ਨਨਕਾਣੇ ਸਾਬ ਜਥਾ ਗਿਆ ਤਾਂ ਪਤਾ ਲੱਗਾ ਇੱਕ ਪਾਕਿਸਤਾਨੀ ਬਜ਼ੁਰਗ..ਫਿਰੋਜਪੁਰ ਜੀਰਿਓਂ ਆਇਆ ਕੋਈ ਬੰਦਾ ਲੱਭਦਾ ਫਿਰਦਾ..ਆਖਦਾ ਬੱਸ ਇੱਕ ਵੇਰ ਜੱਫੀ ਪਾਉਣੀ ਏ..!
ਪਹਿਲੋਂ ਜੀਰੇ ਦਾ ਇੱਕ ਭਾਊ ਲੱਭਿਆ ਫੇਰ ਉਸਦੇ ਕੋਲ ਲਿਆਂਦਾ..ਡੰਗੋਰੀ ਛੱਡ ਜਿੰਨੀ ਤੇਜ ਭੱਜਿਆ ਜਾਂਦਾ ਸੀ ਭੱਜ ਕੇ ਕੋਲ ਆਇਆ..ਛੇਤੀ ਨਾਲ ਕਲਾਵੇ ਵਿਚ ਲੈ ਲਿਆ..ਉੱਚੀ-ਉੱਚੀ ਡਾਡਾਂ ਮਾਰ ਰੋਈ ਜਾਵੇ ਤੇ ਨਾਲੇ ਆਖੀ ਜਾਵੇ ਮੇਰੀ ਜਨਮ ਦਾਤੀ ਮਿੱਟੀ ਦਾ ਜਾਇਆ ਆਇਆ..ਹੁਣ ਮੈਥੋਂ ਇਹ ਕਲਾਵਾ ਢਿੱਲਾ ਨੀ ਹੋਣਾ..!
ਕੋਲੋਂ ਹੀ ਕਿਸੇ ਦੱਸਿਆ ਕੇ ਬਾਬਾ ਜੀ ਸਵਖਤੇ ਸੌ ਰੁਪਈਏ ਲੈ ਕੇ ਨਾਰੋਵਾਲੋਂ ਤੁਰਿਆ ਸੀ..ਅੱਸੀ ਕਿਰਾਏ ਦੇ ਲੱਗ ਗਏ ਤੇ ਬਾਕੀ ਦੇ ਵੀਹ ਏਧਰ ਓਧਰ ਖਰਚ ਹੋ ਗਏ..!
ਜਜਬਾਤਾਂ ਦੀ ਗੰਢ ਥੋੜੀ ਢਿੱਲੀ ਪਈ ਤਾਂ ਪੁੱਛਿਆ ਬਾਬਾ ਜੀ ਕੋਲ ਤੁਹਾਡੇ ਹੁਣ...
ਕੁਝ ਵੀ ਨਹੀਂ..ਵਾਪਿਸ ਨਾਰੋਵਾਲ ਕਿੱਦਾਂ ਜਾਓਗੇ..?
ਆਖਣ ਲੱਗਾ ਪੁੱਤਰਾਂ ਕਾਲਜੇ ਠੰਡ ਪੈ ਗਈ..ਸਮਝ ਮਾਲੋ ਮਾਲ ਹੋ ਗਿਆ ਹੁਣ ਭਾਵੇਂ ਤੋੜ ਤੀਕਰ ਤੁਰਨਾ ਵੀ ਪੈ ਜਾਵੇ ਕੋਈ ਪ੍ਰਵਾਹ ਨਹੀਂ..!
ਵਾਕਿਆ ਹੀ ਦੋਸਤੋ ਕੁਝ ਦਿਲਾਂ ਨੂੰ ਕਰੋੜਾ ਅਰਬਾਂ ਦੀ ਝਾਕ ਨਹੀਂ ਹੁੰਦੀ..ਉਹ ਤੇ ਬੱਸ ਕਿਆਮਤ ਤੱਕ ਇੰਝ ਦੀਆਂ ਦੌਲਤਾਂ ਹੀ ਭਾਲਦੇ ਫੇਰਦੇ ਰਹਿੰਦੇ ਨੇ..ਸ਼ਾਇਦ ਬਹੁਤ ਪਹਿਲੋਂ ਜਾਣ ਗਏ ਹੁੰਦੇ ਕੇ ਆਖਰੀ ਸਫ਼ਰ ਤੇ ਨਾਲ ਕੁਝ ਵੀ ਨੀ ਜਾਣਾ!
(ਇਹ ਤਸਵੀਰ 74 ਸਾਲ ਬਾਅਦ ਮਿਲੇ ਭਰਾਵਾਂ ਦੀ ਹੈ)
ਹਰਪ੍ਰੀਤ ਜਵੰਦਾ