ਪ੍ਰੀਤੋ …. ਚੱਲ ਪੁੱਤ ਸਕੂਲ ਦਾ ਸਮਾ ਹੋ ਗਿਆ. ਰੋਟੀ ਬਣੀ ਪਈ ਆ, ਖਾ ਜਾ ਨਾਲੇ ਨਾਲ ਲੈ ਜਾਵੀਂ. ਨਹੀਂ ਸਾਰਾ ਦਿਨ ਤੂੰ ਸਕੂਲ ਵਿੱਚ ਭੁੱਖੀ ਨੇ ਕੱਢ ਦੇਣਾ. ਮਾਂ ਨੇ ਕਦੇ ਮੈਨੂੰ ਬਿਨਾਂ ਰੋਟੀ ਤੋਂ ਸਕੂਲ ਨਾ ਭੇਜਿਆ. ਬਾਪੂ ਨੇ ਸਕੂਲ ਜਾਂਦੀ ਨੂੰ ਦੂਰੋਂ ਹੀ ਹੱਥ ਹਿਲਾ ਦੇਣਾ ਤੇ ਉਹਦੀਆਂ ਅੱਖਾਂ ਦੀ ਮੁਸਕਾਨ ਨਾਲ ਜਿਵੇ ਦਿਨ ਖਿਲ ਜਾਂਦਾ ਸੀ ਮੇਰਾ. ਸੋਹਣਾ ਸੀ ਬਚਪਨ, ਤਾਹੀ ਸਿਆਣੇ ਕਹਿ ਦਿੰਦੇ ਨੇ ਜਵਾਕ ਓ ਤੁਸੀਂ ਥੋਨੂੰ ਕੀ ਪਤਾ ਜ਼ਿੰਦਗੀ ਦਾ. ਤੇ ਸਾਡੇ ਸਾਨੂੰ ਸਕੂਲ ਵਾਲੇ ਦਿਨਾਂ ਵਿੱਚ ਹੀ ਇੰਜ ਲੱਗਣਾ ਜਿਵੇ ਸਾਡੇ ਤੋਂ ਬਿਨਾ ਤਾਂ ਕਿਸੇ ਨੂੰ ਕੁੱਜ ਪਤਾ ਹੀ ਨੀ.
ਬਾਰਵੀਂ ਦੇ ਇਮਤਿਹਾਨ ਦੇ ਕੇ ਜਦ ਮੈਂ ਘਰ ਆ ਰਹੀ ਸੀ ਤਾਂ ਦਰਵਾਜੇ ਬਾਹਰ ਇਹਨੇ ਵਾਹਨ ਦੇਖ ਘਬਰਾਹਟ ਹੋ ਗਈ. ਅੰਦਰ ਗਈ ਤਾਂ ਮਾਂ ਪਈ ਸੀ ਤੇ ਬਾਪੂ ਕੋਲ ਬੈਠਾ ਸੀ. ਬਾਪੂ ਨੇ ਮੈਨੂੰ ਘੁੱਟ ਬਾਹਾਂ ਵਿੱਚ ਲੈ ਲਿਆ. ਇਹਨਾ ਛੋਰ ਮੈਂ ਜ਼ਿੰਦਗੀ ਵਿੱਚ ਕਦੇ ਨੀ ਸੀ ਸੁਣਿਆ. ਮਨ ਕਰੇ ਮੈਂ ਵਾਪਸ ਚਲੀ ਜਾਵਾਂ, ਇਹ ਸਮਾਂ ਬਦਲ ਜਾਵੇ, ਇਹ ਲੋਕ ਆਪਣੇ-ਆਪਣੇ ਘਰ ਚਲੇ ਜਾਣ, ਇਹ ਚਿੱਟੀਆਂ ਚਾਦਰਾ ਜੋ ਨਿਗਾਹ ਘੁਮਾਈ ਤੇ ਹਰ ਪਾਸੇ ਦਿਸ ਰਹੀਆਂ ਸੀ ਕੋਈ ਰੰਗਾ ਨਾਲ ਭਰ ਦਵੇ…. ਕਾਸ਼ ਕੋਈ ਮੈਨੂੰ ਮੇਰੀ ਮਾਂ ਮੋੜ ਦਵੇ. ਕਾਸ਼ ਮਾਂ ਉੱਠ ਕਹੇ…. ਪ੍ਰੀਤੋ ਪੁੱਤ ਰੋਨੀ ਕਿਊ ਆ ! ਇੰਜ ਲੱਗੇ ਰੱਬ ਮੇਰਾ ਵੈਰੀ ਬਣ ਗਿਆ ਹੋਵੇ. ਮੇਰੀ ਜ਼ਿੰਦਗੀ ਦੀਆ ਸਾਰੀਆਂ ਖੁਸ਼ੀਆਂ ਲੈ ਗਿਆ ਹੋਵੇ. ਅੱਜ ਤੱਕ ਮੈਂ ਆਪਣੀ ਮਾਂ ਨੂੰ ਯਾਦ ਕਰ ਡਾਡੇ ਰੱਬ ਨੂੰ ਪਤਾ ਨੀ ਕਿੰਨੀ ਵਾਰੀ ਦੁਹਾਈਆਂ ਪਾਈਆ ਹੋਣੀਆ.
ਇੱਕ – ਦੋ ਮਹੀਨੇ ਲੰਗੇ, ਬਾਪੂ ਆਖਣ ਲੱਗਾ ਪੁੱਤ ਬਾਰਵੀਂ ਦੇ ਨਤੀਜੇ ਆ ਗਏ ਹੁਣ ਤੂੰ ਕਾਲਜ ਦਾਖਲਾ ਲੈ ਲਾ. ਦਾਦੀ ਨੇ ਕਿਹਾ,ਕੀ ਕਰਨਾ ਸੋਲਾਂ ਕਰਾ ਕੇ ? ਬੇਗਾਨੇ ਘਰ ਹੀ ਤੋਰਨੀ ਆ. ਜੇ ਮੁੰਡਾ ਹੁੰਦੀ ਫੇਰ ਗੱਲ ਵੱਖਰੀ ਸੀ. ਮੇਰੇ ਕੋਈ ਭਰਾ ਨੀ ਸੀ. ਮੈਂ ਦਾਦੀ ਦੀ ਗੱਲ ਸੁਣ ਚੁੱਪ ਕਰ ਘਰ ਦਾ ਕੰਮ ਕਰਨ ਲੱਗ ਗਈ. ਸ਼ਾਮ ਨੂੰ ਬਾਪੂ ਨੇ ਆਵਾਜ਼ ਮਾਰੀ ਤੇ ਕਿਹਾ .., ਪ੍ਰੀਤੋ ਦਾਦੀ ਹੁਣ ਚਾਰ ਦਿਨ ਤਾਏ ਕੇ ਘਰ ਰਹੂ ਤੂੰ ਸਵੇਰੇ ਉੱਠ ਕੇ ਕਾਲਜ ਦਾਖਲਾ ਕਰਾ ਆਵੀਂ ਬਾਕੀ ਮੈਂ ਖੁਦ ਦੇਖ ਲੂੰ. ਬਾਪੂ ਦੇ ਸਿਰ ਤੇ ਮੈਂ B.A ਤੇ M.A ਕਰ ਗਈ. ਗਰੈਜੂਏਸਨ ਦੌਰਾਨ ਮੈਂ ਬਹੁਤ ਮਿੰਨੀ ਕਹਾਣੀਆਂ ਤੇ ਸਾਹਿਤਕ ਕਹਾਣੀਆਂ ਲਿੱਖੀਆਂ. ਚੰਗੇ ਨੰਬਰ ਲੈ ਕੇ ਮੈਂ ਪੜ੍ਹਾਈ ਪੂਰੀ ਕਰ ਲਈ. ਏਸ ਤੋਂ ਪਹਿਲਾ ਮੈਂ ਅੱਗੇ ਹੋਰ ਪੜ੍ਹਦੀ ਘਰ ਚੰਗਾ ਰਿਸ਼ਤਾ ਆਉਣ ਤੇ ਬਾਪੂ ਨੇ ਮੇਰਾ ਵਿਆਹ ਕਰ ਦਿੱਤਾ.
ਵਿਆਹ ਦੇ ਦੋ ਕੁ ਸਾਲਾਂ ਪਿੱਛੋਂ ਮੇਰੀ ਗੋਦੀ ਇੱਕ ਕੁੜੀ ਸੀ. ਮੈਂ ਚਾਵਾਂ ਨਾਲ ਓਹਦਾ ਨਾਮ ਗੁੱਡੀ ਰੱਖਿਆ. ਵਿਆਹ ਪਿੱਛੋਂ 6 ਸਾਲ ਹੋਰ ਲੰਗ ਗਏ ਪਰ ਕੋਈ ਹੋਰ ਜਵਾਕ ਨਾ ਹੋਇਆ ਤੇ ਬਹੁਤ ਡਾਕਟਰਾ ਕੋਲ ਜਾ ਕੇ ਵੀ ਕੋਈ ਉਮੀਦ ਨਾ ਜਾਗੀ. ਸੱਸ ਤੇ ਪੁੱਤ ਦੇ ਤਾਹਨੇ ਤਾਂ ਕੋਈ ਨੂੰਹ ਹੀ ਸੁਣ ਸਕਦੀ ਆ,ਜੇ ਧੀ ਹੋਵੇ ਤਾਂ ਕਿਊ ਇਹਨਾਂ ਬੋਲਣ ! ਇੱਕ ਸਾਲ ਦੇ ਅੰਦਰ ਮੇਰਾ ਤਲਾਕ ਹੋ ਗਿਆ. ਗੁੱਡੀ ਨੂੰ ਓਹਦੇ ਪਿਓ ਨਾਲ ਹੀ ਰਹਿਣਾ ਪਿਆ. ਇਹ ਇਕ ਸਮਜੌਤੇ ਵਿੱਚ ਲਿਆ ਹੋਇਆ ਫੈਸਲਾ ਸੀ. ਮੈਂ ਆਪਣੇ ਬਾਪੂ ਦੇ ਘਰ ਵਾਪਿਸ ਆ ਗਈ. ਦਾਦੀ ਨੇ ਸਾਰਾ ਦਿਨ ਕੁੱਜ ਬੋਲਣਾ ਪਰ ਮੇਰੇ ਕੰਨ ਉਹ ਸ਼ਬਦਾਂ ਤੋਂ ਬਹੁਤ ਕੁੱਜ ਉੱਪਰ ਦਾ ਸੁਣ ਚੁਕੇ ਸੀ. ਦਾਦੀ ਨੇ ਕਹਿਣਾ ਜਿਹੋ ਜਹੇ ਆਲੇ ਓਹੋ ਜਹੇ ਕੁਜੇ. ਇਹ ਗੱਲ ਦਾ ਮੈਨੂੰ ਦੁੱਖ ਹੋਣਾ ਜਦ ਦਾਦੀ ਨੇ ਤਾਹਨਾ ਮੇਰੀ ਮਾਂ ਤੋਂ ਸ਼ੁਰੂ ਕਰ ਮੇਰੀ ਧੀ ਤੇ ਖਤਮ ਕਰਨਾ. ਕੁੱਜ ਸਾਲਾਂ ਹੋਰ ਪਿੱਛੋਂ ਦਾਦੀ ਵੀ ਚਲ ਵਸੀ. ਮੈਂ ਇੱਕ ਦਿਨ ਮਾਂ ਦਾ ਸੰਦੂਖ ਫ਼ਰੋਲਦੀ ਨੇ...
ਬੂਟੀਆਂ ਵਾਲਾ ਸੂਟ ਕੱਢ ਲਿਆ. ਮੇਰੀ ਮਾਂ ਬੂਟੀਆਂ ਵਾਲਾ ਸੂਟ ਪਾ ਕੇ ਸਾਰੇ ਘਰ ਖੁਸ਼ੀਆਂ, ਮਹਿਕਾਂ ਤੇ ਹਾਸੇ ਵੰਡਦੀ ਰਹਿੰਦੀ ਸੀ. ਮੈਂ ਆਪਣੀ ਧੀ ਨੂੰ ਮਿਲਣ ਵਾਰੇ ਬੜਾ ਸੋਚਿਆ ਪਰ ਕਿਸ ਨੂੰ ਦੱਸਦੀ ਤੇ ਕਿਵੇਂ ਮਿਲਦੀ? ਕੋਈ ਰਾਹ ਨਹੀਂ ਸੀ.
ਮੇਰਾ ਬਾਪੂ ਮੈਨੂੰ ਘਰ ਵਿੱਚ ਲੱਗੇ ਬੋਹੜ ਦੀ ਛਾਂ ਵਰਗਾ ਸੀ. ਜਿਹਦਾ ਜਿਗਰਾ ਅਸਮਾਨ ਜਿਡਾ. ਇਕ ਦਿਨ ਆਖਣ ਲੱਗਾਂ, ਪ੍ਰੀਤੋ ਤੂੰ ਲਿਖਣਾ ਸ਼ੁਰੂ ਕਰਦੇ. ਬਾਪੂ ਨੇ ਮੈਨੂੰ ਪ੍ਰੇਰਿਤ ਕਰਿਆ ਤੇ ਮੈਂ ਘਰ ਵੇਹਲੀ ਨੇ ਖੂਬ ਮਨ ਦੀਆਂ ਭਾਵਨਾਵਾਂ ਲਿੱਖ ਲਿੱਖ ਖਾਲੀ ਪੰਨਿਆ ਨਾਲ ਸਾਂਝੀਆਂ ਕਰੀਆਂ. ਘਰ ਬੈਠੀ ਨੂੰ ਇਕ ਦਿਨ ਡਾਕੀਆ ਚਿਠੀ ਫੜਾ ਗਿਆ. ਜਿਹਦੇ ਵਿੱਚ ਮੈਨੂੰ ਮਹੀਨੇ ਦੀ ਤਰੀਕ ਦਾ ਸਮਾਂ ਪਾ ਕੇ ਲੁਧਿਆਣੇ ਵਿੱਚ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ ਪ੍ਰੋਫੈਸਰਸ ਨਾਲ ਮਿਲਣ ਦਾ ਨਿਓਤਾ ਦਿਤਾ ਗਿਆ ਸੀ. ਮੈਂ ਬਾਪੂ ਨੂੰ ਦੱਸਿਆ ਤਾਂ ਓਹਨੇ ਮੈਨੂੰ ਜਾਣ ਲਈ ਕਿਹਾ. ਮੈਂ ਸਮਾਂ ਕੱਢ ਕੇ ਚਲੀ ਗਈ. ਜਦ ਮੈਂ ਗਈ ਤਾਂ ਉਹ ਕਮਰੇ ਵਿੱਚ ਸਿਰਫ ਇਕ ਔਰਤ ਸੀ. ਉਹ ਵੀ ਚੁੱਪ ਖੜੀ ਸੀ ਤੇ ਮੈਂ ਵੀ ਖਾਮੋਸ਼ ਸੀ. ਓਹਨੇ ਮੇਰਾ ਜਵਾਨੀ ਵੇਲੇ ਦਾ ਬੂਟੀਆਂ ਵਾਲਾ ਸੂਟ ਪਾਇਆ ਹੋਇਆ ਸੀ. ਸੂਟ ਵੱਲ ਦੇਖ ਕੇ ਮੇਰੀ ਅੱਖ ਭਰ ਆਈ. ਮਾਂ … ਮੈਂ ਗੁੱਡੀ ! ਇਹਨਾਂ ਸੁਣਦੇ ਹੀ ਮੈਂ ਜ਼ਮੀਨ ਤੇ ਬਹਿ ਗਈ. ਅਸੀ ਦੋਵੇ ਮਾਂ ਧੀ ਗਲ ਲੱਗ ਬਹੁਤ ਰੋਈਆ. ਮੇਰੀ ਜ਼ਿੰਦਗੀ ਦੇ ਜਿਵੇ ਸਾਰੇ ਦੁੱਖ ਮੁੱਕ ਗਏ ਹੋਵਣ. ਗੱਲਾਂ-ਗੱਲਾਂ ਵਿੱਚ ਮੈਨੂੰ ਗੁੱਡੀ ਨੇ ਦੱਸਿਆ ਕੇ ਉਹ ਹੁਣ ਏਸ ਕਾਲਜ ਵਿੱਚ ਪ੍ਰੋਫੈਸਰ ਹੈ ਤੇ ਓਹਦਾ ਹੁਣ ਵਿਆਹ ਹੋ ਚੁੱਕਾ ਸੀ ਤੇ ਓਹਦੀ ਗੋਦੀ ਦੋ ਮੁੰਡੇ ਸੀ. ਮੈਨੂੰ ਓਹਨੇ ਆਪਣੇ ਪਰਸ ਵਿੱਚੋ ਆਪਣੇ ਬੱਚਿਆਂ ਤੇ ਘਰਵਾਲੇ ਦੀ ਫੋਟੋ ਦਿਖਾਇ. ਮੇਰੀ ਖੁਸ਼ੀ ਦੇ ਹੰਜੂਆ ਦਾ ਕੋਈ ਅੰਤ ਨਹੀਂ ਸੀ. ਮੇਰੀਆਂ ਲਿਖਤਾਂ ਵਿੱਚ ਇਕ ਲਿਖ਼ਤ ਮੈਂ ਆਪਣੀ ਵਿਔਹਤਾ ਜ਼ਿੰਦਗੀ ਵਾਰੇ ਲਿੱਖ ਬੈਠੀ ਸੀ ਜਿਸਨੂੰ ਗੁੱਡੀ ਨੇ ਪੜ੍ਹਿਆ ਤੇ ਮੇਰੇ ਵਾਰੇ ਪਤਾ ਲੱਗਾ. ਘਰ ਆ ਕੇ ਮੈਂ ਬਾਪੂ ਨੂੰ ਦੱਸਿਆ ਤੇ ਸਾਡੇ ਚੇਹਰੇ ਤੇ ਖੁਸ਼ੀ ਦਾ ਕੋਈ ਹਿਸਾਬ ਨਹੀਂ ਸੀ. ਹੁਣ ਤੱਕ ਮੈਂ ਤੇ ਗੁੱਡੀ ਪਤਾ ਨੀ ਇੱਕ ਦੂਜੇ ਦੇ ਘਰ ਕਿੰਨੀ ਵਾਰੀ ਜਾ ਆਏ ਸੀ. ਹਰ ਵਾਰ ਇੰਜ ਲੱਗਣਾ ਜਿਵੇ ਦੂਰ ਰਹਿੰਦੇ ਹੋਏ ਵੀ ਗੁੱਡੀ ਨਾਲ ਦੇ ਘਰ ਹੀ ਰਹਿੰਦੀ ਹੋਵੇ.
ਕੁੱਜ ਮਹੀਨੇ ਪਿੱਛੋਂ ਮੈਂ ਇੱਕ ਪੁਸਤਕ ਸੰਮੇਲਨ ਵਿੱਚ ਗਈ. ਉੱਥੇ ਸਾਰਿਆਂ ਨੂੰ ਇੱਕ ਕੋਰਾ ਕਾਗਜ ਦਿੱਤਾ ਗਿਆ. ਸਾਰਿਆਂ ਨੂੰ ਅੱਧਾ ਘੰਟਾ ਦਿੱਤਾ ਗਿਆ ਜ਼ਿੰਦਗੀ ਵਾਰੇ ਲਿਖਣ ਲਈ. ਸਾਰੇ ਸੋਚੀ ਪੈ ਗਏ. ਮੇਰੇ ਲਈ ਘੜ੍ਹੀ ਦੇ ਕੁੱਜ ਸੈਕੰਡ ਬਹੁਤ ਸੀ. ਮੈਂ ਦੋ ਚਾਰ ਸੈਕੰਡ ਵਿੱਚ ਲਿੱਖ ਕੇ ਕਾਗਜ ਫੜਾ ਦਿੱਤਾ. ਸਾਰੇ ਮੇਰੇ ਵੱਲ ਦੇਖਣ ਲੱਗ ਪਏ. ਜਦ ਪੁੱਛਿਆ ਗਿਆ ਕੇ ਤੁਸੀਂ ਕੀ ਲਿਖਿਆ ਤਾਂ ਮੈਂ ਕਿਹਾ ਇਹ ਮੇਰੇ ਬਾਪੂ ਦਾ ਨਾਮ ਆ. ਮੈਂ ਆਪਣੀ ਸਾਰੀ ਉਮਰ ਆਪਣੇ ਬਾਪੂ ਦੇ ਸਿਰ ਤੇ ਕੱਢੀ ਸੀ. ਵੈਸੇ ਵੀ ਇੱਕ ਔਰਤ ਦੀ ਜ਼ਿੰਦਗੀ ਵਿਚ ਪਿਓ ਦਾ ਬਹੁਤ ਖਾਸ ਹਿਸਾ ਹੁੰਦਾ. ਆਪਣੇ ਸਿਰ ਤੇ ਉਹ ਆਪਣੀ ਔਲਾਦ ਨੂੰ ਹਰ ਖੁਸ਼ੀ ਦੇ ਸਕਦਾ. ਤੇ ਮੇਰੀ ਜ਼ਿੰਦਗੀ ਵਿੱਚ ਮੇਰੇ ਸਿਰ ਤੇ ਮੇਰੇ ਬਾਪੂ ਦਾ ਹੱਥ ਹੋਣਾ ਬਹੁਤ ਵੱਡੀ ਗੱਲ ਸੀ. ਸਾਰੇ ਚੁੱਪ ਸੀ ਤੇ ਮੈਂ ਘਰ ਵਾਪਿਸ ਆ ਗਈ. ਘਰ ਆ ਕੇ ਮੈਂ ਆਪਣੀ ਮਾਂ ਦਾ ਬੂਟੀਆਂ ਵਾਲ਼ਾ ਸੂਟ ਪਾ ਲਿਆ. ਮੇਰੇ ਵੱਲ ਦੇਖ ਮੇਰੇ ਬਾਪੂ ਦੀਆਂ ਅੱਖਾਂ ਵਿੱਚ ਫਿਰ ਤੋਂ ਇਕ ਮੁਸਕਾਨ ਸੀ. ਮੇਰੇ ਲਈ ਮੇਰੀ ਜ਼ਿੰਦਗੀ ਹੁਣ ਸਫ਼ਲ ਸੀ.
ਨਰਿੰਦਰ ਸਿੰਘ
27/08/2021