Posts Uploaded By ਪੰਜਾਬੀ ਕਹਾਣੀਆਂ

Sub Categories

ਅੱਜ ਦੀ ਘੜੀ ਓਹਦੇ ਜਦੋਂ ਚੇਤਾ ਆਉੰਦਾ ਕਿ ਬਚਪਨ ਚ‘ ਜਦ ਵੀ ਓਹ ਮਾਸੀ ਦੇ ਘਰ ਜਾਂਦਾ ਹੁੰਦਾ ਸੀ ਤਾਂ ਦੁਪਹਿਰ ਵੇਲੇ ਮਾਸੀ ਉਸਨੂੰ ਕਹਿੰਦੀ ?
“ਮੀਤੇ ਪੁੱਤ ਸ਼ੋਰ ਨਾ ਕਰੀਂ ਤੇਰੇ ਮਾਸੜ ਜੀ ਆਰਾਮ ਕਰ ਰਹੇ ਨੇ ਅਪਣੇ ਕਮਰੇ ਚ‘ ਤੇ ਤੂੰ ਚੁੱਪ ਕਰਕੇ ਖੇਲੀਂ ਚੰਗਾ।
ਓਹਦੇ ਇਹ ਤਾਂ ਸਮਝ ਆਉੰਦਾ ਸੀ ਕਿ ਘਰ ਵਿੱਚੋਂ ਵੱਡੇ ਅਤੇ ਕਮਾਊ ਮਾਸੜ ਜੀ ਹੀ ਹਨ ਸੋ ਓਹਨਾਂ ਦੇ ਆਰਾਮ ਦਾ ਖਿਆਲ ਹੈ ਸਭਨਾਂ ਨੂੰ ਜੋ ਇੱਕ ਪੱਖੋਂ ਠੀਕ ਵੀ ਹੈ ਤੇ ਮਾਸੀ ਅਪਣਾ ਪਤਨੀ ਧਰਮ ਬਾਖੂਬੀ ਨਿਭਾ ਰਹੇ ਨੇ। ਪਰ ਮਾਸੀ ਮਾਂ ਦਾ ਫਰਜ਼ ਵੀ ਪੂਰਾ ਨਿਭਾਉੰਦੇ ਸੀ ਜਦੋਂ ਵੀਰਾ ਕੰਮ ਤੋਂ ਆਉੰਦਾ ਤਾਂ ਮਾਸੀ ਉਸਦੇ ਆਰਾਮ ਦਾ ਖਿਆਲ ਵੀ ਓਵੇਂ ਹੀ ਰੱਖਿਆ ਕਰਦੇ ਸਨ।
ਅੱਜ ਜਦੋਂ ਉਸਦੇ ਪਰਿਵਾਰ ਵਿੱਚ ਉਸਨੂੰ ਚੌਵੀ ਘੰਟੇ ਹੀ ਆਵਾਜ ਕੱਢਣ ਦਾ ਵੀ ਹੁਕਮ ਨਹੀ ਤਾਂ ਉਸਨੂੰ ਵਾਰ-ਵਾਰ ਮਾਸੀ ਦਾ ਓਹੋ ਸਮਾਂ ਹੀ ਚੇਤੇ ਆਉੰਦਾ ਏ ਕਿ ਮੇਰਾ ਪਰਿਵਾਰ ਰੀਸ ਤਾਂ ਓਹਨਾਂ ਵਾਲੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਤਰੀਕਾ ਗਲਤ ਆ। ਮੈਂ ਮਜਦੂਰੀ ਕਰਕੇ ਘਰ ਜੋ ਵੀ ਲੈ ਕੇ ਆਉੰਦਾ ਹਾਂ ਕੋਈ ਵੀ ਉਸਦੀ ਕਦਰ ਹੀ ਨਹੀ ਕਰਦਾ ਸਗੋਂ ਉੱਲਟਾ ਇਹ ਸੋਚਦੇ ਨੇ ਕਿ ਤੂੰ ਸਾਡੇ ਵਾਸਤੇ ਕਰਦਾਂ ਹੀ ਕੀ ਹੈਂ ਤੇ ਮੇਰਾ ਬੇਟਾ ਜੋ ਹਲੇ ਕੱਲ ਕੰਮ ਤੇ ਜਾਣ ਲੱਗਾ ਓਹ ਚਾਹੇ ਬੇਟਾਇਮ ਹੀ ਸੁੱਤਾ ਰਹੇ ਮੇਰੇ ਵਰਗੇ ਨੂੰ ਘਰੇ ਸਾਹ ਕੱਢਣਾ ਵੀ ਨੇਹਫਲ ਹੋ ਜਾਂਦਾ ਏ ਜਿਵੇਂ ਮੈਂ ਸੱਚਮੁੱਚ ਕਿਸੇ ਲਈ ਕੁੱਝ ਕਰਦਾ ਹੀ ਨਾ ਹੋਵਾਂ। ਰੱਬ ਨੇ ਮੈਨੂੰ ਕਹਾਣੀਕਾਰ ਬਣਾਇਆ ਏ ਤੇ ਅਪਣੀਆਂ ਕਹਾਣੀਆਂ ਨੂੰ ਪਬਲਿੱਸ਼ ਕਰਨ ਵਾਸਤੇ ਫੋਨ ਚ‘ ਰਿਕਾਰਡ ਕਰਨਾ ਵੀ ਉਹਨਾ ਨੂੰ ਡਿਸਟਰਬਿੰਗ ਲੱਗਦਾ। ਕਦੇ-ਕਦੇ ਓਹ ਸੋਚਦਾ ਕਿ ਯਾਰ ਜਦ ਮੇਰਾ ਕੋਈ ਜਨਮ ਤੋਂ ਲੈ ਕੇ ਹੁਣ ਤੱਕ ਸੱਚਾ ਰਿਸ਼ਤਾ ਬਣਿਆ ਹੀ ਨਹੀ ਫੇਰ ਜੀਅ ਕੇ ਕੀ ਕਰਨਾ? ਪਰ ਦੂਸਰੀ ਤਰਫ ਰੱਬ ਦੀ ਦਿੱਤੀ ਲੇਖਕੀ ਬਾਰੇ ਸੋਚ ਓਹ ਇਰਾਦਾ ਬਦਲ ਲੈਂਦਾ ਕਿ ਕੀ ਪਤਾ ਕੱਲ ਨੂੰ ਪਬਲਿੱਕ ਓਹਦੀ ਕਲਾ ਨੂੰ ਸਰਹਾਉਣ ਹੀ ਲੱਗ ਜਾਵੇ ਤੇ ਓਹਦਾ ਯੂ-ਟਿਊਬ ਚੈਨਲ ਸੱਕਸੈਸ ਹੋ ਜਾਵੇ। ਫੇਰ ਤਾਂ ਸਭ ਦੀ ਬੋਲਤੀ ਆਪੇ ਹੀ ਬੰਦ ਹੋ ਜਾਵੇਗੀ ਨਾ।
ਇਹ ਸੋਚਦੇ ਹੀ ਓਹ ਪਰਿਵਾਰ ਦਾ ਦਿੱਤਾ ਸਾਰਾ ਦੁੱਖ ਭੁੱਲ ਜਾਂਦਾ ਤੇ ਇੱਕ ਨਵੀਂ ਕਹਾਣੀ ਲਿਖਣ ਬੈਠ ਜਾਂਦਾ।

ਸੁੱਖਵਿੰਦਰ ਸਿੰਘ ਵਾਲੀਆ
ਮੰਡੀ ਗੋਬਿੰਦਗੜ (ਪੰਜਾਬ)
+91-8699488504

...
...

ਨਾ ਜੇ ਵੱਡੇ ਨੂੰ ਪੁਰਾਣੇ ਘਰ ਨਾਲ ਨਿਆਈਂ ਵਾਲੀ ਪੈਲੀ ਨਹੀਂ ਪਸੰਦ ਤਾਂ ਫਿਰ ਮੈਂ ਰੱਖ ਲੈਂਦਾ ਹਾਂ। ਛੋਟੇ ਨੇ ਇਹ ਗੱਲ ਸੁਭਾਵਿਕ ਹੀ ਵੰਡ-ਵੰਡਾਰਾ ਕਰਨ ਆਏ ਰਿਸ਼ਤੇਦਾਰਾਂ ਨੂੰ ਕਹੇ। ਵੱਡਾ ਬੋਲਿਆ ਕਿ ਤੂੰ ਹੀ ਰੱਖ ਲੈ ਸਭ ਕੁੱਝ ਤੇ ਅਸੀਂ ਗੁਰਦੁਆਰੇ ਜਾ ਕੇ ਬੈਠ ਜਾਂਦੇ ਹਾਂ। ਲੜੋ ਨਾ ਬਈ ਆਪਸ ਵਿੱਚ ਦੋਵੇਂ, ਇਹ ਵੰਡ-ਵੰਡਾਈ ਦੀ ਰੀਤ ਤਾਂ ਸਦਾ ਚੱਲਦੀ ਆਈ ਹੈ, ਦੋਵਾਂ ਨੂੰ ਸਮਝਾਉਂਦੇ ਹੋਏ ਮਾਮੇ ਨੇ ਕਹੇ। ਨਾਲੇ ਸਾਨੂੰ ਸੱਦਣ ਦਾ ਵੀ ਕੀ ਫਾਇਦਾ, ਜੇ ਤੁਹਾਡਾ ਮਸਲਾ ਹੀ ਨਾ ਹੱਲ ਹੋਇਆ। ਵੱਡੇ ਦੀ ਪਤਨੀ ਨੇ ਇਸ਼ਾਰਾ ਕਰਕੇ ਵੱਡੇ ਨੂੰ ਬੁਲਾਇਆ ਤੇ ਪਾਸੇ ਲਿਜਾ ਕੇ ਕੰਨ ਵਿੱਚ ਕਈ ਕੁੱਝ ਕਿਹਾ। ਮੂੰਹ ਸਵਾਰਦਾ ਹੋਇਆ ਵੱਡਾ ਆ ਕੇ ਕਹਿੰਦਾ, ਬਈ ਮੈਂ ਪੁਰਾਣੇ ਘਰ ਨਾਲ ਨਿਆਈਂ ਵਾਲੀ ਪੈਲੀ ਤਾਂ ਹੀ ਲਊਂਗਾ ਜੇ ਮੈਨੂੰ ਖੇਤੀ ਦੇ ਸਾਰੇ ਸ਼ੰਦ ਵੀ ਦਿਓਂਗੇ। ਛੋਟੇ ਦੀ ਪਤਨੀ ਨੇ ਰਸੋਈ ਵਾਲੇ ਭਾਂਡਿਆਂ ਦਾ ਖੜਕਾ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੇ ਆਪਣੇ ਪਤੀ ਜਿੰਦੇ ਨੂੰ ਆਉਣ ਲਈ ਕਿਹਾ। ਸਾਰੇ ਰਿਸਤੇਦਾਰ ਦਾ ਆਪਸ ਵਿੱਚ ਕਹਿਣ ਲੱਗੇ ਕਿ ਜੇ ਬੁੜੀਆਂ ਘਰ ਦੇ ਬਟਵਾਰੇ ਵਿੱਚ ਵੜ ਗਈਆਂ ਤਾਂ ਸਮਝੋ ਫਿਰ ਵੰਡ ਨਹੀਂ ਹੋ ਸਕਦੀ। ਕਾਫੀ ਚਿਰ ਬਾਅਦ ਜਿੰਦਾ ਆਇਆ ਤਾਂ ਉਸਨੇ ਕਿਹਾ ਕਿ ਜੇ ਵੱਡੇ ਨੂੰ ਸੰਦ ਦੇਣੇ ਹਨ ਤਾਂ ਮੈਂ ਫਿਰ ਕੱਸੀ ਵਾਲੀ ਪੈਲੀ ਰੱਖੂੰਗਾ। ਦੋਵਾਂ ਨੂੰ ਤਾੜਦੇ ਹੋਏ ਉਹਨਾਂ ਦੇ ਮਾਮੇ ਨੇ ਕਿਹਾ ਕਿ ਆਏਂ ਨਹੀਂ ਪੁੱਗਦੀਆਂ ਆਪਣੀਆਂ ਮਨਮਰਜੀਆਂ। ਇਹ ਤਾਂ ਅਸੀਂ ਸੋਚਣਾ ਹੈ ਕਿ ਕਿਵੇਂ ਵੰਡ ਕਰਕੇ ਤੁਹਾਡੀ ਤਸੱਲੀ ਕਰਨੀ ਹੈ ਤੇ ਦੂਜੀ ਗੱਲ ਇਹ ਹੈ ਕਿ ਬੁੜੀਆਂ ਦਾ ਰੇੜਕਾ ਛੱਡੋ ਤੇ ਦੋਵੇਂ ਭਰਾ ਆਪਸ ਵਿੱਚ ਸਹਿਮਤੀ ਕਰੋ। ਇਹਨਾਂ ਜਨਾਨੀਆਂ ਮਗਰ ਲੱਗ ਕੇ ਘਰ ਦੀ ਵੰਡ ਨਹੀਂ ਹੋਣੀ।
ਆਪਾਂ ਸਾਰੇ ਰਲ ਕੇ ਜਮੀਨ, ਘਰ ਤੇ ਸੰਦਾਂ ਦੀਆਂ ਬਰਾਬਰ ਢੇਰੀਆਂ ਪਾ ਲੈਂਦੇ ਹਾਂ ਤੇ ਮਗਰੋਂ ਤਿੰਨ ਪਰਚੀਆਂ ਪਾ ਕੇ ਦੋਵਾਂ ਨੂੰ ਇੱਕ-ਇੱਕ ਚੁਕਾ ਲੈਂਦੇ ਹਾਂ, ਫਿਰ ਤਾਂ ਦੋਵੇਂ ਖ਼ੁਸ਼ ਹੋ। ਨਾਲੇ ਇਹਦੇ ਵਿੱਚ ਬਰਾਬਰ ਜਿਹੀ ਵੰਡ ਹੋ ਜਾਊ ਤੇ ਪਰਚੀ ਚੁੱਕਣ ਨਾਲ ਕਿਸੇ ਤੇ ਕੋਈ ਗਿਲਾ ਨਾ ਰਹੂ। ਨਹੀਂ ਤਾਂ ਮਗਰੋਂ ਵੰਡ ਕਰਾਉਣ ਵਾਲਿਆਂ ਨੂੰ ਹੀ ਭੰਡਣ ਲੱਗ ਪੈਂਦੇ ਹਨ ਕਿ ਇਹਨਾਂ ਨੇ ਪੱਖਪਾਤ ਕੀਤਾ ਹੈ ਜਿਵੇਂ ਅਗਲਿਆਂ ਨੇ ਵਿੱਚੋਂ ਕੁਝ ਲੈਣਾ ਹੋਵੇ, ਇਹ ਬੋਲ ਉਹਨਾਂ ਦੇ ਮਾਸੜ ਨੇ ਮੁੰਡਿਆਂ ਦੇ ਪਿਓ ਨੂੰ ਕਹੇ। ਜਿਵੇਂ ਮਰਜੀ ਕਰ ਲੈ ਮਸੇਰਾ ਪਰ ਆਪਾਂ ਨੂੰ ਬਣਦਾ ਤੀਜਾ ਹਿੱਸਾ ਦਵਾ ਦਿਓ, ਭਲਕੇ ਧੀ ਨੂੰ ਵੀ ਆਈ ਗਈ ਨੂੰ ਸੌ ਕੁਝ ਦੇਣਾ ਬਣਦਾ ਹੈ। ਬਾਕੀ ਕੱਲ੍ਹ ਨੂੰ ਸਾਨੂੰ ਵੀ ਬਿਮਾਰੀ-ਛਿਮਾਰੀ ਤੇ ਸੌ ਪੈਸਿਆਂ ਦੀ ਲੋੜ ਪੈਣੀ ਹੈ। ਵੱਡਾ ਮੱਥੇ ਤੇ ਤਿਊੜੀਆਂ ਪਾ ਕੇ ਆਖਣ ਲੱਗਾ ਕਿ ਜੇ ਮਾਮਾ ਜੀ ਛੇ ਕਿੱਲਿਆਂ ਚੋਂ ਤੀਜਾ ਹਿੱਸਾ ਬਜ਼ੁਰਗਾਂ ਨੂੰ ਦੇਣਾ ਹੈ ਤਾਂ ਫਿਰ ਅਸੀਂ ਤਾਂ ਕਰਨ ਲੱਗੇ ਤਰੱਕੀਆਂ। ਕੱਲ੍ਹ ਨੂੰ ਅਸੀਂ ਵੀ ਚੰਗੇ ਸੰਦ ਤੇ ਘਰ ਪਾਉਣੇ ਹਨ। ਦੋ ਕਿੱਲਿਆਂ ਵਿੱਚ ਤਾਂ ਘਰ ਦਾ ਗੁਜਾਰਾ ਹੀ ਮਸਾਂ ਹੋਣਾ ਹੈ। ਹਾਂ, ਇਹ ਗੱਲ ਵੱਡੇ ਨੇ ਬਿਲਕੁਲ ਸਹੀ ਕਹੀ, ਛੋਟੇ ਨੇ ਵੀ ਵੱਡੇ ਦੀ ਹਾਂ ਵਿੱਚ ਹਾਂ ਮਿਲਾਈ। ਨਾ ਮੈਂ ਤਾਂ ਤੁਹਾਨੂੰ ਅੱਡ ਹੋਣ ਲਈ ਨਹੀਂ ਕਿਹਾ, ਸਗੋਂ ਮੈਂ ਤਾਂ ਕਹਿਣਾ ਹੈ ਕਿ ਤੁਸੀਂ ਸਾਰੀ ਉਮਰ ਇਕੱਠੇ ਰਹੋ ਪਰ ਤੁਸੀਂ ਆਪਣੀਆਂ ਜਨਾਨੀਆਂ ਮਗਰ ਲੱਗ ਕੇ ਜੱਗ ਹਸਾਈ ਕਰੀ ਜਾਂਦੇ ਹੋ। ਸਾਂਝੇ ਘਰਾਂ ਵਿੱਚ ਨਿੱਕੀਆਂ ਮੋਟੀਆਂ ਗੱਲਾਂ ਛੱਡਣੀਆਂ ਪੈਂਦੀਆਂ ਹਨ, ਜਿੱਦ ਛੱਡਣੀ ਪੈਂਦੀ ਹੈ ਪਰ ਤੁਸੀਂ ਤਾਂ ਲੇਲੇ ਵਾਂਗ ਤੀਵੀਆਂ ਮਗਰ ਲੱਗ ਜਾਂਦੇ ਹੋ। ਆਪਣੇ ਪਿਤਾ ਦੀ ਇਹ ਗੱਲ ਸੁਣ ਕੇ ਦੋਵਾਂ ਨੇ ਨੀਵੀਂ ਪਾ ਲਈ। ਗੱਲ ਤਾਂ ਤੇਰੀ ਠੀਕ ਹੈ ਬਜੁਰਗਾ, ਉਹਨਾਂ ਦੇ ਗੁਆਂਢੀ ਮੈਂਬਰ ਨੇ ਕਿਹਾ। ਹਿੱਸਾ ਤਾਂ ਇਹਨਾਂ ਦਾ ਬਣਦਾ ਹੀ ਹੈ। ਜਾਂ ਫਿਰ ਇਉਂ ਕਰਲੋ ਕਿ ਇੱਕ ਸਾਲ ਬਜੁਰਗ ਇੱਕ ਮੁੰਡੇ ਨਾਲ ਰਹਿ ਲਿਆ ਕਰਨ ਤੇ ਅਗਲੇ ਸਾਲ ਦੂਜੇ ਮੁੰਡੇ ਨਾਲ। ਨਹੀਂ ਇੰਝ ਵੀ ਮਗਰੋਂ ਬਹੁਤ ਕਲੇਸ਼ ਪੈਂਦਾ ਹੈ ਤੁਸੀਂ ਵੇਖਿਆ ਹੀ ਹੈ ਆਪਣੇ ਪਿੰਡ, ਮੁੰਡਿਆਂ ਦੀ ਮਾਂ ਨੇ ਬੁਸਬੁਸਾ ਮੂੰਹ ਬਣਾ ਕੇ ਇਹ ਬੋਲ ਕਹੇ। ਮਾਈ, ਤੁਸੀਂ ਦੋਵੇਂ ਇਕੱਲੇ ਵੀ ਤਾਂ ਨਹੀਂ ਰਹਿ ਸਕਦੇ, ਕੱਲ੍ਹ ਨੂੰ ਸੌ ਦਵਾਈ ਬੂਟੀ ਦੀ ਲੋੜ ਪੈਂਦੀ ਹੈ ਤੇ ਨਾਲੇ ਇਸ ਘਰ ਦੇ ਤਿੰਨ ਟੁਕੜੇ ਕਰਨੇ ਕਿਹੜਾ ਸੌਖੇ ਐ? ਹਾਂ ਇਹ ਤਾਂ ਗੱਲ ਤੁਹਾਡੀ ਸੌ ਆਨੇ ਠੀਕ ਹੈ ਪਰ ਫਿਰ ਕਰੀਏ ਵੀ ਕੀ? ਇਹ ਕਿਹੜਾ ਮਾੜੀ ਔਲਾਦ ਇਕੱਠੀ ਰਹਿ ਕੇ ਖ਼ੁਸ਼ ਹੈ। ਛੋਟਾ ਕਾਫੀ ਚਿਰ ਬਾਅਦ ਬੋਲਿਆ ਕਿ ਤੁਸੀਂ ਇਓਂ ਕਰੋ ਕਿ ਮਾਤਾ ਜੀ ਨੂੰ ਮੇਰੇ ਨਾਲ ਰਹਿਣ ਦਿਓ ਤੇ ਬਾਪੂ ਨੂੰ ਵੱਡੇ ਨੂੰ ਦੇ ਦਿਓ। ਨਾਲੇ ਪੈਲੀ ਦੀ ਵੰਡ ਦੋ ਹਿੱਸਿਆਂ ਵਿੱਚ ਹੋ ਜਾਊ। ਵੱਡਾ ਕਹਿੰਦਾ ਕਿ ਗੱਲ ਤਾਂ ਛੋਟੇ ਦੀ ਠੀਕ ਹੈ ਨਾ ਮਾਮਾ। ਹਾਂ, ਪੈਲੀ ਦੀ ਵੰਡ ਤੁਹਾਡੇ ਦੋਵਾਂ ਵਿੱਚ ਹੋ ਜਾਵੇ ਤੇ ਠੇਕਾ ਕੋਈ ਦੇਣਾ ਨਾ ਪਵੇ, ਉੱਤੇ ਬੁੱਢਾਪੇ ਵਿੱਚ ਦੋਵਾਂ ਜੀਆਂ ਦਾ ਵਿਛੋੜਾ ਪਵਾ ਦਈਏ, ਫਿਰ ਤਾਂ ਆਪੇ ਹੀ ਠੀਕ ਹੈ। ਬਈ ਘਰ ਦਾ ਗੁਜਾਰਾ ਔਖਾ ਚੱਲੇ ਜਾਂ ਸੌਖਾ, ਸਾਥੋਂ ਨਹੀਂ ਅੱਡ ਰਹਿ ਕੇ ਦੋਵਾਂ ਤੋਂ ਗੁਜਾਰਾ ਹੋਣਾ। ਸਾਂਝੇ ਘਰ ਦੀ ਵੰਡ ਹੋਣੀ ਤਾਂ ਅਸੀਂ ਔਖੇ-ਸੌਖੇ ਹੋ ਕੇ ਜ਼ਰ ਲਵਾਂਗੇ ਪਰ ਦੋਵਾਂ ਜੀਆਂ ਵਿਚਕਾਰ ਖਿੱਚੀ ਲਛਮਣ ਰੇਖਾ ਨਹੀਂ ਅਸੀ ਜ਼ਰ ਸਕਦੇ। ਬਜੁਰਗ ਦੇ ਮੂੰਹੋਂ ਇਹ ਬੋਲ ਸੁਣ ਕੇ ਸਾਰੇ ਸੁੰਨ-ਮਸੁੰਨ ਹੋ ਗਏ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761

...
...

ਇਕ ਗੱਲ ਤਾ ਸੱਚੀ ਹੈ ਕਰੋਨਾ ਭਾਰਤ ਆਇਆ ਬੜਾ ਕੁਝ ਜਿੰਦਗੀ ਦਾ ਬਦਲ ਗਿਆ ਸਾਨੂੰ ਪਤਾ ਲੱਗਿਆ ਦਾਨ ਪੁੰਨ ਕਰਨ ਵਾਲੇਆ ਦੀ ਦੇਸ਼ ਵਿਚ ਕਮੀ ਨਹੀਂ ਅਤੇ ਲੋੜਵੰਦਾ ਦੀ ਵੀ ਕਮੀ ਨਹੀਂ
ਸਮੇ ਸਮੇ ਤੇ ਸਰਕਾਰਾ ਨੂੰ ਗਾਲਾ ਕੱਢਣ ਵਾਲੇਆ ਦੀ ਵੀ ਘਾਟ ਨਹੀਂ ਤੇ ਔਖੇ ਸਮੇ ਤਰੀਫ ਕਰਨ ਵਾਲੇਆ ਦੀ ਵੀ ਕਮੀ ਨਹੀਂ। ਧਾਰਮਿਕ ਕੱਟੜ ਵੀ ਬਹੁਤ ਤੇ ਭਾਈਚਾਰੇ ਵਾਲੀ ਸਾਂਝ ਦੇ ਹਮਾਇਤੀ ਵੀ ਬਹੁਤ। ਕਰੋਨਾ ਸੱਚੀ ਕਨਫਿਊਜ਼ ਹੋ ਗਿਆ ਕਰਨ ਕੀ ਆਇਆ ਸੀ ਪਰ ਕਰ ਕੀ ਗਿਆ ਸਾਨੂੰ ਭਾਰਤੀਆ ਨੂੰ ਪੁਰਾਣੇ ਸੰਸਕਾਰ ਵਾਪਸ ਯਾਦ ਕਰਾ ਗਿਆ। ਗਰੀਬਾਂ ਦਾ ਖਿਆਲ ਲੋੜਵੰਦਾਂ ਦੀ ਮਦਦ ਕਰਨਾ
ਹੱਥ ਮਿਲਾਉਣ ਦੀ ਜਗ੍ਹਾ ਹੱਥ ਜੋੜ ਨਮਸਤੇ ਬੁਲਾਉਣੀ। ਦੋ ਦਿਨ ਪਹਿਲਾਂ ਨਿਊਜ਼ ਚੈਨਲ ਤੇ ਦੱਸ ਰਹੇ ਸੀ ਦੱਸ ਸਾਲਾ ਤੋ ਭਾਈਆ ਦੀ ਆਪਸੀ ਗੱਲਬਾਤ ਬੰਦ ਸੀ ਪਰ ਹੁਣ ਕਰੋਨਾ ਆਇਆਂ ਚੁਲ੍ਹੇ ਚੋਕੇ ਵੀ ਇਕ ਹੋ ਗਏ ਹੁਣ ਪਰਿਵਾਰ ਦਾ ਖਾਣਾ ਪੀਣਾ ਇਕੱਠਾ ਹੋ ਗਿਆ ਸਮਝ ਆ ਗਿਆ ਕੀ ਇਹ ਇਗੋ ਸਾਰੀ ਹਵਾ ਹਵਾਈ ਏ ਮਰਨ ਵੇਲੇ ਇਗੋ ਕੰਮ ਨਹੀਂ ਆਣੀ ਸਾਰੇ ਗੁੱਸੇ ਗਿੱਲੇ ਭੁਲ ਗਏ ਫੇਰ ਮਿਲ ਰਹਿਣ ਲੱਗ ਪਏ। ਸਾਇਦ ਸਮਝ ਗਏ ਹੋਣੇ ਰੱਬ ਦੇ ਭਾਣੇ ਨੂੰ।
ਦੋਸਤੋ ਰੱਬ ਦਾ ਭਾਣਾ ਮੰਨਣਾ ਸਿਖ ਲਵੋ ਕੀ ਪਤਾ ਉਹਦਾ ਕਿਹੜਾ ਰੰਗ ਦੇਖਣਾ ਪਵੇ ਬਾਬਾ ਨਾਨਕ ਜੀ ਕਹਿ ਗਏ “ਤੇਰਾ ਭਾਣਾ ਮਿੱਠਾ ਲਾਗੈ”।
ਦੋਸਤੋ ਇਹ ਬੁਰਾ ਵਕਤ ਹੈ ਹੌਲੀ ਹੌਲੀ ਲੰਘ ਹੀ ਜਾਏਗਾ ਪਰ ਸਾਡੇ ਜੀਣ ਦੇ ਤਰੀਕੇ ਜਰੂਰ ਬਦਲ ਜਾਊਗਾ। ਜਿਹੜੀਆਂ ਗੱਲਾਂ ਸਿਆਣੇ ਕਹਿਦੇ ਸੀ ਉਹੀ ਅੱਜ ਦੀ ਪੀੜੀ ਦੀ ਜਰੂਰਤਾ ਬਣ ਜਾਣਗੀਆਂ
ਕਰੋਨਾ ਵਾਇਰਸ ਨੂੰ ਸਮਝ ਨਹੀਂ ਆ ਰਿਹਾ ਓਹ ਭਾਰਤੀਆਂ ਨੂੰ ਮਾਰਨ ਆਇਆ ਕੀ ਸਬਕ ਪੜਾਉਣ ਆਏਆ।

Sandeep Rajwalia

...
...

ਪੇਕੇ ਆਈ ਨੂੰ ਮਸੀਂ ਹਫਤਾ ਵੀ ਨਹੀਂ ਸੀ ਹੋਇਆ ਕੇ ਬੀਜੀ ਆਖਣ ਲੱਗੇ ਕੇ “ਅੱਜ ਫਿਰਨੀ ਵਾਲੇ ਬਾਬੇ ਹੁਰਾਂ ਨੂੰ ਮਿਲ ਕੇ ਆਉਂਣਾ..ਤੈਨੂੰ ਯਾਦ ਕਰਦੇ ਸਨ..”

ਓਥੇ ਅੱਪੜ ਵੇਖਿਆ ਮੰਜੇ ਤੇ ਬੈਠੇ ਰੋਟੀ ਖਾ ਰਹੇ ਸਨ..

ਰੋਟੀ ਖਾਣ ਮਗਰੋਂ ਓਹਨਾ ਖਾਲੀ ਥਾਲੀ ਮੰਜੇ ਹੇਠ ਰੱਖੀ..
ਉੱਠ ਕੇ ਨਲਕਾ ਗੇੜ ਕੁਰਲੀ ਕੀਤੀ..ਪਰਨੇ ਨਾਲ ਹੱਥ ਪੂੰਝੇ..ਮੇਰੇ ਸਿਰ ਤੇ ਹੱਥ ਰੱਖ ਪਿਆਰ ਦਿੱਤਾ ਤੇ ਫੇਰ ਮੁੜ ਮੰਜੇ ਤੇ ਬੈਠਦੇ ਆਖਣ ਲੱਗੇ “ਹੁਣ ਦੱਸ ਬੀਬਾ ਕਿੱਦਾਂ ਆਉਣੇ ਹੋਏ..”?

ਮੇਰੇ ਕੁਝ ਆਖਣ ਤੋਂ ਪਹਿਲਾਂ ਹੀ ਬੀਜੀ ਸ਼ੁਰੂ ਹੋ ਗਈ..

“ਕੀ ਦੱਸੀਏ ਬਾਬਾ ਜੀ ਬਾਹਲਾ ਹੀ ਤੰਗ ਕਰਦੇ ਨੇ..ਹਰ ਗੱਲ ਵਿਚ ਨੁਕਸ..ਫੇਰ ਦੋਹਾਂ ਵਿਚ ਬਹਿਸ-ਬਿਸਾਈ ਤੇ ਮਗਰੋਂ ਬੋਲ ਬੁਲਾਰਾ..ਤੁਹਾਡੇ ਨਾਲ ਕਾਹਦਾ ਓਹਲਾ..ਗੱਲ ਭੁੰਜੇ ਤੇ ਇਹ ਆਪਣੀ ਵੀ ਨ੍ਹਈਂ ਪੈਣ ਦਿੰਦੀ..ਇੱਕ ਦੀਆਂ ਅੱਗੋਂ ਦੋ ਸੁਣਾਉਂਦੀ ਏ..ਤੇ ਹਰ ਕੇ ਅਸੀ ਇਹਨੂੰ ਇਥੇ ਲੈ ਆਏ ਹਾਂ..ਤੁਸੀਂ ਸਿਆਣੇ ਹੋ ਦੱਸੋ ਕੀ ਕਰੀਏ?

ਬਾਬਾ ਜੀ ਨੇ ਬਿੰਦ ਕੂ ਲਈ ਮੇਰੇ ਵੱਲ ਵੇਖਿਆ..
ਕੁਝ ਸੋਚਿਆ ਤੇ ਫੇਰ ਪੁੱਛਣ ਲੱਗੇ..”ਬੀਬਾ ਮੱਥੇ ਤੇ ਆਹ ਨਿਸ਼ਾਨ ਜਿਹਾ ਕਾਹਦਾ..ਕੋਈ ਸੱਟ ਲੱਗੀ ਏ”?

“ਹਾਂਜੀ ਬਾਬਾ ਜੀ ਆ ਤੁਹਾਡੇ ਬਾਹਰਲੇ ਬੂਹੇ ਦੀ ਚੋਗਾਠ ਥੋੜੀ ਨੀਵੀਂ ਹੋਣ ਕਰਕੇ ਧਿਆਨ ਹੀ ਨਹੀਂ ਰਿਹਾ..ਕਦੋ ਸਿੱਧੀ ਮੱਥੇ ਤੇ ਆਣ ਵੱਜੀ..”

“ਫੇਰ ਕੀ ਸਿਖਿਆ ਮਿਲ਼ੀ”..?

“ਮੈਂ ਸਮਝੀ ਨੀ ਬਾਬਾ ਜੀ..ਇਹਦੇ ਵਿਚ ਸਿੱਖਣ ਵਾਲੀ ਕਿਹੜੀ ਗੱਲ”..?

ਉਹ ਥੋੜਾ ਹੱਸੇ ਫੇਰ ਆਖਣ ਲੱਗੇ..
“ਬੀਬਾ ਜੀ ਹਰ ਵਾਰੀ ਤਾਂ ਨਹੀਂ ਪਰ ਜਿੱਥੇ ਸਰਦਲ ਬਾਹਲੀ ਨੀਵੀਂ ਹੋਵੇ ਓਥੇ ਘੜੀ ਦੀ ਘੜੀ ਸਿਰ ਝੁਕਾਉਣ ਵਿਚ ਕੋਈ ਹਰਜ ਨਹੀਂ..”
ਨਾਲ ਹੀ ਚੁੰਨੀ ਨਾਲ ਢੱਕੇ ਮੇਰੇ ਵਧੇ ਹੋਏ ਪੇਟ ਵੱਲ ਧਿਆਨ ਮਾਰ ਆਖਣ ਲੱਗੇ..
“ਇਹ ਗੱਲ ਆਉਣ ਵਾਲੀ ਪੀੜੀ ਨੂੰ ਵੀ ਜਰੂਰ ਦੱਸੀਂ..ਸਿਰ ਤੇ ਕੀ..ਦਿਲ ਵੀ ਠੋਕਰਾਂ ਤੋਂ ਬਚਿਆ ਰਹੂ”

ਹਰਪ੍ਰੀਤ ਸਿੰਘ ਜਵੰਦਾ

...
...

ਕੁਝ ਮਹੀਨੇ ਪਹਿਲਾਂ ਮੈਨੂੰ ਅਚਾਨਕ ਪਤਾ ਚੱਲਿਆ ਕਿ ਮੈਂ ਨਿਊਰੋਐਂਡੋਕ੍ਰਿਨ ਕੈਂਸਰ ਨਾਲ ਗ੍ਰਸਤ ਹਾਂ। ਮੈਂ ਪਹਿਲੀ ਵਾਰ ਉਦੋਂ ਹੀ ਇਹ ਸ਼ਬਦ ਸੁਣਿਆ। ਇਸ ਬਾਰੇ ਜਾਣਕਾਰੀ ‘ਕੱਠੀ ਕਰਦਿਆਂ ਮੈਨੂੰ ਪਤਾ ਚੱਲਿਆ ਕਿ ਇਸ ਬਿਮਾਰੀ ’ਤੇ ਹਾਲੇ ਕੋਈ ਜ਼ਿਆਦਾ ਕੰਮ ਨਹੀਂ ਹੋਇਆ। ਕਿਉਂਕਿ ਇਹ ਇਕ ਦੁਰਲਭ ਸਰੀਰਕ ਅਵਸਥਾ ਦਾ ਨਾਂ ਹੈ ਅਤੇ ਇਸੇ ਕਾਰਨ ਇਸ ਦੇ ਇਲਾਜ ਦੀ ਗੁੰਜਾਇਸ਼ ਵੀ ਘੱਟ ਹੈ। ਹਾਲੇ ਤੱਕ ਆਪਣੇ ਸਫਰ ਵਿਚ ਮੈਂ ਹੌਲੀ-ਤੇਜ ਗਤੀ ਨਾਲ ਤੁਰਦਾ ਜਾ ਰਿਹਾ ਸੀ … ਮੇਰੇ ਨਾਲ ਮੇਰੀਆਂ ਵਿਉਂਤਾਂ, ਅਕਾਂਖਿਆਵਾਂ, ਸੁਪਨੇ ਤੇ ਮੰਜ਼ਿਲਾਂ ਸੀ। ਮੈਂ ਇਸ ਵਿਚ ਮਗਨ ਅੱਗੇ ਵਧਦਾ ਜਾ ਰਿਹਾ ਸੀ ਕਿ ਅਚਾਨਕ ਸ਼ੌਹਰਤ ਨੇ ਪਿੱਠ ਉੱਪਰ ਹੱਥ ਰੱਖਦਿਆਂ ਕਿਹਾ, “ਭਾਈ, ਟੇਸ਼ਨ ਆ ਗਿਆ ਤੇਰਾ, ਉੱਤਰ ਜਾ ਹੁਣ।” ਮੇਰੀ ਸਮਝ ਵਿਚ ਨਹੀਂ ਆਇਆ .. ਨ ਨ, ਮੇਰਾ ਟੇਸ਼ਨ ਹਾਲੇ ਨਹੀਂ ਆਇਆ। ਜਵਾਬ ਮਿਲਿਆ, “ਅਗਲੇ ਸਟਾਪ ’ਤੇ ਉੱਤਰ ਜਾਈਂ, ਤੇਰੀ ਮੰਜ਼ਿਲ ਆ ਗਈ….” ਅਚਾਨਕ ਮਹਿਸੂਸ ਹੋਇਆ ਕਿ ਤੁਸੀਂ ਕਿਸੇ ਕਾਰਕ (ਢੱਕਣ) ਵਾਂਗ ਬੇਤਹਾਸ਼ੇ ਕਿਸੇ ਅਣਜਾਣ ਨਗਰ ਵਿਚ ਲਹਿਰਾਂ ਵਾਂਗ ਵਹਿ ਰਹੇ ਸੀ। ਲਹਿਰਾਂ ਨੂੰ ਕਾਬੂ ਕਰਨ ਦੀ ਗਲਤਫਹਿਮੀ ਨਾਲ ਲੈ ਕੇ।

ਇਸ ਹੁੜਦੰਗ, ਸਹਿਮ ਅਤੇ ਡਰ ਵਿਚ ਘਬਰਾ ਕੇ ਮੈਂ ਆਪਣੇ ਬੇਟੇ ਨੂੰ ਕਿਹਾ, “ਅੱਜ ਇਸ ਹਾਲਾਤ ਵਿਚ ਮੈਂ ਸਿਰਫ ਏਨਾ ਹੀ ਕਹਿਣਾ ਚਾਹੁੰਦਾ ਹਾਂ … ਮੈਂ ਇਸ ਮਾਨਸਿਕ ਹਾਲਤ ਨੂੰ ਹੜਬੜਾਹਟ, ਡਰ, ਬਦਹਵਾਸੀ ਨਾਲ ਨਹੀਂ ਜੀਣਾ ਚਾਹੁੰਦਾ। ਮੈਨੂੰ ਕਿਸੇ ਵੀ ਸੂਰਤ ਵਿਚ ਆਪਣੇ ਪੈਰ ਚਾਹੀਦੇ ਹਨ ਜਿਨ੍ਹਾਂ ਉੱਪਰ ਖੜਾ ਹੋ ਕੇ ਆਪਣੀ ਹਾਲਤ ਨਾਲ ਸਿੱਧੇ ਮੂੰਹ ਮਿਲ ਸਕਾਂ। ਮੈਂ ਖੜਾ ਹੋਣਾ ਚਾਹੁੰਦਾ ਹਾਂ।”

ਇਹ ਮੇਰੀ ਮੰਸ਼ਾ ਸੀ, ਮੇਰਾ ਇਰਾਦਾ ਸੀ …

ਕੁਝ ਹਫਤਿਆਂ ਮਗਰੋਂ ਮੈਂ ਇਕ ਹਸਪਤਾਲ ਵਿਚ ਭਰਤੀ ਹੋ ਗਿਆ। ਬੇਹਿਸਾਬਾ ਦਰਦ ਹੋ ਰਿਹਾ ਹੈ। ਇਹ ਤਾਂ ਪਤਾ ਸੀ ਕਿ ਦਰਦ ਹੋਊ ਪਰ ਏਨਾ ਦਰਦ ? ਹੁਣ ਦਰਦ ਦੀ ਤੀਬਰਤਾ ਪਤਾ ਲੱਗ ਰਹੀ ਹੈ। ਕੁਸ਼ ਵੀ ਕੰਮ ਨਹੀਂ ਕਰ ਰਿਹਾ। ਨਾ ਕੋਈ ਹੌਂਸਲਾ-ਅਫਜ਼ਾਈ ਤੇ ਨਾ ਕੋਈ ਦਿਲਾਸਾ। ਪੂਰੀ ਕਾਇਨਾਤ ਉਸ ਦਰਦ ਵਾਲੇ ਪਲ ਵਿਚ ਸਿਮਟ ਗਈ ਸੀ। ਦਰਦ ਖੁਦਾ ਤੋਂ ਵੀ ਵੱਡਾ ਤੇ ਵਿਸ਼ਾਲ ਮਹਿਸੂਸ ਹੋਇਆ।

ਮੈਂ ਜਿਸ ਹਸਪਤਾਲ ਵਿਚ ਭਰਤੀ ਹਾਂ, ਉਸ ਵਿਚ ਬਾਲਕੋਨੀ ਵੀ ਹੈ, ਬਾਹਰ ਦਾ ਨਜ਼ਾਰਾ ਦਿਖਦਾ ਹੈ। ਕੋਮਾ ਵਾਰਡ ਮੇਰੇ ਉੱਪਰ ਹੈ। ਸੜਕ ਵਾਲੇ ਪਾਸੇ ਮੇਰਾ ਹਸਪਤਾਲ ਹੈ ਅਤੇ ਦੂਜੇ ਪਾਸੇ ਲਾਰਡਸ ਸਟੇਡੀਅਮ ਹੈ। ਮੇਰੇ ਬਚਪਨ ਦੇ ਸੁਪਨਿਆਂ ਦਾ ਮੱਕਾ ਜਿੱਥੇ ਉੱਥੇ ਵਿਵੀਅਨ ਰਿਚਰਡਸ ਦਾ ਮੁਸਕਰਾਉਂਦਾ ਪੋਸਟਰ ਹੈ। ਉਸ ਨੂੰ ਦੇਖਕੇ ਪਹਿਲੀ ਨਜ਼ਰੇ ਤਾਂ ਮੈਨੂੰ ਕੋਈ ਅਹਿਸਾਸ ਨਹੀਂ ਹੋਇਆ। ਮੰਨੋ ਉਹ ਦੁਨੀਆ ਮੇਰੀ ਕਦੇ ਸੀ ਹੀ ਨਹੀਂ।

ਮੈਂ ਦਰਦ ਦੀ ਗ੍ਰਿਫਤ ਵਿਚ ਹਾਂ।

ਅਤੇ ਫਿਰ ਇਕ ਦਿਨ ਇਹ ਅਹਿਸਾਸ ਹੋਇਆ… ਜਿਵੇਂ ਮੈਂ ਕਿਸੇ ਐਸੀ ਚੀਜ ਦਾ ਹਿੱਸਾ ਹਾਂ ਹੀ ਨਹੀਂ ਜੋ ਨਿਸ਼ਚਿਤ ਹੋਣ ਦਾ ਦਾਅਵਾ ਕਰੇ। ਨਾ ਹਸਪਤਾਲ ਤੇ ਨਾ ਸਟੇਡੀਅਮ। ਮੇਰੇ ਅੰਦਰ ਜੋ ਬਚਿਆ ਸੀ, ਉਹ ਅਸਲ ਵਿਚ ਕਾਇਨਾਤ ਦੀ ਅਸੀਮ ਸ਼ਕਤੀ ਅਤੇ ਸਿਆਣਪ ਦਾ ਪ੍ਰਭਾਵ ਸੀ। ਮਨ ਨੇ ਕਿਹਾ, “ਸਿਰਫ ਬੇਯਕੀਨੀ ਹੀ ਅੰਤਿਮ ਸੱਚ ਹੈ।”

ਇਸ ਅਹਿਸਾਸ ਨੇ ਮੈਨੂੰ ਸਮੱਪਰਣ ਅਤੇ ਭਰੋਸੇ ਲਈ ਤਿਆਰ ਕੀਤਾ। ਹੁਣ ਭਾਵੇਂ ਜੋ ਵੀ ਨਤੀਜਾ ਹੋਵੇ, ਇਹ ਭਾਵੇਂ ਮੈਨੂੰ ਜਿੱਥੇ ਮਰਜੀ ਲੈ ਜਾਵੇ, ਅੱਜ ਤੋਂ ਅੱਠ ਮਹੀਨਿਆਂ ਬਾਅਦ, ਚਾਰ ਮਹੀਨਿਆਂ ਬਾਅਦ ਜਾਂ ਫਿਰ ਦੋ ਸਾਲ…… ਚਿੰਤਾ ਪਾਸੇ ਹਟਣ ਲੱਗ ਪਈ ਅਤੇ ਫਿਰ ਧੁੰਦਲੀ ਹੋਣ ਲੱਗੀ ਅਤੇ ਫਿਰ ਮੇਰੇ ਦਿਮਾਗ ਵਿਚੋਂ ਜੀਣ-ਮਰਨ ਵਾਲਾ ਗਣਿਤ ਫੁੱਰਰ ਹੋ ਗਿਆ।

ਪਹਿਲੀ ਵਾਰ ਮੈਨੂੰ ‘ਆਜ਼ਾਦੀ’ ਸ਼ਬਦ ਦਾ ਅਹਿਸਾਸ ਹੋਇਆ ਅਸਲ ਅਰਥਾਂ ਵਿਚ ! ਇਕ ਪ੍ਰਾਪਤੀ ਦਾ ਅਹਿਸਾਸ।

ਇਸ ਕਾਇਨਾਤ ਦੀ ਹੋਣੀ ਵਿਚ ਮੇਰਾ ਭਰੋਸਾ ਹੀ ਮੇਰੇ ਲਈ ‘ਸੰਪੂਰਨ ਸੱਚ’ ਬਣ ਗਿਆ। ਉਸ ਤੋਂ ਮਗਰੋਂ ਲੱਗਿਆ ਕਿ ਉਹ ਭਰੋਸਾ ਮੇਰੇ ਹਰ ਸੈੱਲ (ਕੋਸ਼ਿਕਾ) ਵਿਚ ਬੈਠ ਗਿਆ। ਸਮਾਂ ਹੀ ਦੱਸੇਗਾ ਕਿ ਉਹ ਟਿਕ ਕੇ ਬੈਠਦਾ ਹੈ ਜਾਂ ਨਹੀਂ। ਫਿਲਹਾਲ ਮੈਂ ਇਹੀ ਮਹਿਸੂਸ ਕਰ ਰਿਹਾ ਹਾਂ।

ਇਸ ਸਫਰ ਵਿਚ ਸਾਰੀ ਦੁਨੀਆ ਦੇ ਲੋਕ….. ਸਾਰੇ ਮੇਰੇ ਸਿਹਤਮੰਦ ਹੋਣ ਦੀ ਦੁਆ ਕਰ ਰਹੇ ਹਨ, ਅਰਦਾਸ ਕਰ ਰਹੇ ਹਨ, ਮੈਂ ਜਿਨ੍ਹਾਂ ਨੂੰ ਜਾਣਦਾ ਹਾਂ ਅਤੇ ਜਿਨ੍ਹਾਂ ਨੂੰ ਨਹੀਂ ਜਾਣਦਾ, ਉਹ ਸਾਰੇ ਅਲਗ ਅਲਗ ਥਾਵਾਂ ਅਤੇ ਟਾਈਮ ਜੋਨ ਤੋਂ ਮੇਰੇ ਲਈ ਦੁਆ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਸਾਰਿਆਂ ਦੀਆਂ ਦੁਆਵਾਂ ਇਕ ਥਾਂ ਇਕੱਠੀਆਂ ਹੋ ਗਈਆਂ ਹਨ… ਇਕ ਵੱਡੀ ਸ਼ਕਤੀ…. ਤੀਬਰ ਜੀਵਨ ਧਾਰਾ ਬਣਕ ਕੇ ਮੇਰੇ ਸਪਾਈਨ ਵਿਚੋਂ ਹੁੰਦੀ ਹੋਈ ਮੇਰੇ ਸਿਰ ਦੇ ਉੱਪਰਲੇ ਪਾਸੇ ਕਪਾਲ ਵਿਚੋਂ ਫੁੱਟ ਰਹੀ ਹੈ।

ਫੁੱਟਣ ਮਗਰੋਂ ਇਹ ਕਦੇ ਕਲੀ, ਕਦੇ ਪੱਤੀ, ਕਦੇ ਟਹਿਣੀ ਤੇ ਕਦੀ ਸ਼ਾਖ ਬਣ ਜਾਂਦੀ ਹੈ…. ਮੈਂ ਖੁਸ਼ ਹੋ ਕੇ ਇਨ੍ਹਾਂ ਨੂੰ ਦੇਖਦਾ ਹਾਂ। ਲੋਕਾਂ ਦੀ ਸਮੂਹਿਕ ਪ੍ਰਾਰਥਨਾ ਨਾਲ ਉਪਜੀ ਹਰ ਟਹਿਣੀ, ਹਰ ਪੱਤੀ, ਹਰ ਫੁੱਲ ਮੈਨੂੰ ਇਕ ਨਵੀਂ ਦੁਨੀਆ ਦਿਖਾਉਂਦਾ ਹੈ।
ਅਹਿਸਾਸ ਹੁੰਦਾ ਹੈ ਕਿ ਜ਼ਰੂਰੀ ਨਹੀਂ ਕਿ ਲਹਿਰਾਂ ਕਾਰਕ (ਢੱਕਣ) ਦੇ ਵੱਸ ਵਿਚ ਹੋਣ ਹੀ.. ਤੁਸੀਂ ਕੁਦਰਤ ਦੇ ਪਾਲਣੇ ਵਿਚ ਉਂਝ ਵੀ ਝੂਟੇ ਲੈ ਸਕਦੇ ਹੋਂ !!!

ਇਰਫ਼ਾਨ ਨੂੰ ਜਦੋਂ ਉਸਦੀ ਬਿਮਾਰੀ ਦਾ ਪਤਾ ਚੱਲਿਆ ਸੀ ਤਾਂ ਉਦੋਂ ਹੀ ਉਸਨੂੰ ਹਸਪਤਾਲ ਦਾਖਿਲ ਕਰਵਾ ਦਿੱਤਾ ਗਿਆ ਸੀ। ਉਦੋਂ ਉਹ ਏਨਾ ਬਿਮਾਰ ਹੋ ਚੁੱਕਿਆ ਸੀ ਕਿ ਉਹ ਡਰ ਗਿਆ ਕਿ ਉਸਨੇ ਆਪਣੇ ਪਿਆਰਿਆਂ ਨੂੰ ਨਹੀਂ ਮਿਲਣਾ ।ਇਲਾਜ ਦੇ ਦੌਰਾਨ ਇਰਫਾਨ ਜਿਸਦੇ ਸਰਹਾਣੇ ਦੇ ਇਕ ਪਾਸੇ ਜ਼ਿੰਦਗੀ ਸੀ ਤੇ ਦੂਜੇ ਪਾਸੇ ਹਨ੍ਹੇਰਾ ਸੀ, ਉਦੋਂ ਉਸ ਨੇ ਆਪਣੀ ਰੂਹ ਦੀ ਸਿਆਹੀ ਨਾਲ ਇਕ ਖਤ ਲਿਖਿਆ। ਉਮੀਦ ਦੀ ਇਕ ਕਿਰਨ। ਕਿਸੇ ਕਵਿਤਾ ਵਰਗੀ ਫਿਲਾਸਫੀ।
ਜੋ ਆਖੋਂ ਸੇ ਨਾ ਟਪਕਾ
ਤੋ ਫਿਰ ਲਹੂ ਕਯਾ ਹੈ !!
ਇਹ ਖਤ ਇਰਫਾਨ ਨੇ ਸੀਨੀਅਰ ਫਿਲਮ ਪੱਤਰਕਾਰ ਅਜੇ ਬ੍ਰਹਮਾਤਮਜ ਨੂੰ ਲਿਖਿਆ ਸੀ।)

...
...

ਕਰੋਨਾ ਵਰਗੀ ਭੈੜੀ ਬਿਮਾਰੀ ਦੇਸ਼ ਵਿੱਚ ਕੀ ਆਈ ਗ਼ਰੀਬਾਂ ਦਾ ਤਾਂ ਜੀਣਾ ਐੈਖਾ ਹੋ ਗਿਆ ਕੁਝ ਰੋਜ਼ ਕਮਾਣ ਵਾਲੇ ਪਰਿਵਾਰਾਂ ਤੇ ਤਾਂ ਕਹਿਰ ਹੀ ਬਣ ਗਿਆ ਕਰੋਨਾ ਮਾਹਾਮਾਰੀ।
ਸਰਕਾਰ ਵੱਲੋਂ ਮਦਦ ਕਰਨ ਦੇ ਵਾਅਦੇ ਕੀਤੇ ਗਏ ਕੁਝ ਅਮੀਰ ਪਰਿਵਾਰਾਂ ਨੂੰ ਮਦਦ ਕਰਨ ਲਈ ਬੇਨਤੀ ਕੀਤੀ ਗਈ
ਸਾਡਾ ਪੰਜਾਬ ਤਾਂ ਗੁਰੂਆ ਪੀਰਾਂ ਸਾਧੂ ਸੰਤਾ ਦੀ ਧਰਤੀ ਹੈ ਦਾਨਵੀਰਾ ਨੇ ਪਟਾਰੇ ਖੋਲ ਦਿੱਤੇ ਚੰਗੀ ਗੱਲ ਸੀ…..
ਪਰ ਰੌਲਾ ਇਕ ਆਹ ਖੜਾ ਹੋ ਗਿਆ ਕੀ ਦਾਨ ਕਰਦਿਆਂ ਦੀ ਫੋਟੋ ਖਿੱਚਣ ਦੀ ਹੌੜ ਹੀ ਮੱਚ ਗਈ ਲੋਕਾਂ ਨੇ ਸ਼ੋ਼ਸ਼ਲ ਮੀਡੀਆ ਤੇ ਖ਼ੂਬ ਭੜਥੂ ਪਾਏ ਹਰ ਕੋਈ ਜਿਵੇਂ ਮਦਦ ਕਰਨ ਨੂੰ ਤਿਆਰ ਹੀ ਬੈਠਾ ਸੀ ਦਾਨ ਕਰਨਾ ਚੰਗੀ ਗੱਲ ਹੈ ਪਰ ਫੋਟੋ ਖਿੱਚਣਾ ਗ਼ਰੀਬਾਂ ਦੀ ਗਰੀਬੀ ਦਾ ਮਜ਼ਾਕ ਬਣਾਉਣਾ ਚੰਗੀ ਗੱਲ ਨਹੀਂ ਹਰ ਬੰਦੇ ਦੀ ਆਪਣੀ ਸੈਲਫ ਰਿਸਪੈਕਟ ਹੁੰਦੀ ਹੈ ।
ਸਿੱਟਾ ਆਹ ਨਿਕਲਿਆ ਗ਼ਰੀਬਾਂ ਨੂੰ ਭੁੱਖੇ ਮਰਨਾ ਠੀਕ ਲੱਗਿਆ ਜੱਗ ਹਸਾਈ ਕਰਾਣੀ ਮਨਜ਼ੂਰ ਨਹੀਂ ਸੀ ਦੋਸਤੋ ਆਹ ਮਾੜਾ ਵਕਤ ਏ ਜ਼ਰੂਰ ਲੰਘ ਜਾਣਾ ਪਰ ਤੁਹਾਡੀਆਂ ਅਪਲੋਡ ਕੀਤੀਆ ਫੋਟੋਆ ਨੇ ਕਿੰਨੇ ਗਰੀਬ ਪਰਿਵਾਰਾਂ ਨੂੰ ਖ਼ੂਨ ਦੇ ਹੰਝੂ ਰਲ਼ਾਉਣੇ ਨੇ ਦਾਨ ਕਰੋ ਪਰ ਦਾਨ ਕਰਦੇ ਇਹ ਵੀ ਸੋਚੋ ਜ਼ਮਾਨੇ ਨੂੰ ਦਿਖਾਣ ਦੀ ਕੀ ਲੋੜ ਓਸ ਪਰਮਪਿਤਾ ਵਾਹਿਗੁਰੂ ਨੇ ਦੇਖ ਲਿਆ ਹੁਣ ਜ਼ਮਾਨੇ ਨੂੰ ਕੀ ਦੱਸਣਾ ਏਨਾ ਬਹੁਤ ਸ਼ੁਕਰ ਹੈ ਰੱਬ ਨੇ ਇੰਨੇ ਕਾਬਿਲ ਤਾਂ ਬਣਾਇਆਂ ਕੀ ਕੁਝ ਵੰਡ ਸਕਦੇ ਹਾਂ। ਵਾਹਿਗੁਰੂ ਸਭ ਨੂੰ ਚੜਦੀ ਕਲਾ ਬਖ਼ਸ਼ੇ ।

Sandeep Rajwalwala Mob 9878529408

...
...

“ਕੱਲਿਆ ਨਾ ਛੱਡ ਕੇ ਜਾਈ ਮੈਨੂੰ “ਸੈਂਲੀ ਦੇ ਵਿਆਹ ਬਾਰੇ ਸੁਣ ਕੇ ਉਦਾਸ ਹੁੰਦਿਆ ਸੰਜੀਵ ਨੇ ਕਿਹਾ। “ਸੰਜੀਵ ਤੇਰੇ ਲਈ ਮੈਂ ਕੁਝ ਵੀ ਕਰ ਸਕਦੀ ਹਾਂ। “ਭਾਵੁਕ ਹੁੰਦੀ ਸੈਂਲੀ ਨੋ ਕਿਹਾ।
ਵਾਜੇ ਵੱਜ ਰਹੇ ਸਨ। ਬਰਾਤ ਸ਼ੈਲੀ ਦੇ ਘਰ ਪਹੁੰਚ ਚੁੱਕੀ ਸੀ। ਸ਼ੈਲੀ ਦੀ ਭਾਲ ਜਾਰੀ ਸੀ। ਸ਼ੈਲੀ ਆਪਣਾ ਪਿਆਰ ਪਾਣ ਲਾਈ ਸੰਜੀਵ ਦੇ ਘਰ ਵੱਲ ਚਲ ਪਈ। ”
“ਸੰਜੀਵ, ਮੈਂ ਤੇਰੀ ਹਾਂ। “ਖੁਸ਼ੀ ਨਾਲ ਸੰਜੀਵ ਦੇ ਗਲ ਲੱਗਦੀ ਸ਼ੈਲੀ ਨੇ ਕਿਹਾ। ਸੰਜੀਵ ਆਪਣੀਆਂ ਸੋਚਾ ਵਿੱਚ ਡੁੱਬਿਆ ਹੋਇਆ ਸੀ। ਸ਼ੈਲੀ ਨੇ ਉਸਨੂੰ ਝੰਜੋੜਿਆ ਕਿਹਾ”ਇਹ ਸੁਪਨਾ ਨਹੀਂ ਮੈਂ ਵਿਆਹ ਦੀਆਂ ਰਸਮਾ ਛੱਡ ਕੇ ਤੇਰੇੇ ਲਈ ਆਈ ਹਾਂ ।”
‘ਪਰ—— ਪਰ——” ਸੰਜੀਵ ਦੇ ਬੋਲਣ ਤੋਂ ਪਹਿਲਾ ਹੀ ਸ਼ੈਲੀ ਬੋਲੀ”ਕੀ ਗੱਲ ਹੋ ਗਈ। ”
ਤੂੰ ਵਾਪਸ ਚਲੀ ਜਾ,,,,,,,,,,,
ਆਪਣੇ ਪਿਆਰ ਬਾਰੇ ਮੰਮੀ -ਡੈਡੀ ਨੂੰ ਪਤਾ ਲੱਗ ਗਿਆ “ਤਾਂ……… ਕੀ? ਸ਼ੈਲੀ ਨੇ ਪੁਛਿਆ
” ਡੈਡੀ ਦੀ ਸਖਤ ਤਾੜਨਾ ਹੈ ਜੇ ਤੂੰ ਸ਼ੈਲੀ ਨਾਲ ਵਿਆਹ ਕੀਤਾ ਤੈਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਜਾਵੇਗਾ। ਪਿਆਰ ਨਾਲ ਸਭ ਕੁਝ ਨਹੀਂ ਮਿਲਦਾ। ਧਨ ਜਰੂਰੀ ਹੁੰਦਾ ਹੈ ”
ਸ਼ੈਲੀ ਇਕਦਮ ਸੁੰਨ ਹੋ ਗਈ ।ਉਸਦੇ ਦਿਮਾਗ ਵਿੱਚ ਪਿਆਰ ਸ਼ਬਦ ਬਾਰ ਬਾਰ ਘੁੰਮਣ ਲੱਗਾ ।
ਉਸੇ ਸਮੇਂ ਸ਼ੈਲੀ ਦੇ ਡੈਡੀ ਪੁੱਜ ਗਏ। ਸ਼ੈਲੀ ਆਪਣੇ ਡੈਡੀ ਦੇ ਪੈਰਾਂ ਵਿੱਚ ਡਿੱਗ ਗਈ। ਉਹ ਰੋਣ ਲੱਗੀ ਡੈਡੀ ਜੀ ਮੈਨੂੰ ਮਾਫ ਕਰ ਦਿਉ। ਅਲੱੜਪੁਣੇ ਵਿਚ ਤੁਹਾਡਾ ਦਿਲ ਦੁਖਾਇਆ। ਮੈਂ ਤੁਹਾਡਾ ਤੇ ਮੰਮੀ ਜੀ ਦੇ ਸੱਚੇ ਪਿਆਰ ਨੂੰ ਸਮਝ ਗਈ ਹਾਂ ।

ਭੁਪਿੰਦਰ ਕੌਰ ਸਾਢੋਰਾ

...
...

ਓਏ ਗੱਲਾਂ ਨਾ ਕਰੋ ਖਸਮੋ, ਤੂੜੀ ਦਾ ਕੰਮ ਤਾਂ ਆਪਾਂ ਔਖੇ ਸੌਖੇ ਹੋ ਕੇ ਨਿਬੇੜ ਲਿਆ ਹੈ ਤੇ ਹੁਣ ਛੇਤੀ ਖਿਲਰੀ ਤੂੜੀ ਇਕੱਠੀ ਕਰੋ ਤੇ ਕੋਈ ਜੀਰੀ ਜਾਂ ਝੋਨੇ ਦੀ ਪਨੀਰ ਲਾਉਣ ਦਾ ਪ੍ਰਬੰਧ ਕਰੀਏ, ਇਹ ਗੱਲ ਜੀਤੇ ਨੇ ਅਮਰੂ ਤੇ ਭਿੰਦੇ ਨੂੰ ਕਹੀ ਜਿਹੜੇ ਆਪਸ ਵਿੱਚ ਚੌੜ ਕਰੀ ਜਾਂਦੇ ਸੀ। ਅਮਰੂ ਤੜਕੇ ਦਾ ਗਰਮੀ ਨਾਲ ਸਤਿਆ ਹੋਇਆ ਬੋਲਿਆ, ਨਾ ਹੁਣ ਅਸੀਂ ਫਾਹਾ ਲੈ ਲਈਏ, ਸਾਰਾ ਦਿਨ ਤਾਂ ਤੂੜੀ ਢੋਦਿਆਂ ਨੂੰ ਹੋ ਗਿਆ ਹੈ, ਭਿੰਦਾ ਵੀ ਓਹਦੀ ਗਵਾਹੀ ਭਰਦਾ ਬੋਲਿਆ, ਨਾ ਅਸੀਂ ਬੰਦੇ ਹਾਂ, ਕੋਈ ਪਸ਼ੂ ਤਾਂ ਨਹੀਂ ਜਿਹੜੇ ਕੋਲੂ ਦੇ ਬੈਲ ਵਾਂਗ ਲੱਗੇ ਰਹੀਏ, ਸਾਡੀ ਵੀ ਕੋਈ ਜੂਨ ਹੈ। ਜੀਤਾ ਢੈਲਾ ਪੈਂਦਾ ਬੋਲਿਆ ਕਿ ਯਾਰ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਹ ਨਾ ਲਓ। ਮੈਂ ਤਾਂ ਉਸ ਡਾਢੇ ਰੱਬ ਤੋਂ ਡਰਦਾ ਹਾਂ, ਜਿਹੜਾ ਜੱਟਾਂ ਦੀ ਚੂੜੀ ਟਾਈਟ ਕਰੀ ਜਾਂਦਾ ਹੈ। ਉੱਤੋਂ ਚੰਦਰੀ ਕਰੋਨਾ ਦੀ ਮਾਰ, ਸਾਲਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਪਹਿਲਾਂ ਤਾਂ ਮਸਾਂ ਕਣਕ ਵੱਢੀ ਤੇ ਫੇਰ ਆ ਸਰਕਾਰ ਦੇ ਕੂਪਨਾਂ ਵਾਲੇ ਕੰਜਰਖਾਨੇ ਨੇ ਭੰਬਲਭੂਸੇ ਪਾਈ ਰੱਖਿਆ। ਕਿਤੇ ਪੰਦਰਾਂ ਦਿਨਾਂ ਬਾਅਦ ਲੜ ਲੜਾ ਕੇ ਮੰਡੀ ਵਿੱਚ ਵਾਰੀ ਆਈ। ਉੱਤੋਂ ਮੱਛਰ ਆਖੇ ਤੇਰਾ ਦੇਣਾ ਕੀ ਹੈ? ਸਾਰੀਆਂ ਰਾਤਾਂ ਮੰਜੇ ਤੇ ਬੈਠ ਕੇ ਲੰਘਾਈਆਂ ਜਿਵੇਂ ਤੀਵੀਂ ਨੂੰ ਜਣੇਪਾ ਹੋਣ ਵਾਲਾ ਹੋਵੇ। ਹੁਣ ਤੂੜੀ ਦਾ ਕੰਮ ਮਸਾਂ ਮੁਕਾਇਆ ਤੇ ਅੱਗੇ ਝੋਨੇ ਦਾ ਸਿਆਪਾ ਸਿਰ ਤੇ ਆ ਗਿਆ। ਚਲੋ ਓਏ ਮਿੱਤਰੋ,ਘਰੇ ਚੱਲ ਕੇ ਬਜੁਰਗ ਨਾਲ ਸਲਾਹ ਬਣਾਈਏ ਕਿ ਜੀਰੀ ਦਾ ਕਿਵੇਂ ਕਰਨਾ ਹੈ। ਚਲੋ ਆਜੋ, ਨਾਲੇ ਠੰਡਾ ਪਾਣੀ ਪੀਵਾਂਗੇ ਤੇ ਨਾਲੇ ਭੋਰਾ ਚਾਹ ਪੀ ਲਵਾਂਗੇ। ਭਿੰਦੇ ਦਾ ਬਾਪੂ ਦੂਰੋਂ ਵੇਖ ਕੇ ਤਿੰਨਾਂ ਨੂੰ ਘਰ ਆਉਂਦਿਆਂ ਬੋਲਿਆ, ਆ ਗਏ ਥੀਰੀ ਇਡੀਅਟ, ਵੱਡੀ ਤਿੱਕੜੀ ਬਣੀ ਫਿਰਦੀ ਹੈ ਜਿਵੇਂ ਖੂਹ ਪੱਟ ਦੇਣਗੇ। ਤੂੜੀ ਦੇ ਕੰਮ ਨਿਬੇੜ ਆਏ ਵੱਡੇ ਤੀਸ ਮਾਰ ਖਾਂ, ਮੈਨੂੰ ਨਹੀਂ ਲੱਗਦਾ ਤੁਸੀਂ ਕੁਝ ਕੀਤਾ ਹੋਵੇਗੇ।
ਜੀਤਾ ਇਹ ਸੁਣ ਕੇ ਅੱਕਿਆ ਹੋਇਆ ਬੋਲਿਆ ਕਿ ਨਾ ਸਾਨੂੰ ਸੱਪ ਸੁੰਙਿਆ ਹੋਇਆ ਹੈ ਜਿਹੜਾ ਅਸੀਂ ਨਹੀਂ ਕਰ ਸਕਦੇ। ਐਵੇਂ ਲੋਕ ਸਾਡੀ ਯਾਰੀ ਤੋਂ ਸੜਦੇ ਹਨ। ਭਲਾਂ ਸਾਡੇ ਅੱਗੇ ਕਿਹੜਾ ਕੰਮ ਟਿਕ ਜੂ। ਜੀਤੇ ਦਾ ਬਾਪੂ ਮੁਸ਼ਕੜੀ ਹੱਸਦਾ ਹੋਇਆ ਬੋਲਿਆ ਕਿ ਵੇਖਾਂਗੇ ਪੁੱਤ, ਜੇ ਐਤਕੀਂ ਝੋਨੇ ਨੇ ਤੁਹਾਡੇ ਕੰਨੀ ਹੱਥ ਨਾ ਲਵਾਏ। ਅੱਗੋਂ ਅਮਰੂ ਬੋਲਿਆ ਕਿ ਤਾਇਆ ਜੀ ਅਸੀਂ ਕਿਹੜਾ ਇਕੱਲੇ ਹਾਂ, ਸਾਰਿਆਂ ਨੇ ਹੀ ਝੋਨਾ ਲਾਉਣਾ ਹੈ। ਜਿਵੇਂ ਦੂਜਿਆਂ ਨਾਲ ਹੋਊ, ਓਵੇਂ ਕਰਮਾਂ ਦੇ ਦੁੱਖ ਅਸੀਂ ਵੀ ਭੋਗੀ ਜਾਵਾਂਗੇ। ਓਏ ਆਹ ਤੀਜੇ ਤੋਂ ਵੀ ਪੁੱਛ ਲਓ ਜਿਹੜਾ ਘੋਗੜ ਕੰਨਾਂ ਜਿਹਾ ਬਣਿਆ ਬੈਠਾ ਹੈ, ਜੀਤੇ ਦੇ ਬਾਪੂ ਨੇ ਵਿਅੰਗ ਕਰਦੇ ਹੋਏ ਭਿੰਦੇ ਨੂੰ ਇਹ ਸ਼ਬਦ ਕਹੇ। ਭਿੰਦੇ ਕੰਮ ਦਾ ਭੰਨਿਆ ਹੋਇਆ ਮਸਾਂ ਹੀ ਬੋਲਿਆ ਕਿ ਕਾਹਦਾ ਤਾਇਆ ਜੀ, ਐਂਤਕੀ ਤਾਂ ਰੱਬ ਸੱਚੀ ਲੁੰਬ ਠਾਈ ਆਉਂਦਾ ਹੈ। ਦੁਨੀਆਂ ਤੇ ਕਰੋਨਾ ਕਾਹਦਾ ਫੈਲਿਆ ਹੈ, ਜੱਟਾਂ ਨੂੰ ਖੂੰਜੇ ਲਾਈ ਆਉਂਦਾ ਹੈ।
ਚਾਹ ਪੀ ਕੇ ਤਿੰਨੇ ਖੇਤ ਗੇੜਾ ਮਾਰਨ ਚਲੇ ਜਾਂਦੇ ਹਨ। ਰਾਹ ਵਿੱਚ ਮੋਟਰ ਸਾਈਕਲ ਤੇ ਤਿੰਨੇ ਜਾਣੇ ਜਾਂਦੇ ਗੱਲਾਂ ਕਰਦੇ ਹਨ ਕਿ ਜੇ ਪੁਲਿਸ ਵਾਲਿਆਂ ਦੀ ਗੱਡੀ ਆ ਗਈ ਤਾਂ ਵੇਖੀ ਮਿੱਤਰਾ ਕਿਵੇ ਪਟਾਕੇ ਪੈਂਦੇ। ਔਖੇ ਸੌਖੇ ਹੋ ਕੇ ਖੇਤ ਪਹੁੰਚ ਜਾਂਦੇ ਹਨ। ਤਿੰਨੇ ਸਲਾਹ ਬਣਾਉਂਦੇ ਹਨ ਕਿ ਐਂਤਕੀ ਜੀਰੀ ਦੀ ਪਨੀਰੀ ਜੀਤੇ ਕੇ ਖੇਤ ਇਕੱਠੇ ਮਿਲ ਕੇ ਲਾ ਦਿੰਦੇ ਹਾਂ, ਮਗਰੋਂ ਵਾਰੀ ਸਿਰ ਆਪਣੇ ਆਪਣੇ ਖੇਤ ਝੋਨਾ ਲਾ ਲਵਾਂਗੇ। ਅਮਰੂ ਕਹਿੰਦਾ ਕਿ ਜੀਤੇ ਕਾ ਖੇਤ ਠੀਕ ਹੈ, ਇੱਥੇ ਪਾਣੀ ਵਾਲੀ ਨਹਿਰ ਜਾਂ ਕੱਸੀ ਵੀ ਲਾਗੇ ਹੀ ਵਗਦੀ ਹੈ। ਅੱਗੋਂ ਭਿੰਦਾ ਮਜਾਕ ਵਿੱਚ ਕਹਿੰਦਾ ਹੈ ਕਿ ਪਾਣੀ ਨੂੰ ਅੱਗੇ ਇੱਥੇ ਦਰਿਆ ਵਗਿਆ ਆਉਂਦਾ ਹੈ, ਮਹੀਨਾ ਹੋ ਗਿਆ ਸਰਕਾਰ ਦਾ ਪਾਣੀ ਬੰਦ ਕੀਤੇ ਨੂੰ , ਤੇ ਐਨੇ ਦਿਨ ਹੀ ਹੋ ਗਏ ਮੋਟਰਾਂ ਵਾਲੀ ਬਿਜਲੀ ਕੱਟੀ ਨੂੰ। ਭਲਾਂ ਪੁੱਛੇ ਕਿ ਪੱਠਿਆਂ ਨੂੰ ਪਾਣੀ ਅਗਲਾ ਛੁਣਛਣੇ ਨਾਲ ਲਾਊ। ਪੱਠਿਆਂ ਨੂੰ ਪਾਣੀ ਤਾਂ ਲੱਗਦਾ ਨਹੀਂ, ਅਖੇ ਛੇਤੀ ਪਨੀਰੀ ਲਾਈਏ। ਪੱਠੇ ਤਾਂ ਸੁੱਕ ਕੇ ਕਮਲੀ ਦੇ ਝਾਟੇ ਵਰਗੇ ਹੋਏ ਪਏ ਨੇ। ਮੇਰੀ ਮੰਨੋ ਤਾਂ ਰੁੱਕ ਜਾਓ ਥੋੜਾ। ਹੋਰ ਦਸਾਂ ਦਿਨਾਂ ਨੂੰ ਪਾਣੀ ਆ ਜਾਊ ਫਿਰ ਲਾ ਲਵਾਂਗੇ। ਨਾ ਫੇਰ ਤਾਂ ਤੇਰਾ ਬਾਪੂ ਲਾ ਦਊ, ਜੀਤੇ ਨੇ ਭਿੰਦੇ ਨੂੰ ਨੰਨਾ ਪਾਉਣ ਤੇ ਕਹੇ। ਚੰਗਾ ਫੇਰ ਹੁਣ ਤੂੰ ਸਾਡੇ ਬੁੜੇ ਤੋਂ ਲਵਾਈ ਪਨੀਰੀ, ਮੈਂ ਤੇ ਚੱਲਿਆ ਘਰ ਨੂੰ। ਅੱਗੋਂ ਅਮਰੂ ਓਹਦੀ ਬਾਂਹ ਫੜਕੇ ਰੋਕਦਾ ਹੋਇਆ ਬੋਲਿਆ ਕਿ ਕਾਹਨੂੰ ਗੁੱਸਾ ਕਰਦਾ ਐਂਵੇ ਭਿੰਦਿਆਂ, ਓਹਨੇ ਤਾਂ ਹਾਸੇ ਨਾਲ ਕਿਹਾ ਸੀ। ਹੁਣ ਤਿੰਨੇ ਇਸ ਗੱਲ ਤੇ ਰਾਇ ਬਣਾ ਲੈਂਦੇ ਹਨ ਕਿ ਜੀਤੇ ਦੇ ਖੇਤ ਵਿੱਚ ਪਨੀਰੀ ਇਕੱਠੀ ਲਾ ਲਵਾਂਗੇ ਪਰ ਕਦੋਂ ਲਾਉਣੀ ਹੈ, ਇਹ ਰਾਇ ਜੀਤੇ ਦੇ ਡੈਡੀ ਨਾਲ ਕੱਲ ਨੂੰ ਕਰਾਂਗੇ, ਅੱਜ ਤਾਂ ਉਹ ਥੋੜਾ ਗਰਮ ਹੈ। ਤਿੰਨੇ ਜਾਣੇ ਮਸਤੀ ਕਰਦੇ ਹੋਏ ਮੋਟਰ ਸਾਇਕਲ ਤੇ ਬੱਬੂ ਮਾਨ ਦੇ ਗੀਤ “ਜੱਟ ਦੀ ਜੂਨ ਬੁਰੀ , ਰਿੜਕ ਰਿੜਕ ਮਰ ਜਾਣਾ” ਗਾਉਂਦੇ ਜਾਂਦੇ ਹਨ। ਕੱਲ ਨੂੰ ਦਸ ਵਜੇ ਜੀਤੇ ਕੇ ਘਰੇ ਆਉਣ ਦਾ ਵਾਅਦਾ ਕਰਦੇ ਹਨ। ਅਗਲੇ ਦਿਨ ਤੜਕੇ ਪੱਠੇ ਵੱਢ ਕੇ ਜੀਤਾ ਬਾਪੂ ਨੂੰ ਆਖਦਾ ਕਿ ਬਾਪੂ ਘਰੇ ਰਹੀ, ਤੇਰੇ ਨਾਲ ਅਸੀ ਤਿੰਨਾਂ ਨੇ ਜੀਰੀ ਦੀ ਪਨੀਰੀ ਲਾਉਣ ਬਾਰੇ ਸਲਾਹ ਕਰਨੀ ਹੈ। ਉਹ ਆਉਣ ਵਾਲੇ ਹੀ ਹੋਣਗੇ। ਥੋੜੇ ਚਿਰ ਬਾਅਦ ਅਮਰੂ ਤੇ ਭਿੰਦਾ ਜੀਤੇ ਕੇ ਘਰੇ ਆ ਜਾਂਦੇ ਹਨ। ਅੱਜ ਤੜਕੇ ਤੋਂ ਹੀ ਜੀਤੇ ਦਾ ਬਾਪੂ ਖੁਸ਼ ਸੀ ਕਿਉਂਕਿ ਉਹਦਾ ਪੁਰਾਣਾ ਮਿੱਤਰ ਜੈਲਾ ਥੋੜੀ ਜਿਹੀ ਅਫੀਮ ਖਵਾ ਗਿਆ ਸੀ। ਭਿੰਦਾ ਮਜਾਕ ਕਰਦਾ ਹੋਇਆ ਬੋਲਿਆ ਕਿ ਤਾਇਆ ਜੀ, ਅੱਜ ਤਾਂ ਉੱਡ- ਜੂੰ ਉੱਡ- ਜੂੰ ਕਰਦਾ ਹੈਂ। ਅੱਜ ਤਾਂ ਪੂਰੀ ਅੱਖ ਵੀ ਖੜੀ ਹੈ, ਕੀ ਗੱਲ ਹੈ? ਕੱਲ੍ਹ ਤਾਂ ਮਾਰਨ ਖੰਡੀ ਗਾਂ ਵਾਂਗ ਪੈਂਦਾ ਸੀ। ਕੀ ਕਰੀਏ ਭਤੀਜ, ਕਰੋਨਾ ਕਰਕੇ ਤੈਨੂੰ ਪਤਾ ਸਾਰਾ ਕੰਮ ਰੁਕਿਆ ਪਿਆ ਹੈ। ਸਾਲਾ ਕੁਝ ਮਿਲਦਾ ਹੀ ਨਹੀਂ। ਅੱਜ ਕਿਤੇ ਮਾੜੀ ਮੋਟੀ ਲੋਰ ਜਿਹੀ ਬੱਝੀ ਹੈ। ਹੁਣ ਨਹਾ ਕੇ ਜੀਤਾ ਵੀ ਤਿੰਨਾਂ ਕੋਲ ਆ ਜਾਂਦਾ ਹੈ। ਅਮਰੂ ਗੱਲ ਸ਼ੁਰੂ ਕਰਦਾ ਬੋਲਿਆ ਕਿ ਤਾਇਆ ਗੱਲ ਆਏਂ ਹੈ ਕਿ ਝੋਨੇ ਦੀ ਅਸਾਂ ਤਿੰਨਾਂ ਨੇ ਪਨੀਰੀ ਲਾਉਣ ਬਾਰੇ ਤੇਰੇ ਨਾਲ ਸਲਾਹ ਕਰਨੀ ਕਿ ਕਿਵੇਂ ਕਰੀਏ? ਨਾ ਲਾ ਲਓ, ਮੈਂ ਓਥੇਂ ਕੱਦੂ ਕਰਨਾ ਹੈ। ਜੀਤਾ ਨਰਮੀ ਨਾਲ ਬੋਲਿਆ ਕਿ ਕੱਦੂ ਤਾਂ ਤੈਂਅ ਨਹੀਂ ਕਰਨਾ ਸਾਨੂੰ ਰਾਇ ਤਾਂ ਦੇ ਹੀ ਸਕਦਾ, ਅਕਸਰ ਤੂੰ ਵੱਡਾ ਕਰਕੇ ਤਾਂ ਤੇਰੇ ਨਾਲ ਰਾਇ ਕਰਦੇ ਹਾਂ ਕਿ ਤੈਨੂੰ ਬਾਹਲਾ ਪਤਾ ਹੈ। ਹੁਣ ਆਨੇ ਆਲੀ ਗੱਲ ਤੇ ਆਇਆ ਹੋਇਆ ਜੀਤੇ ਦਾ ਬਾਪੂ ਬੋਲਦਾ ਹੈ ਕਿ ਪਨੀਰੀ ਤਾਂ ਭਾਵੇਂ ਪੁੱਤਰੋ ਲਾਓ ਪਰ ਐਤਕੀਂ ਮੈਨੂੰ ਭਈਏ ਨਹੀਂ ਆਉਂਦੇ ਦਿਸਦੇ। ਥੋਨੂੰ ਵੀ ਪਤਾ ਹੈ, ਸਾਰੀ ਜਨਤਾ ਤਾਂ ਕਰੋਨਾ ਨਾਲ ਸਹਿਮੀ ਪਈ ਹੈ। ਅਗਲੇ ਖਾਕੀ ਵਰਦੀਆਂ ਵਾਲੇ ਬਾਹਰ ਨਹੀਂ ਨਿਕਲਣ ਦਿੰਦੇ, ਜਿਹੜਾ ਇੱਕ ਵਾਰੀ ਡਿੱਕੇ ਚੜੵ ਜਾਂਦਾ ਹੈ, ਉਹਨੂੰ ਮੁੰਜ ਦੇ ਰੱਸੇ ਵਰਗਾ ਬਣਾ ਦਿੰਦੇ ਨੇ। ਸਾਰੀ ਦੁਨੀਆਂ ਤਾਂ ਕਰੋਨਾ ਕਰਕੇ ਕੁੱਕੜਾਂ ਦੇ ਖੁੱਡੇ ਵਿੱਚ ਤਾੜੀ ਪਈ ਹੈ। ਅਗਲਿਆਂ ਨੂੰ ਤਾਂ ਆਪਣੀ ਜਾਣ ਬਚਾਉਣ ਦੀ ਬਣੀ ਹੈ, ਤੁਹਾਡੇ ਝੋਨਾ ਲਾਉਣ ਕਿਹਨੇ ਆਉਣਾ ਹੈ। ਭਈ ਜੇ ਆਪ ਲਾ ਸਕਦੇ ਹੋ ਤਾਂ ਪਨੀਰੀ ਲਾ ਲਓ ਇੱਕ ਖੇਤ ਵਿੱਚ । ਭਿੰਦਾ ਕਹਿੰਦਾ ਤਾਇਆ ਆਪਾਂ ਤਾਂ ਨਹੀਂ ਲਾ ਸਕਦੇ ਝੋਨਾ, ਸਾਰੀ ਦਿਹਾੜੀ ਕੋਡੀ ਢੂਈ ਖੜੇ ਰਹਿਣਾ ਕੋਈ ਸੌਖੇ ਏ। ਆਪਣੇ ਤਾਂ ਮਣਕੇ ਦੁੱਖਦੇ ਹਨ। ਆਪਣੀ ਤਾਂ ਬਈ ਤੋਬਾ ਹੈ। ਅੱਗੋਂ ਅਮਰੂ ਵੀ ਬੋਲਿਆ ਕਿ ਮੇਰੇ ਵੀ ਵੱਸ ਦੀ ਗੱਲ ਨਹੀ, ਮੇਰੀ ਤਾਂ ਆਪ ਡਿਸਕ ਹਿੱਲੀ ਹੈ। ਨਾ ਆਹ ਸਾਡੇ ਵਾਲਾ ਕਿਹੜਾ ਸੁਖੀ ਸਾਂਦੀ ਹੈ, ਇਹਨੇ ਤਾਂ ਆਪ ਇੱਕ ਮਹੀਨਾ ਖਿੱਚ ਪਵਾਈ ਸੀ, ਜੀਤੇ ਦਾ ਬਾਪੂ ਬੋਲਿਆ। ਅੱਜ ਦੇ ਮੁੰਡਿਆਂ ਦੇ ਨਿਕੰਮੇਪਣ ਬਾਰੇ ਜੀਤੇ ਦੇ ਬਾਪੂ ਬੋਲਿਆ ਕਿ ਨਾ ਤਾਂ ਅੱਜ ਦੇ ਮੁੰਡੇ ਕੁਝ ਕਰਨੇ ਜੋਗੇ ਹੈ ਤੇ ਨਾ ਹੀ ਬੁੜੀਆਂ। ਮੈਨੂੰ ਤਾਂ ਆਏਂ ਲੱਗਦਾ ਹੈ ਕਿ ਐਂਤਕੀ ਕਣਕ ਵਾਂਗ ਮਸ਼ੀਨ ਨਾਲ ਹੀ ਝੋਨਾ ਬੀਜਣਾ ਪਊ। ਜਿਹਨੇ ਆਏਂ ਨਹੀਂ ਲਾਉਣਾ ਤਾਂ ਫੇਰ ਕਿੱਲੇ ਦਾ ਪੰਜ ਹਜਾਰ ਦੇਣ ਲਈ ਤਿਆਰ ਰਹਿਣ। ਪੰਜ ਹਜਾਰ ਪ੍ਰਤੀ ਕਿੱਲੇ ਦਾ ਨਾਂ ਸੁਣ ਕੇ ਤਿੰਨਾਂ ਦੀ ਲੇਰ ਨਿਕਲ ਜਾਂਦੀ ਹੈ। ਇਹ ਸੁਣ ਕੇ ਅਮਰੂ ਕਹਿੰਦਾ ਕਿ ਤਾਇਆ ਇਸਤੋਂ ਇਲਾਵਾ ਹੋਰ ਕੋਈ ਸੌਖਾ ਢੰਗ ਨਹੀਂ। ਹਾਂ ਹੈਗਾ ਅਮਰੂ , ਆਵਦੀ ਬੀਬੀ ਨੂੰ ਨਾਲ ਲੈ ਕੇ ਝੋਨਾ ਲਾਉਣ ਲੱਗ ਪਈਂ। ਆਥਣ ਨੂੰ ਦੋ ਤਿੰਨ ਕਨਾਲਾਂ ਤਾਂ ਲਾ ਹੀ ਦੇਵੋਗੇ। ਭਿੰਦਾ ਮਸ਼ਕਰੀ ਕਰਦਾ ਬੋਲਿਆ ਕਿ ਤਾਇਆ ਤੂੰ ਵੀ ਨਾਲ ਚਲਿਆ ਜਾਵੀਂ। ਨਾ ਆਵਦੀ ਬੁੜੀ ਨੂੰ ਭੇਜ ਦੇਈਂ, ਮੈਂ ਆਜੂ ਝੋਨਾ ਲਾਉਣ ਖੇਤ। ਜੀਤਾ ਗੁੱਸੇ ਹੋ ਕੋ ਬੋਲਿਆ ਕਿ ਕਿਉਂ ਭਕਾਈ ਕਰੀ ਜਾਂਦੇ ਹੋ। ਕੋਈ ਚੱਜ ਦੀ ਗੱਲ ਕਰੋ। ਹਾਂ ਦੱਸ ਫੇਰ ਬਾਪੂ ਚੱਜ ਦੀ ਗੱਲ , ਭਿੰਦਾ ਬੋਲਿਆ। ਨਾ ਮੈਂ ਕੀ ਦੱਸਾਂ, ਮੈਂ ਤਾਂ ਤੁਹਾਨੂੰ ਦੋਵੇਂ ਢੰਗ ਦੱਸ ਦਿੱਤੇ ਕਿ ਜਾਂ ਆਪ ਝੋਨਾ ਲਾਓ ਜਾਂ ਮਸ਼ੀਨ ਨਾਲ ਬੀਜੋ ਜਾਂ ਥੱਬਾ ਪੈਸਿਆਂ ਦਾ ਦੇਣ ਲਈ ਤਿਆਰ ਰਹੋ। ਤਿੰਨੇ ਮੂੰਹ ਲਟਕਾ ਕੇ ਬੈਠ ਜਾਂਦੇ ਹਨ। ਥੋੜੇ ਚਿਰ ਬਾਅਦ ਜੀਤੇ ਦਾ ਬਾਪੂ ਤਿੰਨਾਂ ਨੂੰ ਉਦਾਸ ਵੇਖ ਕੇ ਬੋਲਦਾ ਹੈ ਕਿ ਹੁਣ ਆਪਣੇ ਕੋਲ ਇੱਕ ਹੀ ਚਾਰਾ ਹੈ, ਜੋ ਅਸੀਂ ਸਾਰੇ ਕਰ ਸਕਦੇ ਹਾਂ। ਤਿੰਨੇ ਹੈਰਾਨੀ ਤੇ ਉਤਸੁਕਤਾ ਨਾਲ ਪੁੱਛਦੇ ਹਨ ਕਿ ਤਾਇਆ ਉਹ ਕੀ ਚਾਰਾ ਹੈ? ਬਾਪੂ ਕਹਿੰਦਾ ਹੈ ਕਿ ਉਹ ਪਰਮਾਤਮਾ ਅੱਗੇ ਅਰਦਾਸ ਹੈ ਜੋ ਅਸੀਂ ਮਿਲ ਕੇ ਕਰੀਏ ਕਿ ਹੇ ਪਰਮਾਤਮਾ ! ਇਸ ਕਰੋਨਾ ਨਾਮਕ ਭੈੜੀ ਮਹਾਂਮਾਰੀ ਨੂੰ ਖਤਮ ਕਰ ਤਾਂ ਜੋ ਸਾਰੇ ਆਪੋ ਆਪਣੇ ਕੰਮਾਂ ਤੇ ਮੁੜ ਪਰਤ ਆਉਣ ਤੇ ਲੋਕਾਈ ਨੂੰ ਸੁੱਖ ਦਾ ਸਾਹ ਆਵੇ। ਇਹ ਸੁਣ ਕੇ ਸਾਰੇ ਜਾਣੇ ਅਰਦਾਸ ਕਰਨ ਲੱਗ ਜਾਂਦੇ ਹਨ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761

...
...

ਅੰਮ੍ਰਿਤਸਰ ਤੋਂ ਟਰੇਨ ਸੁਭਾ ਦੇ ਦੋ ਵਜੇ ਚੱਲੀ ਅਤੇ ਅੱਠ ਘੰਟਿਆਂ ਤੋਂ ਬਾਅਦ ਮੁਗਲਪੁਰਾ ਪਹੁੰਚੀ । ਰਸਤੇ ਵਿੱਚ ਕਈ ਆਦਮੀ ਮਾਰੇ ਗਏ। ਅਨੇਕ ਜ਼ਖਮੀ ਹੋਏ ਅਤੇ ਕੁੱਝ ਇੱਧਰ-ਉੱਧਰ ਭਟਕ ਗਏ।
ਸੁਭਾ ਦਸ ਵਜੇ ਕੈਂਪ ਦੀ ਠੰਡੀ ਜ਼ਮੀਨ ਉੱਤੇ ਜਦੋਂ ਸਰਾਜੁਦੀਨ ਨੇ ਅੱਖਾਂ ਖੋਲ੍ਹੀਆਂ ਅਤੇ ਆਪਣੇ ਚਾਰੇ ਪਾਸੇ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਇੱਕ ਉਮੜਦਾ ਸਮੁੰਦਰ ਦੇਖਿਆ ਤਾਂ ਉਸ ਦੀਆਂ ਸੋਚਣ ਸਮਝਣ ਦੀਆਂ ਤਾਕਤਾਂ ਹੋਰ ਵੀ ਬੁੱਢੀਆਂ ਹੋ ਗਈਆਂ ਅਤੇ ਉਹ ਦੇਰ ਤੱਕ ਗੰਧਲੇ ਅਸਮਾਨ ਨੂੰ ਟਿਕਟਿਕੀ ਬੰਨ੍ਹੀ ਦੇਖਦਾ ਰਿਹਾ। ਉਂਝ ਤਾਂ ਕੈਂਪ ਵਿੱਚ ਰੌਲ਼ਾ ਪੈ ਰਿਹਾ ਸੀ, ਪਰ ਬੁੱਢੇ ਸਰਾਜੁਦੀਨ ਦੇ ਕੰਨ ਜਿਵੇਂ ਬੰਦ ਸਨ। ਜਿਵੇਂ ਕੁੱਝ ਸੁਣਾਈ ਨਹੀਂ ਦਿੰਦਾ ਸੀ। ਕੋਈ ਉਸਨੂੰ ਦੇਖਦਾ ਤਾਂ ਇਹ ਖਿਆਲ ਕਰਦਾ ਕਿ ਉਹ ਕਿਸੇ ਗਹਿਰੀ ਨੀਂਦ ਵਿੱਚ ਗਰਕ ਹੈ ਪਰ ਅਜਿਹਾ ਨਹੀਂ ਸੀ। ਉਸਦੇ ਹੋਸ਼-ਹਵਾਸ਼ ਗਾਇਬ ਸਨ। ਉਸਦੀ ਸਾਰੀ ਹੋਂਦ ਖਲਾਅ ਵਿੱਚ ਲਟਕੀ ਹੋਈ ਸੀ।
ਗੰਧਲੇ ਅਸਮਾਨ ਵੱਲ ਬਗੈਰ ਕਿਸੇ ਇਰਾਦੇ ਦੇ ਦੇਖਦਿਆਂ ਸਰਾਜੁਦੀਨ ਦੀਆਂ ਨਜ਼ਰਾਂ ਸੂਰਜ ਨਾਲ਼ ਟਕਰਾਈਆਂ। ਤੇਜ਼ ਰੌਸ਼ਨੀ ਉਸਦੀ ਹੋਂਦ ਦੀ ਰਗ-ਰਗ ਵਿੱਚ ਉੱਤਰ ਗਈ ਅਤੇ ਉਹ ਜਾਗ ਉੱਠਿਆ। ਉੱਪਰ-ਥੱਲੇ ਉਸਦੇ ਦਿਮਾਗ਼ ਵਿੱਚ ਕਈ ਤਸਵੀਰਾਂ ਦੌੜ ਗਈਆਂ — ਲੁੱਟ, ਅੱਗ, ਭੱਜਾ-ਦੌੜੀ, ਸਟੇਸ਼ਨ-ਗੋਲ਼ੀਆਂ, ਰਾਤ ਅਤੇ ਸਕੀਨਾ … ਸਰਾਜੁਦੀਨ ਇੱਕ ਦਮ ਉੱਠ ਖੜਾ ਹੋਇਆ ਅਤੇ ਪਾਗ਼ਲਾਂ ਦੀ ਤਰ੍ਹਾਂ ਉਸਨੇ ਚਾਰੇ ਪਾਸੇ ਫੈਲੇ ਹੋਏ ਇਨਸਾਨਾਂ ਦੇ ਸਮੁੰਦਰ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ।
ਪੂਰੇ ਤਿੰਨ ਘੰਟੇ ਉਹ ‘ਸਕੀਨਾ, ਸਕੀਨਾ’ ਪੁਕਾਰਦਾ ਰਿਹਾ, ਕੈਂਪ ਦੀ ਖਾਕ ਛਾਣਦਾ ਰਿਹਾ ਪਰ ਉਸਨੂੰ ਆਪਣੀ ਜਵਾਨ ਇਕਲੌਤੀ ਧੀ ਦਾ ਕੋਈ ਪਤਾ ਨਾ ਲੱਗਿਆ। ਚਾਰੇ ਪਾਸੇ ਇੱਕ ਧਾਂਦਲੀ ਜਿਹੀ ਮੱਚੀ ਹੋਈ ਸੀ। ਕੋਈ ਆਪਣਾ ਬੱਚਾ ਲੱਭ ਰਿਹਾ ਸੀ, ਕੋਈ ਮਾਂ, ਕੋਈ ਪਤਨੀ ਕੋਈ ਬੇਟੀ। ਸਰਾਜੁਦੀਨ ਥੱਕ ਹਾਰ ਕੇ ਇੱਕ ਪਾਸੇ ਬੈਠ ਗਿਆ ਅਤੇ ਦਿਮਾਗ਼ ਉੱਤੇ ਜ਼ੋਰ ਦੇ ਕੇ ਸੋਚਣ ਲੱਗਾ ਕਿ ਸਕੀਨਾ ਉਸ ਨਾਲ਼ ਕਦੋਂ ਅਤੇ ਕਿੱਥੇ ਅਲੱਗ ਹੋਈ, ਪਰ ਸੋਚਦੇ-ਸੋਚਦੇ ਉਸਦਾ ਦਿਮਾਗ਼ ਸਕੀਨਾ ਦੀ ਮਾਂ ਦੀ ਲਾਸ਼ ਉੱਤੇ ਜੰਮ ਜਾਂਦਾ, ਜਿਸ ਦੀਆਂ ਸਾਰੀਆਂ ਆਂਤਾਂ ਬਾਹਰ ਨਿੱਕਲ਼ੀਆਂ ਹੋਈਆਂ ਸਨ। ਉਸ ਤੋਂ ਅੱਗੇ ਉਹ ਹੋਰ ਕੁੱਝ ਨਾ ਸੋਚ ਸਕਿਆ।
ਸਕੀਨਾ ਦੀ ਮਾਂ ਮਰ ਚੁੱਕੀ ਸੀ। ਉਸਨੇ ਸਰਾਜੁਦੀਨ ਦੀਆਂ ਅੱਖਾਂ ਦੇ ਸਾਹਮਣੇ ਦਮ ਤੋੜਿਆ ਸੀ, ਪਰ ਸਕੀਨਾ ਕਿੱਥੇ ਸੀ, ਜਿਸ ਬਾਰੇ ਉਸਦੀ ਮਾਂ ਨੇ ਮਰਦੇ ਹੋਏ ਕਿਹਾ ਸੀ, “ਮੈਨੂੰ ਛੱਡ ਦਿਓ ਅਤੇ ਸਕੀਨਾ ਨੂੰ ਲੈ ਕੇ ਜਲਦੀ ਇੱਥੋਂ ਭੱਜ ਜਾਓ।”
ਸਕੀਨਾ ਉਸਦੇ ਨਾਲ਼ ਹੀ ਸੀ। ਦੋਵੇਂ ਨੰਗੇ ਪੈਰੀਂ ਭੱਜ ਰਹੇ ਸਨ। ਸਕੀਨਾ ਦਾ ਦੁਪੱਟਾ ਡਿਗ ਪਿਆ ਸੀ, ਉਸਨੂੰ ਉਠਾਉਣ ਲਈ ਉਸਨੇ ਰੁਕਣਾ ਚਾਹਿਆ ਸੀ। ਸਕੀਨਾ ਨੇ ਚੀਕ ਕੇ ਕਿਹਾ ਸੀ, “ਅੱਬਾ ਜੀ ਛੱਡੋ।” ਪਰ ਉਸਨੇ ਦੁਪੱਟਾ ਚੁੱਕ ਲਿਆ ਸੀ। … ਇਹ ਸੋਚਦੇ-ਸੋਚਦੇ ਉਸਨੇ ਆਪਣੀ ਉੱਭਰੀ ਹੋਈ ਕੋਟ ਦੀ ਜੇਬ ਵੱਲ ਵੇਖਿਆ ਅਤੇ ਉਸ ਵਿੱਚ ਹੱਥ ਪਾ ਕੇ ਇੱਕ ਕੱਪੜਾ ਕੱਢਿਆ, ਇਹ ਸਕੀਨਾ ਦਾ ਉਹੀ ਦੁਪੱਟਾ ਸੀ, ਪਰ ਸਕੀਨਾ ਕਿੱਥੇ ਸੀ?
ਸਰਾਜੁਦੀਨ ਨੇ ਆਪਣੇ ਥੱਕੇ ਹੋਏ ਦਿਮਾਗ਼ ਉੱਤੇ ਬਹੁਤ ਜ਼ੋਰ ਦਿੱਤਾ ਪਰ ਉਹ ਕਿਸੇ ਨਤੀਜੇ ਉੱਤੇ ਨਾ ਪਹੁੰਚ ਸਕਿਆ। ਕੀ ਉਹ ਸਕੀਨਾ ਨੂੰ ਆਪਣੇ ਨਾਲ਼ ਸਟੇਸ਼ਨ ਤੱਕ ਲੈ ਆਇਆ ਸੀ? ਕੀ ਉਹ ਉਸਦੇ ਨਾਲ਼ ਹੀ ਗੱਡੀ ਵਿੱਚ ਸਵਾਰ ਸੀ? ਰਸਤੇ ਵਿੱਚ ਜਦੋਂ ਗੱਡੀ ਰੋਕੀ ਗਈ ਸੀ ਅਤੇ ਬਲਵਾਈ ਅੰਦਰ ਵੜ ਆਏ ਸਨ, ਤਾਂ ਕੀ ਉਹ ਬੇਹੋਸ਼ ਹੋ ਗਿਆ ਸੀ, ਜੋ ਉਹ ਸਕੀਨਾ ਨੂੰ ਚੁੱਕ ਕੇ ਲੈ ਗਏ?
ਸਰਾਜੁਦੀਨ ਦੇ ਦਿਮਾਗ਼ ਵਿੱਚ ਸਵਾਲ ਹੀ ਸਵਾਲ ਸਨ, ਜਵਾਬ ਕੋਈ ਵੀ ਨਹੀਂ ਸੀ। ਉਸਨੂੰ ਹਮਦਰਦੀ ਦੀ ਲੋੜ ਸੀ। ਸਰਾਜੁਦੀਨ ਨੇ ਰੋਣਾ ਚਾਹਿਆ ਪਰ ਅੱਖਾਂ ਨੇ ਉਸਦੀ ਮਦਦ ਨਹੀਂ ਕੀਤੀ। ਹੰਝੂ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਸਨ।
ਛੇ ਦਿਨਾਂ ਬਾਅਦ ਜਦੋਂ ਹੋਸ਼ੋ-ਹਵਾਸ ਕਿਸੇ ਹੱਦ ਤੱਕ ਦਰੁਸਤ ਹੋਏ ਤਾਂ ਸਰਾਜੁਦੀਨ ਉਨ੍ਹਾਂ ਲੋਕਾਂ ਨੂੰ ਮਿਲ਼ਿਆ ਜੋ ਉਸਦੀ ਮਦਦ ਕਰਨ ਲਈ ਤਿਆਰ ਸਨ। ਅੱਠ ਨੌਜਵਾਨ ਸਨ, ਜਿਨ੍ਹਾਂ ਕੋਲ਼ ਡਾਂਗਾਂ ਸਨ, ਬੰਦੂਕਾਂ ਸਨ। ਸਰਾਜੁਦੀਨ ਨੇ ਉਨ੍ਹਾਂ ਨੂੰ ਲੱਖ-ਲੱਖ ਦੁਆਵਾਂ ਦਿੱਤੀਆਂ ਅਤੇ ਸਕੀਨਾ ਦਾ ਹੁਲੀਆ ਦੱਸਿਆ, “ਗੋਰਾ ਰੰਗ ਹੈ ਅਤੇ ਬਹੁਤ ਖੂਬਸੂਰਤ ਹੈ … ਮੇਰੇ ਉੱਤੇ ਨਹੀਂ ਆਪਣੇ ਮਾਂ ਉੱਤੇ ਸੀ … ਉਮਰ ਸਤਾਰਾਂ ਵਰ੍ਹਿਆਂ ਦੇ ਕਰੀਬ ਹੈ। … ਅੱਖਾਂ ਵੱਡੀਆਂ-ਵੱਡੀਆਂ … ਵਾਲ਼ ਸਿਆਹ … ਸੱਜੀ ਗੱਲ੍ਹ ਉੱਤੇ ਮੋਟਾ ਜਿਹਾ ਤਿਲ … ਮੇਰੀ ਇਕਲੌਤੀ ਧੀ ਹੈ। ਲੱਭ ਲਿਆਓ ਖੁਦਾ ਤੁਹਾਡਾ ਭਲਾ ਕਰੇਗਾ।”
ਰਜਾਕਾਰ ਨੌਜਵਾਨਾਂ ਨੇ ਬੜੇ ਜਜ਼ਬੇ ਨਾਲ਼ ਬੁੱਢੇ ਸਰਾਜੁਦੀਨ ਨੂੰ ਯਕੀਨ ਦਿਵਾਇਆ ਕਿ ਜੇ ਉਸਦੀ ਧੀ ਜਿਉਂਦੀ ਹੋਈ ਤਾਂ ਕੁੱਝ ਦਿਨਾਂ ਵਿੱਚ ਹੀ ਉਸਦੇ ਕੋਲ਼ ਹੋਵੇਗੀ।
ਅੱਠਾਂ ਨੌਜਵਾਨਾਂ ਨੇ ਕੋਸ਼ਿਸ਼ ਕੀਤੀ। ਜਾਨ ਹਥੇਲ਼ੀ ਉੱਤੇ ਰੱਖ ਕੇ ਉਹ ਅੰਮ੍ਰਿਤਸਰ ਗਏ। ਕਈ ਥਾਵਾਂ ਅਤੇ ਬੱਚਿਆਂ ਨੂੰ ਕੱਢ-ਕੱਢ ਕੇ ਉਨ੍ਹਾਂ ਨੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ। ਦਸ ਦਿਨ ਗੁਜ਼ਰ ਗਏ ਪਰ ਉਹਨਾਂ ਨੂੰ ਸਕੀਨਾ ਨਾ ਮਿਲ਼ੀ।
ਇੱਕ ਦਿਨ ਇਸੇ ਸੇਵਾ ਦੇ ਲਈ ਲਾਰੀ ਉੱਤੇ ਅੰਮ੍ਰਿਤਸਰ ਜਾ ਰਹੇ ਸਨ ਕਿ ਛੇਹਰਟਾ ਦੇ ਕੋਲ਼ ਸੜਕ ਉੱਤੇ ਉਨ੍ਹਾਂ ਨੂੰ ਇੱਕ ਕੁੜੀ ਦਿਖਾਈ ਦਿੱਤੀ। ਲਾਰੀ ਦੀ ਅਵਾਜ਼ ਸੁਣ ਕੇ ਉਹ ਬਿਦਕੀ ਤੇ ਭੱਜਣਾ ਸ਼ੁਰੂ ਕਰ ਦਿੱਤਾ। ਰਜਾਕਾਰਾਂ ਨੇ ਮੋਟਰ ਰੋਕੀ ਅਤੇ ਸਾਰੇ ਦੇ ਸਾਰੇ ਉਸਦੇ ਪਿੱਛੇ ਭੱਜੇ। ਇੱਕ ਖੇਤ ਵਿੱਚ ਉਹਨਾਂ ਨੇ ਲੜਕੀ ਨੂੰ ਫੜ ਲਿਆ। ਦੇਖਿਆ ਤਾਂ ਬਹੁਤ ਖੂਬਸੂਰਤ ਸੀ। ਸੱਜੀ ਗੱਲ ਉੱਤੇ ਬਹੁਤ ਮੋਟਾ ਕਾਲ਼ਾ ਤਿਲ ਸੀ। ਇੱਕ ਮੁੰਡੇ ਨੇ ਉਸਨੂੰ ਕਿਹਾ, “ਘਬਰਾ ਨਾ, ਕੀ ਤੇਰਾ ਨਾਮ ਸਕੀਨਾ ਹੈ?”
ਕੁੜੀ ਦਾ ਰੰਗ ਹੋਰ ਵੀ ਪੀਲ਼ਾ ਪੈ ਗਿਆ। ਉਸਨੇ ਕੋਈ ਜਵਾਬ ਨਹੀਂ ਦਿੱਤਾ। ਪਰ ਜਦੋਂ ਬਾਕੀ ਮੁੰਡਿਆਂ ਨੇ ਉਸਨੂੰ ਦਮ ਦਿਲਾਸਾ ਦਿੱਤਾ ਤਾਂ ਉਸਦੀ ਦਹਿਸ਼ਤ ਦੂਰ ਹੋਈ ਅਤੇ ਉਸਨੇ ਮੰਨ ਲਿਆ ਕਿ ਉਹ ਸਰਾਜੁਦੀਨ ਦੀ ਧੀ ਸਕੀਨਾ ਹੈ।
ਅੱਠ ਰਜਾਕਾਰ ਨੌਜਵਾਨਾਂ ਨੇ ਇਸ ਤਰ੍ਹਾਂ ਸਕੀਨਾ ਦੀ ਦਿਲਜੋਈ ਕੀਤੀ। ਉਸਨੂੰ ਖਾਣਾ ਖੁਆਇਆ, ਦੁੱਧ ਪਿਆਇਆ ਅਤੇ ਲਾਰੀ ਵਿੱਚ ਬਿਠਾ ਦਿੱਤਾ। ਇੱਕ ਨੇ ਆਪਣਾ ਕੋਟ ਲਾਹ ਕੇ ਉਸਨੂੰ ਦੇ ਦਿੱਤਾ, ਕਿਉਂਕਿ ਦੁਪੱਟਾ ਨਾ ਹੋਣ ਕਾਰਨ ਉਹ ਬਹੁਤ ਉਲ਼ਝਣ ਮਹਿਸੂਸ ਕਰ ਰਹੀ ਸੀ ਅਤੇ ਵਾਰ-ਵਾਰ ਆਪਣੀਆਂ ਬਾਹਾਂ ਨਾਲ਼ ਆਪਣੇ ਸੀਨੇ ਨੂੰ ਢਕਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ।
ਕਈ ਦਿਨ ਬੀਤ ਗਏ, ਸਰਾਜੁਦੀਨ ਨੂੰ ਸਕੀਨਾ ਦੀ ਕੋਈ ਖ਼ਬਰ ਨਾ ਮਿਲ਼ੀ। ਉਹ ਦਿਨ ਭਰ ਵੱਖ-ਵੱਖ ਕੈਂਪਾਂ ਅਤੇ ਦਫ਼ਤਰਾਂ ਦੇ ਚੱਕਰ ਕੱਟਦਾ ਰਹਿੰਦਾ, ਪਰ ਕਿਤੋਂ ਵੀ ਉਸਦੀ ਧੀ ਦਾ ਪਤਾ ਨਾ ਚੱਲਿਆ। ਰਾਤ ਨੂੰ ਉਹ ਬਹੁਤ ਦੇਰ ਤੱਕ ਉਨ੍ਹਾਂ ਰਜਾਕਾਰ ਨੌਜਵਾਨਾਂ ਦੀ ਕਾਮਯਾਬੀ ਲਈ ਦੁਆ ਮੰਗਦਾ ਰਹਿੰਦਾ ਜਿਨ੍ਹਾਂ ਨੇ ਉਸਨੂੰ ਯਕੀਨ ਦਿਵਾਇਆ ਸੀ ਕਿ ਜੇ ਸਕੀਨਾ ਜਿਉਂਦੀ ਹੋਈ ਤਾਂ ਕੁੱਝ ਦਿਨਾਂ ਵਿੱਚ ਉਸਨੂੰ ਲੱਭ ਲਿਆਉਣਗੇ।
ਇੱਕ ਦਿਨ ਸਰਾਜੁਦੀਨ ਨੇ ਕੈਂਪ ਵਿੱਚ ਉਨ੍ਹਾਂ ਰਜਾਕਾਰ ਨੌਜਵਾਨਾਂ ਨੂੰ ਦੇਖਿਆ। ਲਾਰੀ ਵਿੱਚ ਬੈਠੇ ਸਨ। ਸਰਾਜੁਦੀਨ ਭੱਜਿਆ-ਭੱਜਿਆ ਉਨ੍ਹਾਂ ਕੋਲ਼ ਗਿਆ। ਲਾਰੀ ਚੱਲਣ ਹੀ ਵਾਲ਼ੀ ਸੀ ਕਿ ਉਸਨੇ ਪੁੱਛਿਆ — “ਬੇਟਾ ਮੇਰੀ ਸਕੀਨਾ ਦਾ ਪਤਾ ਲੱਗਾ?”
ਸਭ ਨੇ ਇੱਕ ਜਵਾਬ ਹੋਕੇ ਕਿਹਾ, “ਲੱਗ ਜਾਵੇਗਾ, ਲੱਗ ਜਾਵੇਗਾ।” ਅਤੇ ਲਾਰੀ ਅੱਗੇ ਵਧਾ ਦਿੱਤੀ। ਸਰਾਜੁਦੀਨ ਨੇ ਇੱਕ ਵਾਰ ਫੇਰ ਉਨ੍ਹਾਂ ਨੌਜਵਾਨਾਂ ਦੀ ਕਾਮਯਾਬੀ ਲਈ ਦੁਆ ਮੰਗੀ ਅਤੇ ਉਸਦਾ ਜੀਅ ਕੁੱਝ ਹਲਕਾ ਹੋਣ ਲੱਗਾ।
ਸ਼ਾਮ ਦੇ ਕਰੀਬ ਚਾਰ ਵਜੇ ਕੈਂਪ ਵਿੱਚ ਜਿੱਥੇ ਸਰਾਜੁਦੀਨ ਬੈਠਾ ਸੀ ਉਸਦੇ ਕੋਲ਼ ਹੀ ਕੁੱਝ ਗੜਬੜ ਜਿਹੀ ਹੋਈ। ਚਾਰ ਆਦਮੀ ਕੁੱਝ ਚੁੱਕ ਕੇ ਲਿਆ ਰਹੇ ਸਨ। ਉਸ ਨੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇੱਕ ਕੁੜੀ ਰੇਲਵੇ ਲਾਈਨ ਦੇ ਕੋਲ਼ ਬੇਹੋਸ਼ ਪਈ ਸੀ। ਲੋਕ ਉਸਨੂੰ ਚੁੱਕ ਕੇ ਲਿਆਏ ਹਨ। ਸਰਾਜੁਦੀਨ ਉਨ੍ਹਾਂ ਦੇ ਪਿੱਛੇ ਹੋ ਲਿਆ। ਲੋਕਾਂ ਨੇ ਕੁੜੀ ਨੂੰ ਹਸਪਤਾਲ ਵਾਲ਼ਿਆਂ ਦੇ ਸਪੁਰਦ ਕੀਤਾ ਅਤੇ ਚਲੇ ਗਏ।
ਕੁੱਝ ਦੇਰ ਉਹ ਇੰਝ ਹੀ ਹਸਪਤਾਲ ਦੇ ਬਾਹਰ ਲੱਗੇ ਹੋਏ ਲੱਕੜਾਂ ਦੇ ਖੰਭੇ ਨਾਲ਼ ਲੱਗ ਕੇ ਖੜਾ ਰਿਹਾ। ਫੇਰ ਹੌਲ਼ੀ-ਹੌਲ਼ੀ ਅੰਦਰ ਚਲਾ ਗਿਆ। ਕਮਰੇ ਵਿੱਚ ਕੋਈ ਨਹੀਂ ਸੀ। ਇੱਕ ਸਟਰੈਚਰ ਸੀ, ਜਿਸ ਉੱਤੇ ਇੱਕ ਲਾਸ਼ ਪਈ ਸੀ। ਸਰਾਜੁਦੀਨ ਛੋਟੇ-ਛੋਟੇ ਕਦਮ ਚੁੱਕਦਾ ਹੋਇਆ ਉਸ ਵੱਲ ਵਧਿਆ। ਕਮਰੇ ਵਿੱਚ ਰੌਸ਼ਨੀ ਹੋਈ। ਸਰਾਜੁਦੀਨ ਨੇ ਲਾਸ਼ ਦੇ ਚਿਹਰੇ ਉੱਤੇ ਚਮਕਦਾ ਹੋਇਆ ਤਿਲ ਦੇਖਿਆ ਅਤੇ ਚੀਕਿਆ, “ਸਕੀਨਾ।”
ਸਰਾਜੁਦੀਨ ਦੇ ਹਲ਼ਕ ਵਿੱਚੋਂ ਸਿਰਫ਼ ਇੰਨਾ ਨਿੱਕਲ਼ ਸਕਿਆ, “ਜੀ ਮੈਂ … ਜੀ ਮੈਂ … ਇਸਦਾ ਬਾਪ ਹਾਂ।”
ਡਾਕਟਰ ਨੇ ਸਟਰੈਚਰ ‘ਤੇ ਪਈ ਲਾਸ਼ ਦੀ ਨਬਜ਼ ਦੇਖੀ ਅਤੇ ਸਰਾਜੁਦੀਨ ਨੂੰ ਕਿਹਾ, “ਖਿੜਕੀ ਖੋਲ੍ਹ ਦੋ।”
ਸਕੀਨਾ ਦੇ ਮੁਰਦਾ ਜਿਸਮ ਵਿੱਚ ਹਲਚਲ ਹੋਈ। ਬੇਜਾਨ ਹੱਥਾਂ ਨਾਲ਼ ਉਸਨੇ ਨਾਲ਼ਾ ਖੋਲ੍ਹ ਦਿੱਤਾ ਅਤੇ ਸਲਵਾਰ ਹੇਠਾਂ ਖਿਸਕਾ ਦਿੱਤੀ। ਬੁੱਢਾ ਸਰਾਜੁਦੀਨ ਖ਼ੁਸ਼ੀ ਨਾਲ਼ ਚੀਕਿਆ, “ਜਿਉਂਦੀ ਹੈ — ਮੇਰੀ ਧੀ ਜਿਉਂਦੀ ਹੈ।”
ਡਾਕਟਰ ਸਿਰ ਤੋਂ ਪੈਰ ਤੱਕ ਪਸੀਨੇ ਵਿੱਚ ਗਰਕ ਹੋ ਗਿਆ।

...
...

ਬਾਈਪਾਸ ਲੁਧਿਆਣਾ ਜਲੰਧਰ……ਬੱਸ ਗੋਬਿੰਦਗੜ੍ਹ ਅੱਡੇ ਤੇ ਆ ਕੇ ਰੁਕੀ ਤੇ ਕਿਰਨ ਬੱਸ ਵਿੱਚ ਬੈਠ ਗਿਆ ਅਤੇ ਉਸਦੇ ਨਾਲ ਹੀ ਇੱਕ ਬਹੁਤ ਹੀ ਪੜੀ ਲਿਖੀ ਲੱਗਦੀ ਕੁੜੀ ਆ ਕੇ ਬੈਠ ਗਈ ਜੋ ਕਿ ਬੱਸ ਦੇ ਆਉਣ ਤੋਂ ਪਹਿਲਾਂ ਕਿਰਨ ਦੇ ਸਾਹਮਣੇ ਖੜੀ ਬੱਸ ਦਾ ਹੀ ਇੰਤਜਾਰ ਕਰ ਰਹੀ ਸੀ।
ਬੱਸ ਵਿੱਚ ਬੈਠਦਿਆਂ ਹੀ ਕੁੜੀ ਨੇ ਅਪਣੇ ਬੈਗ ਵਿੱਚੋਂ ਇੱਕ ਰਸਾਲਾ ਕੱਢਿਆ ਤੇ ਪੜਨਾ ਸ਼ੁਰੂ ਕਰ ਦਿੱਤਾ। ਅਚਾਨਕ ਹੀ ਕਿਰਨ ਦੀ ਨਿਗ੍ਹਾ ਉਸ ਰਸਾਲੇ ਵਿੱਚ ਛਪੀ ਅਪਣੀ ਹੀ ਕਹਾਣੀ ਤੇ ਪਈ ਤੇ ਸੰਯੋਗ ਨਾਲ ਓਹ ਕੁੜੀ ਵੀ ਓਹੋ ਹੀ ਕਹਾਣੀ ਪੜ ਰਹੀ ਸੀ। ਇਹ ਦੇਖਕੇ ਕਿਰਨ ਨੂੰ ਬਹੁਤ ਖੁਸ਼ੀ ਹੋਈ ਕੇ ਕੁੜੀ ਉਸਦੀ ਲਿਖੀ ਕਹਾਣੀ ਪੜ ਰਹੀ ਹੈ ਤੇ ਨਾਲ ਹੀ ਓਹ ਸੋਚਣ ਲੱਗਾ ਕਿ ਕਾਸ਼ ਮੈਂ ਇਸਨੂੰ ਦੱਸ ਦੇਵਾਂ ਕੇ ਜੋ ਕਹਾਣੀ ਓਹ ਪੜ ਰਹੀ ਹੈ ਉਸਦਾ ਲੇਖਕ ਮੈਂ ਹਾਂ ਤਾਂ ਇਸਦੀ ਨਜਰ ਚ‘ ਮੇਰਾ ਆਹੁਦਾ ਕਿੰਨਾ ਊੱਚਾ ਹੋ ਜਾਏਗਾ। ਪਰ ਓਹ ਕਹਾਵਤ ਕੇਹੜਾ ਝੂਠੀ ਆ ਕਿ “ਮੇਰੇ ਮਨੁ ਕਛੁ ਔਰ, ਵਿਧਾਤਾ ਕੇ ਕਛੁ ਔਰ” ਉਸਨੂੰ ਸੋਚਦੇ ਹੋਏ ਪਤਾ ਹੀ ਨਾ ਲੱਗਾ ਕਿ ਕਦੋਂ ਉਸਦਾ ਪੈਰ ਉਸ ਕੁੜੀ ਦੇ ਪੈਰ ਨਾਲ ਟਕਰਾ ਕੇ ਪਿੱਛਾਂਹ ਹੱਟ ਗਿਆ ਤੇ ਕਿਰਨ ਦੇ ਬੋਲਣੋਂ ਪਹਿਲਾਂ ਹੀ ਕੁੜੀ ਨੇ ਲਾਲ ਪੀਲੀਆਂ ਜਿਹੀਆਂ ਅੱਖਾਂ ਦੀ ਘੂਰੀ ਵੱਟ ਕੇ ਉਸਨੂੰ ਨੀਵੀਂ ਪਾਉਣ ਲਈ ਮਜਬੂਰ ਕਰ ਦਿੱਤਾ।

ਨੀਵੀਂ ਪਾ ਕੇ ਕਿਰਨ ਸੋਚਣ ਲੱਗਾ ਕਿ ਸ਼ਾਇਦ ਓਹ ਕੁੜੀ ਉਸਨੂੰ ਇਹ ਕਹਿ ਰਹੀ ਸੀ ਕੇ ਇਸ ਕਹਾਣੀ ਦੇ ਲੇਖਕ ਦੇ ਵਿਚਾਰ ਤੇਰੀਆਂ ਹਰਕੱਤਾਂ ਨਾਲੋ ਕਿਤੇ ਜਿਆਦਾ ਵਧੀਆ ਨੇ ਤੇ ਤੂੰ ਤਾਂ ਓਹਦੇ ਪੈਰਾਂ ਵਰਗਾ ਵੀ ਨਹੀ? ਤੇਰਾ ਤੇ ਓਸਦਾ ਕਿੰਨਾ “ਫਰਕ” ਐ।

ਇਹ ਸੋਚਦੇ ਹੋਏ ਉਸਦੇ ਦਿਲ ਦੀ ਦਿਲ ਵਿੱਚ ਹੀ ਰਹਿ ਗਈ ਅਤੇ ਕੰਡੱਕਟਰ ਨੇ ਆ ਕੇ ਉਸਦੇ ਸੁਫਨਿਆਂ ਦੀ ਲੜੀ ਤੋੜ ਦਿੱਤੀ।

“ਹਾਂਜੀ ਬਾਈ ਜੀ, ਕਿੱਥੇ ਜਾਣੈਂ ?

ਕਿਰਨ ਨੇ ਹੱਥ ਵਿੱਚ ਫੜੇ ਚਾਰ ਰੁਪਏ ਉਸਨੂੰ ਫੜਾ ਦਿੱਤੇ ਬਾਹਰ ਵੱਲ ਨੂੰ ਝਾਕਿਆ, ਬੱਸ ਉਸਦੇ ਅੱਡੇ ਤੇ ਖੜੀ ਸੀ ਤੇ ਓਹ ਫਟਾਫਟ ਬੱਸ ਵਿੱਚੋਂ ਉੱਤਰਿਆ ਅਤੇ ਬੱਸ ਸਟੈਂਡ ਵਿੱਚੋਂ ਨਿੱਕਲਕੇ ਕਾਫੀ ਦੂਰ ਜਾਣ ਤੱਕ ਬੱਸ ਚ’ ਬੈਠੀ ਓਸ ਕੁੜੀ ਨੂੰ ਪਿਛਾਂਹ ਮੁੜ ਕੇ ਦੇਖਦਾ ਰਿਹਾ। ਬੱਸ ਸਟੈਂਡ ਓਹਲੇ ਹੋਣ ਮਗਰੋਂ ਉਸਨੂੰ ਇੰਝ ਲੱਗਾ ਜਿਵੇਂ ਕਾਲੇ ਬੱਦਲਾਂ ਨੇ ਆ ਕੇ ਚੰਨ ਨੂੰ ਲੁਕੋ ਲਿਆ ਹੋਵੇ। ਕੁੱਝ ਪਲਾਂ ਬਾਅਦ ਹੀ ਕਿਰਨ ਅਪਣੇ ਆਫਿੱਸ ਪੁੱਜ ਗਿਆ ਤੇ ਮੁੜ ਕਦੇ ਵੀ ਕਿਤੇ ਵੀ ਓਸ ਕੁੜੀ ਨੂੰ ਨਾ ਮਿਲ ਪਾਇਆ।

ਸੁੱਖਵਿੰਦਰ ਸਿੰਘ ਵਾਲੀਆ
+91-8699488504
ਵੱਟਸਐਪ ਨੰਬਰ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)