾਣ-ਪਹਿਚਾਣ ਕਰਵਾਉਂਦਿਆਂ ਆਪਣੇ ਪਿਤਾ ਜੀ ਨੂੰ ਇਹ ਵੀ ਦੱਸਿਆ ਕਿ ਇਹਨਾ ਨੇ ਇੱਕ ਸਕੂਲ ਸ਼ੁਰੂ ਕੀਤਾ ਹੈ।
ਸਕੂਲ ਦੀ ਗੱਲ ਸੁਣਦਿਆਂ ਹੀ ਉਸ ਦੇ ਬਜੁਰਗ ਪਿਤਾ ਨੇ ਪਹਿਲਾਂ ਤਾਂ ਇੱਕੋ ਸਾਹੇ ਮੈਨੂੰ ਸੈਂਕੜੇ ਅਸੀਸਾਂ ਦਿੱਤੀਆਂ ਤੇ ਨਾਲ ਹੀ ਆਪਣੇ ਦੋਨਾਂ ਬੇਟਿਆਂ ਨੂੰ ਵਕਾਲਤ ਕਰਵਾਉਣ ਪਿੱਛੇ ਛੁਪੀ ਇੱਕ ਕਹਾਣੀ ਸੁਣਾਉਂਦਿਆਂ ਕਹਿਣਾ ਸ਼ੁਰੂ ਕੀਤਾ। ਬੇਟਾ ! ਮੈਂ ਇੱਕ ਸਿਆਸੀ ਪਾਰਟੀ ਦਾ ਸਰਗਰਮ ਵਰਕਰ ਹੋਇਆ ਕਰਦਾ ਸੀ, ਇਲਾਕੇ ਵਿੱਚ ਮੇਰੀ ਚੰਗੀ ਪੈਂਠ ਸੀ। ਮੇਰੇ ਹਲਕੇ ਦਾ MLA ਪੰਜਾਬ ਦਾ ਖਜਾਨਾ ਮੰਤਰੀ ਸੀ ਤੇ ਮੇਰੀ ਉਸ ਨਾਲ ਜਿਆਦਾ ਨੇੜਤਾ ਹੋਣ ਕਾਰਨ ਇਲਾਕੇ ਦੇ ਬਹੁਤੇ ਪੰਚ ਸਰਪੰਚ ਮੰਤਰੀ ਸਾਹਿਬ ਕੋਲੋਂ ਕੋਈ ਵੀ ਕੰਮ ਕਰਵਾਉਣ ਲਈ ਮੈਨੂੰ ਹੀ ਨਾਲ ਲੈ ਜਾਂਦੇ ਸਨ। ਪੰਚਾਇਤੀ ਚੋਣਾਂ ਨੇੜੇ ਸਨ ਤਾਂ ਇੱਕ ਦਿਨ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਬਹਾਨੇ ਮੰਤਰੀ ਜੀ ਨੇ ਇਲਾਕੇ ਦੇ ਪਾਰਟੀ ਵਰਕਰਾਂ ਦੀ ਮੀਟਿੰਗ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬੁਲਾਈ। ਮੇਰੇ ਪਿੰਡ ਦਾ ਸਰਪੰਚ ਲਾਲ ਸਿੰਘ ਜੋ ਮੇਰਾ ਕਰੀਬੀ ਦੋਸਤ ਵੀ ਸੀ, ਸਵੇਰੇ ਤੜਕਸਾਰ ਹੀ ਮੇਰੇ ਘਰ ਪਹੁੰਚ ਗਿਆ। ਉਹ ਰਿਟਾਇਰਡ ਅਧਿਆਪਕ ਸੀ। ਉਸ ਦਾ ਪਰਵਾਰ 1947 ਦੇ ਉਜਾੜਿਆਂ ਵੇਲੇ ਪਾਕਿਸਤਾਨ ਦੇ ਗੁੱਜਰਾਂਵਾਲਾ ਜਿਲੇ ਤੋਂ ਆਇਆ ਸੀ। ਉਹ 1947 ਤੋਂ ਪਹਿਲਾਂ ਦਾ ਮੈਟ੍ਰਿਕ ਪਾਸ ਸੀ। ਉਹ ਪੜ੍ਹਾਈ ਦੀ ਮਹੱਤਤਾ ਤੋਂ ਚੰਗੀ ਤਰਾਂ ਜਾਣੂ ਸੀ। ਉਸ ਨੇ ਮੈਨੂੰ ਕਿਹਾ, ਤੈਨੂੰ ਪਤਾ ਹੀ ਹੈ ਕਿ ਮੰਤਰੀ ਜੀ ਨੇ ਅੱਜ ਆਪਣੇ ਪਿੰਡ ਆਉਣਾ ਹੈ, ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਹੈ ਕਿ ਸਾਨੂੰ ਗਲੀਆਂ ਨਾਲੀਆਂ ਲਈ ਗ੍ਰਾਂਟ ਬੇਸ਼ੱਕ ਨਾ ਦਿਓ, ਪਰ ਸਾਡੇ ਪਿੰਡ ਵਿੱਚ ਮਿਡਲ ਸਕੂਲ ਜਰੂਰ ਖੋਲ੍ਹ ਦਿਓ। ਇਸ ਤੋਂ ਪਹਿਲਾਂ ਸਾਡੇ ਪਿੰਡ ਵਿੱਚ ਸਕੂਲ ਨਹੀ ਸੀ, ਸਾਡੇ ਪਿੰਡ ਦੇ ਬੱਚੇ ਗਵਾਂਢੀ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਜਾਂਦੇ ਸਨ, ਜੋ ਸਾਡੇ ਪਿੰਡ ਤੋਂ ਚਾਰ ਮੀਲ ਦੂਰ ਸੀ । ਮੈਂ ਵੀ ਉਸ ਦੀਆਂ ਸੂਝ ਭਰਪੂਰ ਗੱਲਾਂ ਸੁਣ ਕੇ ਉਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਮੇਰੀ ਹਾਂ ਸੁਣਦੇ ਸਾਰ ਹੀ ਉਸ ਨੇ ਆਪਣੀ ਜੇਬ ਵਿੱਚੋਂ ਇੱਕ ਕਾਗਜ ਕੱਢਿਆ ਤੇ ਮੈਨੂੰ ਸੁਣਾਉਣ ਦੇ ਨਜ਼ਰੀਏ ਨਾਲ ਪੜ੍ਹਨਾ ਸ਼ੁਰੂ ਕੀਤਾ। ਇਹ ਮੰਤਰੀ ਜੀ ਨੂੰ ਸੰਬੋਧਤ ਹੋ ਕੇ ਲਿਖੀ ਹੋਈ ਇੱਕ ਅਰਜੀ ਜੀ, ਜਿਸ ਦਾ ਵਿਸ਼ਾ ਸਾਡੇ ਪਿੰਡ ਵਿੱਚ ਮਿਡਲ ਸਕੂਲ ਖੋਲ੍ਹਣ ਦੀ ਬੇਨਤੀ ਸੀ, ਜੋ ਕਿ ਉਹ ਘਰੋਂ ਹੀ ਲਿਖ ਕੇ ਲਿਆਇਆ ਸੀ। ਮੈਂ ਉਸ ਵੱਲੋ ਬਹੁਤ ਸੂਝ-ਬੂਝ ਭਰੇ ਸ਼ਬਦਾਂ ਵਿੱਚ ਲਿਖੀ ਅਰਜੀ ਸੁਣ ਕੇ ਉਸ ਦੀ ਤਾਰੀਫ ਕੀਤੀ ਤੇ ਅਰਜੀ ਫੜ ਕੇ ਆਪਣੀ ਜੇਬ ਵਿੱਚ ਪਾਉਂਦਿਆਂ ਬੜੇ ਰੋਹਬ ਨਾਲ ਕਿਹਾ ਇਸ ਕੰਮ ਦੀ ਮਨਜੂਰੀ ਤਾਂ ਮੈਂ ਮੰਤਰੀ ਜੀ ਕੋਲੋਂ ਅੱਜ ਹੀ ਲੈ ਲਵਾਂ ਗਾ। ਚਾਹ ਪਾਣੀ ਪੀ ਕੇ ਸਮੇਂ ਤੋਂ ਪਹਿਲਾਂ ਹੀ ਅਸੀਂ ਦੋਨੋ ਗੁਰਦੁਆਰਾ ਸਾਹਿਬ ਪਹੁੰਚ ਗਏ। ਇਲਾਕੇ ਦੇ ਸੈਂਕੜੇ ਵਰਕਰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕੇ ਸਨ। ਮੇਰੇ ਪਹੁੰਚਣ ਦੀ ਦੇਰ ਸੀ ਕਿ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਆਪੋ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲਿਖੀਆਂ ਅਰਜੀਆਂ ਮੇਰੇ ਹਵਾਲੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਕੋਲ ਲੱਗਭੱਗ ਪੰਜਾਹ ਅਰਜੀਆਂ ਸਨ। ਬਾਕੀ ਸਰਪੰਚਾਂ ਦੀਆਂ ਅਰਜੀਆਂ ਫੜਦਿਆਂ ਫੜਦਿਆਂ ਮੈਂ ਆਪਣੇ ਪਿੰਡ ਵਾਲੀ ਅਰਜੀ ਮੰਤਰੀ ਜੀ ਕੋਲੋਂ ਪਹਿਲਾਂ ਕੰਮ ਕਰਵਾਉਣ ਦੇ ਨਜ਼ਰੀਏ ਨਾਲ ਵਾਰ ਵਾਰ ਸਾਰਿਆਂ ਤੋਂ ਉੱਪਰ ਰੱਖ ਲੈਂਦਾ ਸੀ। ਇਹ ਦੇਖ ਕੇ ਸਾਡੇ ਗਵਾਂਢੀ ਪਿੰਡਾਂ ਦੇ ਸਰਪੰਚ ਮੈਨੂੰ ਪੁੱਛਣ ਲੱਗੇ ਕਿ ਇਸ ਅਰਜੀ ਵਿੱਚ ਕੀ ਖਾਸ ਹੈ ਕਿ ਇਸ ਨੂੰ ਵਾਰ-ਵਾਰ ਪਹਿਲੇ ਨੰਬਰ ਤੇ ਰੱਖ ਲੈਂਦੇ ਹੋ ? ਮੇਰੇ ਇਹ ਦੱਸਣ ਤੇ ਕਿ ਤੁਹਾਡੀਆਂ ਅਰਜੀਆਂ ਗਲੀਆਂ ਨਾਲੀਆਂ ਦੀਆਂ ਗ੍ਰਾਂਟਾ ਲਈ ਹਨ ਤੇ ਇਹ ਸਾਡੇ ਪਿੰਡ ਦੀ ਅਰਜੀ ਮਿਡਲ ਸਕੂਲ ਖੋਲ੍ਹਣ ਲਈ ਹੈ। ਇਹ ਸੁਣਦਿਆਂ ਹੀ ਇਲਾਕੇ ਦੇ ਪੰਜ ਹੋਰ ਸਰਪੰਚਾਂ ਨੇ ਵੀ ਸਾਡੀ ਅਰਜੀ ਦੀ ਨਕਲ ਕਰਦਿਆਂ ਆਪੋ ਆਪਣੇ ਪਿੰਡਾਂ ਵਿੱਚ ਪਰਾਇਮਰੀ/ਮਿਡਲ ਸਕੂਲ ਖੋਲ੍ਹਣ ਲਈ ਅਰਜੀਆਂ ਲਿਖ ਕੇ ਮੇਰੇ ਸਪੁਰਦ ਕਰ ਦਿੱਤੀਆਂ। ਇਨੀ ਦੇਰ ਨੂੰ ਮੰਤਰੀ ਜੀ ਵੀ ਪਹੁੰਚ ਗਏ, ਮੰਤਰੀ ਜੀ ਦੇ ਜਿੰਦਾਬਾਦ ਦੇ ਨਾਹਰਿਆਂ ਜੈਕਾਰਿਆਂ ਅਤੇ ਆਓ ਭਗਤ ਤੋਂ ਬਾਅਦ ਮੈਂ ਮਾਈਕ ਫੜ੍ਹਿਆ, ਮੰਤਰੀ ਜੀ ਨੂੰ ਜੀ ਆਇਆਂ ਕਹਿੰਦਿਆਂ, ਮੰਤਰੀ ਜੀ ਅਤੇ ਆਪਣੀ ਪਾਰਟੀ ਦੀਆਂ ਫੋਕੀਆਂ ਤਾਰੀਫਾਂ ਦੇ ਪੁਲ ਬੰਨੇ ਤੇ ਮਾਈਕ ਮੰਤਰੀ ਜੀ ਦੇ ਸਪੁਰਦ ਕਰਦਿਆਂ ਬੇਨਤੀ ਕੀਤੀ ਕਿ ਹੁਣ ਉਹ ਸੰਗਤ ਨੂੰ ਸੰਬੋਧਨ ਕਰਨ। ਮੰਤਰੀ ਜੀ ਨੇ ਸਭ ਤੋਂ ਪਹਿਲਾਂ ਜਦ ਮੈਨੂੰ “ਛੋਟਾ ਮੰਤਰੀ” ਕਿਹਾ ਤਾਂ ਮੈਨੂੰ ਲੱਗਿਆ ਜਿਵੇਂ ਮੈਂ ਅਸਮਾਨ ਵਿੱਚ ਉਡ ਰਿਹਾ ਹੋਵਾਂ। ਫੇਰ ਮੰਤਰੀ ਜੀ ਨੇ ਉਹਨਾਂ ਅਰਜੀਆਂ ਬਾਰੇ ਬੋਲਣਾ ਸ਼ੁਰੂ ਕੀਤਾ ਜੋ ਮੈਂ ਮੰਤਰੀ ਜੀ ਨੂੰ ਜੀ ਆਇਆਂ ਕਹਿੰਦਿਆਂ ਹੀ ਉਹਨਾਂ ਨੂੰ ਫੜਾ ਦਿੱਤੀਆਂ ਸਨ ਤੇ ਆਪਣੇ ਵੱਲੋਂ ਇਲਾਕੇ ਦੇ ਪੰਚਾਂ ਸਰਪੰਚਾਂ ਨੂੰ ਭਰੋਸਾ ਵੀ ਦਿਵਾ ਦਿੱਤਾ ਸੀ ਕਿ ਤੁਹਾਡੀਆਂ ਸਭ ਅਰਜੀਆਂ ਪ੍ਰਵਾਨ ਸਮਝੋ, ਬਾਕੀ ਐਲਾਨ ਤਾਂ ਮੰਤਰੀ ਜੀ ਆਪਣੇ ਮੁਖਾਰਬਿੰਦ ਤੋਂ ਆਪ ਕਰਨਗੇ।
ਮੰਤਰੀ ਜੀ ਆਪਣੇ ਸੰਬੋਧਨ ਦੌਰਾਨ ਇੱਕ ਅਰਜੀ ਦੀ ਆਖਰੀ ਲਾਈਨ ਵਿੱਚੋਂ ਸਰਪੰਚ ਦਾ ਨਾਂ ਪੜ੍ਹਦੇ, ਸਰਪੰਚ ਨੂੰ ਖੜ੍ਹੇ ਹੋਣ ਲਈ ਕਹਿੰਦੇ ਤੇ ਪੂਰੀ ਅਰਜੀ ਪੜ੍ਹੇ ਬਿਨਾ ਹੀ ਸਰਪੰਚ ਨੂੰ ਪੁੱਛਦੇ, ਹਾਂ ਦੱਸ ਕੀ ਮੰਗ ਹੈ ਤੇਰੀ ? ਸਬੰਧਤ ਸਰਪੰਚ ਆਪਣੀ ਅਰਜੀ ਵਿੱਚ ਲਿਖੀ ਮੰਗ ਬਾਰੇ ਦੱਸਦਾ ਅਤੇ ਮੰਤਰੀ ਜੀ ਉੱਚੀ ਅਵਾਜ ਵਿੱਚ ਕਹਿੰਦੇ “ਮਨਜੂਰ”। ਮੰਤਰੀ ਜੀ ਦੇ ਮਨਜੂਰ ਕਹਿਣ ਦੀ ਦੇਰ ਹੁੰਦੀ ਕਿ ਗੁਰਦੁਆਰਾ ਸਾਹਿਬ ਦਾ ਹਾਲ ਨਾਹਰਿਆਂ ਜੈਕਾਰਿਆਂ ਨਾਲ ਗੂੰਜ ਉੱਠਦਾ। ਸਬੰਧਤ ਸਰਪੰਚ ਖੁਸ਼ੀ ਦੇ ਮੂਡ ਵਿੱਚ ਜਦ ਮੇਰੇ ਵੱਲ ਸੁਕਰਾਨੇ ਭਰੇ ਅੰਦਾਜ ਨਾਲ ਵੇਖਦਾ ਤਾਂ ਮਨ ਹੀ ਮਨ ਮੈਨੂੰ ਆਪਣੇ ਆਪ ਦੇ “ਛੋਟਾ ਮੰਤਰੀ” ਹੋਣ ਦਾ ਭਰਮ ਹੋ ਜਾਂਦਾ। ਇਸ ਰੌਲੇ ਰੱਪੇ ਅਤੇ “ਛੋਟਾ ਮੰਤਰੀ” ਹੋਣ ਦੇ ਭਰਮ ਵਿੱਚ ਮੈਨੂੰ ਮੇਰੀ ਅਰਜੀ ਦਾ ਥੋੜੇ ਸਮੇਂ ਲਈ ਤਾਂ ਚੇਤਾ ਹੀ ਭੁੱਲ ਗਿਆ। ਜਦ ਬਾਕੀ ਸਾਰੀਆਂ ਅਰਜੀਆਂ “ਮਨਜੂਰ” ਹੋ ਗਈਆਂ ਅਤੇ ਮੰਤਰੀ ਜੀ ਦੇ ਹੱਥ ਵਿੱਚ ਸਿਰਫ ਛੇ ਅਰਜੀਆਂ ਹੀ ਰਹਿ ਗਈਆਂ ਤਾਂ ਇੱਕ ਦਮ “ਛੋਟਾ ਮੰਤਰੀ” ਦੇ ਭਰਮ ਜਾਲ ਵਿੱਚੋਂ ਮੇਰੀ ਜਾਗ ਖੁੱਲ੍ਹੀ ਅਤੇ ਮੈਂ ਆਪਣੇ ਪਿੰਡ ਦੇ ਸਰਪੰਚ ਦੇ ਕੰਨ ਵਿੱਚ ਕਿਹਾ, ਹੁਣ ਮੰਤਰੀ ਜੀ ਬਾਕੀਆਂ ਤੋਂ ਪਹਿਲਾਂ ਸਾਡੇ ਪਿੰਡ ਵਿੱਚ ਮਿਡਲ...

ਸਕੂਲ ਖੋਲ੍ਹਣ ਦਾ ਐਲਾਨ ਕਰਦੇ ਹੋਏ ਜਦ ਉੱਚੀ ਅਵਾਜ ਵਿੱਚ “ਮਨਜੂਰ” ਕਹਿਣ ਗੇ ਤਾਂ ਤੂੰ ਵੀ ਪੂਰੇ ਜੋਰ ਨਾਲ ਜੈਕਾਰਾ ਛੱਡ ਕੇ ਦੋ ਤਿੰਨ ਨਾਹਰੇ ਵੀ ਮੰਤਰੀ ਜੀ ਦੇ ਜਿੰਦਾਬਾਦ ਦੇ ਲਾ ਦੇਵੀਂ। ਮੰਤਰੀ ਜੀ ਨੇ ਆਪਣੇ ਸੰਬੋਧਨ ਨੂੰ ਅੱਗੇ ਵਧਾਉਂਦਿਆਂ ਸਕੂਲਾਂ ਵਾਲੀਆਂ ਅਰਜੀਆਂ ਨਾਲ ਸਬੰਧਤ ਸਰਪੰਚਾਂ ਦੇ ਨਾਂ ਲਏ, ਪਰ ਹੁਣ ਇਕੱਲੇ ਇਕੱਲੇ ਨੂੰ ਨਹੀਂ ਸਗੋਂ ਸਾਰਿਆਂ ਨੂੰ ਇਕੱਠੇ ਹੀ ਖੜੇ ਕਰ ਲਿਆ, ਕਾਫੀ ਦੇਰ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ, ਸਾਰੇ ਸਰਪੰਚਾਂ ਦੀ ਹਾਉਮੈਂ ਨੂੰ ਖੂਬ ਚੋਗਾ ਪਾਇਆ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀਆਂ ਅਪੀਲਾਂ ਕੀਤੀਆਂ। ਗੱਲ ਕੀ, ਮੰਤਰੀ ਜੀ ਦੇ ਮੂੰਹੋ ਸਕੂਲ ਮਨਜੂਰ ਹੈ ਵਾਲਾ ਸ਼ਬਦ ਊਠ ਦੇ ਬੁੱਲ ਵਾਂਗ ਡਿੱਗਣ ਦਾ ਨਾਂ ਹੀ ਨਹੀ ਸੀ ਲੈ ਰਿਹਾ। ਜਦ ਦਸ ਪੰਦਰਾਂ ਮਿੰਟ ਤੋਂ ਖੜ੍ਹੇ ਛੇ ਸਰਪੰਚਾਂ ਦੀਆਂ ਲੱਤਾਂ ਥੱਕ ਕੇ ਡਰਨੇ ਵਾਂਗ ਹਿੱਲਣ ਲੱਗ ਗਈਆਂ ਤਾਂ ਅਖੀਰ ਵਿੱਚ ਫਤਹਿ ਬੁਲਾਉਣ ਤੋਂ ਪਹਿਲਾਂ ਮੰਤਰੀ ਜੀ ਨੇ ਨਿਮਰਤਾ ਭਰੇ ਲਹਿਜੇ ਵਿੱਚ ਕਿਹਾ, ਇਹ ਤੁਹਾਡਾ ਸਕੂਲਾਂ ਵਾਲਾ ਕੰਮ ਸਿੱਖਿਆ ਮਹਿਕਮੇ ਨਾਲ ਸਬੰਧਤ ਹੈ। ਮੈਂ ਤੁਹਾਡੀਆਂ ਅਰਜੀਆਂ ਸਿੱਖਿਆ ਮੰਤਰੀ ਦੇ ਸਪੁਰਦ ਕਰ ਦੇਵਾਂਗੇ। ਨਾਲ ਹੀ ਮੇਰੇ ਵੱਲ ਵੇਖਦਿਆਂ ਮੈਨੂੰ ਸੰਬੋਧਨ ਹੁੰਦੇ ਹੋਏ ਕਹਿਣ ਲੱਗੇ, ਕਰਤਾਰ ਸਿਆਂ ਮੈਨੂੰ ਬਾਅਦ ਵਿੱਚ ਮਿਲ ਲਈਂ। ਮੰਤਰੀ ਜੀ ਦੇ ਸੰਬੋਧਨ ਤੋਂ ਬਾਅਦ ਜਦ ਸਾਰੇ ਪਿੰਡਾਂ ਦੇ ਪੰਚ ਸਰਪੰਚ ਵੀ ਚਲੇ ਗਏ ਤਾਂ ਮੈਂ ਤੇ ਲਾਲ ਸਿੰਘ ਵੀ ਮੰਤਰੀ ਜੀ ਨੂੰ ਵਿਦਾ ਕਰ ਕੇ ਆਪਣੇ ਘਰ ਵੱਲ ਚੱਲ ਪਏ। ਰਸਤੇ ਵਿੱਚ ਅਚਾਨਕ ਲਾਲ ਸਿੰਘ ਨੇ ਮੈਨੂੰ ਸਵਾਲ ਕੀਤਾ, ਕਰਤਾਰ ਸਿਆਂ ਤੇਰਾ ਕੀ ਖਿਆਲ ਆ, ਆਪਣਾ ਸਕੂਲ ਵਾਲਾ ਕੰਮ ਹੋਊ ਜਾਂ ਨਹੀ ? ਮੈਂ ਬਿਨਾਂ ਸੋਚੇ ਸਮਝੇ ਆਪਣੇ ਭਰਮਜਾਲ ਨੂੰ ਕਾਇਮ ਰੱਖਦਿਆਂ ਕਿਹਾ, ਕਿਉਂ ਨਾਂ ਹੋਊ ? ਲਾਲ ਸਿੰਘ ਨੂੰ ਤਾਂ ਭਾਵੇਂ ਸਕੂਲ ਮਨਜੂਰ ਹੋ ਜਾਣ ਦਾ ਭਰੋਸਾ ਮੈਂ ਦਿਵਾ ਦਿੱਤਾ ਸੀ ਪਰ ਉਸ ਰਾਤ ਮੈ ਸਾਰੀ ਰਾਤ ਸੌਂ ਨਾ ਸਕਿਆ, ਦਰਅਸਲ ਮੈਨੂੰ ਇਹ ਸਮਝ ਨਹੀ ਸੀ ਪੈ ਰਹੀ ਕਿ ਜਦ ਮੈਂ ਮੰਤਰੀ ਜੀ ਨੂੰ ਅਰਜੀਆਂ ਫੜਾਉਣ ਸਮੇਂ ਸਕੂਲਾਂ ਵਾਲੀਆਂ ਅਰਜੀਆਂ ਸਭ ਤੋਂ ਉੱਪਰ ਰੱਖੀਆਂ ਸਨ ਤਾਂ ਫੇਰ ਉਹ ਸਭ ਤੋਂ ਥੱਲੇ ਕਿਵੇਂ ਪਹੁੰਚ ਗਈਆਂ।
ਪੰਚਾਇਤ ਚੋਣਾਂ ਲੰਘ ਗਈਆਂ, ਸਾਡੀ ਪਾਰਟੀ ਚੋਣਾਂ ਜਿੱਤ ਗਈ, ਗ੍ਰਾਂਟਾਂ ਕੁਝ ਮਿਲੀਆਂ ਤੇ ਕੁਝ ਆਈਆਂ ਗਈਆ ਹੋ ਗਈਆਂ। ਲਾਲ ਸਿੰਘ ਮੈਨੂੰ ਸਕੂਲਾਂ ਵਾਲੀਆਂ ਅਰਜੀਆਂ ਬਾਰੇ ਕਈ ਵਾਰ ਪੁੱਛ ਚੁਕਾ ਸੀ ਤੇ ਚੰਡੀਗੜ ਜਾ ਕੇ ਮੰਤਰੀ ਜੀ ਨੂੰ ਮਿਲਣ ਬਾਰੇ ਵੀ ਕਹਿੰਦਾ ਰਹਿੰਦਾ ਸੀ।
ਇਕ ਦਿਨ ਅਚਾਨਕ ਇਕ ਪੁਲਿਸ ਥਾਣੇਦਾਰ ਮੇਰੇ ਘਰ ਆਇਆ ਤੇ ਉਸ ਨੇ ਕਿਹਾ ਕਿ ਮੰਤਰੀ ਜੀ ਤੁਹਾਨੂੰ ਯਾਦ ਕਰਦੇ ਹਨ। ਇਸ ਤੋਂ ਪਹਿਲਾਂ ਵੀ ਬਹੁਤੀ ਵਾਰ ਮੰਤਰੀ ਜੀ ਦਾ ਸੁਨੇਹਾ ਉਹ ਥਾਣੇਦਾਰ ਹੀ ਮੇਰੇ ਤੱਕ ਪਹੁੰਚਾਇਆ ਕਰਦਾ ਸੀ। ਮੈਂ ਖੁਸ਼ੀ ਵਿਚ ਖੀਵਾ ਹੋਇਆ ਭੱਜਿਆ ਭੱਜਿਆ ਲਾਲ ਸਿੰਘ ਕੋਲ ਗਿਆ ਤੇ ਉਸ ਨੂੰ ਦੱਸਿਆ ਕਿ ਮੰਤਰੀ ਜੀ ਨੇ ਮੈਨੂੰ ਚੰਡੀਗੜ ਬੁਲਾਇਆ ਹੈ, ਮੰਤਰੀ ਜੀ ਨੇ ਕਿਹਾ ਸੀ ਨਾ ਕਿ ਉਹ ਸਾਡੀਆਂ ਅਰਜੀਆਂ ਸਿਖਿਆ ਮੰਤਰੀ ਨੂੰ ਪਹੁੰਚਾ ਦੇਣ ਗੇ, ਸੋ ਮੈਨੂੰ ਤਾਂ ਲੱਗਦਾ ਆਪਣੇ ਸਕੂਲ ਮਨਜੂਰ ਹੋ ਗਏ।
ਮੈਂ ਅਗਲੀ ਸਵੇਰ ਪਿੰਡੋਂ ਸਾਈਕਲ ਤੇ ਸ਼ਹਿਰ, ਸ਼ਹਿਰੋਂ ਲੋਕਲ ਬੱਸ ਤੇ ਜਲੰਧਰ, ਜਲੰਧਰੋਂ ਘੋੜੇ ਵਾਲੀ ਬੱਸ ਤੇ ਬੈਠ ਕੇ ਚੰਡੀਗੜ ਅਤੇ ਉਥੋਂ ਰਿਕਸ਼ਾ ਲੈ ਕੇ ਨਿਰਧਾਰਤ ਸਮੇਂ ਤੇ ਮੰਤਰੀ ਜੀ ਦੀ ਕੋਠੀ ਪਹੁੰਚ ਗਿਆ। ਮੰਤਰੀ ਜੀ ਦੇ ਹੁਕਮ ਮੁਤਾਬਿਕ ਉਹਨਾਂ ਦੇ ਰਸੋਈਏ ਨੇ ਮੈਨੂੰ ਚਾਹ ਨਾਲ ਦੋ ਪਰੌਂਠੇ ਖਵਾਏ ਤਾਂ ਮੰਤਰੀ ਜੀ ਨੇ ਮੈਨੂੰ ਕੋਠੀ ਦੇ ਇਕ ਕਮਰੇ ਵਿੱਚ ਬਣੇ ਦਫਤਰ ਵਿੱਚ ਬੁਲਾ ਕੇ, ਰਾਜੀ ਖੁਸ਼ੀ ਪੁੱਛ ਕੇ, ਪਾਰਟੀ ਨੂੰ ਪੰਚਾਇਤੀ ਚੋਣਾਂ ਜਿਤਾਉਣ ਦਾ ਸੇਹਰਾ ਮੇਰੇ ਸਿਰ ਬੰਨਦੇ ਹੋਏ, ਸਾਡੇ ਪਿੰਡ ਲਈ ਵੀਹ ਹਜਾਰ ਦੀ ਗ੍ਰਾਂਟ ਮਨਜੂਰ ਹੋਣ ਦੀ ਵਧਾਈ ਮੈਨੂੰ ਦਿੰਦਿਆਂ, ਆਪਣੇ ਡਰਾਈਵਰ ਨੂੰ ਬੁਲਾ ਕੇ ਕਿਹਾ, ਕਾਕਾ ਜਾਹ ਕਰਤਾਰ ਸਿੰਘ ਨੂੰ ਜਲੰਧਰ ਵਾਲੀ ਬੱਸ ਚੜ੍ਹਾ ਕੇ ਆ। ਤੁਰਨ ਤੋਂ ਪਹਿਲਾਂ ਮੈਂ ਵਿਚਾਰਗੀ ਭਰੇ ਲਹਿਜੇ ਵਿੱਚ ਮੰਤਰੀ ਜੀ ਨੂੰ ਕਿਹਾ, ਇਹ ਗ੍ਰਾਂਟ ਤਾਂ ਭਾਵੇ ਤੁਸੀਂ ਰਹਿਣ ਦੇਂਦੇ, ਸਾਡੇ ਪਿੰਡ ਲਈ ਮਿਡਲ ਸਕੂਲ ਮਨਜੂਰ ਕਰਵਾ ਦਿੰਦੇ ਤਾਂ ਚੰਗਾ ਹੁੰਦਾ। ਮੇਰੇ ਇਨਾਂ ਕਹਿਣ ਦੀ ਦੇਰ ਸੀ ਕਿ ਮੰਤਰੀ ਜੀ ਨੇ ਆਪਣੇ ਪੀ.ਏ. ਨੂੰ ਕਿਹਾ, ਕਾਕਾ ਤੂੰ ਜ਼ਰਾ ਬਾਹਰ ਜਾਹ, ਮੈਨੂੰ ਆਪਣੇ ਨੇੜੇ ਬਿਠਾਇਆ, ਮੈਨੂੰ ਅਕਲੋਂ ਖਾਲੀ ਨੂੰ ਅਕਲ ਵੰਡਣ ਦੇ ਨਜ਼ਰੀਏ ਨਾਲ ਕਹਿਣ ਲੱਗੇ, ਦੇਖ ਕਰਤਾਰ ਸਿਆਂ, ਤੂੰ ਮੇਰਾ ਬਹੁਤ ਖਾਸ ਬੰਦਾ ਏਂ, ਉਂਜ ਤਾਂ ਤੂੰ ਬਹੁਤ ਸਿਆਣਾ ਏਂ, ਪਰ ਤੈਨੂੰ ਅਜੇ ਸਿਆਸਤ ਦੀ ਬਹੁਤੀ ਸਮਝ ਨਹੀ। ਕਹਿਣ ਲੱਗੇ ਤੂੰ ਹੀ ਮੈਨੂੰ ਦੱਸ ਬਈ ਜੇ ਆਪਣੇ ਇਲਾਕੇ ਵਿੱਚ ਛੇ ਸਕੂਲ ਹੋਰ ਖੁੱਲ੍ਹ ਗਏ, ਇਲਾਕੇ ਦੇ ਮੁੰਡੇ ਕੁੜੀਆਂ ਪੜ੍ਹ ਲਿਖ ਕੇ ਸਾਡੀ ਸਿਆਸਤ ਨੂੰ ਸਮਝਣ ਲੱਗ ਗਏ ਤਾਂ ਸਾਨੂੰ ਵੋਟਾਂ ਕੌਣ ਪਾਊ ? ਸੋ ਕਰਤਾਰ ਸਿਆਂ ਗਲੀਆਂ ਨਾਲੀਆਂ ਦੀਆਂ ਗ੍ਰਾਂਟਾਂ ਜਿੰਨੀਆਂ ਮਰਜੀ ਲੈ ਲਓ, ਸਕੂਲ ਖੋਲ੍ਹਣ ਦੀ ਅਰਜੀ ਅੱਗੇ ਤੋਂ ਮੇਰੇ ਕੋਲ ਨਾ ਆਵੇ।
ਹੁਣ ਮੈਨੂੰ ਸਮਝ ਪਈ ਕਿ ਜਦ ਮੰਤਰੀ ਜੀ ਚੋਣਾਂ ਤੋਂ ਪਹਿਲਾਂ ਸਾਡੇ ਪਿੰਡ ਗੁਰਦੁਆਰਾ ਸਾਹਿਬ ਵਿਖੇ ਆਏ ਸਨ ਤਾਂ ਮੇਰੀਆਂ ਵਾਰ ਵਾਰ ਉੱਪਰ ਰੱਖੀਆਂ ਸਕੂਲਾਂ ਵਾਲੀਆਂ ਅਰਜੀਆਂ ਜਾਦੂਗਰ ਵਾਲੀ ਹੱਥ ਦੀ ਸਫਾਈ ਵਾਂਗ ਸਾਰਿਆਂ ਤੋਂ ਥੱਲੇ ਕਿਵੇਂ ਪਹੁੰਚ ਗਈਆਂ ਸਨ।
ਬੱਸ ਉਹ ਦਿਨ ਸੀ ਜਦ ਮੇਰੀਆਂ ਅੱਖਾਂ ਖੁੱਲ੍ਹ ਗਈਆਂ, ਮੈਨੂੰ ਸਿਆਸਤ ਦੀ ਵੀ ਪੂਰੀ ਸਮਝ ਪੈ ਗਈ ਅਤੇ ਗਲੀਆਂ ਨਾਲੀਆਂ ਦੀਆਂ ਗ੍ਰਾਂਟਾਂ ਤੇ ਸਕੂਲ ਖੋਲ੍ਹਣ ਵਿਚਲੇ ਫਰਕ ਦੀ ਵੀ ਸਮਝ ਪੈ ਗਈ। ਹੁਣ ਮੇਰਾ “ਛੋਟਾ ਮੰਤਰੀ” ਹੋਣ ਵਾਲਾ ਭਰਮਜਾਲ ਵੀ ਟੁੱਟ ਗਿਆ।
ਪਿੰਡ ਪਹੁੰਚ ਕੇ ਮੈਂ ਆਪਣੀ ਪਤਨੀ ਨਾਲ ਸਾਰੀ ਗੱਲ ਸਾਂਝੀ ਕਰਦਿਆਂ ਕਿਹਾ, ਹੁਣ ਆਪਾਂ ਇਸ ਪਿੰਡ ਵਿੱਚ ਨਹੀਂ ਰਹਿਣਾ। ਥੋੜੇ ਦਿਨਾ ਵਿੱਚ ਹੀ ਮੈਂ ਆਪਣੀ ਇੱਕ ਮੁਰੱਬਾ ਜਮੀਨ ਵਿੱਚੋਂ ਪੰਜ ਏਕੜ ਜਮੀਨ ਵੇਚ ਕੇ ਜਲੰਧਰ ਆ ਗਿਆ ਅਤੇ ਇੱਕ ਛੋਟਾ ਜਿਹਾ ਮਕਾਨ ਲੈ ਕੇ ਆਪਣੇ ਦੋਨਾਂ ਬੇਟਿਆਂ ਨੂੰ ਚੰਗੇ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਗੱਲ ਕਰਦਿਆਂ ਕਰਦਿਆਂ ਕਰਤਾਰ ਸਿੰਘ ਉਸ ਮੰਤਰੀ ਦਾ ਵੀ “ਧੰਨਵਾਦ” ਕਰ ਰਿਹਾ ਸੀ, ਜਿਸ ਨੇ ਸਮਾਂ ਰਹਿੰਦਿਆਂ ਹੀ ਉਸ ਨੂੰ ਸਿਆਸਤ ਦੀ ਪੂਰੀ ਸਮਝ ਦੇ ਦਿੱਤੀ ਸੀ ਅਤੇ ਜਿਸ ਵੱਲੋਂ ਮਿਲੀ ਅਕਲ ਦੀ ਬਦੌਲਤ ਹੀ ਉਹ ਆਪਣੇ ਦੋਨਾਂ ਪੁੱਤਰਾਂ ਨੂੰ ਵਕਾਲਤ ਕਰਵਾਉਣ ਵਿੱਚ ਸਫਲ ਰਿਹਾ ਸੀ।
————–
ਸਵਰਨ ਸਿੰਘ ਖਾਲਸਾ।
98152 70599

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)