ਕਲੋਨੀ ਵਿਚ ਲੰਮੀ ਗੁੱਤ ਵਾਲੀ ਆਂਟੀ ਕਰਕੇ ਮਸ਼ਹੂਰ ਸਾਂ..
ਸੰਘਣੇ ਵਾਲਾਂ ਤੇ ਮਿਲਦੇ ਕਿੰਨੇ ਸਾਰੇ ਕੁਮੈਂਟਾਂ ਕਰਕੇ ਮੈਨੂੰ ਆਪਣੀ ਬੀਜੀ ਤੇ ਬੜਾ ਮਾਣ ਹੁੰਦਾ..!
ਨਿੱਕੇ ਹੁੰਦਿਆਂ ਦੇਸੀ ਘਿਓ ਨਾਲ ਕਿੰਨਾ ਕਿੰਨਾ ਚਿਰ ਮੇਰਾ ਸਿਰ ਝੱਸਦੀ ਉਹ ਹੁਣ ਅਕਸਰ ਹੀ ਬੜਾ ਚੇਤੇ ਆਉਂਦੀ ਸੀ..!
ਛੇ..ਸੱਤ ਸਾਲ ਦਾ ਉਹ ਪਿਆਰਾ ਜਿਹਾ ਬੱਚਾ..!
ਸਕੂਲ ਬੱਸ ਵਿਚ ਮੇਰੀ ਧੀ ਦੇ ਮਗਰ ਅਲਾਟ ਕੀਤੀ ਪੱਕੀ ਸੀਟ ਤੇ ਹੀ ਬੈਠਾ ਮਿਲਦਾ..!
ਨਿੱਕੀ ਤਾਂ ਬੱਸ ਅੰਦਰ ਵੜਦਿਆਂ ਹੀ ਬਾਕੀ ਬੱਚਿਆਂ ਨਾਲ ਰੁਝ ਜਾਇਆ ਕਰਦੀ ਪਰ ਪਤਾ ਨਹੀਂ ਕਿਓਂ ਉਹ ਮੇਰੇ ਵੱਲ ਵੇਖਣੋਂ ਨਾ ਹਟਦਾ..!
ਜਦੋਂ ਮੈਂ ਪਿੱਛੇ ਵੀ ਰਹਿ ਜਾਂਦੀ ਤਾਂ ਵੀ ਆਪਣੀ ਧੌਣ ਮੋੜ ਕਿੰਨੀ ਕਿੰਨੀ ਦੇਰ ਤੱਕ ਪਿੱਛੇ ਵੱਲ ਨੂੰ ਹੀ ਵੇਖਦਾ ਰਹਿੰਦਾ..!
ਅਕਸਰ ਸੋਚਦੀ ਪਤਾ ਨਹੀਂ ਕਿਸ ਚੀਜ ਦੀ ਤਲਾਸ਼ ਹੈ ਨਿੱਕੇ ਜਿਹੇ ਨੂੰ..!
ਜਰੂਰ ਘਰ ਅੱਗੇ ਲਾਏ ਸੋਹਣੇ ਸੋਹਣੇ ਫੁੱਲਾਂ ਨੂੰ ਵੇਖਦਾ ਹੋਣਾ..ਕਦੇ ਸੋਚਦੀ ਜਰੂਰ ਕਿਸੇ ਆਪਣੇ ਦਾ ਭੁਲੇਖਾ ਪੈਂਦਾ ਹੋਣਾ!
ਇੱਕ ਦਿਨ ਤਬੀਅਤ ਢਿੱਲੀ ਹੋਣ ਕਰਕੇ ਨਿੱਕੀ ਨੂੰ ਛੱਡਣ ਨਾ ਜਾ ਸਕੀ!
ਸ਼ਾਮੀ ਉਚੇਚਾ ਦੱਸਣ ਲੱਗੀ ਕੇ “ਜੋਤ” ਅੱਜ ਤੁਹਾਡੇ...
ਬਾਰੇ ਪੁੱਛ ਰਿਹਾ ਸੀ..ਤੇਰੇ ਮੰਮੀ ਛੱਡਣ ਕਿਓਂ ਨਹੀਂ ਆਈ..?
ਕਹਿੰਦਾ ਸੀ ਤੇਰੀ ਮੰਮੀ ਬੜੀ ਚੰਗੀ ਏ..ਖਾਸ ਕਰਕੇ ਉਸਦੀ ਲੰਮੀ ਗੁੱਤ..!
ਤੇ ਉਸਦੀ ਮਾਂ”?
ਮੈਂ ਆਪਮੁਹਾਰੇ ਪੁੱਛ ਲਿਆ!
ਉਹ ਤੇ ਨਿੱਕੇ ਹੁੰਦਿਆਂ ਹੀ ਮਰ ਗਈ ਸੀ..ਤੇ ਉਸਦਾ ਡੈਡੀ ਉਸਨੂੰ ਉਸਦੇ ਨਾਨਕੇ ਘਰ ਛੱਡ ਆਇਆ ਸੀ..ਹੁਣ ਉਹ ਆਪਣੀ ਨਾਨੀ ਕੋਲ ਰਹਿੰਦਾ ਏ..ਓਹੀ ਉਸਨੂੰ ਬੱਸ ਤੋਂ ਲੈਣ ਵੀ ਆਉਂਦੀ ਏ”
ਕਾਲਜੇ ਦਾ ਰੁੱਗ ਭਰਿਆ ਗਿਆ ਤੇ ਮੈਂ ਚੁੱਪ ਕਰ ਗਈ..!
ਸ਼ਾਇਦ ਪਤਾ ਲੱਗ ਗਿਆ ਸੀ ਕੇ ਨਿੱਕੇ ਜਿਹੇ ਵਜੂਦ ਦਾ ਮਲਿਕ ਉਹ ਬੱਚਾ ਮੇਰੇ ਵਿਚੋਂ ਕੀ ਤਲਾਸ਼ਦਾ ਰਹਿੰਦਾ ਸੀ..!
ਪਤਾ ਨੀ ਭਾਰੇ ਜਿਹੇ ਬਸਤੇ ਦੇ ਨਾਲ ਨਾਲ ਆਪਣੇ ਜ਼ਿਹਨ ਤੇ ਹੋਰ ਕਿੰਨਾ ਕੂ ਭਾਰ ਚੁੱਕੀ ਫਿਰਦਾ ਵਿਚਾਰਾ!
ਬੰਦ ਕਮਰੇ ਵਿਚ ਸ਼ੀਸ਼ੇ ਅੱਗੇ ਖਲੋਤੀ ਹੋਈ ਨੂੰ ਉਸ ਦਿਨ ਪਹਿਲੀ ਵਾਰ ਆਪਣੇ ਲੰਮੇ ਵਾਲ਼ ਵੇਖ ਬੜਾ ਰੋਣ ਆਇਆ!
ਹਰਪ੍ਰੀਤ ਸਿੰਘ ਜਵੰਦਾ
ਦਲਜੀਤ ਸਿੰਘ
ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਕਹਾਣੀ/ਕਵਿਤਾ ਜਦੋਂ ਲਿਖਦੇ ਹੋ ਤਾਂ ਸਹੀ ਢੰਗ ਨਾਲ ਬਿਆਨ ਕਰਿਆ ਕਰੋ ਜੀ।। ਮੈਨੂੰ ਤਾਂ ਕੁਝ ਇਸ ਵਿੱਚ ਕੁਝ ਵੀ ਸਮਝ ਨਹੀਂ ਲੱਗਾ🙏🏻🙏🏻