More Punjabi Kahaniya  Posts
ਵੱਡਾ ਵੀਰ


ਵੱਡਾ ਭਾਈ ਮੈਥੋਂ ਪੰਜ ਸਾਲ ਵੱਡਾ ਸੀ..
ਅਸੀਂ ਇੱਕਠੇ ਸਕੂਲ ਜਾਇਆ ਕਰਦੇ..ਰਾਹ ਵਿੱਚ ਪੈਂਦਾ ਰੁੱਖਾਂ ਦਾ ਵੱਡਾ ਝੁੰਡ..ਚਕੇਰੀ ਆਖਦੇ ਸਨ ਉਸਨੂੰ..ਮੈਨੂੰ ਡਰ ਲੱਗਦਾ..ਅਕਸਰ ਹੀ ਅੰਦਰੋਂ ਜਾਨਵਰਾਂ ਦੀਆਂ ਡਰਾਉਣੀਆਂ ਅਵਾਜਾਂ ਆਉਂਦੀਆਂ..ਮੈਂ ਵੱਡੇ ਭਰਾ ਦੇ ਅੱਗੇ ਹੋ ਜਾਂਦਾ..ਉਹ ਆਖਦਾ ਡਰ ਨਾ ਨਿੱਕਿਆ..ਮੈਂ ਹਾਂ ਨਾ..ਕੁਝ ਨੀ ਹੋਣ ਦਿੰਦਾ..ਫੇਰ ਮੈਂ ਬੇਫਿਕਰ ਹੋ ਜਾਂਦਾ!
ਬਰਸਾਤਾਂ ਵਿਚ ਰਾਹ ਵਿਚ ਨਾਲਾ ਨੱਕੋ-ਨੱਕ ਭਰ ਜਾਂਦਾ..!
ਉਹ ਮੈਨੂੰ ਕੰਧਾੜੇ ਚੁੱਕ ਲੈਂਦਾ..ਕਈ ਵੇਰ ਕੱਚੇ ਰਾਹ ਵਿਚ ਸੱਪ ਲੜਦੇ ਹੁੰਦੇ..ਤਾਂ ਵੀ ਵੱਡਾ ਭਰਾ ਹੀ ਹੱਲ ਬਣ ਬਹੁੜਿਆ ਕਰਦਾ..!
ਫੇਰ ਬਾਪੂ ਹੂਰੀ ਤੁਰ ਗਏ..!
ਵੱਡੇ ਭਰਾ ਨੂੰ ਵਾਹੀ ਕਰਨੀ ਪੈ ਗਈ ਤੇ ਮੈਂ ਐੱਮ.ਮੈਸ.ਸੀ ਕਰਕੇ ਸ਼ਹਿਰ ਆ ਗਿਆ..!
ਲਵ-ਮੈਰਿਜ ਮਗਰੋਂ ਦੋਵਾਂ ਦੀ ਲੈਕਚਰਰ ਦੇ ਨੌਕਰੀ..ਕੋਚਿੰਗ ਸੈਂਟਰ..ਫੇਰ ਆਈਲੈਟਸ ਸੈਂਟਰ..ਮੈਂ ਤਰੱਕੀ ਕਰਦਾ ਗਿਆ..ਤੇ ਭਰਾ ਰਹਿ ਗਿਆ ਮਗਰ ਵਾਹੀ ਜੋਗਾ!
ਇੱਕ ਦੋ ਵੇਰ ਆਖਿਆ ਸ਼ਹਿਰ ਆ ਜਾ..ਉਸਨੇ ਨਾਂਹ ਕਰ ਦਿੱਤੀ..ਇੰਝ ਲੱਗਿਆ ਉਹ ਤਰੱਕੀ ਕਰਨੀ ਹੀ ਨਹੀਂ ਸੀ ਚਾਹੁੰਦਾ ਸ਼ਾਇਦ!
ਜਿੰਨੇ ਇੱਕ ਮਹੀਨੇ ਵਿਚ ਕਮਾ ਲੈਂਦਾ ਸਾਂ ਉਹ ਉਸਦੇ ਸਾਰੇ ਸਾਲ ਦੀ ਕਮਾਈ ਤੋਂ ਵੀ ਕਿਤੇ ਵੱਧ ਹੁੰਦਾ..!
ਫ਼ਾਸਲਾ ਵਧਦਾ ਗਿਆ ਅਤੇ ਨਾਲ ਨਾਲ ਵਧਦੇ ਗਏ ਮੇਰੇ ਕੋਚਿੰਗ ਸੈਂਟਰ..!
ਫੇਰ ਇੱਕ ਦਿਨ ਅਚਾਨਕ ਕਰੋਨਾ ਨਾਮ ਦਾ ਜਵਾਲਾਮੁਖੀ ਫਟ ਪਿਆ..ਇਸਦਾ ਲਾਵਾ ਮੇਰਾ ਸਭ ਕੁਝ ਨਿਗਲ ਗਿਆ!
ਸੈਂਟਰ ਸੱਖਣੇ ਹੋ ਗਏ..ਨੌਕਰੀ ਪਹਿਲਾਂ ਹੀ ਛੱਡ ਚੁਕੇ ਸਾਂ..ਬੱਚਤ ਪਹਿਲਾਂ ਹੀ ਬਿਲੇ ਲੱਗ ਗਈ ਸੀ..!
ਖਰਚੇ ਕਿਸ਼ਤਾਂ ਲੋਨ...

ਰਿਕਵਰੀਆਂ ਨੋਟਿਸ ਤਨਖਾਵਾਂ..ਕਿੰਨੇ ਕੁਝ ਨੇ ਰਾਤਾਂ ਦੀ ਨੀਂਦ ਨਿਗਲ ਲਈ..ਸੁਫ਼ਨੇ ਵਿਚ ਚਕੇਰੀ ਵਾਲੇ ਜਾਨਵਰ ਡਰਾਇਆ ਕਰਦੇ..ਇੰਝ ਲੱਗਦਾ ਨੱਕੋ ਨੱਕ ਭਰਿਆ ਪਾਣੀ ਮੈਨੂੰ ਡੋਬ ਦੇਵੇਗਾ..!
ਰਿਕਵਰੀ ਕਰਨ ਆਏ ਅਫਸਰ ਨਿੱਕੇ ਹੁੰਦਿਆਂ ਰਾਹ ਵਿਚ ਡਰਾਉਂਦੇ ਹੋਏ ਫਨੀਅਰ ਸੱਪ ਲੱਗਿਆ ਕਰਦੇ..!
ਇੱਕ ਦਿਨ ਸਿਰੋਂ ਪਾਣੀ ਲੰਘ ਗਿਆ ਤਾਂ ਵੱਡੇ ਭਰਾ ਦਾ ਨੰਬਰ ਲੱਭਿਆ..ਫੇਰ ਕੰਬਦੇ ਹੱਥਾਂ ਨਾਲ ਡਾਇਲ ਕਰ ਦਿੱਤਾ..ਉਸਨੇ ਚੁੱਕਿਆ ਪਰ ਮੈਥੋਂ ਗੱਲ ਨਾ ਹੋਈ..ਅੱਗੋਂ ਆਖਣ ਲੱਗਾ ਨਿੱਕਿਆ ਕੀ ਗੱਲ ਬੋਲਦਾ ਨਹੀਂ..!
ਭਰੇ ਹੋਏ ਗੱਚ ਨਾਲ ਸਿਰਫ ਏਨੀ ਗੱਲ ਆਖ ਸਕਿਆ..ਵੀਰੇ ਕਰੋਨਾ ਸਭ ਕੁਝ ਨਿਗਲ ਗਿਆ..ਕੁਝ ਨਹੀਂ ਬਚਿਆ..ਖਾਣ ਪੀਣ ਦੇ ਵੀ ਲਾਲੇ ਪੈ ਗਏ..ਅੱਗੋਂ ਨਾਲ ਹੀ ਮੇਰਾ ਰੋਣ ਵੀ ਨਿੱਕਲ ਗਿਆ..!
ਅੱਗੋਂ ਆਖਣ ਲੱਗਾ ਨਿੱਕਿਆ ਘਬਰਾਵੀਂ ਨਾ..ਮੈਂ ਹੈਗਾ ਨਾ..ਕੁਝ ਨੀ ਹੋਣ ਦਿੰਦਾ ਤੈਨੂੰ..ਬਾਕੀ ਦੀਆਂ ਗੱਲਾਂ ਫੇਰ..ਪਹਿਲਾਂ ਅਕਾਊਂਟ ਨੰਬਰ ਲਿਖਵਾ ਅਤੇ ਦੱਸ ਕਿੰਨੇ ਪੈਸੇ ਪਾਵਾਂ..!
ਇੰਝ ਲੱਗਿਆ ਸਿਰੋਂ ਮਣਾਂ-ਮੂਹੀਂ ਭਾਰ ਉੱਤਰ ਗਿਆ ਹੋਵੇ..ਕਿੰਨੇ ਦਿਨਾਂ ਤੋਂ ਡਰਾ ਰਹੇ ਸੱਪ ਅਤੇ ਜਾਨਵਰ ਪਲਾਂ ਵਿਚ ਹੀ ਕਿਧਰੇ ਦੌੜ ਗਏ ਹੋਣ ਤੇ ਕੱਸੀ ਦਾ ਚੜਿਆ ਹੋਇਆ ਪਾਣੀ ਵੀ ਨੀਵਾਂ ਹੋ ਗਿਆ ਹੋਵੇ..!
ਵੱਡੇ ਵੀਰ ਦੇ ਕੰਧਾੜੇ ਜੂ ਚੜ ਗਿਆ ਸਾਂ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)