ਬਹੁਤ ਚਿਰ ਪਹਿਲਾਂ ਦੀ ਗੱਲ ਏ..ਅੰਮ੍ਰਿਤਸਰੋਂ ਕੂਰੁਕਸ਼ੇਤਰ ਜਾ ਰਿਹਾ ਸਾਂ..ਬਿਆਸ ਤੋਂ ਇੱਕ ਸਰਦਾਰ ਜੀ ਚੜੇ ਤੇ ਨਾਲ ਵਾਲੀ ਸੀਟ ਤੇ ਆਣ ਬੈਠੇ..
ਘੜੀ ਕੂ ਮਗਰੋਂ ਓਹਨਾ ਮੇਰੀ ਪੜ੍ਹਾਈ..ਪਰਿਵਾਰ..ਭੈਣ ਭਰਾਵਾਂ ਅਤੇ ਅੱਗੋਂ ਦੀ ਪਲੈਨਿੰਗ ਬਾਰੇ ਕਿੰਨੇ ਸਾਰੇ ਸਵਾਲ ਪੁੱਛ ਲਏ..!
ਤਕਰੀਬਨ ਦਸ ਕੁ ਵਜੇ ਗੱਡੀ ਲੁਧਿਆਣੇ ਅੱਪੜ ਗਈ..ਸਬੱਬ ਨਾਲ ਓਥੋਂ ਓਹਨਾ ਦਾ ਕੋਈ ਪੂਰਾਣਾ ਦੋਸਤ ਅੰਦਰ ਆਣ ਵੜਿਆ..ਗੱਲਬਾਤ ਤੋਂ ਲੱਗਾ ਦੋਵੇਂ ਪੰਦਰਾਂ ਵੀਹ ਕੂ ਸਾਲਾਂ ਮਗਰੋਂ ਮਿਲੇ ਸਨ..!
ਬਿਆਸ ਵਾਲੇ ਸਰਦਾਰ ਹੁਰਾਂ ਆਪਣੀਆਂ ਮਿੱਲਾਂ,ਕੋਠੀਆਂ,ਕਾਰੋਬਾਰ,ਪਰਿਵਾਰ,ਸਿਆਸੀ ਵਾਕਫ਼ੀਆਂ ਅਤੇ ਆਪਣੀ ਉੱਪਰ ਤੱਕ ਦੀ ਪਹੁੰਚ ਦਾ ਖਲਾਰਾ ਜਿਹਾ ਪਾ ਦਿੱਤਾ..
ਲੁਧਿਆਣਿਓਂ ਚੜੇ ਦੂਜੇ ਅੰਕਲ ਨੇ ਵੀ ਅੱਗੋਂ ਜਾਇਦਾਦ, ਵਿਦੇਸ਼ ਰਹਿੰਦੇ ਬੱਚਿਆਂ, ਦਾਖੇ ਅਤੇ ਹੋਰ ਇਲਾਕਿਆਂ ਵਿਚ ਬਣਾਏ ਕਿੰਨੇ ਸਾਰੇ ਫਾਰਮ ਹਾਊਸਾਂ, ਸਰਕਾਰੇ ਦਰਬਾਰੇ ਪਹੁੰਚ ਅਤੇ ਸਰਕਾਰ ਵੱਲੋਂ ਦਿੱਤੇ ਗੰਨਮੈਨਾਂ ਬਾਰੇ ਗੱਲਾਂ ਦੱਸ ਪ੍ਰਭਾਵਿਤ ਕਰਨ ਦੀ ਪੂਰੀ ਵਾਹ ਜਿਹੀ ਲਾ ਦਿੱਤੀ..
ਮੇਰੀ ਬੋਧਿਕਤਾ ਨਾਂਹ ਦੇ ਬਰੋਬਰ ਸੀ..ਉੱਚੇ ਪੱਧਰ ਦੀਆਂ ਵੱਡੀਆਂ ਗੱਲਾਂ ਸੁਣ ਜ਼ਿਹਨ ਤੇ ਹੀਣ ਭਾਵਨਾ ਭਾਰੂ ਹੋਣੀ ਸ਼ੁਰੂ ਹੋ ਗਈ..ਆਪਣਾ ਆਪ ਬੜਾ ਹੀ ਛੋਟਾ ਲੱਗਣ ਲੱਗ ਪਿਆ..ਸੋਚਣ ਲੱਗਾ ਜੇ ਡੈਡ ਦੇ ਰੇਲਵੇ ਦਾ ਪਾਸ ਨਾ ਹੋਵੇ ਤਾਂ ਇਸ ਏ .ਸੀ. ਡੱਬੇ ਦੀ ਟਿਕਟ ਤੱਕ ਖਰੀਦਣੀ ਵੀ ਪਹੁੰਚ ਤੋਂ ਬਾਹਰ ਸੀ..!
ਦੁਪਹਿਰੇ ਸਾਢੇ ਕੁ ਬਾਰਾਂ ਵਜੇ ਗੱਡੀ ਮੰਜਿਲ ਤੇ ਆਣ ਪਹੁੰਚੀ..
ਟੇਸ਼ਨ ਤੋਂ ਯੂਨੀਵਰਸਿਟੀ ਤੱਕ ਆਟੋ ਵਿਚ ਬੈਠੇ ਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਕਿਸੇ ਔਖੀ ਕੈਦ ਵਿਚੋਂ ਨਿੱਕਲ ਕੇ ਖੁੱਲੀ ਹਵਾ ਵਿਚ ਆ ਗਿਆ ਹੋਵਾਂ..
ਅੱਜ ਜਦੋਂ ਉਹ ਮੰਜ਼ਰ ਚੇਤੇ ਆਉਂਦਾ ਏ ਤਾਂ ਇੰਝ ਲਗਦਾ ਜਿੱਦਾਂ ਉਸ ਦਿਨ ਦੋ ਦੋਸਤ ਨਹੀਂ ਸਗੋਂ ਓਹਨਾਂ ਦੀਆਂ ਜਾਇਦਾਦਾਂ ਅਤੇ ਵੱਡੇ ਪੱਧਰ ਦੀ ਸਿਆਸੀ ਪਹੁੰਚ ਆਪਸ ਵਿਚ ਮਿਲਣੀ ਕਰ ਰਹੀਆਂ ਸਨ।
ਓਹੀ ਮਿਲਣੀ ਜਿਹੜੀ ਓਹਨੀਂ ਦਿੰਨੀ ਵਿਆਹਾਂ ਮੌਕੇ...
ਆਮ ਹੀ ਦੇਖਣ ਨੂੰ ਮਿਲ ਜਾਇਆ ਕਰਦੀ ਸੀ..
ਸ਼ਾਪਾਂ-ਛੱਲੇ ਪਾਏ ਜਾਂਦੇ..ਕੰਬਲ ਵੀ ਵਟਾਏ ਜਾਂਦੇ ਤੇ ਫੇਰ ਇੱਕ ਦੂਜੇ ਤੇ ਭਾਰੂ ਹੋਣ ਲਈ ਦੂਜੀ ਧਿਰ ਨੂੰ ਜੱਫੀ ਵਿਚ ਲੈ ਕੇ ਉੱਚਾ ਚੁੱਕ ਦਿੱਤਾ ਜਾਂਦਾ..ਜਿਹੜੀ ਧਿਰ ਦੂਜੇ ਨੂੰ ਪੈਰੋਂ ਕੱਢ ਦੀਆ ਕਰਦੀ..ਅਕਸਰ ਹੀ ਮਹਾਨ ਮੰਨੀ ਜਾਂਦੀ..।
ਹੁਣ ਭਾਵੇਂ ਵਿਆਹਾਂ ਦੇ ਸਰੂਪ ਬਿਲਕੁਲ ਬਦਲ ਜਿਹੇ ਗਏ ਨੇ ਪਰ ਅਜੇ ਵੀ ਓਸੇ ਤਰਾਂ ਦੀ ਉਚੇਚੀ ਮਿਲਣੀ ਕਰਦੇ ਅਨੇਕਾਂ ਲੋਕ ਅਕਸਰ ਹੀ ਮਿਲ ਜਾਇਆ ਕਰਦੇ ਨੇ।
ਸੋ ਐਸੀਆਂ ਮਿਲਣੀਆਂ ਤੋਂ ਪ੍ਰਭਾਵਿਤ ਨਾ ਹੋਇਆ ਜਾਵੇ ਤੇ ਨਾ ਹੀਣ ਭਾਵਨਾ ਦੀ ਝੋਲੀ ਵਿਚ ਹੀ ਜਾ ਡਿੱਗਿਆ ਜਾਵੇ..ਹੀਣ ਭਾਵਨਾ ਇੱਕ ਐਸੀ ਮਾਨਸਿਕਤਾ ਏ ਜਿਹੜੀ ਚੰਗੇ ਭਲੇ ਇਨਸਾਨ ਦੀ ਵਿਲੱਖਣਤਾ ਨੂੰ ਕਾਲੇ ਕੱਪੜੇ ਨਾਲ ਢੱਕ ਦਿੰਦੀ ਏ ਅਤੇ ਸਾਹ ਸੱਤ ਹੀਣ ਹੋਇਆ ਉਹ ਹਮਾਤੜ ਆਪਣੀਆਂ ਕਮੀਆਂ ਅਤੇ ਨੁਕਸ ਦੇਖਦਾ ਹੀ ਰਹਿ ਜਾਂਦਾ ਏ..!
ਵਿਖਾਵਾ ਕਰਦੇ ਲੋਕਾਂ ਦੀ ਬਸ ਇਹੀ ਮਨਸ਼ਾ ਹੁੰਦੀ ਕੇ ਓਹਨਾਂ ਦੀ ਚਕਾ-ਚੌਂਧ ਤੋਂ ਪ੍ਰਭਾਵਿਤ ਹੋ ਕੇ ਅਸੀ ਓਹਨਾ ਸਾਹਵੇਂ ਗੋਡੇ ਟੇਕ ਦੇਈਏ..ਤੇ ਉਹ ਸਾਡੇ ਗਲ਼ ਪਟਾ ਪਾ ਸਾਨੂੰ ਪਾਲਤੂ ਜਾਨਵਰ ਵਾਂਗ ਆਪਣੇ ਪਿੱਛੇ-ਪਿੱਛੇ ਲਈ ਫਿਰਨ।
ਦੱਸਦੇ ਇੱਕ ਵਾਰ ਕੁਝ ਪੱਤਰਕਾਰ ਬਾਬਾ ਜਰਨੈਲ ਸਿੰਘ ਨੂੰ ਪੁੱਛਣ ਲੱਗੇ ਕੇ ਸੰਤ ਜੀ ਸੰਖੇਪ ਵਿਚ ਦੱਸਿਓ..ਦਿੱਲੀ ਨਾਲ ਆਖਿਰ ਤੁਹਾਡਾ ਰੌਲਾ ਹੈ ਕੀ?
ਅੱਗੋਂ ਹੱਸਦੇ ਹੋਏ ਆਖਣ ਲੱਗੇ ਭਰਾਵੋ ਉਹ ਕਹਿੰਦੇੇ ਨੇ ਕੇ ਧੌਣ ਨੀਵੀਂ ਕਰ ਤੁਰਿਆ ਕਰ ਤੇ ਮੈਂ ਅੱਗੋਂ ਆਖ ਦਿੰਦਾ ਹਾਂਂ ਕੇ ਦਸਮ ਪਿਤਾ ਨੇ ਮੈਨੂੰ ਹਮੇਸ਼ਾਂ ਉਚੀ ਕਰ ਕੇ ਹੀ ਵਿੱਚਰਨਾ ਸਿਖਾਇਆ ਏ”
ਹਰਪ੍ਰੀਤ ਸਿੰਘ ਜਵੰਦਾ