More Gurudwara Wiki  Posts
ਹੋਲਾ ਮਹੱਲਾ


ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ ‘ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ।
ਹੋਲਾ’ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ ਜਿਸਦੇ ਅਰਥ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ ‘ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ‘ਤੇ ਚੱਲਣਾ ਕੀਤੇ ਗਏ ਹਨ। ਮਹੱਲਾ ਸ਼ਬਦ ਦੇ ਅਰਥ ਹਨ ਉਹ ਅਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਦਸਮੇਸ਼ ਪਿਤਾ ਜੀ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਸਵੈਮਾਨ ਮਹਿਸੂਸ ਕਰਵਾਉਣ, ਉਨ੍ਹਾਂ ਵਿੱਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਣਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਚਰਨ ਪਾਹੁਲ ਦੀ ਥਾਂ ਖੰਡੇ-ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚਲਿਤ ਕੀਤਾ। ਆਜ਼ਾਦੀ ਪ੍ਰਾਪਤ ਕਰਨ ਅਤੇ ਜੋਸ਼ ਪੈਦਾ ਕਰਨ ਲਈ ਗੁਰੂ ਜੀ ਨੇ ਜਿਥੇ ਨਵਾਂ ਜੀਵਨ ਬਖਸ਼ਿਆ ਉਥੇ ਭਾਰਤੀ ਸਮਾਜ ਨੂੰ ਉਨ੍ਹਾਂ ਦੇ ਰੀਤੀ-ਰਿਵਾਜਾਂ ਅਤੇ ਤਿਉਹਾਰ ਮਨਾਉਣ ਦੇ ਢੰਗਾਂ ਵਿੱਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਭਾਈ ਕਾਨ੍ਹ ਸਿੰਘ ਅਨੁਸਾਰ- ਹੋਲੇ ਦੇ ਅਰਥ ਹਮਲਾ ਜਾ ਹੱਲਾ ਕਰਨਾ ਹੈ। ਡਾ. ਵਣਜਾਰਾ ਬੇਦੀ ਨੇ ‘ਮੁਹੱਲਾ` ਨੂੰ ਅਰਬੀ ਦੇ ਸ਼ਬਦ ਮਹਲੱਹੇ ਦਾ ਤਦਭਵ ਦੱਸਿਆ ਹੈ। ਜਿਸ ਦਾ ਭਾਵ ਉਸ ਸਥਾਨ ਤੋਂ ਹੈ ਜਿੱਥੇ ‘ਫ਼ਤਹ` ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ਪਹਿਲਾ ਇਹ ਸ਼ਬਦ ਇਸੇ ਭਾਵ ਵਿੱਚ ਵਰਤਿਆ ਜਾਂਦਾ ਜਦੋਂ ਸਿਖੇ ਹੋਏ ਅਸਥਾਨ ਉੱਪਰ ਕੋਈ ਦਲ ਕਾਬਜ ਹੋ ਜਾਂਦਾ ਤਾਂ ਉੱਥੇ ਹੀ ਦਰਬਾਰ ਲੱਗਦਾ ਹੈ ਸ਼ਾਸਤਰਧਾਰੀ ਤੇਗਜ਼ਨੀ ਦੇ ਕਮਾਲ ਵਿਖਾਉਂਦੇ ਪਰ ਹੌਲੀ-ਹੌਲੀ ਇਹ ਸ਼ਬਦ ਜਲੂਸ ਲਈ ਪ੍ਰਚਲਿਤ ਹੋ ਗਿਆ ਜੋ ਫ਼ੋਜੀ ਸੱਜ ਪੱਜ ਕੇ ਨਗਾਰਿਆਂ ਦੀ ਚੋਟ ਨਾਲ ਆਨੰਦਪੁਰ ਸਾਹਿਬ ਵਿੱਚ ਇੱਕ ਗੁਰਧਾਮ ਤੋਂ ਦੂਜੇ ਗੁਰਧਾਮਾ ਦੀ ਯਾਤਰਾਂ ਲਈ ਨਿਕਲਦਾ ਸੀ।
ਗੁਰੂ...

ਗੋਬਿੰਦ ਸਿੰਘ ਜੀ ਖ਼ਾਲਸੇ ਨੂੰ ਯੁੱਧ-ਵਿੱਦਿਆ ਵਿੱਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਇਸ ਤਿਉਹਾਰ ਦਾ ਸੰਬੰਧ ਸੂਰਮਤਾਈ ਨਾਲ ਜੋੜਿਆ। ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ ਹੈ, ਪੈਦਲ ਅਤੇ ਘੋੜ-ਸਵਾਰ ਸ਼ਸਤਰਧਾਰੀ ਸਿੰਘਾਂ ਦੇ ਦਲ ਬਣਾ ਕੇ ਇੱਕ ਖਾਸ ਹਮਲੇ ਦੀ ਥਾਂ ‘ਤੇ ਹਮਲਾ ਕਰਦੇ ਹਨ ਅਤੇ ਅਨੇਕ ਪ੍ਰਕਾਰ ਦੇ ਕਰਤੱਬ ਦਿਖਾਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਆਪ ਇਸ ਮਸਨੂਈ ਲੜਾਈ ਨੂੰ ਵੇਖਦੇ ਅਤੇ ਦੋਵਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾਓ ਬਖਸ਼ਿਸ਼ ਕਰਦੇ ਸਨ। ਘੋੜਸਵਾਰੀ ਤੇ ਗਤਕੇਬਾਜ਼ੀ ਦੇ ਜੰਗਜ਼ੂ ਕਰਤੱਬ ਦੇਖਣਯੋਗ ਹੁੰਦੇ ਹਨ। ਇਸ ਮੌਕੇ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਬੀਰਰਸੀ ਵਾਰਾਂ ਗਾਈਆਂ ਜਾਂਦੀਆਂ ਅਤੇ ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਗੁਰੂ ਸਾਹਿਬ ਇਨ੍ਹਾਂ ਸਾਰੀਆਂ ਕਾਰਵਾਈਆਂ ਵਿੱਚ ਖੁਦ ਸ਼ਾਮਿਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਹੋਲਾ ਮਹੱਲਾ ਦੇ ਰੂਪ ਵਿੱਚ ਮਨਾਏ ਜਾਂਦੇ ਜੰਗਜ਼ੂ ਤਿਉਹਾਰ ‘ਤੇ ਸਿੰਘਾਂ ਦੀਆਂ ਆਪਸ ਵਿੱਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ। ਲੋਕ ਕਾਇਰਤਾ ਭਰੇ ਮਾਹੌਲ ‘ਚੋਂ ਨਿਕਲ ਕੇ ਇਸ ਉਤਸਵ ਵਿੱਚ ਧੜਾ-ਧੜ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਿਲ ਹੋਣ ਲੱਗੇ। ‘ਹੋਲਾ ਮਹੱਲਾ’ ਸਾਨੂੰ ਇੱਕ ਉਪਦੇਸ਼ ਦਿੰਦਾ ਹੈ। ਜਦ ਤਕ ਇਸ ਜਗਤ ਵਿੱਚ ਮਚ ਰਹੇ ‘ਮਹੱਲੇ’ ਅੰਦਰ ਅਸੀਂ ਪੂਰੇ ਬਲ ਅਤੇ ਪ੍ਰਾਕਰਮ ਨਾਲ ਸ਼ਾਮਿਲ ਨਹੀਂ ਹੁੰਦੇ, ਅਸੀਂ ਹੋਰਾਂ ਕੋਲੋਂ ਪਛੜ ਜਾਵਾਂਗੇ। ਜੇ ਅਸੀਂ ਚਾਹੁੰਦੇ ਹਾਂ ਕਿ ਇਸ ਜੀਵਨ ਨੂੰ ਸਫਲ ਕਰੀਏ ਤਾਂ ਸਾਨੂੰ ਪਿਤਾ ਕਲਗੀਧਰ ਦਾ ਦੱਸਿਆ ਉਦੇਸ਼ ਚੇਤੇ ਰੱਖਣਾ ਚਾਹੀਦਾ ਹੈ। ਸਾਨੂੰ ਹੋਲੇ ਮਹੱਲੇ ਤੋਂ ਸੱਚਾ ਉੱਦਮੀ ਜੀਵਨ ਲੈ ਕੇ ਆਪਣੀ ਤਕਦੀਰ ਨੂੰ ਨਵੇਂ ਸਿਰਿਓਂ ਘੜਨਾ ਚਾਹੀਦਾ ਹੈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)