More Punjabi Kahaniya  Posts
ਧੀ


ਚੰਡੀਗੜ ਸ਼ਿਫਟ ਹੋਣ ਮਗਰੋਂ ਛੇਤੀ ਹੀ ਇਹਨਾਂ ਨੂੰ ਦੋ ਮਹੀਨੇ ਦੀ ਟਰੇਨਿੰਗ ਲਈ ਬੰਗਲੌਰ ਨਿੱਕਲਣਾ ਪਿਆ..ਨਵਾਂ ਸ਼ਹਿਰ..ਨਵੇਂ ਲੋਕ..ਸਾਰਾ ਕੁਝ ਹੀ ਵੱਖਰਾ ਜਿਹਾ ਲੱਗਦਾ ਸੀ..!

ਇੱਕ ਦਿਨ ਬੂਹੇ ਤੇ ਦਸਤਕ ਹੋਈ..ਕੋਈ ਵੀਹਾਂ ਬਾਈਆਂ ਸਾਲਾਂ ਦੀ ਅਣਜਾਣ ਜਿਹੀ ਕੁੜੀ ਸੀ..ਗੋਡਿਆਂ ਤੋਂ ਪਾਟੀ ਹੋਈ ਟਾਈਟ ਜੀਨ..ਕੰਨਾਂ ਵਿਚ ਈਅਰ ਪਲੱਗ..ਨੱਕ ਵਿਚ ਨੱਥ..ਸਾਰਾ ਕੁਝ ਬੜਾ ਹੀ ਅਜੀਬ ਜਿਹਾ ਲੱਗਾ!

“ਹੈਲੋ” ਆਖ ਅੰਦਰ ਲੰਘ ਆਈ ਤੇ ਆਖਣ ਲੱਗੀ “ਆਂਟੀ ਨਾਲ ਹੀ ਤੀਜੀ ਮੰਜਿਲ ਵਾਲੇ ਫਲੈਟ ਵਿਚ ਰਹਿੰਦੀ ਹਾਂ..ਕੱਲ ਨੂੰ ਮੇਰਾ ਇੱਕ ਪਾਰਸਲ ਆਉਣਾ..ਜੇ ਬੁਰਾ ਨਾ ਮੰਨੋਂ ਤਾਂ ਲੈ ਕੇ ਰੱਖ ਲੈਣਾ..ਮੈਂ ਪੈਸੇ ਦੇ ਦਿਆਂਗੀ ਬਾਅਦ ਵਿਚ..ਨਾਲ ਹੀ ਆਪਣਾ ਨੰਬਰ ਇੱਕ ਪਰਚੀ ਤੇ ਲਿਖ ਟੇਬਲ ਤੇ ਰੱਖ ਦਿੱਤਾ ਤੇ ਥੈਂਕ ਯੂ ਆਖਦੀ ਹੋਈ ਬਾਹਰ ਨੂੰ ਨਿੱਕਲ ਗਈ!

“ਅਜੀਬ ਵਰਤਾਰਾ ਸੀ..ਨਾ ਜਾਣ ਤੇ ਨਾ ਪਹਿਚਾਣ..ਇਹ ਵੀ ਪਤਾ ਨੀ ਪਾਰਸਲ ਵਿਚ ਕੀ ਹੋਵੇਗਾ?
ਨਸ਼ੇ ਵੰਡਦੀ ਅੱਜਕੱਲ ਦੀ ਇਹ ਨਵੀਂ ਪੀੜੀ ਦਾ ਕੀ ਭਰੋਸਾ..ਨਿਰੀ ਸਿਰਦਰਦੀ ਦਾ ਘਰ..ਚੰਗਾ ਹੋਇਆ ਮੇਰੀ ਕੋਈ “ਕੁੜੀ” ਨਹੀਂ..ਨਹੀਂ ਤੇ ਪਤਾ ਨਹੀਂ ਕੀ ਕੀ?

ਉਸ ਦਿਨ ਮਗਰੋਂ ਮੇਰਾ ਧਿਆਨ ਅਕਸਰ ਹੀ ਉਸਦੇ ਫਲੈਟ ਵੱਲ ਚਲਾ ਜਾਇਆ ਕਰਦਾ..ਦੇਰ ਰਾਤ ਤੱਕ ਚੱਲਦਾ ਰਹਿੰਦਾ ਮਹਿਫ਼ਿਲਾਂ ਦਾ ਇੱਕ ਵੱਡਾ ਦੌਰ..ਉਚੀ ਵਾਜ ਵਾਲਾ ਗੀਤ ਸੰਗੀਤ..ਖਾਣ ਪੀਣ..ਡਾਂਸ ਤੇ ਰੌਣਕ ਮੇਲਾ..ਅਤੇ ਹੋਰ ਵੀ ਪਤਾ ਨਹੀਂ ਕੀ ਕੀ..!

ਅਕਸਰ ਸੋਚਦੀ ਰਹਿੰਦੀ “ਪਤਾ ਨਹੀਂ ਸੌਂਦੀ ਕਿਹੜੇ ਵੇਲੇ ਹੋਵੇਗੀ ਅਤੇ ਕੰਮ ਕਿਹੜਾ ਕਰਦੀ ਹੋਵੇਗੀ”?

ਇੱਕ ਦਿਨ ਸੁਵੇਰ ਉਠਦਿਆਂ ਹੀ ਮੈਨੂੰ ਮਹਿਸੂਸ ਹੋਣ ਲੱਗ ਗਿਆ ਜਿਦਾਂ ਸਾਰਾ ਸਰੀਰ ਸਰਵਾਈਕਲ ਦੇ ਵੱਡੇ ਅਟੈਕ ਨਾਲ ਜਕੜਿਆਂ ਪਿਆ ਸੀ..
ਮਸਾਂ ਚਾਹ ਦੀ ਪਤੀਲੀ ਧਰੀ ਹੀ ਸੀ ਕੇ ਇੰਝ ਜਾਪਿਆ ਜਿੱਦਾਂ ਪੀੜ ਨਾਲ ਹੁਣੇ ਹੀ ਮਰ ਜਾਵਾਂਗੀ..ਉੱਤੋਂ ਬੇਗਾਨਾ ਸ਼ਹਿਰ ਅਤੇ ਬੇਗਾਨੇ ਲੋਕ..ਹੁਣ ਬੁਲਾਵਾਂ ਵੀ ਤਾਂ ਕਿਸ ਨੂੰ?

ਅਚਾਨਕ ਫੋਨ ਲਾਗੇ ਪਈ ਹੋਈ ਉਸਦੀ ਲਿਖੀ ਪਰਚੀ ਦਿਸ ਪਈ..ਛੇਤੀ ਨਾਲ ਉਸਦਾ ਨੰਬਰ ਘੁਮਾ ਦਿੱਤਾ..ਮਗਰੋਂ ਐਸਾ ਚੱਕਰ ਆਇਆ ਕੇ ਕੰਨੀ ਪੈਂਦੀ ‘ਹੈਲੋ-ਹੈਲੋ’ ਦੀ ਹਲਕੀ ਜਿਹੀ ਅਵਾਜ ਦਾ ਜੁਆਬ ਦੇਣ ਦੀ ਹਿੰਮਤ ਤੱਕ ਵੀ ਨਾ ਰਹੀ..ਤੇ ਮੁੜ ਬੇਹੋਸ਼ ਹੋ ਕੇ ਓਥੇ ਹੀ ਡਿੱਗ ਪਈ..!

ਜਦੋਂ ਹੋਸ਼ ਆਇਆ ਤਾਂ...

ਓਹੀ ਕੁੜੀ ਸਿਰਹਾਣੇ ਬੈਠੀ ਹੋਈ ਮੇਰੇ ਵਾਲਾਂ ਵਿਚ ਹਲਕਾ ਹਲਕਾ ਜਿਹਾ ਹੱਥ ਫੇਰ ਰਹੀ ਸੀ..
ਕੋਲ ਖਲੋਤੀ ਨਰਸ ਦੱਸਣ ਲੱਗੀ ਕੇ ਇਹੋ ਹੀ ਉਸ ਦਿਨ ਤਿੰਨ ਮੰਜਿਲਾਂ ਉਚੀ ਬਿਨਾ ਕੰਢੇ ਵਾਲੀ ਬਾਲਕੋਨੀ ਟੱਪ ਅੰਦਰ ਆ ਕੇ ਮੈਨੂੰ ਹਸਪਤਾਲ ਲੈ ਕੇ ਆਈ ਸੀ ਤੇ ਪਿਛਲੇ ਤਿੰਨ ਤੋਂ ਇਹ ਤੇ ਇਸਦੇ ਸਾਥੀ ਹੀ ਦਿਨ ਰਾਤ ਮੇਰੀ ਦੇਖਭਾਲ ਵਿਚ ਲੱਗੇ ਹੋਏ ਹਨ!
ਮੁੜ ਉਹ ਆਪ ਹੀ ਹਸਪਤਾਲ ਦੇ ਬਿੱਲ ਦੀ ਅਦਾਇਗੀ ਕਰ ਮੈਨੂੰ ਆਪਣੇ ਘਰ ਲੈ ਆਈ..
ਉਸਦੇ ਘਰ ਵਿਚ ਏਨੀ ਸਫਾਈ ਕੇ ਬਸ ਪੁਛੋ ਨਾ..ਉਸਨੇ ਮੈਨੂੰ ਅੰਦਰ ਮੰਜੇ ਤੇ ਪਈ ਅਧਰੰਗ ਨਾਲ ਪੀੜਤ ਆਪਣੀ ਮਾਂ ਨਾਲ ਵੀ ਮਿਲਾਇਆ..!

ਉਸਦੀ ਮਾਂ ਨੇ ਗੱਲਾਂ ਗੱਲਾਂ ਵਿਚ ਦਸਿਆ ਕੇ ਨੌਕਰੀ ਦੇ ਨਾਲ ਨਾਲ ਕਾਲਜ ਵੇਲੇ ਦੇ ਦੋਸਤਾਂ ਨਾਲ ਮਿਲ ਕੇ ਇੱਕ ਐਨ.ਜੀ.ਓ ਗਰੁੱਪ ਬਣਾਇਆ ਹੋਇਆ ਹੈ ਜਿਹੜਾ ਲਾਗੇ ਚਾਗੇ ਝੁੱਗੀ-ਝੋਂਪੜੀ ਵਿਚ ਰਹਿੰਦੇ ਕਿੰਨੇ ਡਾਰੇ ਗਰੀਬ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜਾਉਂਦਾ ਹੈ ਤੇ ਓਹਨਾ ਦੀ ਸਕੂਲ ਦੀ ਫੀਸ ਅਤੇ ਵਰਦੀਆਂ ਦਾ ਬੰਦੋਬਸਤ ਵੀ ਕਰਦਾ ਏ..!

ਏਨੀਆਂ ਗੱਲਾਂ ਸੁਣ ਸੋਚਣ ਲਈ ਮਜਬੂਰ ਹੋ ਗਈ ਕੇ ਨਵੇਂ ਜਮਾਨੇ ਦੇ ਤੌਰ ਤਰੀਕਿਆਂ ਨਾਲ ਵਿੱਚਰਦੇ ਹੋਏ ਕਿੰਨੇ ਸਾਰੇ ਸਾਫ ਦਿਲ “ਰੱਬ”..ਸ਼ਾਇਦ ਲੰਮੇ ਚੋਲਿਆਂ ਵਾਲੇ ਓਹਨਾ ਹਜਾਰਾਂ ਪਾਖੰਡੀਆਂ ਤੋਂ ਕਈ ਗੁਣਾਂ ਬੇਹਤਰ ਹਨ ਜਿਹੜੇ ਲੋਕਾਂ ਵਿਚ ਅਣਗਿਣਤ ਭਰਮ ਭੁਲੇਖੇ ਪੈਦਾ ਕਰ ਦਿਨੋਂ ਦਿਨ ਆਪਣੇ ਢੇਰ ਉਚੇ ਕਰਨ ਵਿਚ ਰੁੱਝੇ ਹੋਏ ਨੇ..!

ਅਖੀਰ ਕਿੰਨੇ ਦਿਨਾਂ ਮਗਰੋਂ ਮੇਰੀ ਆਪਣੇ ਘਰ ਮੁੜ ਵਾਪਸੀ ਹੋਈ..ਪਰ ਪਤਾ ਨਹੀਂ ਇੰਝ ਕਿਓਂ ਲੱਗੀ ਜਾ ਰਿਹਾ ਸੀ ਜਿੱਦਾਂ ਮੈਂ ਆਪਣੀ “ਰੂਹ” ਓਥੇ ਹੀ ਛੱਡ ਆਈ ਹੋਵਾਂ..
ਜਦੋਂ ਦੀ ਪਰਤ ਕੇ ਆਈ ਹਾਂ ਮਨ ਵਿਚ ਬਾਰ ਬਾਰ ਬੱਸ ਇਹੋ ਗੱਲ ਆਈ ਜਾ ਰਹੀ ਸੀ ਕਾਸ਼ ਉਸ ਵਰਗੀ ਮੇਰੀ ਵੀ ਕੋਈ “ਧੀ” ਹੁੰਦੀ..!

ਹਰਪ੍ਰੀਤ ਸਿੰਘ ਜਵੰਦਾ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)