More Punjabi Kahaniya  Posts
ਐਸੇ ਭੁਚਾਲ


ਵੱਸਣ ਸਿੰਘ..ਸਾਡੀ ਡੇਅਰੀ ਤੇ ਸਭ ਤੋਂ ਪੂਰਾਣਾ ਕਾਮਾ..!
ਕਾਮਾ ਕਾਹਦਾ..ਮਾਲਕ ਹੀ ਸੀ ਬੱਸ..ਸਾਰਾ ਕੁਝ ਓਸੇ ਦੇ ਸਿਰ ਤੇ ਹੀ ਸੁੱਟ ਬੇਫਿਕਰ ਹੋ ਜਾਇਆ ਕਰਦਾ..ਹਿਸਾਬ ਕਿਤਾਬ ਲੈਣ ਦੇਣ..ਟੁੱਟ ਭੱਜ..ਮੁਰੰਮਤ..ਸਾਰਾ ਕੁਝ ਬੱਸ ਓਹੀ ਦੇਖਦਾ ਹੁੰਦਾ..!
ਮੀਂਹ ਜਾਵੇ ਭਾਵੇਂ ਹਨੇਰੀ..ਬਿਨਾ ਨਾਗਾ ਹਰ ਰੋਜ ਐਨ ਪੰਜ ਵਜੇ ਡੇਹਰੀ ਤੇ ਅੱਪੜ ਜਾਣਾ ਉਸਦੀ ਜਿੰਦਗੀ ਦਾ ਐਸਾ ਅਸੂਲ ਸੀ ਜਿਸ ਬਾਰੇ ਹਰ ਕੋਈ ਹੈਰਾਨ ਹੋਇਆ ਕਰਦਾ..!
ਕੋਈ ਪੁੱਛ ਲੈਂਦਾ ਤਾਂ ਅੱਗੋਂ ਆਖਦਾ..ਭਾਊ ਲੇਟ ਤਾਂ ਹੁਣ ਬੱਸ ਓਸੇ ਦਿਨ ਹੀ ਹੋਉਂ ਜਿਸ ਦਿਨ ਲੱਤ ਬਾਂਹ ਟੁੱਟੂ..ਤੇ ਜਾਂ ਫੇਰ ਇਥੋਂ ਪੱਕੀ ਰਵਾਨਗੀ ਹੀ ਪੈ ਗਈ ਹੋਈ!
ਉਸਦਾ ਦੂਜਾ ਵਿਆਹ ਸੀ..ਪਹਿਲੀ ਬਿਨਾ ਨਿਆਣਾ ਜੰਮੇ ਹੀ ਕਿਸੇ ਬਿਮਾਰੀ ਦੀ ਭੇਂਟ ਚੜ ਗਈ..ਦੂਜੀ ਵਿਚੋਂ ਵੀ ਔਲਾਦ ਓਦੋਂ ਹੋਈ ਜਦੋਂ ਤੱਕ ਆਪ ਲਹਿੰਦੀ ਉਮਰ ਤੱਕ ਜਾ ਅੱਪੜਿਆ ਸੀ..!
ਆਪਣੇ ਪੁੱਤ ਦੀਆਂ ਗੱਲਾਂ ਦੱਸਦੇ ਹੋਏ ਦੀਆਂ ਕਈ ਵੇਰ ਅੱਖੀਆਂ ਗਿੱਲੀਆਂ ਹੋ ਜਾਂਦੀਆਂ..ਚਾਅ ਨਾਲ ਆਖਿਆ ਕਰਦਾ ਰੋਜ ਰਾਤ ਮੇਰੇ ਨਾਲ ਹੀ ਸੌਂਦਾ ਏ..ਬੜਾ ਮੋਹ ਪਾ ਲਿਆ ਨਿੱਕੇ ਜਿਹੇ ਨੇ..ਬੁਰਕੀ ਨਾਲ ਬੁਰਕੀ ਵੀ ਸਾਂਝੀ ਹੁੰਦੀ ਹੀ ਰਹਿੰਦੀ..ਜਿਹੜੀ ਵੀ ਸ਼ੈ ਮੂਹੋਂ ਕੱਢੇ ਹਮਸ਼ਾਂ ਹਾਜਿਰ ਹੁੰਦੀ ਏ..ਪੜਾਈ ਵਿੱਚ ਵੀ ਵਧੀਆ ਹੈ..ਨਤੀਜਾ ਆਉਣ ਤੇ ਡੇਅਰੀ ਤੇ ਮਿਠਿਆਈ ਦੇ ਡੱਬੇ ਲਿਆਉਣਾ ਹਰੇਕ ਸਾਲ ਉਸਦੀ ਪੱਕੀ ਰੁਟੀਨ ਹੋਇਆ ਕਰਦੀ..!
ਇੱਕ ਵੇਰ ਨੌਂ ਵੱਜ ਗਏ..!
ਨਾ ਅੱਪੜਿਆ..ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਮੈਂ ਸਕੂਟਰ ਨੂੰ ਕਿੱਕ ਮਾਰ ਉਸਦੇ ਘਰੇ ਹੀ ਅੱਪੜ ਗਿਆ..!
ਕੰਬਲ ਦੀ ਬੁੱਕਲ ਮਾਰ ਖੂੰਝੇ ਵਿੱਚ ਲੱਗੇ ਹੋਏ ਨੂੰ ਮਜਾਕ ਜਿਹੇ ਨਾਲ ਪੁੱਛ ਲਿਆ..ਕੀ ਗੱਲ ਲੱਤ-ਬਾਂਹ ਤੇ ਨਹੀਂ ਤੁੜਵਾ ਲਈ ਵੱਸਣ ਸਿਆਂ..ਅੱਜ ਪਹਿਲੀ ਵੇਰ...

ਵੇਲੇ ਸਿਰ ਨਹੀਂ ਅੱਪੜਿਆ..!
ਅੱਗੋਂ ਆਖਣ ਲੱਗਾ ਸਰਦਾਰਾ ਲੱਤਾਂ ਬਾਹਵਾਂ ਤੇ ਭਾਵੇਂ ਠੀਕ-ਠਾਕ ਨੇ ਬਸ ਕਾਲਜੇ ਦਾ ਬੰਨ ਜਿਹਾ ਟੁੱਟ ਗਿਆ..ਰਾਤੀ ਕਾਲਜੋਂ ਆਏ ਨੇ ਸਿੱਧਾ-ਸਿੱਧਾ ਹੀ ਆਖ ਦਿੱਤਾ ਕੇ ਡੈਡੀ ਡੇਅਰੀ ਵਾਲੇ ਲੀੜੇ ਘਰੇ ਨਾ ਲਿਆਇਆ ਕਰ..ਸਾਰਾ ਦਿਨ ਮੁਸ਼ਕ ਆਉਂਦੀ ਰਹਿੰਦੀ ਏ..ਹੋਰ ਵੀ ਕਿੰਨਾ ਕੁਝ ਐਸਾ ਆਖਿਆ ਜਿਸਨੇ ਸਾਰਾ ਕੁਝ ਹੀ ਮਿੱਟੀ ਕਰ ਛੱਡਿਆ..ਕਰਮਾਂ ਵਾਲੇ ਨੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ!
ਵੱਸਣ ਸਿੰਘ ਮੂਹੋਂ ਏਨੀ ਗੱਲ ਸੁਣਕੇ ਮੈਨੂੰ ਖੁਦ ਨੂੰ ਪੋਹ ਮਾਘ ਦੇ ਮਹੀਨੇ ਕਿੰਨਾ ਸਾਰਾ ਮੁੜਕਾ ਆ ਗਿਆ..!
ਅਚਾਨਕ ਚੇਤਾ ਆਇਆ ਕੇ ਘਰੋਂ ਕਾਹਲੀ ਕਾਹਲੀ ਤੁਰਦੇ ਹੋਏ ਨੇ ਵੱਡੇ ਮੁੰਡੇ ਦੀ ਜਿਹੜੀ ਜੈਕਟ ਅੱਜ ਬਿਨਾ ਪੁੱਛਿਆ ਹੀ ਪਾ ਲਿਆਂਧੀ ਏ ਅਜੇ ਕੁਝ ਦਿਨ ਪਹਿਲਾਂ ਹੀ ਤਾਂ ਚੰਡੀਗੜੋਂ ਮੁੱਲ ਲੈ ਕੇ ਆਇਆ ਸੀ!
ਕਾਹਲੀ ਨਾਲ ਘਰੇ ਭੱਜੇ ਜਾਂਦੇ ਨੂੰ ਬੀਜੀ ਚੇਤੇ ਆ ਗਈ..ਅਕਸਰ ਆਖਿਆ ਕਰਦੀ ਸੀ ਕੇ ਪੁੱਤਰਾ ਇਨਸਾਨ ਦੇ ਕੁਝ ਭੁਲੇਖੇ ਉਂਝ ਦੇ ਉਂਝ ਹੀ ਬਣੇ ਰਹਿਣ ਤਾਂ ਚੰਗਾ..ਜਦੋਂ ਇਹ ਟੁੱਟਦੇ ਨੇ ਤਾਂ ਐਸੀ ਪਰਲੋ ਆਉਂਦੀ ਜਿਹੜੀ ਆਪਣੇ ਨਾਲ ਸਭ ਕੁਝ ਹੀ ਵਹਾ ਕੇ ਲੈ ਜਾਂਦੀ!
ਦੋਸਤੋ ਆਉਂਦੇ ਦਿਨਾਂ ਵਿੱਚ ਇਥੇ ਸੱਤ ਸਮੁੰਦਰ ਪਾਰ ਬੈਠੇ ਕੁਝ ਐਸੇ ਵੱਸਣ ਸਿੰਘ ਤੁਹਾਡੇ ਰੂ-ਬ-ਰੂ ਕਰਵਾਂਵਾਂਗਾ ਜਿਹਨਾਂ ਦੀ ਜਿੰਦਗੀ ਵਿੱਚ ਐਸੇ ਭੁਚਾਲ ਆਏ ਕੇ ਮੁੜ ਕਦੀ ਪੈਰਾਂ ਸਿਰ ਨਾ ਹੋ ਸਕੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਐਸੇ ਭੁਚਾਲ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)