*ਭੁੱਖ*
*ਲੇਖਕ – ਅਮਰਜੀਤ ਚੀਮਾਂ (USA)*
ਭਾਗ – 1
ਕਹਿੰਦੇ ਹਨ ਲਾਲਚੀ ਬੰਦੇ ਦੀ ਭੁੱਖ ਕਦੇ ਵੀ ਪੂਰੀ ਨਹੀਂ ਹੁੰਦੀ। ਦੂਰ ਦੀ ਰਿਸ਼ਤੇਦਾਰੀ ਵਿੱਚੋਂ ਲੱਗਦੇ ਇੱਕ ਬਜ਼ੁਰਗ ਨੇ ਆਪਣੀਆਂ ਦੋ ਕੁੜੀਆਂ ਤੇ ਇਕ ਮੁੰਡਾ ਆਪਣੇ ਸਕੇ ਭਰਾ ਜੋ ਇੰਗਲੈਂਡ ਵਿਚ ਪੱਕਾ ਸੀ, ਦੀਆਂ ਲਿਖਾਕੇ ਇੰਗਲੈਂਡ ਭੇਜ ਦਿੱਤੀਆਂ ਪਈ ਜਾ ਕੇ ਮੈਨੂੰ ਪੈਸੇ ਵਗੈਰਾ ਦੀ ਮੱਦਦ ਕਰਨਗੀਆਂ। ਕੁੜੀਆਂ ਵਿਆਹੀਆਂ ਗਈਆਂ ਤੇ ਦੂਸਰੇ ਘਰ ਜਾ ਕੇ ਉਹ ਕੁਝ ਜ਼ਿਆਦਾ ਮੱਦਦ ਨਾ ਕਰ ਸਕੀਆਂ। ਮੁੰਡੇ ਨੇ ਵੀ ਕਿਸੇ ਗੋਰੀ ਨਾਲ ਵਿਆਹ ਕਰਾ ਲਿਆ ਤੇ ਉਹਦਾ ਹੀ ਬਣ ਕੇ ਰਹਿ ਗਿਆ ਤੇ ਉਹਨੇ ਵੀ ਬਾਪੂ ਨੂੰ ਪੈਸੇ ਵਗੈਰਾ ਨਾ ਭੇਜੇ। ਹੁਣ ਬਾਪੂ ਨੇ ਪੈਸੇ ਦੀ ਭੁੱਖ ਪੂਰੀ ਕਰਨ ਲਈ ਆਪਣੀ ਤੀਜੀ ਕੁੜੀ ਨੂੰ ਚੰਗਾ ਵਿਚੋਲਾ ਵਿੱਚ ਪਾ ਕੇ, ਕੈਨੇਡਾ ਰਹਿੰਦੇ ਮੁੰਡੇ ਨਾਲ ਰਿਸ਼ਤਾ ਪੱਕਾ ਕਰ ਲਿਆ। ਚੰਗਾ ਦਾਜ ਵਗੈਰਾ ਦਾ ਲਾਲਚ ਦੇ ਕੇ ਕੁੜੀ ਕੈਨੇਡਾ ਵਿਆਹ ਲਈ। ਕੁੜੀ ਨੇ ਪੱਕੇ ਹੋ ਕੇ ਆਪਣੀ ਮਾਂ ਤੇ ਬਾਪੂ ਤੇ ਦੋ ਛੋਟੇ ਭਰਾਵਾਂ ਨੂੰ ਸਪੌਂਸਰ ਕਰ ਦਿੱਤਾ। ਕੁਝ ਟੈਮ ਪਾ ਕੇ ਮਾਂ, ਬਾਪੂ ਤੇ ਛੋਟੇ ਭਰਾ ਦਾ ਵੀਜ਼ਾ ਲੱਗ ਗਿਆ ਤੇ ਇੱਕ ਭਰਾ 21 ਸਾਲ ਤੋਂ ਉੱਪਰ ਹੋਣ ਕਰ ਕੇ ਰਹਿ ਗਿਆ। ਹੁਣ ਬਾਪੂ ਨੇ ਸੋਚਿਆ ਕਿ ਅਸੀਂ ਤਾਂ ਸਾਰੇ ਬਾਹਰ ਸੈੱਟ ਹੋ ਜਾਵਾਂਗੇ ਤੇ ਇੰਡੀਆ ਵਾਲੇ ਰਹਿ ਗਏ ਮੁੰਡੇ ਦਾ ਵੀ ਕੰਮ ਸੈੱਟ ਕਰਵਾ ਦਿਆਂ। ਉਹਨੇ ਆਪਣੇ ਮੁੰਡੇ ਲਈ ਚੰਗੇ ਸਰਦੇ ਘਰ ਦਾ ਰਿਸ਼ਤਾ ਲੱਭ ਲਿਆ। ਤੇ ਕੁੜੀ ਵਾਲਿਆਂ ਨੂੰ ਲਾਲਚ ਦਿੱਤਾ ਕਿ ਇੱਕੋ ਇੱਕ ਮੁੰਡਾ ਹੈ ਹੁਣ, ਸਾਰੀ ਜ਼ਮੀਨ ਜਾਇਦਾਦ ਦਾ ਮਾਲਕ।ਤੁਹਾਡੀ ਕੁੜੀ ਰਾਜ ਕਰੂੰਗੀ ਤੇ ਅਸੀਂ ਵੀ ਇਹਨੂੰ ਬਾਹਰੋਂ ਮੱਦਦ ਭੇਜਿਆ ਕਰਾਂਗੇ। ਵਿਆਹ ਤੇ ਉਹਨੇ ਬਰਾਤੀਆਂ ਲਈ ਮੀਟ ਸ਼ਰਾਬ ਤੇ ਵਧੀਆ ਪਕਵਾਨਾਂ ਦੀ ਮੰਗ ਕਰਕੇ ਚੰਗਾ ਖ਼ਰਚਾ ਕਰਵਾ ਦਿੱਤਾ ।
ਆਪਣੇ ਜਵਾਈਆਂ ਕੁੜੀਆਂ ਦੀਆਂ ਮਿਲਣੀਆਂ ਆਪਣੀ ਮਰਜ਼ੀ ਨਾਲ ਕਰਵਾਈਆਂ। ਹਰ ਇੱਕ ਨੂੰ ਮੁੰਦਰੀਆਂ, ਸੋਨੇ ਦੇ ਕੜੇ ਤੇ ਚੈਨੀਆਂ ਦੀ ਮੰਗ ਕੀਤੀ। ਕੁੜੀ ਵਾਲੇ ਵਿਚਾਰੇ, ਜਿਵੇਂ ਉਹ ਕਹਿੰਦਾ ਗਿਆ, ਉਹ ਕਰੀਂ ਗਏ ਪਈ ਚਲੋ ਸਾਡੀ ਕੁੜੀ ਸੁਖੀ ਰਹੂ। ਬਾਪੂ ਤੇ ਉਹਦੀ ਬਾਕੀ ਫੈਮਿਲੀ ਕੈਨੇਡਾ ਵਿੱਚ ਸੈੱਟ ਹੋ ਗਈ। ਸਾਰੇ ਕੰਮਾਂ ਤੇ ਲੱਗ ਗਏ। ਬਾਪੂ ਬੇਬੇ ਆਪ ਵੀ ਕਿਸੇ ਫ਼ਾਰਮ ਵਿੱਚ ਬੇਰੀਆਂ ਤੋੜਨ ਦਾ ਕੰਮ ਕਰਨ ਲੱਗੇ। ਚੰਗੀ ਕਮਾਈ ਕਰਦੇ ਸੀ ਤੇ ਖ਼ਿਆਲ ਉਹਨਾਂ ਦਾ ਫਿਰ ਵੀ ਇੰਡੀਆ ਰਹਿੰਦੇ ਮੁੰਡੇ ਵੱਲ ਹੀ ਸੀ। ਜੋ ਪੈਸਾ ਧੇਲਾ ਉਹ ਇੰਡੀਆ ਵਾਲੇ ਮੁੰਡੇ ਨੂੰ ਭੇਜ ਦਿੰਦੇ ਸੀ।
ਹੁਣ ਇੰਡੀਆ ਵਾਲੇ ਮੁੰਡੇ ਦੀਆਂ ਰਗਾਂ ਵਿਚ ਵੀ ਬਾਪੂ ਦਾ ਖੂਨ ਦੌੜਦਾ ਸੀ ਤੇ ਉਹਦੀ ਵੀ ਭੁੱਖ ਵਧਦੀ ਗਈ। ਉਹਨੇ ਕਦੇ ਆਪਣੀਆਂ ਇੰਗਲੈਂਡ ਵਾਲੀਆਂ ਭੈਣਾਂ ਕੋਲੋਂ ਪੈਸੇ ਮੰਗ ਲੈਣੇ ਪਈ ਮੈਂ ਟਰੈਕਟਰ ਲੈਣਾ। ਹੁਣ...
ਟਰਾਲੀ ਬਣਾਉਣੀ ਆਂ ਤੇ ਇਸੇ ਕੈਨੇਡਾ ਵਾਲੀ ਭੈਣ ਤੇ ਭਰਾ ਕੋਲੋਂ ਪੈਸੇ ਮੰਗ ਲੈਣੇ। ਬਾਪੂ ਬੇਬੇ ਤਾਂ ਆਪ ਹੀ ਉਹ ਤੇ ਮਿਹਰ ਭਰਿਆ ਹੱਥ ਰੱਖਦੇ ਸੀ। ਇਹੋ ਜਿਹੇ ਬੰਦਿਆਂ ਨੂੰ ਚਾਪਲੂਸੀ ਕਰਨੀ ਬੜੀ ਚੰਗੀ ਤਰਾਂ ਆਉਂਦੀ ਹੁੰਦੀ ਆ ਤੇ ਬੜੀ ਚਲਾਕੀ ਨਾਲ ਉਹਨੇ ਆਪਣੇ ਭੈਣ ਭਰਾਵਾਂ ਨੂੰ ਠੱਗਿਆ ਤੇ ਆਪਣਾ ਸਾਰਾ ਕੰਮ ਠੀਕ ਠਾਕ ਕਰ ਲਿਆ। ਘਰ ਕੋਠੀ ਬਣਾਉਣੀ ਸ਼ੁਰੂ ਕਰ ਲਈ, ਭੈਣਾਂ ਭਰਾਵਾਂ ਤੋਂ ਕੋਠੀ ਵਾਸਤੇ ਮਦਦ ਮੰਗਣੀ ਤੇ ਉਹ ਵੀ ਤਿਆਰ ਕਰ ਲਈ। ਇਸ ਕੰਮ ਵਿੱਚ ਇੰਗਲੈਂਡ ਵਾਲੇ ਭਰਾ ਨੇ ਕੋਈ ਮਦਦ ਨਾ ਕੀਤੀ ਕਿਉਂਕਿ ਉਹ ਆਪ ਵੀ ਐਸ਼ ਪਰੱਸਤ ਸੀ ਤੇ ਗੋਰਿਆਂ ਵਾਂਗੂੰ ਹਫ਼ਤੇ ਦੀ ਤਨਖ਼ਾਹ ਪੰਜਾਂ ਦਿਨਾਂ ਵਿੱਚ ਹੀ ਖ਼ਤਮ ਕਰ ਦਿੰਦਾ ਸੀ।
ਹੁਣ ਉਹਦੀਆਂ ਅੱਖਾਂ ਵਿੱਚ ਇੰਗਲੈਂਡ ਵਾਲਾ ਭਰਾ ਰੜਕਦਾ ਸੀ ਪਈ ਇਹਨੇ ਮੈਨੂੰ ਕਦੇ ਪੈਸਾ ਨਹੀਂ ਭੇਜਿਆ। ਉਹ ਹੁਣ ਇੰਗਲੈਂਡ ਵਾਲੇ ਭਰਾ ਦਾ ਕੰਡਾ ਕੱਢਣ ਲਈ ਬਾਪੂ ਬੇਬੇ ਨੂੰ ਚੁੱਕਣ ਲੱਗ ਪਿਆ। ਇਹਨੇ ਸਾਡਾ ਕੀ ਸਵਾਰਿਆ ਤੁਹਾਡੀ ਵੀ ਕਦੇ ਮਦਦ ਨਹੀਂ ਕੀਤੀ, ਸਾਡਾ ਉਹ ਕੀ ਲੱਗਦਾ। ਕੁਝ ਸਾਲਾਂ ਬਾਦ ਬੇਬੇ ਬਾਪੂ ਰਿਟਾਇਰ ਹੋ ਗਏ ਤੇ ਉਹਨਾਂ ਨੂੰ ਬੁਢਾਪਾ ਪੈਨਸ਼ਨ ਵੀ ਲੱਗ ਗਈ। ਖਾਣਾ ਪੀਣਾ ਰਹਿਣਾ ਉਹਨਾਂ ਕੈਨੇਡਾ ਵਾਲੇ ਮੁੰਡੇ ਨਾਲ ਤੇ ਪੈਨਸ਼ਨ ਉਹਨਾਂ ਇੰਡੀਆ ਵਾਲੇ ਮੁੰਡੇ ਨੂੰ ਭੇਜ ਦੇਣੀ। ਸਾਲ ਬਾਦ ਬੇਬੇ ਬਾਪੂ ਨੇ ਇੰਡੀਆ ਜਾਣਾ ਤੇ ਨੂੰਹ ਪੁੱਤ ਨੇ ਉਹਨਾਂ ਦੇ ਅੱਗੇ ਪਿੱਛੇ ਜੀ ਜੀ ਕਰਦਿਆਂ ਸੇਵਾ ਕਰਨੀ। ਟਾਇਮ ਪਾ ਕੇ ਬੇਬੇ ਦੀ ਕੈਨੇਡਾ ਵਿੱਚ ਮੌਤ ਹੋ ਗਈ। ਸਭ ਤੋਂ ਜ਼ਿਆਦਾ ਦੁੱਖ ਇੰਡੀਆ ਵਾਲੇ ਨੂੰ ਹੋਇਆ ਕਿਉਂਕਿ ਉਹਦੀ ਪੈਨਸ਼ਨ ਵੀ ਬੇਬੇ ਦੇ ਨਾਲ ਹੀ ਮਰ ਗਈ ਸੀ। ਹੁਣ ਬਾਪੂ ਜਦੋਂ ਇੰਡੀਆ ਆਉਂਦਾ ਤਾਂ 4-5 ਮਹੀਨੇ ਰਹਿ ਕੇ ਜਾਂਦਾ। ਲਾਲਚੀ ਬੰਦੇ ਕਿਸ ਹੱਦ ਤੱਕ ਗਿਰ ਸਕਦੇ ਨੇ, ਤੁਸੀਂ ਯਕੀਨ ਹੀ ਨਹੀਂ ਕਰ ਸਕਦੇ। ਨੂੰਹ ਨੇ ਬਾਪੂ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡੀ। ਕਦੇ ਲੱਤਾਂ ਘੁੱਟਣੀਆਂ ਤੇ ਕਦੇ ਮਾਲਿਸ਼ ਕਰਨੀ। ਗੱਲ ਸਾਰੇ ਪਿੰਡ ਵਿੱਚ ਫ਼ੈਲ ਗਈ। ਆਪਾਂ ਲੱਖ ਪੜਦੇ ਰੱਖੀਏ ਲੋਕਾਂ ਕੋਲੋਂ ਪਰ ਲੋਕੀਂ ਬੜੇ ਸਿਆਣੇ ਨੇ। ਉਹ ਤੁਹਾਡੀ ਤੋਰ ਦੇਖਕੇ ਹੀ ਪਛਾਣ ਲੈਂਦੇ ਨੇ ਕਿ ਦਾਲ਼ ਵਿੱਚ ਕੁੱਝ ਕਾਲਾ ਹੈ ਜਾਂ ਸਾਰੀ ਦਾਲ਼ ਹੀ ਕਾਲ਼ੀ ਆ। ਇਹ ਗੱਲ ਸਰੀਕਾਂ ਵਿੱਚੋਂ ਕਿਸੇ ਨੇ ਕੈਨੇਡਾ ਵਾਲੇ ਮੁੰਡੇ ਦੇ ਕੰਨੀਂ ਵੀ ਪਾ ਦਿੱਤੀ ਪਈ ਤੁਹਾਡੇ ਘਰੇ ਆਹ ਕੜ੍ਹੀ ਘੋਲ਼ੀ ਆ ਬਾਪੂ ਤੇ ਨੂੰਹ ਨੇ। ਹੁਣ ਬਾਪੂ ਨੂੰਹ ਦੇ ਇਸ਼ਾਰਿਆਂ ਤੇ ਪੂਰੀ ਤਰਾਂ ਨੱਚਦਾ ਸੀ।
ਅਗਲਾ ਭਾਗ ਕੱਲ੍ਹ……