ਦਸੰਬਰ ਤਾਂ ਕਿਸੇ ਤਰੀਕੇ ਲੰਘਾ ਲਿਆ ਸੀ ਪਰ ਜਦੋਂ ਦਾ ਨਵਾਂ ਸਾਲ ਚੜਿਆ ਸੀ, ਓਦੋਂ ਤੋਂ ਠੰਡ ਦਾ ਬਾਹਲਾ ਹੀ ਬੁਰਾ ਹਾਲ ਸੀ। ਰੋਜ ਨਵੇਂ ਤੋਂ ਨਵੇਂ ਰਿਕਾਰਡ ਟੁੱਟ ਰਹੇ ਸਨ। ਲੁਧਿਆਣੇ ਦੇ ਫੀਲਡ ਗੰਜ ਬਾਜ਼ਾਰ ਵਿੱਚ ਨਾਜਰ ਸਿੰਘ ਦੀ ਮਨਿਆਰੀ ਕੌਸਮੈਟਿਕ ਦੀ ਦੁਕਾਨ ਸੀ। ਓਹ ਰਾਤ ਨੂੰ ਰੋਜ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕ ਕੇ ਹੀ ਘਰ ਜਾਇਆ ਕਰਦਾ ਸੀ। ਅਤੇ ਸਵੇਰੇ ਵੀ ਰੋਜ ਗੁਰੂਦੁਆਰੇ ਮੱਥਾ ਟੇਕਣ ਤੋਂ ਬਾਅਦ ਹੀ ਦੁਕਾਨ ਦਾ ਸ਼ਟਰ ਚੱਕਿਆ ਕਰਦਾ।
ਹਰ ਰਾਤ ਦਸ ਵਜੇ ਦੇ ਕਰੀਬ ਜਦੋਂ ਓਹ ਗੁਰੂਦੁਆਰੇ ਤੋਂ ਘਰ ਜਾਣ ਲਈ ਨਿਕਲਦਾ ਤਾਂ ਇਕ ਰਿਕਸ਼ੇ ਵਾਲਾ ਓਥੇ ਹੀ ਬਾਹਰ ਪੁੱਲ ਥੱਲੇ ਰਿਕਸ਼ਾ ਲਗਾ ਕੇ ਖੜਾ ਰਹਿੰਦਾ ਸੀ। ਓਸ ਗਰੀਬੜੇ ਕੋਲ ਲੈ ਦੇ ਕੇ ਉਸਦਾ ਰਿਕਸ਼ਾ ਹੀ ਸ਼ਾਇਦ ਇਕੋ-ਇਕ ਉਸਦੀ ਸੰਪਤੀ ਸੀ। ਨਾਜਰ ਸਿੰਘ ਰੋਜ ਦੇਖਦਾ ਕਿ ਉਸ ਕੋਲ ਇਕ ਪਤਲਾ ਜਿਹਾ ਕੰਬਲ ਹੈ। ਜਿਸ ਨੂੰ ਲਪੇਟ ਕੇ ਓਹ ਕੰਬਦਾ ਹੋਇਆ ਪਿਆ ਰਹਿੰਦਾ ਹੈ। ਉਸਦਾ ਨਾਮ ਮਨੋਜ ਸੀ।
ਹੁੱਣ ਸਰਦੀ ਨੇ ਜਦੋਂ ਜੋਰ ਫੜਿਆ ਸੀ ਤਾਂ ਮਨੋਜ ਲਈ ਸ਼ਾਇਦ ਔਖਾ ਹੋ ਰਿਹਾ ਸੀ। ਉਸ ਰਾਤ ਨਾਜਰ ਸਿੰਘ ਨੇ ਦੇਖਿਆ ਕਿ ਓਹ ਦੇਰ ਰਾਤ ਗੁਜ਼ਰ ਜਾਣ ਤੋਂ ਬਾਅਦ ਵੀ ਸੁੱਤਾ ਨਹੀਂ ਸੀ। ਸ਼ਾਇਦ ਮਨੋਜ ਨੂੰ...
ਠੰਡ ਜਿਆਦਾ ਲੱਗ ਰਹੀ ਸੀ। ਨਾਜਰ ਸਿੰਘ ਨੇ ਇਕ ਦਫਾ ਗੁਰੂ ਘਰ ਦੀ ਇਮਾਰਤ ਵੱਲ ਦੇਖਿਆ ਅਤੇ ਫਿਰ ਉਸ ਰਿਕਸ਼ਾ ਚਾਲਕ ਵੱਲ ਦੇਖਿਆ। ਨਾਜਰ ਸਿੰਘ ਦੇ ਮੰਨ ਵਿੱਚ ਪਤਾ ਨਹੀਂ ਕੀ ਆਇਆ ਕਿ ਉਸਨੇ ਆਪਣੇ ਪਾਈ ਹੋਈ ਜਾਕਟ ਉਤਾਰ ਕੇ ਮਨੋਜ ਨੂੰ ਦੇ ਦਿੱਤੀ।
“ਯੇ ਕਿਆ ਹੈ ਸਾਹਿਬ?” ਮਨੋਜ ਬੋਲਿਆ।
“ਇਹ ਤੂੰ ਪਾ ਲੈ। ਠੰਡ ਜਿਆਦਾ ਹੈ ਅੱਜ”। ਨਾਜਰ ਸਿੰਘ ਬੋਲਿਆ।
ਰਿਕਸ਼ੇ ਵਾਲੇ ਨੇ ਜਾਕਟ ਫੜ ਝੱਟ ਪਾ ਲਈ।
ਅਗਲੇ ਦਿਨ ਨਾਜਰ ਸਿੰਘ ਆਪਣੇ ਨਾਲ ਇਕ ਮੋਟਾ ਕੰਬਲ ਲੈ ਕੇ ਆਇਆ ਅਤੇ ਮਨੋਜ ਨੂੰ ਦੇ ਦਿੱਤਾ। ਮਨੋਜ ਦੀਆਂ ਅੱਖਾਂ ਵਿੱਚ ਨਾਜਰ ਸਿੰਘ ਆਪਣੇ ਲਈ ਲੱਖਾਂ ਦੁਆਵਾਂ ਦੇਖ ਪਾ ਰਿਹਾ ਸੀ।
“ਮੈਂ ਤੇਰੇ ਲਈ ਇੰਨਾ ਹੀ ਕਰ ਸਕਦਾ ਦੋਸਤ!” ਨਾਜਰ ਸਿੰਘ ਨੇ ਕਿਹਾ।
“ਮੇਰੇ ਲੀਏ ਯੇ ਬਹੁਤ ਬੜੀ ਬਾਤ ਹੈ ਸਾਹਬ!!” ਮਨੋਜ ਕਹਿੰਦਾ ਹੋਇਆ ਰੋਣ ਲੱਗਿਆ ਅਤੇ ਉਸਨੇ ਨਾਜਰ ਸਿੰਘ ਸਾਹਮਣੇ ਹੱਥ ਜੋੜ ਲਏ।
ਨਾਜਰ ਸਿੰਘ ਨੂੰ ਲੱਗਿਆ ਕਿ ਅੱਜ ਉਸਨੇ ਅਸਲ ਗੋਲਕ ਵਿੱਚ ਪੈਸੇ ਪਾਏ ਹਨ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ
Access our app on your mobile device for a better experience!