ਭਾਦਰੋਂ ਦੀ ਇੱਕ ਗਰਮ ਸ਼ਾਮ ਨੂੰ ਏ.ਸੀ ਦਫਤਰ ਵਿਚ ਕਿੰਨੇ ਦੋਸਤਾਂ ਨਾਲ ਠੰਡੀ ਬੀਅਰ ਦੇ ਘੁੱਟ ਅੰਦਰ ਲੰਘਾਉਂਦਾ ਹੋਇਆ ਕਾਰੋਬਾਰ ਵਿਚ ਆਉਂਦੇ ਉਤਰਾਅ ਚੜਾਵਾਂ ਤੇ ਬਹਿਸ ਕਰ ਰਿਹਾ ਸਾਂ..!
ਅਚਾਨਕ ਸ਼ੀਸ਼ੇ ਵਿਚੋਂ ਬਾਰਾਂ ਤੇਰਾ ਸਾਲ ਦੇ ਸਿੱਖ ਮੁੰਡੇ ਨੂੰ ਕਾਊਂਟਰ ਤੇ ਬੈਗ ਰੱਖਦਿਆਂ ਵੇਖਿਆ ਤਾਂ ਜਿਗਿਆਸਾ ਜਿਹੀ ਜਾਗੀ..ਉਸਨੂੰ ਅੰਦਰ ਸੱਦ ਲਿਆ..!
ਮੁੜਕੇ ਨਾਲ ਭਿੱਜੀ ਕਮੀਜ ਅਤੇ ਧੁੱਪ ਨਾਲ ਹੋਈ ਕਾਲ਼ੀ ਚਮੜੀ ਵੇਖ ਸਮਝਦਿਆਂ ਦੇਰ ਨਾ ਲੱਗੀ ਕੇ ਉਹ ਕਿਸੇ ਬਾਹਰਲੇ ਰਾਜ ਤੋਂ ਸੀ..ਦੱਸਣ ਲੱਗਾ ਕੇ ਤੁਰ ਫੇਰ ਕੇ ਸ਼ੀਸ਼ਾ ਚਮਕਾਉਣ ਵਾਲਾ ਸੋਲੂਸ਼ਨ ਵੇਚਦਾ ਹਾਂ..!
ਨਾਮ ਪੁੱਛਿਆਂ ਤਾਂ ਆਖਣ ਲੱਗਾ ਹਿੰਮਤ ਸਿੰਘ..ਪਤਾ ਨੀ ਦਿਮਾਗ ਵਿਚ ਕੀ ਆਇਆ..ਪੁੱਛ ਲਿਆ ਬੀਅਰ ਪੀਵੇਂਗਾ..ਛੇਤੀ ਨਾਲ ਕਮੀਜ ਅੰਦਰੋਂ ਨਿੱਕੀ ਸਿਰੀ ਸਾਬ ਕੱਢ ਕੇ ਆਖਣ ਲੱਗਾ ਜੀ ਅੰਮ੍ਰਿਤ ਪਾਨ ਕੀਤਾ ਏ..!
ਫੇਰ ਪੁੱਛ ਲਿਆ..ਹਿੰਮਤ ਸਿੰਹਾਂ ਤੇਰਾ ਲਾਸ੍ਟ ਨੇਮ ਕੀ ਏ?..ਪੁੱਛਣ ਲੱਗਾ ਜੀ ਉਹ ਕੀ ਹੁੰਦਾ ਏ..?
ਕੋਲ ਬੈਠੇ ਕਿੰਨੇ ਸਾਰੇ ਸੰਧੂ ਰੰਧਾਵੇ ਗਰੇਵਾਲਾਂ ਵੱਲ ਇਸ਼ਾਰਾ ਕਰ ਦਿੱਤਾ ਤੇੇ ਆਖਿਆ ਭਾਈ ਜਿੱਦਾਂ ਇਹ ਸਾਰੇ ਨੇ ਓਦਾਂ ਹੀ ਤੇਰੇ ਨਾਮ ਮਗਰ ਵੀ ਕੁਝ ਹੋਵੇਗਾ?
ਆਖਣ ਲੱਗਾ ਜੀ ਉਹ ਤੇ ਮੈਨੂੰ ਨੀ...
ਪਤਾ ਪਰ ਜਿਹੜੇ ਬਾਬਾ ਜੀ ਰਾਏਪੁਰ ਸਾਨੂੰ ਅੰਮ੍ਰਿਤ ਛਕਾਉਣ ਆਏ ਸਨ ਓਹਨਾ ਨੇ ਏਨੀ ਗੱਲ ਜ਼ੋਰ ਦੇ ਕੇ ਆਖੀ ਸੀ ਕੇ ਪੁੱਤਰੋ ਅੱਜ ਤੋਂ ਬਾਅਦ ਤੁਹਾਡੇ ਅੱਗੇ ਵੀ ਗੁਰੂ ਗੋਬਿੰਦ ਸਿੰਘ ਏ ਤੇ ਮਗਰ ਵੀ..ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ..ਜੇ ਉਸਨੂੰ ਆਪਣੇ ਅੱਗੇ ਪਿੱਛੇ ਮਹਿਸੂਸ ਕਰੋਗੇ ਤਾਂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋਗੇ..ਨਾਲ ਹੀ ਉਸਨੇ ਆਪਣਾ ਬੈਗ ਚੁੱਕਿਆ..ਉਚੀ ਸਾਰੀ ਫਤਹਿ ਬੁਲਾਈ ਤੇ ਆਪਣੇ ਰਾਹ ਪੈ ਗਿਆ..!
ਮਗਰੋਂ ਕਿੰਨੀ ਦੇਰ ਚੁੱਪ ਜਿਹੀ ਛਾਈ ਰਹੀ..ਆਪਸ ਵਿਚ ਅੱਖਾਂ ਵੀ ਨਾ ਮਿਲੀਆਂ..ਹੱਥਾਂ ਵਿਚ ਫੜੇ ਬੀਅਰ ਦੇ ਨਿੱਕੇ ਨਿੱਕੇ ਗਲਾਸ ਪਰਬਤਾਂ ਤੋਂ ਵੀ ਕਿਤੇ ਵੱਧ ਭਾਰੇ ਹੋ ਗਏ ਮਹਿਸੂਸ ਹੋਣ ਲੱਗੇ..ਇੰਝ ਲੱਗਾ ਜਿੱਦਾਂ ਤਪਦੀ ਦੁਪਹਿਰ ਵਿਚ ਹਿੰਮਤ ਸਿੰਘ ਦੇ ਰੂਪ ਵਿਚ ਪ੍ਰਕਟ ਹੋ ਗਏ ਦਸਮ ਪਿਤਾ ਸਾਡੀਆਂ ਜਮੀਰਾਂ ਨੂੰ ਬੁਰੀ ਤਰਾਂ ਟੁੰਬ ਲੋਕਾਈ ਦੇ ਸਮੁੰਦਰ ਵਿਚ ਕਿਧਰੇ ਅਲੋਪ ਹੋ ਗਏ ਹੋਣ..!
ਸੱਚੀ ਘਟਨਾ..ਹਰਪ੍ਰੀਤ ਸਿੰਘ
Access our app on your mobile device for a better experience!