ਦੁੱਧ ਉੱਬਲ ਗਿਆ ਤਾਂ ਤੂਫ਼ਾਨ ਜਿਹਾ ਆ ਗਿਆ..
ਜਿੰਨੇ ਮੂੰਹ ਓਨੀਆਂ ਗੱਲਾਂ..ਕੀ ਫਾਇਦਾ ਏਨੀ ਪੜਾਈ ਦਾ..ਨਿੱਕੀ ਜਿੰਨੀ ਗੱਲ ਦਾ ਵੀ ਧਿਆਨ ਨਹੀਂ..
ਸੋਹਣੀ ਸ਼ਕਲ ਹੈ ਤਾਂ ਫੇਰ ਕੀ..ਜੇ ਜੁੰਮੇਵਾਰੀ ਦਾ ਇਹਸਾਸ ਹੀ ਨਹੀਂ..ਏਨੀ ਲਾਪਰਵਾਹੀ..ਬਿਨਾ ਪੜੀਆਂ ਇਸਤੋਂ ਸੌ ਦਰਜੇ ਚੰਗੀਆਂ..ਅਤੀਤ ਵਿਚ ਹੋਈਆਂ ਦਾ ਵੀ ਅੰਨੇਵਾਹ ਜਿਕਰ ਹੋਣਾ ਸ਼ੁਰੂ ਹੋ ਗਿਆ!
ਇੱਕ ਇੱਕ ਗੱਲ ਮੇਰੇ ਸੀਨੇ ਵਿਚ ਖੰਜਰ ਬਣ ਚੁੱਬ ਰਹੀ ਸੀ..!
ਅੰਬਰ ਵਿਚ ਕਿਧਰੇ ਤਾਰਾ ਬਣ ਬੈਠ ਗਿਆ ਡੈਡੀ ਜੀ ਬੜਾ ਚੇਤੇ ਆਇਆ!
ਅਖੀਰ ਹੰਜੂ ਵਗ ਤੁਰੇ..ਰਾਤਾਂ ਜਾਗ ਜਾਗ ਕੀਤੀ ਪੜਾਈ ਤੇ ਵੱਜਦੇ ਮੇਹਣੇ ਸੁਣ ਇੰਝ ਲੱਗਾ ਜਿੱਦਾਂ ਕੋਈ ਸਾਰੀਆਂ ਡਿਗਰੀਆਂ ਖੋਹ ਕੇ ਲੈ ਗਿਆ ਹੋਵੇ..!
ਸ਼ੀਸ਼ੇ ਮੂਹਰੇ ਖਲੋਤੀ ਨੂੰ ਆਪਣੀ ਸ਼ਕਲ ਤੋਂ ਵੀ ਨਫਰਤ ਜਿਹੀ ਹੋ ਗਈ!
ਏਨੇ ਨੂੰ ਕੰਮ ਵਾਲੀ ਬੀਜੀ ਦਾ ਬੂਹਾ ਖੜਕਿਆ..
ਗਿੱਲੀਆਂ ਅੱਖਾਂ ਵੇਖ ਸਾਰੀ ਗੱਲ...
ਸਮਝ ਗਈ..ਝੱਟ ਗਲ਼ ਨਾਲ ਲਾ ਲਿਆ..!
ਫੇਰ ਗੈਸ ਤੋਂ ਦੁੱਧ ਸਾਫ ਕਰਦੀ ਹੋਈ ਆਖਣ ਲੱਗੀ..
“ਫੇਰ ਕੀ ਹੋਇਆ ਧੀਏ..ਏਨੀਆਂ ਜੁੰਮੇਵਾਰੀਆਂ..ਇੱਕੋ ਵੇਲੇ ਕਿੰਨੇ ਪਾਸੇ ਧਿਆਨ..ਏਦਾਂ ਹੋ ਹੀ ਜਾਂਦਾ ਕਈ ਵਾਰ..ਤੇਰੀ ਯਾਦਸ਼ਕਤੀ ਦਾ ਤੇ ਸਾਰਾ ਮੁਹੱਲਾ ਕਾਇਲ ਏ..ਕਿਸੇ ਦਾ ਜਨਮ ਦਿਨ..ਤਿੱਥ ਤਿਉਹਾਰ..ਜੰਮਣੇ-ਸ਼ਗਨ ਸਵਾਰਥ..ਸਭ ਤੋਂ ਪਹਿਲਾਂ ਤੇਰੀ ਵਧਾਈ ਵਾਲਾ ਸੁਨੇਹਾ ਹੀ ਤਾਂ ਅੱਪੜਦਾ ਏ..”
ਚਾਰੇ ਪਾਸੇ ਮਿੱਠੀ ਜਿਹੀ ਚੁੱਪ ਪੱਸਰ ਗਈ..
ਕੱਖੋਂ ਹੌਲੀ ਹੋ ਗਈ ਮੈਂ ਇੱਕ ਵਾਰ ਫੇਰ ਪੈਰਾਂ ਸਿਰ ਹੋ ਗਈ..
ਇੰਝ ਲੱਗਾ ਕੋਈ ਚੋਰੀ ਹੋ ਗਈਆਂ ਡਿਗਰੀਆਂ ਉਂਝ ਦੀਆਂ ਉਂਝ ਹੀ ਵਾਪਿਸ ਮੋੜ ਗਿਆ ਹੋਵੇ!
ਹਰਪ੍ਰੀਤ ਸਿੰਘ ਜਵੰਦਾ