ਇਕ ਹੋਰ ਮਜ਼ਾਹੀਆ ਗੱਲ ਯਾਦ ਆ ਗਈ… ਇਹ ਗੱਲ ਸ਼ਾਇਦ 1982 ਜਾਂ 83 ਦੀ ਆ… ਮੇਰਾ ਇੱਕ “ਯਾਰ ਚਾਚਾ” ਆ, “ਯਾਰ ਚਾਚਾ” ਲਫ਼ਜ਼ ਮੈਂ ਇਸ ਲਈ ਵਰਤਿਆ ਕਿ ਮੇਰਾ ਇਹ ਚਾਚਾ ਮੇਰੇ ਨਾਲੋਂ ਸਿਰਫ ਕੁਝ ਮਹੀਨੇ ਹੀ ਵੱਡਾ… ਦਰਅਸਲ ਮੇਰੇ ਦਾਦਾ ਜੀ ਸਭ ਤੋਂ ਵੱਡੇ ਸੀ ਪਰਿਵਾਰ ਚ ਤੇ ਇਹਨਾਂ ਦੇ ਤਿੰਨ ਹੋਰ ਭਰਾ ਸਨ ਤੇ ਮੇਰਾ ਯਾਰ ਚਾਚਾ ਸਭ ਤੋਂ ਛੋਟੇ ਦਾਦਾ ਜੀ ਦਾ ਸਭ ਤੋਂ ਛੋਟਾ ਬੇਟਾ ਸੀ, ਤੇ ਮੈਂ ਆਪਣੇ ਦਾਦਾ ਜੀ ਦਾ ਸਭ ਤੋਂ ਵੱਡਾ ਪੋਤਰਾ… ਸੋ, ਉਮਰ ਤਕਰੀਬਨ ਇੱਕੋ ਜਿਹੀ ਹੋਣ ਕਰਕੇ ਸਦਾ ਦੋਹਾਂ ਦਾ ਬਰ ਬੜਾ ਮਿਚਦਾ ਸੀ… ਖਾਣਾ ਪੀਣਾ ਇਕੱਠਾ, ਸ਼ਰਾਰਤਾਂ ਚ ਹਮੇਸ਼ਾਂ ਦੋਹਾਂ ਦਾ ਹੱਥ ਇਕੱਠਾ ਹੋਣਾ, ਫੇਰ ਘਰੋਂ ਛਿੱਤਰ ਵੀ ਇਕੱਠਿਆਂ ਹੀ ਖਾਣੇ… ਹਾਈ ਸਕੂਲ ਵੀ ਇਕੱਠਿਆਂ ਹੀ ਪਾਸ ਕੀਤਾ ਨਵੇਂ ਪਿੰਡੋਂ.. ਖੈਰ ਜੀ, ਵਾਪਿਸ ਆਈਏ ਆਪਣੀ ਗੱਲ ਤੇ..
ਤਿੱਖੜ ਗਰਮੀਆਂ ਦੀ ਦੁਪਹਿਰ, ਕਾਲਿਜ ਤੋਂ ਬਾਅਦ ਮੈਂ ਸਿੱਧਾ ਪਿੰਡ ਘਰੇ ਗਿਆ ਤੇ ਜਾਂਦਿਆਂ ਹੀ ਸਿੱਧਾ ਛੋਟੇ ਦਾਦਾ ਜੀ ਦੇ ਘਰੇ ਗਿਆ.. ਜਾਂਦਿਆਂ ਹੀ ਬੀਜੀ ਨੂੰ ਪੁੱਛਿਆ ਕਿ ਚਾਚਾ ਕਿਥੇ ਆ?? ਅੱਗੋਂ ਹੱਸ ਕੇ ਬੀਜੀ ਕਹਿੰਦੇ, “ਕੀ ਗੱਲ, ਚਾਚੇ ਬਿਨਾਂ ਖੁੱਲ੍ਹ ਕੇ ਨਹੀਂ ਆਉਂਦੀ? ਚਾਚਾ ਤੇਰਾ ਬਾਹਰ ਆ ਖੇਤਾਂ ਚ ਤੇਰੇ ਦਾਰਜੀ ਨਾਲ, ਆ ਫੜ੍ਹ ਤੇਰੇ ਚਾਚੇ ਦੀ ਰੋਟੀ ਦੇ ਆ ਤੇ ਨਾਲੇ ਮਿਲ ਆ ਆਪਣੇ ਚਾਚੇ ਨੂੰ..”
ਮੈਂ ਚਾਈਂ ਚਾਈਂ ਰੋਟੀ ਚੁਕੀ ਤੇ ਆਪਣੇ ਮੋਟਰ ਸਾਈਕਲ ਤੇ ਜਾ ਪਹੁੰਚਿਆ ਚਾਚੇ ਕੋਲ… ਚਾਚੇ ਹੋਰਾਂ ਦੀ ਪੈਲੀ ਦਾ ਇੱਕ ਪਾਸਾ ਫਤਹਿਪੁਰ ਤੋਂ ਕਿਲ੍ਹਾ ਮੇਘਾ ਨੂੰ ਜਾਂਦੀ ਸੜਕ ਨਾਲ ਲਗਦਾ ਸੀ… ਚਾਚਾ ਓਸੇ ਪਾਸੇ ਵਾਲੀਆਂ ਪੈਲੀਆਂ ਚ ਸੀ ਤੇ ਦਾਰਜੀ ਕੋਈ 15 – 20 ਕੁ ਕਿੱਲੇ ਪਰ੍ਹਾਂ ਟਿਊਬਵੈੱਲ ਤੇ ਧਰੇਕ ਦੀ ਛਾਵੇਂ ਕੁਰਸੀ ਤੇ ਬੈਠੇ ਨਜ਼ਰ ਆ ਰਹੇ ਸੀ… ਖੈਰ ਜੀ, ਮੈਂ ਆਪਣਾ ਮੋਟਰਸਾਈਕਲ ਸੜਕ ਦੇ ਕੰਢੇ ਲਾ, ਚਾਚੇ ਕੋਲ ਆ ਗਿਆ ਰੋਟੀ ਲੈ ਕੇ.. ਚਾਚੇ ਨੇ ਮੈਨੂੰ ਦੂਰੋਂ ਹੀ ਆਉਂਦਿਆਂ ਵੇਖ, ਪਹਿਲੋਂ ਹੀ ਟਾਹਲੀਆਂ ਦੀ ਛਾਵੇਂ ਮੰਜਾ ਡਾਹ ਲਿਆ ਸੀ… ਚਾਚੇ ਨੇ ਪਸੀਨੇ ਨਾਲ ਭਿੱਜੀ ਕਮੀਜ਼ ਲਾਹ, ਮੰਜੇ ਤੇ ਬਹਿ ਕੇ ਰੋਟੀ ਖਾਣੀ ਸ਼ੁਰੂ ਕਰਤੀ ਤੇ ਮੈਂ ਵੀ ਆਪਣੀ ਪਸੀਨੇ ਨਾਲ ਭਿੱਜੀ ਕਮੀਜ਼ ਲਾਹ, ਓਸੇ ਮੰਜੇ ਤੇ ਚਾਚੇ ਕੋਲ ਹੀ ਬਹਿ ਕੇ ਓਸੇ ਵਿਚੋਂ ਹੀ ਰੋਟੀ ਖਾਣ ਲੱਗ ਪਿਆ…
ਬੀਜੀ ਨੇ ਰੋਟੀ ਚ ਦੋ ਹਰੀਆਂ ਮਿਰਚਾਂ ਵੀ ਰੱਖੀਆਂ ਹੋਈਆਂ ਸੀ ਪਰ ਚਾਚੇ ਨੇ ਉਹਨਾਂ ਨੂੰ ਹੱਥ ਵੀ ਨੀ ਲਾਇਆ… ਮੈਂ ਇੱਕ ਮਿਰਚ ਦੀ ਡੰਡੀ ਨੂੰ ਤੋੜਕੇ ਚਾਚੇ ਵੱਲ ਵਧਾਈ ਤੇ ਹੱਸ ਕੇ ਕਿਹਾ ਕੀ ਚਾਚਾ, ਕੀ ਗੱਲ, ਮਿਰਚ ਨਾਲ ਲੜਾਈ ਆ? ਖਾਂਦਾ ਨਹੀਂ? ਚਾਚਾ ਅੱਗੋਂ ਕਹਿੰਦਾ, ਨਹੀਂ ਯਾਰ, ਇਹ ਮਿਰਚਾਂ ਕੌੜੀਆਂ ਬਹੁਤ ਆ, ਧੁਆਂ ਕਢਾ ਦਿੰਦੀਆਂ ਨਾਸਾਂ ਚੋਂ… ਮੈਨੂੰ ਪਤਾ ਨਹੀਂ ਕਿਥੋਂ ਇੱਲਤ ਸੁਝੀ, ਮੈਂ ਉਹ ਹੱਥ ਚ ਫੜ੍ਹੀ ਮਿਰਚ ਚਾਚੇ ਦੇ ਨੰਗੇ ਪਿੰਡ ਤੇ ਘਸਾ ਦਿੱਤੀ… ਚਾਚੇ ਨੇ “ਦੁਰ ਫਿੱਟੇ ਮੂੰਹ” ਆਖ ਦੂਜੀ ਮਿਰਚ ਫੜ੍ਹ ਮੇਰੇ ਪਿੰਡੇ ਤੇ...
ਘਸਾ ਦਿੱਤੀ…
ਦੋ ਕੁ ਮਿੰਟਾਂ ਬਾਅਦ ਗਰਮੀ ਤੇ ਪਸੀਨੇ ਨੇ ਆਪਣਾ ਰੰਗ ਵਖਾਉਣਾ ਸ਼ੁਰੂ ਕਰਤਾ ਤੇ ਸਾਡੇ ਦੋਹਾਂ ਦੇ ਪਿੰਡੇ ਲਾਲ ਸੂਹੇ ਹੋ ਗਏ ਤੇ ਨਾਲੇ ਬਹੁਤ ਬੁਰੀ ਤਰ੍ਹਾਂ ਸਾੜ ਪੈਣ ਲੱਗ ਗਿਆ.. ਅਸੀਂ ਦੋਵੇਂ ਹੀ ਬਹੁਤ ਹੀ ਬੁਰੀ ਤਰ੍ਹਾਂ ਭੁੜੱਕ ਕੇ ਮੰਜੇ ਤੋਂ ਉੱਠ ਖੜ੍ਹੇ ਹੋਏ ਤੇ ਆਪਣੀਆਂ ਕਮੀਜ਼ਾਂ ਫੜ੍ਹ ਲੱਗੇ ਜ਼ੋਰ ਜ਼ੋਰ ਦੀ ਆਪੋ ਆਪਣੇ ਪਿੰਡੇ ਰਗੜਨ… ਪਰ ਜੀ, ਸਾੜ ਆਖੇ ਕਿ ਅੱਜ ਜਾਂਦੇ ਕਿਥੇ ਹੋ?? ਅਸੀਂ ਦੋਵੇਂ ਫੇਰ ਲੱਗੇ ਇੱਕ ਦੂਜੇ ਦੇ ਪਿੰਡੇ ਰਗੜਨ ਕਮੀਜ਼ਾਂ ਨਾਲ ਤੇ ਨਾਲੇ ਭੁੜਕੀ ਜਾਈਏ ਤੇ ਨਾਲ ਇੱਕ ਦੂਜੇ ਨੂੰ ਕੋਸੀ ਜਾਈਏ ਕਿ ਕਿਸ ਯੱਭ ਚ ਫੱਸ ਗਏ… ਫੇਰ ਜੀ ਅਸੀਂ ਦੋਵੇਂ ਅੱਗੜ ਪਿੱਛੜ ਵਾਹੋ ਦਾਹੀ ਭੱਜੇ ਪਾਣੀ ਆਲੇ ਖਾਲ ਵੱਲ, ਜਿਹਦੇ ਚ ਸਾਡੇ ਦਾਰਜੀ ਨੇ ਪਾਣੀ ਛਡਿਆ ਹੋਇਆ ਸੀ ਪੈਲੀਆਂ ਨੂੰ ਲਾਉਣ ਵਾਸਤੇ… ਅਸੀਂ ਦੋਵੇਂ ਲੱਗੇ ਜੀ ਫੇਰ ਖਾਲ ਚ ਲੇਟਣੀਆਂ ਮਾਰਨ… ਜਿੰਨਾਂ ਚਿਰ ਪਾਣੀ ਚ ਰਹੀਏ ਤਾਂ ਅਰਾਮ ਮਿਲੇ ਤੇ ਜਦੋਂ ਖਾਲ ਚੋਂ ਬਾਹਰ ਨਿਕਲੀਏ, ਫੇਰ ਮਿਰਚਾਂ ਲੜਨ ਤੇ ਯਾਰ ਹੋਰੀਂ ਫੇਰ ਛਾਲ ਮਾਰ ਖਾਲ ਚ ਲੇਟਣੀਆਂ ਮਾਰਨ ਲੱਗ ਜਾਣ… ਪਤਾ ਨਾ ਲੱਗੇ ਕਿ ਕੀ ਕਰੀਏ…
ਖੈਰ ਜੀ, ਸਾਡੇ ਦਾਰਜੀ ਦੂਰੋਂ ਇਹ ਤਮਾਸ਼ਾ ਵੇਖ ਰਹੇ ਸੀ ਤੇ ਹੈਰਾਨ ਹੋ ਰਹੇ ਸੀ ਕਿ ਇਹ ਦੋਵੇਂ ਭਲਵਾਨ ਕੀ ਕਰੀ ਜਾ ਰਹੇ ਨੇ, ਕਦੀ ਏਧਰ ਓਧਰ ਭੱਜਦੇ ਆ, ਕਦੇ ਖਾਲ ਚ ਲਿੱਟਣ ਲਗ ਜਾਂਦੇ ਆ… ਉਹਨਾਂ ਨੂੰ ਲੱਗਿਆ ਕਿ ਸ਼ਾਇਦ ਕਿਤੇ ਕੋਈ ਮਖਿਆਲ (ਡੂਮਣਾ) ਛਿੜ ਗਿਆ ਤੇ ਇਹਨਾਂ ਨੂੰ ਲੜ ਰਿਹਾ ਆ… ਉਹ ਤੇ ਸਾਡਾ ਇੱਕ ਕਾਮਾ ਵਿਚਾਰੇ ਕੰਬਲ ਚੁੱਕੀ ਸਾਡੇ ਕੋਲ ਵਾਹੋ ਦਾਹੀ ਭੱਜੇ ਆਏ ਤੇ ਅਸੀਂ ਪਾਣੀ ਆਲੇ ਖਾਲ ਚ ਲੰਮੇ ਪਿਆਂ ਪਿਆਂ ਉਹਨਾਂ ਨੂੰ ਆਪਣੀ ਕਹਾਣੀ ਸੁਣਾਈ..
ਸਾਡੇ ਕੋਲੋਂ ਅਸਲੀਅਤ ਸੁਣਕੇ ਦਾਰਜੀ ਦੇ ਮੂੰਹੋਂ ਵੱਡੀ ਸਾਰੀ ਚੋਂਦੀ ਚੋਂਦੀ ਗਾਹਲ ਨਿਕਲੀ ਤੇ ਜ਼ੋਰ ਦੇਣੀ ਹੱਸ ਹੱਸ ਕਹਿੰਦੇ, “ਲੱਖ ਲਾਹਨਤ ਆ ਤੁਹਾਡੀ ਕਰਤੂਤ ਤੇ…!! ਕੰਜਰੋ, ਆਹ ਖਾਲ ਦੀ ਗਿੱਲੀ ਮਿੱਟੀ ਮਲੋ ਇੱਕ ਦੂਜੇ ਦੇ ਪਿੰਡੇ ਤੇ, ਫੇਰ ਨਿਕਲੋ ਬਾਹਰ…”
ਫੇਰ ਜੀ ਉਹ ਸੀਨ ਵੇਖਣ ਵਾਲਾ ਸੀ… ਦਾਰਜੀ ਤੇ ਸਾਡਾ ਕਾਮਾ ਖਾਲ ਦੇ ਬੰਨੇ ਤੇ ਖੜ੍ਹੇ ਹੱਸ ਹੱਸ ਦੂਹਰੇ ਤੀਹਰੇ ਹੋਈ ਜਾਣ, ਮੈਂ ਤੇ ਮੇਰਾ “ਯਾਰ ਚਾਚਾ” ਇੱਕ ਦੂਜੇ ਦੇ ਪਿੰਡੇ ਤੇ ਖਾਲ ਦੀ ਮਿੱਟੀ ਮਲੀਏ ਤੇ ਫੇਰ ਭਬੂਤੀ ਆਲੇ ਦੋ ਸਾਧ ਬਣੇ, ਅੱਖਾਂ ਨੀਵੀਂਆ ਕਰੀ, ਹੱਥ ਬੰਨੇ ਦਾਰਜੀ ਦੇ ਮੂਹਰੇ ਖੜ੍ਹੇ…. ਇਸ ਗੱਲ ਨੂੰ ਵੀ ਹੁਣ ਕੋਈ 39 – 40 ਸਾਲ ਹੋ ਗਏ ਨੇ… ਪਰ ਹੁਣ ਵੀ ਜਦੋਂ ਅਸੀਂ ਚਾਚਾ ਭਤੀਜ ਇਸ ਗੱਲ ਨੂੰ ਯਾਦ ਕਰਦੇ ਹਾਂ ਤਾਂ ਨਾਲੇ ਹੱਸਦੇ ਹਾਂ ਤੇ ਨਾਲੇ ਇੱਕ ਦੂਜੇ ਨੂੰ “ਦੁਰ ਫਿੱਟੇ ਮੂੰਹ” ਜ਼ਰੂਰ ਆਖੀਦਾ…
– ਹਰਤੇਜ ਸਿੰਘ ਸੰਧੂ