ਕਨੇਡਾ ਅੱਪੜ ਇਹਨਾਂ ਕਾਫੀ ਜ਼ੋਰ ਲਾਇਆ..ਪਰ ਆਪਣੇ ਫੀਲਡ ਵਿੱਚ ਨੌਕਰੀ ਨਾ ਮਿਲ਼ੀ..!
ਅਖੀਰ ਫੈਕਟਰੀ ਵਿੱਚ ਮਿਲਿਆ ਕੰਮ ਥੋੜਾ ਸਖਤ ਸੀ..ਓਥੇ ਪਾਲੀਟਿਕਸ ਵੀ ਬਹੁਤ ਚੱਲਿਆ ਕਰਦੀ..ਇਹ ਖਪੇ-ਤਪੇ ਘਰੇ ਆਉਂਦੇ..ਪੂਰਾਣੀ ਜੋਬ ਨੂੰ ਯਾਦ ਕਰ ਉਦਾਸ ਹੋ ਜਾਇਆ ਕਰਦੇ..ਆਖਿਆ ਕਰਦੇ ਛੇਤੀ ਹੀ ਨੌਕਰੀ ਬਦਲ ਲੈਣੀ ਏ..!
ਏਨੇ ਨੂੰ ਮੇਰੀ ਬੇਟੀ ਥੋੜੀ ਵੱਡੀ ਹੋ ਗਈ..!
ਇਸਨੂੰ ਡੇ ਕੇਅਰ ਵਿਚ ਛੱਡ ਪਾਰਟ ਟਾਈਮ ਨੌਕਰੀ ਕਰ ਲਈ..ਕਾਨਵੈਂਟ ਦੀ ਪੜਾਈ ਅਤੇ ਵਧੀਆ ਅੰਗਰੇਜੀ ਕਰਕੇ ਛੇਤੀ ਫੁਲ ਟਾਈਮ ਹੋ ਗਈ..ਮਗਰੋਂ ਅੱਸੀਸਟੇਂਟ ਮੈਨੇਜਰ ਬਣਾ ਦਿੱਤੀ ਗਈ..!
ਪੈਸਿਆਂ ਪੱਖੋਂ ਥੋੜਾ ਸਾਹ ਸੌਖਾ ਹੋ ਗਿਆ..!
ਸ਼ੁਰੂ ਸ਼ੁਰੂ ਵਿੱਚ ਇਹ ਕਾਫੀ ਖੁਸ਼ ਹੋਇਆ ਕਰਦੇ..ਮਾਣ ਵੀ ਕਰਦੇ ਪਰ ਮਗਰੋਂ ਹੋਲੀ ਹੌਲੀ ਸੁਭਾ ਵਿੱਚ ਥੋੜਾ ਫਰਕ ਜਿਹਾ ਪੈ ਗਿਆ..!
ਮੇਰਾ ਮੈਨੇਜਰ ਇੱਕ ਪੰਜਾਬੀ ਭਾਈ ਸੀ..!
ਅਕਸਰ ਪੁੱਛਿਆ ਜਾਂਦਾ ਕੇ ਕੰਮ ਤੇ ਹੋਰ ਗੋਰੀਆਂ ਵੀ ਤੇ ਹੈਨ..ਹੈ ਵੀ ਤੈਥੋਂ ਕਾਫੀ ਪੂਰਾਣੀਆਂ..ਪਰ ਤੇਰੀ ਤਰੱਕੀ ਕਿੱਦਾਂ ਹੋਈ ਜਾਂਦੀ?
ਇਹ ਕਈ ਵਾਰ ਅਚਨਚੇਤ ਹੀ ਮੇਰੇ ਕੰਮ ਤੇ ਆ ਜਾਇਆ ਕਰਦੇ..!
ਸਰਵਿਸ ਏਰੀਆ ਵੱਲ ਕੰਮ ਕਰਦੀ ਨੂੰ ਬੈਠੇ ਵੇਖਦੇ ਰਹਿੰਦੇ..ਜਿਹਨਾਂ ਨੂੰ ਇਹਨਾਂ ਬਾਰੇ ਪਤਾ ਸੀ..ਅਕਸਰ ਹੈਰਾਨ ਹੁੰਦੀਆਂ..ਦੱਬੀ ਜੁਬਾਨ ਵਿਚ ਕਿੰਨੇ ਸਵਾਲ ਪੁੱਛਦੀਆਂ..ਕਈਆਂ ਦੇ ਜੁਆਬ ਮੇਰੇ ਕੋਲ ਨਹੀਂ ਸਨ ਹੁੰਦੇ..!
ਫੇਰ ਘੁਟਣ ਜਿਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ..!
ਕਲੇਸ਼ ਵੀ ਰਹਿਣ ਲੱਗ ਪਿਆ..ਪਤਾ ਨਹੀਂ ਇਹਨਾ ਨੂੰ ਕੰਮ ਦੀ ਟੈਨਸ਼ਨ ਸੀ..ਜਾਂ ਈਰਖਾ ਜਾਂ ਫੇਰ ਹੀਣ ਭਾਵਨਾ..ਯਾ ਦਿਲ ਦੇ ਕਿਸੇ ਕੋਨੇ ਵਿਚ ਪਣਪਦਾ ਹੋਇਆ “ਸ਼ੱਕ”..!
ਮੇਰੇ ਦਿਲ ਵਿਚ ਕੋਈ ਮੈਲ ਨਹੀਂ ਸੀ ਸੋ ਮੈਂ ਇਸ ਬਾਬਤ ਕਿਸੇ ਕਿਸਮ ਦਾ ਸਪਸ਼ਟੀਕਰਨ ਦੇਣਾ ਵਾਜਿਬ ਨਾ ਸਮਝਦੀ..!
ਏਨੇ ਨੂੰ ਮੈਨੇਜਰ ਦੀ ਬਦਲੀ ਹੋ ਗਈ..!
ਸੁੱਖ ਦਾ ਸਾਹ ਆਇਆ ਕੇ ਚਲੋ ਹੁਣ ਥੋੜਾ ਪੁੱਛ ਗਿੱਛ ਥੋੜੀ ਘੱਟ ਹੋਊ..ਪਰ ਮਾੜੀ ਕਿਸਮਤ..ਬਦਲ ਕੇ ਨਵਾਂ ਆਇਆ ਵੀ ਪੰਜਾਬੀ ਹੀ ਸੀ..ਹੁਣ ਸ਼ੱਕ ਹੋਰ ਵੀ ਜਿਆਦਾ ਵੱਧ ਗਿਆ!
ਹਾਰ ਕੇ ਇਕ ਐਸੇ ਮੋੜ ਤੇ ਆਣ ਖਲੋਤੀ ਜਿਥੇ ਇੱਕ ਪਾਸੇ ਪਰਿਵਾਰ ਸੀ ਤੇ ਦੂਜੇ ਪਾਸੇ ਨੌਕਰੀ..!
ਏਨੇ ਨੂੰ ਫੇਰ ਪ੍ਰੇਗਨੈਂਟ ਹੋ ਗਈ..ਅਖੀਰ ਨੌਕਰੀ ਛੱਡਣੀ ਬੇਹਤਰ ਸਮਝੀ..ਥੋੜਾ ਚਿਰ ਪੈਸੇ ਮਿਲੇ ਫੇਰ ਖਰਚੇ ਤੋਂ ਲੜਾਈ ਰਹਿਣ ਲੱਗੀ..ਗਰੋਸਰੀ ਦੀ ਲਿਸਟ ਦਿਆ ਕਰਦੀ ਤਾਂ ਅੱਧੀਆਂ ਚੀਜਾਂ ਘੱਟ ਲੈ ਕੇ ਆਉਂਦੇ..!
ਕਲੇਸ਼ ਵੱਧ ਗਿਆ ਤਾਂ ਅਖੀਰ ਨੂੰ ਇੱਕ ਦੋ ਨੇੜੇ ਦੇ ਪਰਿਵਾਰਾਂ ਨਾਲ ਗੱਲ ਸਾਂਝੀ ਕਰਨੀ ਪਈ..ਸਿਵਾਏ ਇੱਕ ਦੋ ਨੂੰ ਛੱਡ ਬਹੁਤੇ ਸਵਾਦ ਲੈਣ ਵਾਲੇ ਹੀ ਨਿੱਕਲੇ..ਇਸੇ...
ਬਹਾਨੇ ਖਰੇ-ਖੋਟੇ ਦੀ ਪਹਿਚਾਣ ਵੀ ਹੋ ਗਈ..!
ਕਿਸੇ ਨੇ ਆਖਿਆ ਇੱਕ ਪੂਰਾਣੀ ਫਿਲਮ “ਅਭੀਮਾਨ” ਹੈ ਉਹ ਜਰੂਰ ਵੇਖੋ..ਵੇਖੀ ਤਾਂ ਕਹਾਣੀ ਕੁਝ ਹੱਦ ਤੱਕ ਸਾਡੇ ਨਾਲ ਮਿਲਦੀ ਸੀ..ਇਕ ਦੋ ਦਿਨ ਅਸਰ ਰਿਹਾ ਫੇਰ ਓਹੀ ਕਲਾ ਕਲ਼ੰਧਰ..!
ਕਈ ਵਾਰ ਕੱਲੀ ਬੈਠ ਰੋਂਦੀ ਰਹਿੰਦੀ..ਸਭ ਤੋਂ ਵੱਡਾ ਸਦਮਾਂ ਓਦੋਂ ਲੱਗਾ ਜਦੋਂ ਸ਼ਰਾਬੀ ਹੋਏ ਘਰੇ ਆਏ..ਕਿਸੇ ਨੇ ਦੱਸਿਆ ਇਸਨੂੰ ਕੈਸੀਨੋ (ਜੂਏ-ਘਰ) ਵਿੱਚ ਵੀ ਵੇਖਿਆ!
ਅਖੀਰ ਇੱਕ ਦਿਨ ਫੇਰ ਓਹੀ ਹੋਇਆ ਜਿਸਦਾ ਡਰ ਸੀ..ਡਾਕਟਰ ਆਖਦੇ ਕੇ ਮੌਤ ਦਾ ਕਾਰਨ ਓਵਰ ਡੋਜ ਸੀ ਪਰ ਸਹੁਰੇ ਵਾਲੇ ਪਾਸਿਓਂ ਖ਼ੁਦਕੁਸ਼ੀ ਦਾ ਸਾਰਾ ਇਲਜਾਮ ਮੇਰੇ ਸਿਰ ਲਾ ਦਿੱਤਾ ਗਿਆ!
ਕਹਾਣੀ ਦੇ ਹੋਰ ਵੀ ਬਹੁਤ ਪਹਿਲੂ ਨੇ..ਪਰ ਕੁਝ ਸੁਝਾਉ ਦੇ ਕੇ ਮੁਕਾਉਣੀ ਹੀ ਬੇਹਤਰ ਏ..!
ਨੰਬਰ ਇੱਕ..
ਜਦੋਂ ਨਾਲਦਾ ਤੁਰ ਜਾਵੇ ਤਾਂ ਬੱਚੇ ਨੂੰ ਹਮਦਰਦੀ ਕਰਨ ਵਾਲੀ ਪੌੜੀ ਲਾ ਕੇ ਤੁਹਾਡੇ ਤੱਕ ਪਹੁੰਚ ਕਰਨ ਵਾਲੇ ਬਹੁਤ ਮਿਲ ਜਾਂਦੇ ਪਰ ਬੱਚੇ ਨੂੰ ਬਾਪ ਦਾ ਅਸਲ ਪਿਆਰ ਕਦੇ ਵੀ ਨਹੀਂ ਮਿਲਦਾ!
ਨੰਬਰ ਦੋ..
ਇਸਤੋਂ ਪਹਿਲਾਂ ਕੇ ਨਿੱਕੀ ਜਿਹੀ ਕੋਈ ਚਿੰਗਾਰੀ ਇਸ ਰਿਸ਼ਤੇ ਨੂੰ ਭਾਂਬੜ ਬਣਾ ਦੇਵੇ..ਗੱਲਬਾਤ ਵਾਲੀ ਠੰਡੇ ਪਾਣੀ ਦੀ ਬਾਲਟੀ ਪਾ ਕੇ ਇਸਨੂੰ ਠੰਡਿਆਂ ਕਰ ਦੇਣ ਵਿਚ ਹੀ ਭਲਾਈ ਏ!
ਨੰਬਰ ਤਿੰਨ..
ਸ਼ੱਕ,ਹੀਣ ਭਾਵਨਾ,ਈਰਖਾ ਅਤੇ ਟੈਨਸ਼ਨ ਚਾਰ ਐਸੀਆਂ ਦਾਤਰੀਆਂ ਨੇ ਜਿਹੜੀਆਂ ਵੇਖਣ ਨੂੰ ਤੇ ਆਮ ਜਿਹੀਆਂ ਲੱਗਦੀਆਂ ਨੇ ਪਰ ਕਿਸੇ ਵੀ ਰਿਸ਼ਤੇ ਨੂੰ ਜਿੰਨੀ ਛੇਤੀ ਇਹ ਢਹਿ-ਢੇਰੀ ਕਰਦੀਆਂ ਸ਼ਾਇਦ ਹੀ ਕੋਈ ਹੋਰ ਚੀਜ ਕਰਦੀ ਹੋਵੇ!
ਨੰਬਰ ਚਾਰ..
ਘਰ ਦੀ ਚਾਰਦੀਵਾਰੀ ਦੇ ਅੰਦਰ ਵਾਲੇ ਭੇਦ ਜਦੋਂ ਬਨੇਰੇ ਚੜ੍ਹ ਗੁਆਂਢ ਵੱਲ ਝਾਤੀ ਮਾਰਨ ਲੱਗ ਪੈਣ ਤਾਂ ਫੇਰ ਹਮਦਰਦੀ ਦਾ ਜਾਮਾ ਪਹਿਨ ਕਈ ਤਮਾਸ਼ਬੀਨੀਆਂ ਅਕਸਰ ਹੀ ਵੇਹੜੇ ਆਣ ਪੱਕਾ ਡੇਰਾ ਲਾ ਲਿਆ ਕਰਦੀਆਂ!
ਨੰਬਰ ਪੰਜ..
ਆਪਸੀ ਰਿਸ਼ਤੇ ਵਿਚ ਆ ਗਈ ਕਿਸੇ ਵੀ ਤਰਾਂ ਦੀ ਖਟਾਸ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਆਪਸੀ ਗੱਲ ਬਾਤ ਹੈ..ਕਿਸੇ ਤੀਜੇ ਦੀ ਮਦਤ ਲੈਣੀ ਪੈ ਵੀ ਜਾਵੇ ਤਾਂ ਇਹ ਫੈਸਲਾ ਦਿਲ ਅਤੇ ਦਿਮਾਗ ਦੋਵੇਂ ਚੀਜਾਂ ਵਰਤ ਕੇ ਹੀ ਲਿਆ ਜਾਵੇ ਨਾ ਕੇ ਸਿਰਫ ਦਿਲ ਵਿਚੋਂ ਨਿੱਕਲਦੇ ਜਜਬਾਤਾਂ ਦੇ ਵਹਿਣ ਵਿਚ ਡੁੱਬ ਕੇ..!
(ਅਸਲ ਵਾਪਰੀ)
ਹਰਪ੍ਰੀਤ ਸਿੰਘ ਜਵੰਦਾ