ਮੈਂ ਵੀ 18-19 ਦੀ ਉਮਰੇ ਇਕ ਵਾਰ ਸ਼ਾਮ ਵੇਲੇ ਸਾਈਕਲ ਤੇ ਬਜ਼ਾਰੋਂ ਘਰ ਆ ਰਿਹਾ ਸੀ ਤਾਂ ਘੁਸਮੁਸੇ ਵਿੱਚ ਇੱਕ ਬਜ਼ੁਰਗ ਬਾਬੇ ਦੀਆਂ ਲੱਤਾਂ ਵਿੱਚ ਸਾਈਕਲ ਮਾਰ ਦਿੱਤੀ। ਬਾਬਾ ਸੜਕ ਤੇ ਡਿੱਗ ਪਿਆ। ਮੇਰੇ ਸਾਈਕਲ ਦਾ ਅਗਲਾ ਚੱਕਾ ਵਿੰਗਾ ਹੋ ਗਿਆ। ਚਲਣੋ ਅਸਮਰੱਥ ਮੈਂ ਇੱਧਰ ਓਧਰ ਵੇਖ ਰਿਹਾ ਸੀ ਤੇ ਲੋਕ ਬਾਬੇ ਨੂੰ ਚੱਕੋ ਚੱਕੋ ਕਰ ਰਹੇ ਸੀ। ਆਪਣਾ ਮੁਹੱਲਾ ਸੀ ਪਰ ਹਨੇਰਾ ਹੋਣ ਕਰਕੇ ਹਰ ਇਕ ਨੂੰ ਮੇਰੀ ਪਛਾਣ ਨਹੀਂ ਆਈ। ਇੱਕ ਵਾਕਫ਼ ਮੇਰੇ ਕੋਲ ਆਇਆ ਤੇ ਕਹਿੰਦਾ ਖਿਸਕ ਜਾ ਜੇਕਰ ਬਾਬੇ ਦੇ ਘਰੋਂ ਕੋਈ ਆ ਗਿਆ ਤਾਂ ਤੇਰੀ ਸ਼ਾਮਤ ਆ ਜਾਣੀ ਆ।
ਮੈਂ ਜਿਹੜਾ ਸਾਈਕਲ ਨੂੰ ਧਰੂਹਣ ਤੋਂ ਅਸਮਰਥ ਸੀ, ਸਾਈਕਲ ਨੂੰ ਮੋਢਿਆਂ ਤੇ ਟੰਗ ਕੇ ਘਰ ਵੱਲ ਨੂੰ ਸ਼ੂਟ ਵੱਟ ਲਈ। ਪਤਾ ਨਹੀਂ ਏਨੀ...
ਹਿੰਮਤ ਮੇਰੇ ਵਿੱਚ ਕਿੱਥੋਂ ਆ ਗਈ।
ਮੈਂ ਰਾਤ ਕਿਸੇ ਨੂੰ ਨਹੀਂ ਦੱਸਿਆ ਕਿ ਮੇਰੇ ਨਾਲ ਕੀ ਹੋਇਆ ਸੀ।
ਅਗਲੇ ਦਿਨ ਮੈਂ ਆਪਣੇ ਭਾਪਾ ਜੀ ਨੂੰ ਗੁਰਦੁਆਰੇ ਤੋਂ ਆਉਂਦੇ ਸਾਰ ਪੁੱਛ ਲਿਆ ਕਿ ਮੁਹੱਲੇ ਵਿੱਚ ਕੋਈ ਮਾੜੀ ਘਟਨਾ ਤਾਂ ਨਹੀਂ ਹੋਈ? ਕਹਿੰਦੇ ਨਹੀਂ।
ਮੈਨੂੰ ਏਨਾ ਕੂ ਪਤਾ ਸੀ ਕਿ ਜੇਕਰ ਬਜ਼ੁਰਗ ਰੱਬ ਨੂੰ ਪਿਆਰਾ ਹੋ ਗਿਆ ਤਾਂ ਇਸ ਬਾਰੇ ਗੁਰਦਵਾਰੇ ਕੋਈ ਐਲਾਨ ਵੀ ਹੋ ਸਕਦਾ ਸੀ।
ਪਰ ਸ਼ੁਕਰ ਹੈ ਉਹਦੀ ਉਮਰ ਵੀ ਕੁਝ ਸਾਲ ਹੋਰ ਬਕਾਇਆ ਸੀ ਤੇ ਮੇਰਾ ਭੇਤ ਵੀ ਉਸ ਵਾਕਫਕਾਰ ਨੇ ਗੁਪਤ ਰੱਖਿਆ।