ਜਮੀਨ ਜਾਇਦਾਤਾਂ ਅਤੇ ਕਿਰਾਏ ਦੇ ਘਰਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ “ਦਲਾਲ” ਆਖ ਸੰਬੋਧਨ ਹੁੰਦੇ ਤਾਂ ਕੁਝ ਚੰਗਾ ਜਿਹਾ ਨਾ ਲੱਗਿਆ ਕਰਦਾ..ਪਰ ਕਰਦਾ ਵੀ ਕੀ..ਇਥੋਂ ਕਮਾਏ ਕਮਿਸ਼ਨ ਤੋਂ ਹੀ ਤਾਂ ਘਰ ਦਾ ਚੁੱਲ੍ਹਾ ਚੌਂਕਾ ਚਲਿਆ ਕਰਦਾ ਸੀ..!
ਚੰਡੀਗੜੋਂ ਬਦਲ ਕੇ ਆਏ ਇੱਕ ਪਰਿਵਾਰ ਨੇ ਮਜਬੂਰੀ ਜਤਾਈ..”ਅੱਠ ਹਜਾਰ ਮਹੀਨੇ ਤੋਂ ਵੱਧ ਦੀ ਗੁੰਜਾਇਸ਼ ਨਹੀਂ ਸੀ..!
ਰਜਿਸਟਰ ਫਾਈਲਾਂ ਚੈੱਕ ਕੀਤੀਆਂ..ਲੈ ਦੇ ਕੇ ਖੂੰਜੇ ਵਾਲੀ ਬੀਜੀ ਜੀ ਦਾ ਘਰ ਹੀ ਬਚਿਆ ਸੀ..!
ਪਰ ਜਦੋਂ ਉਸ ਨਾਲ “ਅੱਠ ਹਜਾਰ” ਦੀ ਗੱਲ ਕੀਤੀ ਤਾਂ ਉਸਨੇ ਗੁੱਸੇ ਵਿਚ ਆਉਂਦੀ ਹੋਈ ਨੇ ਸਾਫ ਸਾਫ ਆਖ ਦਿੱਤਾ ਕੇ “ਦਸ ਹਜਾਰ” ਤੋਂ ਇੱਕ ਪੈਸਾ ਵੀ ਨੀ ਹੋਵੇਗਾ..!
ਏਡੇ ਵੱਡੇ ਘਰ ਵਿਚ ਕੱਲੀ ਰਹਿੰਦੀ ਉਹ ਬੀਜੀ..
ਸੁਭਾਅ ਏਨਾ ਸਖਤ..ਉੱਤੋਂ ਕਿੰਨੀਆਂ ਸਾਰੀਆਂ ਸ਼ਰਤਾਂ..ਕੋਈ ਕਿਰਾਏਦਾਰ ਘੱਟ ਹੀ ਟਿਕਿਆ ਕਰਦਾ..ਮੁਹੱਲੇ ਵਾਲਿਆਂ “ਲੜਾਕੀ ਬੇਬੇ” ਨਾਮ ਰਖਿਆ ਸੀ..ਦੱਸਦੇ ਜਦੋਂ ਦਾ ਮੁੰਡਾ ਪਰਿਵਾਰ ਸਮੇਤ ਕਨੇਡਾ ਪਰਵਾਸ ਕਰ ਗਿਆ..ਹੋਰ ਵੀ ਚਿੜਚਿੜੀ ਹੋ ਗਈ ਸੀ!
ਖੈਰ ਉਸ ਦਿਨ ਡਰਦੇ ਡਰਦੇ ਨੇ ਉਸਦਾ ਘਰ ਵਿਖਾਇਆ..
ਨਾਲ ਹੀ ਕਿਰਾਏਦਾਰ ਦੇ ਕੰਨਾਂ ਵਿਚੋਂ ਇਹ ਗੱਲ ਵੀ ਕੱਢ ਦਿੱਤੀ ਕੇ “ਦਸ ਹਜਾਰ” ਤੋਂ ਘੱਟ ਗੱਲ ਨਹੀਂ ਬਣਨੀ..!
ਘਰ ਵਿਖਾ ਕੇ ਬਾਹਰ ਨੂੰ ਤੁਰਨ ਲਗਿਆ ਤਾਂ ਵੇਹੜੇ ਬੈਠੀ ਬੀਜੀ ਨੇ ਮਗਰੋਂ ਵਾਜ ਮਾਰ ਲਈ..ਆਖਣ ਲੱਗੀ ਜਾ ਪੁੱਤਰਾ ਮੇਰੇ ਵਲੋਂ “ਹਾਂ” ਏ..”ਅੱਠ ਹਜਾਰ” ਦੇ ਹਿੱਸਾਬ...
ਨਾਲ ਹੀ..ਕੋਈ ਅਡਵਾਂਸ ਵੀ ਨਹੀਂ ਚਾਹੀਦਾ..!
ਕੰਨਾਂ ਤੇ ਇਤਬਾਰ ਜਿਹਾ ਨਾ ਆਵੇ..ਮੈਨੂੰ ਸ਼ਸ਼ੋਪੰਝ ਵਿਚ ਪਏ ਨੂੰ ਦੇਖ ਹੱਸਦੀ ਹੋਈ ਆਖਣ ਲੱਗੀ..”ਵੇ ਕਮਲਿਆ ਤੂੰ ਵੇਖਿਆ ਨਹੀਂ..ਨਿੱਕੇ ਨਿੱਕੇ ਫੁੱਲਾਂ ਵਰਗੇ ਦੋ ਪਿਆਰੇ ਜਿਹੇ ਬਾਲ..ਪਤਾ ਨਹੀਂ ਵਿਚਾਰੇ ਨੂੰ ਕਿੰਨੀ ਤਨਖਾਹ ਮਿਲਦੀ ਹੋਣੀ ਏ..ਮੈਨੂੰ ਬੁਢੀ ਨੂੰ ਦੋ ਘੱਟ ਵੀ ਮਿਲ ਜਾਣ ਕੋਈ ਫਰਕ ਨੀ..ਘਟੋ ਘੱਟ ਇਸ ਸੁੰਞੇ ਪਏ ਵੇਹੜੇ ਵਿਚ ਰੌਣਕ ਤੇ ਲੱਗੀ ਰਿਹਾ ਕਰੂ..!
ਖੁਸ਼ੀ ਦੀ ਖਬਰ ਦੱਸਣ ਭੱਜ ਕੇ ਬਾਹਰ ਨੂੰ ਆਇਆ ਤਾਂ ਅੱਗੋਂ ਉਹ ਪਹਿਲਾਂ ਹੀ ਆਖਣ ਲੱਗੇ ਕੇ ਸਾਨੂੰ ਇਹ ਘਰ “ਦੱਸ ਹਜਾਰ” ਵਿਚ ਹੀ ਪਸੰਦ ਏ..!
ਹੁਣ ਮੈਂ ਦੋਚਿੱਤੀ ਵਿਚ ਸਾਂ ਕੇ ਕਿਦਾ ਦੱਸਾਂ ਕੇ ਬੀਜੀ ਤਾਂ “ਅੱਠ” ਵਿਚ ਹੀ ਮੰਨ ਗਈ ਸੀ..ਪਰ ਇਸਤੋਂ ਪਹਿਲਾ ਕੇ ਮੇਰੇ ਮੂਹੋਂ ਕੋਈ ਗੱਲ ਨਿੱਕਲਦੀ..ਦੋਹਾਂ ਨੇ ਏਨੀ ਗੱਲ ਆਖ ਮੈਨੂੰ ਹਮੇਸ਼ਾਂ ਲਈ ਚੁੱਪ ਕਰਾ ਦਿੱਤਾ ਕੇ “ਭਾਜੀ ਅੱਜਕੱਲ ਕਿਰਾਏ ਦੇ ਘਰਾਂ ਵਿਚ ਮੁਫ਼ਤ ਦੀਆਂ “ਮਾਵਾਂ” ਕਿਥੇ ਲੱਭਦੀਆਂ..!
ਮੇਰੀ ਜਿੰਦਗੀ ਦਾ ਸ਼ਾਇਦ ਇਹ ਪਹਿਲਾ ਸੌਦਾ ਸੀ ਜਿਥੇ “ਦਲਾਲੀ” ਦੇ ਨਾਲ ਨਾਲ ਢੇਰ ਸਾਰਾ “ਰੂਹ ਦਾ ਸੁਕੂਨ” ਵੀ ਮੁਫ਼ਤ ਵਿਚ ਹੀ ਮਿਲਿਆ..!
ਹਰਪ੍ਰੀਤ ਸਿੰਘ ਜਵੰਦਾ