ਸਫਲ਼ ਨਰਸ !! ❤❤
ਰਾਤ ਦਾ ਦੂਸਰਾ ਪਹਿਰ , ਪਿੰਡ ਦੀ ਫਿਰਨੀ ਤੇ ਹਿੱਲਜੁਲ ਹੁੰਦੀ ਵੇਖ ਟਟੌਲੀ ਨੇ ਤਿੱਖੀ ਤੇ ਟੱਣਕਵੀਂ ਅਵਾਜ਼ ਨਾਲ ਸ਼ਾਤ ਵਾਤਾਵਰਣ ਵਿੱਚ ਖਲਰ ਪਾ ਦਿੱਤਾ । ਜਦੋਂ ਸਾਰੀ ਹਯਾਤੀ ਦੇ ਜੀਵ ਆਪਣੀ ਨੀੰਦੇ ਸੁੱਤੇ ਹੋਣ ਫੇਰ ਕੌਣ ਹੋ ਸਕਦਾ ਜਿਸਤੇ ਭੀੜ ਬਣੀ ਹੋਊ।
ਨਾਜਰ ਦੇ ਹੱਥ ਵਿੱਚ ਫੜਿਆ ਪੰਜ ਫੁੱਟ ਸੋਟਾ ਜਦੋਂ ਭੌੰਏ ਤੇ ਵੱਜਦਾ ਤਾਂ ਠੱਕ ਠੱਕ ਦੀ ਅਵਾਜ਼ ਸੱਪ -ਸਲੂਣੇ ਨੂੰ ਰਾਹ ਚੋਂ ਖਿਸਕ ਜਾਣਦੀ ਚੇਤਾਵਣੀ ਦੇੰਦੀ।
ਨਾਜਰ ਨੇ ਕਾਹਲੇ ਕਦਮੀ ਤੁਰਦਿਆਂ ਲੰਬੜਾਂ ਦਾ ਜਾ ਬੂਹਾ ਖੜਕਾਇਆ ਤੇ ਸਾਹੋ-ਸਾਹੀ ਹੋਇਆ ਬੋਲਿਆ , “ਸਰਦਾਰਾ !! ਛੇਤੀ ਬੂਹਾ ਖੋਲੋ ਸਾਡੇ ‘ਤੇ ਬੜੀ ਭੀੜ ਬਣ ਗਈ ….. ਮਿੰਦੋ ਦੇ ਪੀੜਾਂ ਛਿੱੜ ਪਈਆਂ ….ਸਾਡੇ ਭਾਈਚਾਰੇ ਦੀ ਦਾਈ ਘਰੇ ਨਹੀਂ ਮਿਲੀ।
ਹਾੜਾ !! ਲੰਬੜਦਾਰਨੀ ਨੂੰ ਆਖੋ ਆਪਣੇ ਭਾਈਚਾਰੇ ਦੀ ਦਾਈ ਨੂੰ ਸੱਦ ਲਿਆਵੇ ..ਕਿਤੇ ਕਹਿਰ ਨਾ ਵਾਪਰ ਜਾਵੇ।”
ਲੰਬੜਦਾਰ ਨੇ ਅੱਬੜਵਾਹੇ ਉੱਠ ਬੂਹਾ ਖੋਲਿਆ ਤਾਂ ਘਬਰਾਏ ਸੀਰੀ ਨੂੰ ਹੌਸਲਾ ਦੇੰਦਾ ਕਹਿੰਦਾ , “ਨਾਜਰਾ !! ਅਸੀਂ ਤੇਰੇ ਨਾਲ ਹਾਂ ,ਆਪਣੇ ਆਪ ਨੂੰ ਇੱਕਲਾ ਨਾ ਸਮਝ ..ਹੁਣੇ ਕਰਦੇ ਹਾਂ ਕੋਈ ਚਾਰਾ ,ਕਰਤਾਰ ਭਲੀ ਕਰੂ।”
ਪੁਰਾਤਨ ਸਮਿਆਂ ਵਿੱਚ ਜਣੇਪੇ ਦਾ ਸਾਰਾ ਦਾਰੋਮਦਾਰ ਦਾਈਆਂ ‘ਤੇ ਨਿਰਭਰ ਸੀ। ਦੂਰ ਦੁਰਾਡੇ ਪਿੰਡਾਂ ਵਿੱਚ ਵੱਸਦੇ ਲੋਕ ਹਸਪਤਾਲਾਂ ਦੀਆਂ ਸਹੂਲਤਾਂ ਤੋਂ ਸੱਖਣੇ ਹੋਣ ਕਰਕੇ ਕਈਵਾਰ ਆਪਣੇ ਪਿਆਰਿਆਂ ਦੀ ਜਾਨ ਗੁਆ ਬਹਿੰਦੇ।
ਜਦੋਂ ਜਿੰਮੀਦਾਰ ਭਾਈਚਾਰੇ ਦੀ ਦਾਈ ਵੀ ਰਿਸ਼ਤੇਦਾਰੀ ਵਿੱਚ ਗਈ ਹੋਣ ਕਰਕੇ ਲੰਬੜਦਾਰਨੀ ਖਾਲੀ ਹੱਥ ਪਰਤ ਆਈ ਤਾਂ ਸਾਰਿਆਂ ਨੂੰ ਹੱਥਾਂ -ਪੈਰਾਂ ਦੀ ਪੈ ਗਈ।
ਜਦੋਂ ਕੋਈ ਸਬੱਬ ਬਣਦਾ ਨਾ ਡਿੱਠਾ ਤਾਂ ਰੱਬ ਦੀ ਰਜ਼ਾ ਵਿੱਚ ਰਹਿਣ ਵਾਲੇ ਲੰਬੜਾਂ ਦੀ ਧੀਅ ਜੋ ਥੋੜ੍ਹਾ ਸਮਾਂ ਪਹਿਲਾਂ ਹੀ ਨਰਸ ਦਾ ਕੋਰਸ ਕਰਕੇ ਪਿੰਡ ਪਰਤੀ ਸੀ ਨੇ ਬੈਟਰੀ , ਰੂੰ ,ਤੇ ਕੁਝ ਦਰਦ ਦੀਆਂ ਗੋਲੀਆਂ ਲੈਕੇ ਛੌਹਲੇ ਪੈਰੀਂ ਨਾਜਰ ਦੇ ਘਰ ਨੂੰ ਹੋ ਤੁਰੀ।
ਨਾਜਰ ਹੁਰੀਂ ਸਾਰਾ ਟੱਬਰ ਇਕੋ ਕਮਰੇ ਵਿੱਚ ਜੀਵਨ ਬਸਰ ਕਰਦੇ ਸਨ। ਨਵੀਂ ਬਣੀ ਨਰਸ ਨੇ ਕਮਰੇ ਵਿੱਚ ਖੇਸ ਤਾਣ ਉਹਲਾ ਕਰ ਲਿਆ।
ਕਮਰੇ ਦੀ ਖਿੜਕੀ ਵਿੱਚ ਠੰਡ ਨੂੰ ਰੋਕਣ ਲਈ ਤਾਣੀ ਪਾਟੀ ਚਾਦਰ ਦੀਆਂ ਮੋਰੀਆਂ ਚੋਂ ਆਉਂਦੀ ਠਰੀ ਤੇ ਤੇਜ਼ ਹਵਾ ਦੀਵੇ ਦੇ ਮਧਮ ਜੇਹੇ ਚਾਨਣ ਨੂੰ ਇਧਰ ਓਧਰ ਖਿਲਾਰ ਦੇੰਦੀ..ਤਾਂ ਉਸ ਮੋਰੀਆਂ ਅਗੇ ਵੀ ਕਪੜਾ ਬੰਨ ਚਾਨਣ ਇੱਕਠਾ ਕਰ ਲਿਆ ।
ਲੰਬੜਦਾਰਨੀ ਨੇ ਮਿੰਦੋ ਦਾ ਹੱਥ ਆਪਣੇ ਹੱਥਾਂ ਵਿੱਚ ਫੜਿਆ ਅਤੇ ਉਸਦੇ ਸਿਰ ਨੂੰ ਪਲੋਸਦਿਆਂ ਬੋਲੀ , ” ਮੇਰੀ ਬੀਬੀ ਧੀ.. ਰੱਤੀ ਭਰ ਨਹੀਂ ਘਬਰਾਉਣਾ ….ਜਿਗਰਾ ਵੱਡਾ ਕਰ ..ਅਸੀਂ ਸਾਰੇ ਤੇਰੇ ਕੋਲ ਹਾਂ ..ਮਾਲਕ ਮੇਹਰ ਕਰੇਗਾ।
ਭਾਵੇਂ ਕਿ ਜਣੇਪਾ ਕੁਦਰਤੀ ਵਰਤਾਰਾ ਹੈ ਪ੍ਰੰਤੂ ਅੌਰਤ ਨੂੰ ਜਦੋਂ ਜਨਮ ਪ੍ਰਕਿਰਿਆ ਚੋਂ ਨਿਕਲਣ ਪੈੰਦਾ ਹੈ ..ਉਹ ਦਰਦਾਂ ਭਰੇ ਪਲ ਜੋ ਉਸਦੇ ਵਜੂਦ ਨੂੰ ਛੰਨਣੀ ਕਰ ਸੁੱਟਦੇ …..ਉਹ ਕਹਿਣ ਸੁਨਣ ਤੋਂ ਬਾਹਰੇ ਹਨ
ਨਵੀਂ ਨਰਸ ਨੇ ਅਜੇਹੇ ਹਲਾਤਾਂ ਨਾਲ ਨਜਿਠਣ ਬਾਰੇ ਜਿਥੋਂ ਪੜ੍ਹਿਆ ਸਿੱਖਿਆ ਉਨ੍ਹਾਂ ਹਸਪਤਾਲਾਂ ਦੇ ਅਪਰੇਸ਼ਨ ਥਿਏਟਰ ਅਧੁਨਿਕ ਸਹੂਲਤਾਂ ਨਾਲ ਲੈਸ ਸਨ ਪ੍ਰੰਤੂ ਇਥੇ ਉਸ ਤਰ੍ਹਾਂ ਦਾ ਕੁੱਝ ਵੀ ਮੌਜੂਦ ਨਹੀਂ ਸੀ। ਤਜਰਬੇ ਪੱਖੋਂ ਵੀ ਹਾਲੇ ਹੱਥ ਕੱਚੇ ਸਨ ਜਿਸ ਕਰਕੇ ਕਈ ਤਰ੍ਹਾਂ ਦੇ ਸਹਿੰਸਿਆਂ ਉਸਦੇ ਜਹਿਨ ਨੂੰ ਆਣ ਘੇਰਿਆ।
ਜਣੇਪਾ ਪੀੜਾਂ ਸਿਖਰਾਂ ਤੇ ਹੋਣ ਕਾਰਨ ਮਿੰਦੋ ਦੀ ਤੜਫ ਦਿਲ ਕੰਬਾਉ ਸੀ । ਕਈ ਵਾਰ ਸਾਮਣੇ ਵਾਪਰਦੇ ਹਲਾਤਾਂ ਨੂੰ ਵੇਖ ਤੁਸੀਂ ਆਪਣੇ ਆਪ ਨੂੰ ਚਾਹੁੰਦੇ ਹੋਏ ਵੀ ਰੋਕ ਨਹੀਂ ਸਕਦੇ…..ਕੁਦਰਤ ਤੁਹਾਨੂੰ...
ਉਸ ਵਿੱਚ ਸ਼ਰੀਕ ਹੋਣ ਲਈ ਬਲ ਬਖ਼ਸ਼ ਦੇੰਦੀ ਹੈ।
ਨਵੀ ਨਰਸ ਨੇ ਦਾਤੇ ਨੂੰ ਸਿਮਰ ….ਜਨਮ ਪ੍ਰਕਿਰਿਆ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ ….ਕਰਨ ਕਰਵਾਉਣ ਵਾਲਾ ਤਾਂ ਸਿਰਜਣਹਾਰ ਆਪ ਹੁੰਦਾ ..ਪਰ..ਮਦਦ ਲਈ ਅਗੇ ਵਧੇ ਹੱਥ ਉਸੇ ਦੇ ਪੈਦਾ ਕੀਤੇ ਵਸੀਲੇ ਹੁੰਦੇ ।
ਕੁਰਲਾਹਟ ਤੇ ਚੀਕਾਂ ਜੋ ਕਮਰੇ ਦੇ ਬਾਹਰ ਤੱਕ ਸੁਣਾਈ ਦੇੱਦੀਆਂ ਸਨ ਅਚਾਨਕ ਗੁੰਮ ਹੋ ਗਈਆਂ। ਕੁੱਝ ਮਾੜਾ ਨਾ ਵਾਪਰ ਗਿਆ ਹੋਵੇ ਸਭ ਭੈਅ-ਭੀਤ ਹੋਏ ਪਰਵਰਦਿਗਾਰ ਨੂੰ ਧਿਆਉਣ ਲਗੇ। ਲੰਬੜਦਾਰਨੀ ਨੇ ਮਹਿਸੂਸਿਆ ਮਿੰਦੋ ਦੇ ਫੜੇ ਹੱਥ ਢਿੱਲੇ ਤੇ ਠੰਡੇ ਹੋ ਪਏ ਨੇ।
ਉਸ ਚੁੰਨੀ ਦੇ ਪਲੇ ਨਾਲ ਮਿੰਦੋ ਦੇ ਮੱਥੇ ਤੋਂ ਆਈਆਂ ਤਰੇਲੀਆਂ ਨੂੰ ਪੂੰਜਿਆ ਤਾਂ ਮਿੰਦੋ ਨੇ ਉਸਦੇ ਹੱਥ ਤੇ ਹੱਥ ਰੱਖ ਖੈਰ ਸੁੱਖ ਹੋਣ ਦੀ ਹਾਮੀ ਭਰ ਦਿੱਤੀ ……ਜਾਨ ਵਿੱਚ ਜਾਨ ਆਈ ਵੇਖ ਲੰਬੜਦਾਰਨੀ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ।
ਨਵੀਂ ਨਰਸ ਸੰਸਾਰ ਤੇ ਆਏ ਨਵੇਂ ਮਹਿਮਾਨ ਨੂੰ ਸਾਹ ਲੈਣ ਤੇ ਰੋਣ ਵਿੱਚ ਮਦਦ ਲਈ ਸਿਰ ਤੋੜ ਯਤਨ ਕਰ ਰਹੀ ਸੀ ….ਪਰ ਉਸ ਵਿੱਚ ਕੋਈ ਹਰਕਤ ਹੁੰਦੀ ਨਜ਼ਰ ਨਹੀਂ ਸੀ ਅਾ ਰਹੀ। ਉਸਨੂੰ ਆਪਣੀ ਕਾਰਗੁਜ਼ਾਰੀ ਵਿੱਚ ਕੋਈ ਕੁਤਾਹੀ ਨਾ ਰਹਿ ਗਈ ਹੋਵੇ ਦਾ ਫਿਕਰ ਸਤਾਉਣ ਲਗਾ। ਪਰ ਉਸ ਸਿਰੜੀ ਨੇ ਹਿੰਮਤ ਨਾ ਹਾਰੀ ਅਤੇ ਯਤਨ ਜਾਰੀ ਰੱਖੇ …..
ਆਖਿਰ ਉਸਦੀ ਮਿਹਨਤ ਰੰਗ ਲਿਆਈ । ਬੱਚੇ ਦੇ ਰੋਣ ਦੀਆਂ ਨਿਕਲੀਆਂ ਕਲਕੀਰੀਆਂ ਨੇ ਜਿਥੇ ਉਸਨੂੰ ਸਫਲ ਨਰਸ ਹੋਣ ਦਾ ਰੁਤਬਾ ਦੇ ਨਵਾਜਿਆ ਉਥੇ ਰਾਤ ਦੇ ਸੁੰਨਸਾਨ ਮਹੌਲ ਵਿੱਚ ਇਕ ਨਵੀਂ ਜੀਵਨ ਜੋਤ ਜਗ ਗਈ। ਨਵੇਂ ਮਹਿਮਾਨ ਨੇ ਮਾਤ ਲੋਕ ਵਿੱਚ ਹਾਜ਼ਰੀ ਲਵਾ ਦਿੱਤੀ ਸੀ।
ਜਦੋਂ ਉਸ ਬੱਚਾ-ਜੱਚਾ ਠੀਕ ਠਾਕ ਹੋਣ ਦੀ ਪੁਸ਼ਟੀ ਕੀਤੀ ਤਾਂ ਭੈਅ ਨਾਲ ਭਰੇ ਜੀਆਂ ਦੇ ਸਾਹ ਵਿੱਚ ਸਾਹ ਆਇਆ ।
ਲੰਬੜਦਾਰ ਤੇ ਉਸਦਾ ਲੜਕਾ ਘਰੋਂ ਡੋਲੂ ਭਰਕੇ ਚਾਹ ਦਾ ਲੈ ਆਏ ਪਰ ਉਹ ਵੇਸਨ ਦੀਆਂ ਪਿੰਨੀਆਂ ਲਿਆਉਣਾ ਨਾ ਭੁੱਲੇ।
ਨਵੀਂ ਨਰਸ ਨੇ ਸਾਰਿਆਂ ਨੂੰ ਕਮਰੇ ਵਿੱਚ ਬੁਲਾਇਆ ਜੋ ਵਿਹੜੇ ਵਿੱਚ ਬੁੱਕਲਾਂ ਮਾਰੀ ਕਿਸੇ ਚੰਗੀ ਖਬਰ ਨੂੰ ਸੁਨਣਾ ਲੋਚਦੇ ਸਨ।
ਉਸ ਨਾਜਰ ਨੂੰ ਵਧਾਈ ਦੇੰਦਿਆਂ ਕਿਹਾ , “ਵੀਰ ਨਾਜਰਾ !! ਤੇਰੇ ਘਰ ਪੁੱਤ ਜੰਮਿਆ …..ਮੈਂ ਦਾਈਪੁਣੇ ਦੀ ਵਧਾਈ ਦਾ ਸੂਟ ਲਊੰ।”
ਤਾਂ ਸਾਰੇ ਖਿੜ-ਖੜ੍ਹਾ ਕੇ ਹੱਸ ਪਏ।
ਲੰਬੜਦਾਰ ਤੇ ਲੰਬੜਦਾਰਨੀ ਨੇ ਨਵੇਂ ਬਾਲ ਨੂੰ ਸ਼ਗੁਣ ਪਾ ਪਿਆਰ ਦਿੱਤਾ ਨਾਲੇ ਲੰਮੀਆਂ ਉਮਰਾਂ ਦੀਆਂ ਅਸੀਸਾਂ ਦੇ ਧਰੀਆਂ।
ਕਮਰੇ ਵਿੱਚ ਖੁਸ਼ੀ ਦਾ ਮਹੌਲ ਸਿਰਜ ਗਿਆ….ਨਾਜਰ ਦੀਆਂ ਧੀਆਂ ਨੇ ਜਦੋਂ ਨੰਨੇ-ਮੁੰਨੇ ਵੀਰਾ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਰੱਖੜੀ ਬੰਨ੍ਹਣ ਦਾ ਚਾਅ ਚੜ੍ਹਨ ਲਗਾ।
ਲੰਬੜਦਾਰਨੀ ਜਿਥੇ ਵਧਾਈਆਂ ਦੇੰਦੀ ਨਾ ਥੱਕਦੀ ਉਥੇ ਉਹ ਖੁਸ਼ੀ ਵਿੱਚ ਖੀਵੀ ਹੋਈ ਗਲਾਸਾਂ ਵਿੱਚ ਕੋਸੀ ਕੋਸੀ ਚਾਹ ਨਾਲ ਪਿੰਨੀਆਂ ਵਰਤਾਈ ਜਾਂਦੀਆਂ ।
ਇਕ ਨਾਜਰ ਦੇ ਘਰ ਪੁੱਤ ਜੰਮਨ ਦੀ ਖੁਸ਼ੀ ਤੇ ਦੂਸਰੀ ਧੀਆਂ ਨੂੰ ਦਵਾਈ ਵਿਦਿਆ ਨੂੰ ਸਾਕਾਰ ਹੁੰਦਾ ਵੇਖ ਲੰਬਰਦਾਰ ਦੋਹਰੀ ਖੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾਅ ਰਿਹਾ।
ਉਹ ਮੁੱਛ ਨੂੰ ਵੱਟ ਚਾੜ੍ਹ ਬੋਲਿਆ , ” ਸਰਦਾਰਨੀਏ ! ਮੇਰੀ ਧੀ ਨੂੰ ਦੋ ਪਿੰਨੀਆਂ ਦੇਵੀਂ ਅੱਜ ਸਾਡੀ ਧੀ ਰਾਣੀ ਸਫਲ ਨਰਸ ਬਣ ਗਈ ਆ ।”
✍:- ਗੁਰਨਾਮ ਨਿੱਜਰ