ਕੱਲ੍ਹ ਜਦੋਂ ਇਹ ਗੱਲ ਡੂੰਘਾਈ ਨਾਲ ਸੁਣੀ ਤਾਂ,ਮਨ ਵਿੱਚ ਕਈ ਤਰਾਂ ਦੇ ਖਿਆਲ ਉੱਠੇ । ਇਹ ਤਾਂ ਪਤਾ ਸੀ ਸਾਡੀ ਰਿਸ਼ਤੇਦਾਰੀ ਵਿੱਚ ਉਸ ਮੁੰਡੇ ਦਾ ਤਲਾਕ ਹੋ ਗਿਆ ਹੈ । ਪਰ,ਤਲਾਕ ਵੇਲੇ ਜਾਂ ਤਲਾਕ ਤੋਂ ਬਾਅਦ ਭਾਵ ਹੁਣ,ਉਸ ਪੰਜ ਕੁ ਸਾਲ ਦੇ ਬੱਚੇ ਦੇ ਦਿਲ ‘ਤੇ ਬੀਤ ਕੀ ਰਹੀ ਹੈ,ਜਿਸ ਨੂੰ ਪਤੀ ਪਤਨੀ ਦੇ ਅਲੱਗ-ਅਲੱਗ ਹੋਣ ਦੀ ਉਹ ਸਜ਼ਾ ਦਿੱਤੀ ਗਈ ਹੈ,ਜਿਸ ਲਈ ਉਹ ਮਾਸੂਮ ਕਿਸੇ ਪ੍ਰਕਾਰ ਵੀ ਜਿੰਮੇਵਾਰ ਨਹੀਂ ਹੈ । ਅਜਿਹੇ ਕਿੱਸੇ ਬਹੁਤ ਹਨ । ਜਿੱਥੇ ਮਾਸੂਮ ਬੱਚਿਆਂ ਨੂੰ ਮਾਂ ਜਾਂ ਪਿਉ ਦੋਵਾਂ ‘ਚੋਂ ਇੱਕ ਦੇ ਪਿਆਰ ਲਈ ਤਾਉਮਰ ਤਰਸਣਾ ਪੈਂਦਾ ਹੈ । ਆਖਿਰ ਕਿਉਂ ? ਕੀ ਕਸੂਰ ਹੁੰਦਾ ਹੈ ਇਹਨਾਂ ਬੱਚਿਆਂ ਦਾ ? ਆਖਿਰ ਕਿਉਂ ਉਹ ਮਾਂ-ਪਿਉ,ਜੋ ਆਪਣੀ ਔਲਾਦ ਦੀ ਖੁਸ਼ੀ ਲਈ ਕੁੱਝ ਵੀ ਕਰਨ ਤੱਕ ਚਲੇ ਜਾਂਦੇ ਨੇ,ਫਿਰ ਉਹਨਾਂ ਨੂੰ ਉਹ ਦੁੱਖ ਕਿਉਂ ਦਿੰਦੇ ਹਨ ? ਮੇਰਾ ਇਹ ਸਟੇਟਸ ਲਿਖਣ ਦਾ ਮਤਲਬ, ਸਿਰਫ਼ ਇਹ ਹੈ ਕਿ ਹੋ ਸਕਦਾ ਕੁੱਝ ਉਹ ਘਰ ਜੋ ਟੁੱਟਣ ਕਿਨਾਰੇ ਹਨ,ਬਚ ਰਹਿਣ ।
ਕਾਫ਼ੀ ਦੇਰ ਦੇ ਕਲੇਸ਼ ਤੋਂ ਬਾਅਦ ਆਖਰ ਇਹ ਤੈਅ ਹੋਇਆ ਕਿ ਤਲਾਕ ਲੈ ਲਿਆ ਜਾਵੇ । ਮੁੰਡੇ ਨੇ ਬੜੀ ਕੋਸ਼ਿਸ਼ ਕੀਤੀ ਕਿ ਘਰ ਟੁੱਟਣ ਤੋਂ ਬਚ ਜਾਵੇ । ਉਸਦੀ ਪਤਨੀ ਨੇ ਕਿਹਾ ਕਿ ਪਿੰਡ ਵਿੱਚ ਨਹੀਂ ਰਹਿਣਾ,ਸ਼ਹਿਰ ਰਹਿਣਾ ਹੈ,ਉਸਨੇ ਉਹ ਵੀ ਕਰਕੇ ਵੇਖ ਲਿਆ । ਪਰ ਨਹੀਂ…।
ਜਿਸ ਦਿਨ,ਅਦਾਲਤ ਵਿੱਚ ਮਾਸੂਮ ਬੱਚਾ,ਪਿਤਾ ਦੇ ਹਵਾਲੇ ਕੀਤਾ ਗਿਆ । ਉਸਨੂੰ ਬਹੁਤ ਜ਼ਿਆਦਾ ਬੁਖਾਰ ਚੜ੍ਹਿਆ ਹੋਇਆ ਸੀ । ਜੱਜ ਦੇ ਬਿੱਲਕੁੱਲ ਸਾਹਮਣੇ,ਉਸ ਮਾਂ ਨੇ, ਇਹ ਗੋਲ ਮਟੋਲ ਜਿਹਾ ਮੁੰਡਾ,ਝੱਟ ਦੇਣੀ ਗੋਦੀ ਤੋਂ ਉਤਾਰ ਮੁੰਡੇ ਦੇ ਪਿਉ ਹਵਾਲੇ ਕਰ ਦਿੱਤਾ । ਜਿਵੇਂ ਇਸ ਬੋਝ ਤੋਂ ਉਹ ਜਲਦੀ ਛੁਟਕਾਰਾ ਪਾਉਣਾ ਚਾਹੁੰਦੀ ਹੋਵੇ ।...
ਮੁੰਡਾ ਫੜਾਉਣ ਤੋਂ ਬਾਅਦ ਆਪਣੇ ਬੈਗ ‘ਚੋਂ,ਦੁੱਧ ਵਾਲੀ ਸ਼ੀਸ਼ੀ ਫੜਾਈ,ਫਿਰ ਬੱਚੇ ਦੇ ਸੈਂਡਲ ਤੇ ਹੋਰ ਨਿੱਕ-ਸੁੱਕ….। ਸਭ ਚੀਜ਼ਾਂ ਫੜਾਉਂਦਿਆਂ,ਉਸਦੇ ਚਿਹਰੇ ‘ਤੇ ਕਿਸੇ ਤਰਾਂ ਦਾ ਦੁੱਖ ਨਜ਼ਰ ਨਹੀਂ ਆਇਆ । ਵੱਡੀ ਕੁਰਸੀ ‘ਤੇ ਬੈਠਾ ਜੱਜ,ਬੜੀ ਹੈਰਤ ਨਾਲ ਇਹ ਸਭ ਵੇਖ ਰਿਹਾ ਸੀ । ਉਸਦੀ ਜਿੰਦਗੀ ਵਿੱਚ ਬਥੇਰੇ ਤਲਾਕ ਦੇ ਕੇਸ ਹੋਏ ਹੋਣੇ,ਪਰ ਅਜਿਹੀ ਮਾਂ ਸ਼ਾਇਦ ਪਹਿਲੀ ਵਾਰ ਵੇਖ ਰਿਹਾ ਸੀ ।
ਘਰ ਆ ਕੇ ਬੱਚਾ ਸਾਰੀ ਰਾਤ ਬੁਖਾਰ ਵਿੱਚ ਬੇਸੁਧ ਰਿਹਾ ਤੇ ਆਪਣੇ ਬੁੱਲ੍ਹਾਂ ‘ਚੋਂ,’ਮੰਮੀ..ਮੰਮੀ’ ਪੁਕਾਰਦਾ ਰਿਹਾ । ਹੁਣ ਵੀ ਉਹ ਆਪਣੀ ਮੰਮੀ ਨੂੰ ਭੁੱਲ ਨਹੀਂ ਰਿਹਾ । ਇੱਕ ਦਿਨ ਉਸਦੀ ਦਾਦੀ ਨੇ,ਘਰ ਵਿੱਚ ਪਈਆਂ ਚੱਪਲਾਂ ਪਾ ਲਈਆਂ । ਮੁੰਡਾ ਝੱਟ ਦੇਣੀ ਬੋਲਿਆ,’ਲਾਹੋ ਚੱਪਲਾਂ,ਇਹ ਮੇਰੀ ਮੰਮੀ ਪਾਊਗੀ,ਉਸਦੀਆਂ ਨੇ…।’ ਦਾਦੀ ਦੀ ਭੁੱਬ ਨਿੱਕਲ ਗਈ ।
ਇੱਕ ਦਿਨ,ਦੇਹਲੀ ਵਿੱਚ ਅੱਖਾਂ ਬੰਦ ਕਰਕੇ ਤੇ ਦੋਵਾਂ ਨੂੰ ਹੱਥਾਂ ਨਾਲ ਢਕ ਕੇ ਬੈਠ ਗਿਆ । ਦਾਦੀ ਨੇ ਪੁੱਛ ਲਿਆ,’ਵੇ ਆਹ ਕੀ ਕਰਦਾਂ ?’
‘ਮੰਮੀ ਨੇ ਕਿਹਾ ਸੀ,ਜਦੋਂ ਮੇਰੀ ਯਾਦ ਆਵੇ ਇਸ ਤਰਾਂ ਕਰਕੇ ਬੈਠ ਜਾਈਂ,ਮੈਂ ਦਿਸ ਜਾਇਆ ਕਰੂੰ ।’ ਬੱਚੇ ਨੇ ਜਦੋਂ ਕਿਹਾ ਤਾਂ ਦਾਦੀ ਮਾਂ ਅੰਦਰ ਵੜ ਕੇ ਬਹੁਤ ਰੋਈ । ਘਰ ਵਿੱਚ ਕਦੀ ਵੀ ਉਸਦੀ ਮੰਮੀ ਦੀ ਗੱਲ ਨਹੀਂ ਕੀਤੀ ਜਾਂਦੀ,ਪਰ ਫੇਰ ਵੀ ਉਹ ਮਾਸੂਮ ਆਪਣੀ ਮੰਮੀ ਨੂੰ ਭੁੱਲ ਨਹੀਂ ਸਕਿਆ,ਸ਼ਾਇਦ ਭੁੱਲ ਸਕੇ ਵੀ ਨਾ…।
ਸੋਚਦਾਂ,ਮਾਂ ਜਾਂ ਪਿਉ ਮਰ ਕੇ,ਬੱਚਿਆਂ ਤੋਂ ਵਿਛੜ ਜਾਣ,ਅਸੀਂ ਕੁੱਝ ਨਹੀਂ ਕਰ ਸਕਦੇ । ਉਹਨਾਂ ਨੂੰ ਉੱਥੋਂ ਲਿਆਉਣਾ ਅਸੰਭਵ ਹੈ,ਪਰ ਜਦੋਂ ਜਿਊਂਦੇ ਜੀਅ ਅਜਿਹਾ ਕਰਨ ਤਾਂ………!!!! ਉਫ਼,ਕਿਸੇ ਮਾਸੂਮ ਨੂੰ ਇਹ ਦੁੱਖ ਨਾ ਮਿਲੇ ।